Solutions for Class 10 Home Science: Punjabi Medium Chapter 05 ਘਰ ਦੀ ਅੰਦਰਲੀ ਸਜਾਵਟ
Review structured textbook solutions for Class 10 Home Science Punjabi Medium Chapter 05 ਘਰ ਦੀ ਅੰਦਰਲੀ ਸਜਾਵਟ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 10 Home Science Solutions: Punjabi Medium Chapter 05 ਘਰ ਦੀ ਅੰਦਰਲੀ ਸਜਾਵਟ
Access the complete solution PDF for Class 10 Home Science below. Regular practice with these targeted textbook answers builds familiarity with standard question patterns and helps secure higher marks in final school evaluations.
ਅਭਿਆਸ: ਵਸਤੂਨਿਸ਼ਠ ਪ੍ਰਸ਼ਨ
Question 1: ਘਰ ਦੀ ਅੰਦਰਲੀ ਸਜਾਵਟ ਲਈ ਕਿਹੜੀਆਂ ਮੁੱਖ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ?
Answer:
ਘਰ ਨੂੰ ਸਜਾਉਣ ਲਈ ਅਨੇਕਾਂ ਚੀਜ਼ਾਂ ਮਿਲਦੀਆਂ ਹਨ ਅਤੇ ਵਰਤੀਆਂ ਜਾ ਸਕਦੀਆਂ ਹਨ। ਮੁੱਖ ਤੌਰ ’ਤੇ ਘਰ ਦੀ ਸਜਾਵਟ ਲਈ ਹੇਠ ਲਿਖੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਹਨ-
1. ਫ਼ਰਨੀਚਰ
2. ਪਰਦੇ
3. ਕਾਲੀਨ/ਗਲੀਚੇ
4. ਗੱਦੀਆਂ/ਕੁਸ਼ਨ
5. ਸਜਾਵਟ ਲਈ ਸਹਾਇਕ ਸਾਮਾਨ
Exam Tips:
a) ਪੰਜੇ ਚੀਜ਼ਾਂ ਅੰਕਾਂ ਸਹਿਤ ਲਿਖੋ।
Question 2: ਫ਼ਰਨੀਚਰ ਦੀ ਚੋਣ ਕਰਦੇ ਸਮੇਂ ਅਜਿਹੇ ਦੋ ਨੁਕਤਿਆਂ ਬਾਰੇ ਦੱਸੋ ਜੋ ਤੁਸੀਂ ਸਮਝਦੇ ਹੋ ਕਿ ਸਭ ਤੋਂ ਮਹੱਤਵਪੂਰਨ ਹਨ?
Answer:
ਫ਼ਰਨੀਚਰ ਖ਼ਰੀਦਣ ਵੇਲੇ ਸਭ ਤੋਂ ਜ਼ਰੂਰੀ ਗੱਲ ਬਜਟ ਹੈ, ਭਾਵ ਤੁਸੀਂ ਫ਼ਰਨੀਚਰ ਉੱਪਰ ਕਿੰਨੇ ਪੈਸੇ ਖ਼ਰਚ ਕਰ ਸਕਦੇ ਹੋ; ਉਸ ਮੁਤਾਬਕ ਹੀ ਤੁਹਾਨੂੰ ਉਸ ਦੀ ਮਜ਼ਬੂਤੀ ਅਤੇ ਡਿਜ਼ਾਈਨ ਵੇਖਣਾ ਪਵੇਗਾ। ਦੂਸਰੀ ਮਹੱਤਵਪੂਰਨ ਗੱਲ ਇਹ ਹੈ ਕਿ ਕਿਸ ਕੰਮ ਵਾਸਤੇ ਫ਼ਰਨੀਚਰ ਖ਼ਰੀਦਣਾ ਹੈ। ਉਦਾਹਰਨ ਵਜੋਂ, ਜੇ ਪੜ੍ਹਨ ਵਾਲਾ ਮੇਜ਼ (Study Table) ਲੈਣਾ ਹੈ ਤਾਂ ਉਸ ਦੀ ਉਚਾਈ ਅਤੇ ਕਿਤਾਬਾਂ ਰੱਖਣ ਲਈ ਥਾਂ ਧਿਆਨ ਦੇਣ ਵਾਲੀਆਂ ਗੱਲਾਂ ਹਨ। ਇਸੇ ਤਰ੍ਹਾਂ ਕੁਰਸੀ ਦੀ ਉਚਾਈ ਅਤੇ ਬਾਹਵਾਂ ਦੀ ਉਚਾਈ ਇੰਨੀ ਹੋਣੀ ਚਾਹੀਦੀ ਹੈ ਕਿ ਆਦਮੀ ਉਸ ਵਿਚ ਆਰਾਮ ਨਾਲ ਬੈਠ ਸਕੇ।
Exam Tips:
a) ਦੋ ਨੁਕਤੇ ਵੱਖ-ਵੱਖ ਲਿਖੋ: ਬਜਟ ਅਤੇ ਵਰਤੋਂ/ਕੰਮ।
b) ਸਟੱਡੀ ਟੇਬਲ ਜਾਂ ਕੁਰਸੀ ਦੀ ਉਦਾਹਰਨ ਦਿਓ।
Question 3: ਬੈਠਕ ਵਿਚ ਕਿਹੋ ਜਿਹੇ ਫ਼ਰਨੀਚਰ ਦੀ ਲੋੜ ਹੁੰਦੀ ਹੈ?
Answer:
ਬੈਠਕ ਪਰਿਵਾਰ ਦੇ ਸਾਰੇ ਜੀਆਂ ਅਤੇ ਮਹਿਮਾਨਾਂ ਦੇ ਬੈਠਣ ਲਈ ਵਰਤੀ ਜਾਂਦੀ ਹੈ। ਖੇਡਣ, ਪੜ੍ਹਨ, ਲਿਖਣ ਅਤੇ ਸੰਗੀਤ ਸੁਣਨ ਦੇ ਕੰਮ ਇੱਥੇ ਕੀਤੇ ਜਾਂਦੇ ਹਨ। ਸੋ ਬੈਠਕ ਵਿਚ ਸੋਫ਼ਾ, ਕੁਰਸੀਆਂ ਅਤੇ ਦੀਵਾਨ ਰੱਖੇ ਜਾ ਸਕਦੇ ਹਨ। ਇਨ੍ਹਾਂ ਵਿਚਕਾਰ ਇਕ ਕਾਫ਼ੀ ਮੇਜ਼ ਰੱਖਣਾ ਚਾਹੀਦਾ ਹੈ। ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਛੋਟੇ ਮੇਜ਼ (Peg Table) ਚਾਹ, ਪਾਣੀ ਦੇ ਗਲਾਸ, ਕੱਪ ਅਤੇ ਸੁਆਹਦਾਨੀ (Ash Tray) ਰੱਖਣ ਲਈ ਚਾਹੀਦੇ ਹਨ।
Exam Tips:
a) ਸੋਫ਼ਾ, ਕੁਰਸੀਆਂ, ਦੀਵਾਨ, ਕਾਫ਼ੀ ਮੇਜ਼ ਅਤੇ ਛੋਟੇ ਮੇਜ਼ ਦੇ ਨਾਂ ਜ਼ਰੂਰ ਲਿਖੋ।
Question 4: ਘਰ ਵਿਚ ਲੱਕੜੀ ਦੇ ਫ਼ਰਨੀਚਰ ਲਈ ਪਾਲਿਸ਼ ਬਣਾਉਣ ਦਾ ਇਕ ਤਰੀਕਾ ਦੱਸੋ। ਜਾਂ ਫ਼ਰਨੀਚਰ ਦੀ ਪਾਲਿਸ਼ ਬਣਾਉਣ ਦੇ ਦੋ ਢੰਗ ਦੱਸੋ।
Answer:
ਘਰ ਵਿਚ ਲੱਕੜੀ ਦੇ ਫ਼ਰਨੀਚਰ ਦੀ ਪਾਲਿਸ਼ ਹੇਠ ਲਿਖੇ ਢੰਗਾਂ ਨਾਲ ਬਣਾਈ ਜਾ ਸਕਦੀ ਹੈ-
(i) ਤਾਰਪੀਨ ਦਾ ਤੇਲ – 2 ਹਿੱਸੇ, ਮੈਥੀਲੇਟਿਡ ਸਪਿਰਟ – 1 ਹਿੱਸਾ, ਅਲਸੀ ਦਾ ਤੇਲ (Linseed Oil) – 2 ਹਿੱਸੇ, ਸਿਰਕਾ – 1 ਹਿੱਸਾ। ਇਨ੍ਹਾਂ ਚਾਰੋਂ ਚੀਜ਼ਾਂ ਨੂੰ ਇਕ ਬੋਤਲ ਵਿਚ ਪਾ ਕੇ ਚੰਗੀ ਤਰ੍ਹਾਂ ਹਿਲਾਓ। ਇਹ ਪਾਲਿਸ਼ ਗੂੜ੍ਹੇ ਰੰਗ ਦੀ ਲੱਕੜੀ ’ਤੇ ਵਰਤੀ ਜਾ ਸਕਦੀ ਹੈ। ਇਸ ਵਿਚ ਤਾਰਪੀਨ ਦਾ ਤੇਲ ਅਤੇ ਸਿਰਕਾ ਥੰਧਿਆਈ ਦੇ ਦਾਗ਼ਾਂ ਨੂੰ ਹਟਾਉਂਦੇ ਹਨ, ਅਲਸੀ ਦਾ ਤੇਲ ਲੱਕੜੀ ਨੂੰ ਠੀਕ ਹਾਲਤ ਵਿਚ ਰੱਖਦਾ ਹੈ ਅਤੇ ਮੈਥੀਲੇਟਿਡ ਸਪਿਰਟ ਸੁੱਕਣ ਵਿਚ ਮਦਦ ਕਰਦੀ ਹੈ।
(ii) ਸ਼ਹਿਦ ਦੀ ਮੱਖੀ ਦਾ ਮੋਮ – 15 ਗਰਾਮ, ਤਾਰਪੀਨ ਦਾ ਤੇਲ – 250 ਮਿ.ਲੀ.। ਮੋਮ ਨੂੰ ਹਲਕੀ ਅੱਗ ਦੇ ਸੇਕ ਨਾਲ ਪਿਘਲਾ ਲਓ। ਅੱਗ ਤੋਂ ਉਤਾਰ ਕੇ ਤਾਰਪੀਨ ਦਾ ਤੇਲ ਮਿਲਾ ਦਿਓ ਅਤੇ ਉਦੋਂ ਤੱਕ ਹਿਲਾਓ ਜਦੋਂ ਤੱਕ ਮੋਮ ਤੇਲ ਵਿਚ ਚੰਗੀ ਤਰ੍ਹਾਂ ਘੁਲ ਨਾ ਜਾਵੇ।
Exam Tips:
a) ਸਮੱਗਰੀ ਦੀ ਮਾਤਰਾ ਸਹੀ ਲਿਖੋ।
b) ਬਣਾਉਣ ਦੀ ਵਿਧੀ ਕ੍ਰਮ ਨਾਲ ਲਿਖੋ।
Question 5: ਕੱਪੜੇ ਨਾਲ ਢੱਕੇ ਫ਼ਰਨੀਚਰ ਦੀ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ?
Answer:
ਕੱਪੜੇ ਨਾਲ ਢੱਕੇ ਫ਼ਰਨੀਚਰ ਨੂੰ ਵੈਕਿਉਮ ਕਲੀਨਰ ਨਾਲ ਸਾਫ਼ ਕੀਤਾ ਜਾ ਸਕਦਾ ਹੈ। ਇਸ ਦੇ ਨਾ ਹੋਣ ’ਤੇ ਗਰਮ ਕੱਪੜੇ ਝਾੜਨ ਵਾਲੇ ਬੁਰਸ਼ ਨਾਲ ਵੀ ਸਾਫ਼ ਕੀਤਾ ਜਾ ਸਕਦਾ ਹੈ। ਜੇ ਕੱਪੜੇ ਦਾ ਰੰਗ ਫਿੱਕਾ ਪੈ ਜਾਵੇ ਜਾਂ ਉਹ ਜ਼ਿਆਦਾ ਗੰਦਾ ਹੋ ਜਾਵੇ ਤਾਂ ਦੋ ਗਿਲਾਸ ਪਾਣੀ ਵਿਚ ਇਕ ਵੱਡਾ ਚਮਚ ਸਿਰਕਾ ਮਿਲਾ ਕੇ ਉਸ ਵਿਚ ਸਾਫ਼ ਮੁਲਾਇਮ ਕੱਪੜਾ ਭਿਉਂ ਕੇ ਚੰਗੀ ਤਰ੍ਹਾਂ ਨਿਚੋੜ ਕੇ ਫ਼ਰਨੀਚਰ ਦੇ ਕਵਰ ਨੂੰ ਸਾਫ਼ ਕਰੋ। ਇਸ ਨਾਲ ਕੱਪੜਾ ਸਾਫ਼ ਹੋ ਜਾਂਦਾ ਹੈ ਅਤੇ ਚਮਕ ਵੀ ਆ ਜਾਂਦੀ ਹੈ। ਥੰਧਿਆਈ ਦੇ ਦਾਗ਼ਾਂ ਨੂੰ ਪੈਟਰੋਲ ਜਾਂ ਪਾਣੀ ਵਿਚ ਡਿਟਰਜੈਂਟ ਘੋਲ ਕੇ ਗਿੱਲੇ ਕੱਪੜੇ ਨਾਲ ਸਾਫ਼ ਕਰੋ; ਬਾਅਦ ਵਿਚ ਸਾਫ਼ ਪਾਣੀ ਵਿਚ ਕੱਪੜਾ ਭਿਉਂ ਕੇ ਪੂੰਝੋ ਤਾਂ ਜੋ ਡਿਟਰਜੈਂਟ ਨਿਕਲ ਜਾਵੇ।
Exam Tips:
a) ਵੈਕਿਉਮ ਕਲੀਨਰ, ਸਿਰਕੇ ਦੇ ਘੋਲ ਅਤੇ ਥੰਧਿਆਈ ਦੇ ਦਾਗ਼ ਦਾ ਇਲਾਜ ਵੱਖ-ਵੱਖ ਲਿਖੋ।
Question 6: ਪਲਾਸਟਿਕ ਦਾ ਫ਼ਰਨੀਚਰ ਅੱਜ-ਕੱਲ੍ਹ ਜ਼ਿਆਦਾ ਕਿਉਂ ਵਰਤਿਆ ਜਾਣ ਲੱਗ ਪਿਆ ਹੈ?
Answer:
ਅੱਜ-ਕੱਲ੍ਹ ਪਲਾਸਟਿਕ ਦੇ ਫ਼ਰਨੀਚਰ ਦੀ ਵਰਤੋਂ ਵਧਣ ਦੇ ਕਈ ਕਾਰਨ ਹਨ-
1. ਇਹ ਜਲਦੀ ਨਹੀਂ ਟੁੱਟਦਾ।
2. ਇਸ ਉੱਪਰ ਝਰੀਟਾਂ ਅਤੇ ਚਿੱਬ ਆਦਿ ਨਹੀਂ ਪੈਂਦੇ।
3. ਇਹ ਪਾਣੀ ਨਹੀਂ ਚੂਸਦਾ, ਇਸ ਲਈ ਇਸ ਨੂੰ ਆਸਾਨੀ ਨਾਲ ਧੋ ਕੇ ਸਾਫ਼ ਕੀਤਾ ਜਾ ਸਕਦਾ ਹੈ।
4. ਇਸ ਨੂੰ ਕੋਈ ਕੀੜਾ ਜਾਂ ਸਿਉਂਕ ਨਹੀਂ ਲੱਗਦੀ।
5. ਇਹ ਕਈ ਰੰਗਾਂ ਵਿਚ ਮਿਲ ਜਾਂਦਾ ਹੈ।
Exam Tips:
a) ਪੰਜੇ ਕਾਰਨ ਅੰਕਾਂ ਸਹਿਤ ਲਿਖੋ।
Question 7: ਘਰ ਵਿਚ ਪਰਦੇ ਕਿਉਂ ਲਗਾਏ ਜਾਂਦੇ ਹਨ?
Answer:
ਪਰਦਿਆਂ ਬਿਨਾਂ ਘਰ ਚੰਗਾ ਨਹੀਂ ਲੱਗਦਾ, ਸੋ ਪਰਦੇ ਘਰ ਦੀ ਸੁੰਦਰਤਾ ਵਧਾਉਣ ਲਈ ਲਗਾਏ ਜਾਂਦੇ ਹਨ। ਇਸ ਦੇ ਨਾਲ ਹੀ ਇਹ ਘਰ ਨੂੰ ਤੇਜ਼ ਹਵਾ, ਰੌਸ਼ਨੀ ਅਤੇ ਮਿੱਟੀ-ਘੱਟੇ ਤੋਂ ਵੀ ਬਚਾਉਂਦੇ ਹਨ। ਪਰਦੇ ਲਾਉਣ ਨਾਲ ਕਮਰਿਆਂ ਵਿਚ ਏਕਾਂਤ ਦੀ ਭਾਵਨਾ ਪੈਦਾ ਹੁੰਦੀ ਹੈ।
Exam Tips:
a) ਸੁੰਦਰਤਾ, ਸੁਰੱਖਿਆ ਅਤੇ ਏਕਾਂਤ ਤਿੰਨੇ ਕਾਰਨ ਲਿਖੋ।
Question 8: ਕਾਲੀਨ ਜਾਂ ਪਰਦੇ ਖ਼ਰੀਦਣ ਸਮੇਂ ਇਨ੍ਹਾਂ ਦੇ ਰੰਗ ਦੀ ਕੀ ਅਹਿਮੀਅਤ ਹੁੰਦੀ ਹੈ?
Answer:
ਪਰਦੇ ਜਾਂ ਕਾਲੀਨ ਖ਼ਰੀਦਦੇ ਸਮੇਂ ਇਨ੍ਹਾਂ ਦੇ ਰੰਗ ਦੀ ਚੋਣ ਘਰ ਦੀਆਂ ਕੰਧਾਂ ਅਤੇ ਫ਼ਰਨੀਚਰ ਦੇ ਰੰਗ ਅਤੇ ਡਿਜ਼ਾਈਨ ਮੁਤਾਬਕ ਹੋਣੀ ਚਾਹੀਦੀ ਹੈ। ਸਰਦੀਆਂ ਵਿਚ ਗੂੜ੍ਹੇ ਅਤੇ ਗਰਮੀਆਂ ਵਿਚ ਹਲਕੇ ਰੰਗਾਂ ਦੇ ਪਰਦੇ ਚੰਗੇ ਰਹਿੰਦੇ ਹਨ। ਜੇ ਕਾਲੀਨ ਅਤੇ ਸੋਫ਼ਾ ਡਿਜ਼ਾਈਨਦਾਰ ਹੋਵੇ ਤਾਂ ਪਰਦੇ ਪਲੇਨ, ਇੱਕੋ ਰੰਗ ਦੇ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਛੋਟੇ ਕਮਰੇ ਵਿਚ ਪਲੇਨ ਜਾਂ ਛੋਟੇ ਡਿਜ਼ਾਈਨ ਦੇ ਪਰਦੇ ਹੀ ਠੀਕ ਰਹਿੰਦੇ ਹਨ। ਇਸੇ ਤਰ੍ਹਾਂ ਕਾਲੀਨ ਦੀ ਚੋਣ ਕਰਨ ਸਮੇਂ ਵੀ ਸੋਫ਼ੇ ਅਤੇ ਪਰਦਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ। ਜੇ ਪਰਦੇ ਪਲੇਨ ਹਨ ਤਾਂ ਕਾਲੀਨ ਡਿਜ਼ਾਈਨਦਾਰ, ਵੱਧ ਰੰਗਾਂ ਵਾਲਾ ਖ਼ਰੀਦਿਆ ਜਾ ਸਕਦਾ ਹੈ। ਜੇ ਕਮਰਾ ਵੱਡਾ ਹੈ ਤਾਂ ਕਾਲੀਨ ਵੱਡੇ ਡਿਜ਼ਾਈਨ ਅਤੇ ਗੂੜ੍ਹੇ ਰੰਗ ਦਾ ਹੋਣਾ ਚਾਹੀਦਾ ਹੈ, ਪਰ ਜੇ ਕਮਰਾ ਛੋਟਾ ਹੈ ਤਾਂ ਕਾਲੀਨ ਫਿੱਕੇ ਪਲੇਨ ਰੰਗ ਦਾ ਹੋਣਾ ਚਾਹੀਦਾ ਹੈ।
Exam Tips:
a) ਮੌਸਮ ਅਤੇ ਕਮਰੇ ਦੇ ਆਕਾਰ ਦੋਹਾਂ ਅਨੁਸਾਰ ਰੰਗ ਦੀ ਚੋਣ ਲਿਖੋ।
b) ਪਰਦੇ ਪਲੇਨ ਹੋਣ ਤਾਂ ਕਾਲੀਨ ਡਿਜ਼ਾਈਨਦਾਰ ਵਾਲਾ ਨੁਕਤਾ ਨਾ ਛੱਡੋ।
Question 9: ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
Answer:
ਫੁੱਲ ਵਿਵਸਥਾ ਲਈ ਫੁੱਲਾਂ ਦੀ ਚੋਣ ਕਰਦੇ ਸਮੇਂ ਕਮਰੇ ਅਤੇ ਕਮਰੇ ਦੀ ਰੰਗ ਯੋਜਨਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਖਾਣੇ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਵਰਤਣੇ ਚਾਹੀਦੇ ਹਨ, ਜਦਕਿ ਬਾਕੀ ਕਮਰਿਆਂ ਵਿਚ ਸੁਗੰਧਿਤ। ਫੁੱਲਾਂ ਦਾ ਰੰਗ ਕਮਰੇ ਦੀ ਯੋਜਨਾ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ। ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਸਾਈਜ਼ ਅਤੇ ਆਕਾਰ ਮੁਤਾਬਕ ਹੋਣਾ ਚਾਹੀਦਾ ਹੈ।
Exam Tips:
a) ਖਾਣੇ ਵਾਲੇ ਕਮਰੇ ਲਈ ਸੁਗੰਧ ਰਹਿਤ ਫੁੱਲਾਂ ਵਾਲੀ ਗੱਲ ਜ਼ਰੂਰ ਲਿਖੋ।
Question 10: ਸਟੈਮ ਹੋਲਡਰ ਕਿਸ ਕੰਮ ਆਉਂਦਾ ਹੈ ਅਤੇ ਕਿਹੋ ਜਿਹੇ ਆਕਾਰ ਵਿਚ ਮਿਲਦੇ ਹਨ?
Answer:
ਸਟੈਮ ਹੋਲਡਰ ਫੁੱਲਾਂ ਨੂੰ ਆਪਣੀ ਜਗ੍ਹਾ ਟਿਕਾਉਣ ਦੇ ਕੰਮ ਆਉਂਦੇ ਹਨ। ਇਹ ਭਾਰੇ ਹੋਣੇ ਚਾਹੀਦੇ ਹਨ ਤਾਂ ਜੋ ਫੁੱਲਾਂ ਦੇ ਭਾਰ ਨਾਲ ਹਿਲ ਕੇ ਡਿੱਗਣ ਨਾ। ਇਹ ਕਈ ਆਕਾਰਾਂ ਵਿਚ ਮਿਲਦੇ ਹਨ, ਜਿਵੇਂ ਚੌਰਸ, ਆਇਤਾਕਾਰ, ਤਿਕੋਣੇ, ਅਰਧ ਚੰਦਰਮਾ ਦੀ ਸ਼ਕਲ ਅਤੇ ਟੀ (T) ਆਕਾਰ ਵਿਚ।
Exam Tips:
a) ਕੰਮ ਅਤੇ ਆਕਾਰ ਦੋਵੇਂ ਭਾਗ ਹੱਲ ਕਰੋ।
Question 11: ਫੁੱਲਾਂ ਨੂੰ ਸਜਾਉਣ ਦੇ ਕਿਹੜੇ ਮੁੱਖ ਤਰੀਕੇ ਹਨ?
Answer:
ਫੁੱਲਾਂ ਨੂੰ ਸਜਾਉਣ ਦੇ ਦੋ ਮੁੱਖ ਤਰੀਕੇ ਹਨ- 1. ਜਪਾਨੀ, 2. ਅਮਰੀਕਨ।
ਜਪਾਨੀ ਤਰੀਕਾ ਸੰਕੇਤਕ ਹੁੰਦਾ ਹੈ। ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚ ਸਭ ਤੋਂ ਉੱਚਾ ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਹੇਠਲਾ ਧਰਤੀ ਦਾ ਪ੍ਰਤੀਕ ਹੁੰਦਾ ਹੈ। ਇਸ ਵਿਚ ਇੱਕੋ ਰੰਗ ਦੇ ਇੱਕੋ ਹੀ ਕਿਸਮ ਦੇ ਫੁੱਲ ਹੁੰਦੇ ਹਨ।
ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਇਕੱਠੇ ਫੁੱਲ ਵਰਤੇ ਜਾਂਦੇ ਹਨ, ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ।
Exam Tips:
a) ਜਪਾਨੀ ਤਰੀਕੇ ਦੇ ਤਿੰਨ ਫੁੱਲਾਂ ਦੇ ਪ੍ਰਤੀਕ ਲਿਖੋ।
b) ਦੋਹਾਂ ਤਰੀਕਿਆਂ ਦਾ ਅੰਤਰ ਸਪੱਸ਼ਟ ਕਰੋ।
ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 12: ਫ਼ਰਨੀਚਰ ਘਰ ਦੀ ਅੰਦਰਲੀ ਸਜਾਵਟ ਲਈ ਕਿਉਂ ਜ਼ਰੂਰੀ ਹੈ?
Answer:
ਹਰ ਪਰਿਵਾਰ ਦੀਆਂ ਖਾਣ-ਪੀਣ, ਸੌਣ ਅਤੇ ਆਰਾਮ ਕਰਨ ਦੀਆਂ ਬੁਨਿਆਦੀ ਲੋੜਾਂ ਹਨ। ਇਨ੍ਹਾਂ ਨੂੰ ਪੂਰਾ ਕਰਨ ਲਈ ਫ਼ਰਨੀਚਰ ਦੀ ਲੋੜ ਹੁੰਦੀ ਹੈ। ਇਨ੍ਹਾਂ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਜੇ ਫ਼ਰਨੀਚਰ ਘਰ ਦੀ ਸੁੰਦਰਤਾ ਵਿਚ ਵਾਧਾ ਕਰ ਸਕੇ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੈ। ਇਸ ਲਈ ਫ਼ਰਨੀਚਰ ਦਾ ਡਿਜ਼ਾਈਨ, ਬਣਤਰ ਅਤੇ ਆਕਾਰ ਪਰਿਵਾਰ ਦੀਆਂ ਲੋੜਾਂ ਅਤੇ ਕਮਰੇ ਦੇ ਆਕਾਰ ਮੁਤਾਬਕ ਹੋਣਾ ਚਾਹੀਦਾ ਹੈ। ਛੋਟੇ ਘਰਾਂ ਵਿਚ ਪਲੰਘ ਅਤੇ ਦੀਵਾਨ ਬਕਸੇ ਵਾਲੇ ਹੋਣੇ ਚਾਹੀਦੇ ਹਨ ਤਾਂ ਕਿ ਉਨ੍ਹਾਂ ਵਿਚ ਪਰਿਵਾਰ ਦੇ ਕੱਪੜੇ ਅਤੇ ਹੋਰ ਲੋੜੀਂਦੀਆਂ ਵਸਤਾਂ ਰੱਖੀਆਂ ਜਾ ਸਕਣ।
Exam Tips:
a) ਲੋੜਾਂ ਦੀ ਪੂਰਤੀ ਅਤੇ ਸੁੰਦਰਤਾ ਦੋਵੇਂ ਕਾਰਨ ਲਿਖੋ।
b) ਬਕਸੇ ਵਾਲੇ ਪਲੰਘ/ਦੀਵਾਨ ਦੀ ਉਦਾਹਰਨ ਦਿਓ।
Question 13: ਫ਼ਰਨੀਚਰ ਦੀ ਚੋਣ ਕਰਦੇ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ?
Answer:
ਅੱਜ-ਕੱਲ੍ਹ ਬਜ਼ਾਰ ਵਿਚ ਕਈ ਤਰ੍ਹਾਂ ਦਾ ਫ਼ਰਨੀਚਰ ਉਪਲੱਬਧ ਹੈ, ਇਸ ਲਈ ਚੋਣ ਸਮੇਂ ਸਾਨੂੰ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ-
ਡਿਜ਼ਾਈਨ: ਫ਼ਰਨੀਚਰ ਦਾ ਆਕਾਰ ਅਤੇ ਡਿਜ਼ਾਈਨ ਕਮਰੇ ਦੇ ਆਕਾਰ ਅਤੇ ਬਾਕੀ ਚੀਜ਼ਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੇ ਕਮਰਾ ਛੋਟਾ ਹੈ ਤਾਂ ਫਿੱਕੇ ਅਤੇ ਪਲੇਨ ਰੰਗ ਦੇ ਕੱਪੜੇ ਵਾਲਾ ਜਾਂ ਹਲਕੇ ਰੰਗ ਦੀ ਲੱਕੜੀ ਵਾਲਾ ਫ਼ਰਨੀਚਰ ਹੋਣਾ ਚਾਹੀਦਾ ਹੈ।
ਕੀਮਤ: ਫ਼ਰਨੀਚਰ ਦੀ ਕੀਮਤ ਪਰਿਵਾਰ ਦੇ ਬਜਟ ਮੁਤਾਬਕ ਹੋਣੀ ਚਾਹੀਦੀ ਹੈ।
ਆਕਾਰ: ਫ਼ਰਨੀਚਰ ਦਾ ਆਕਾਰ ਕਮਰੇ ਅਤੇ ਬਾਕੀ ਚੀਜ਼ਾਂ ਦੇ ਆਕਾਰ ਨਾਲ ਮੇਲ ਖਾਂਦਾ ਹੋਣਾ ਚਾਹੀਦਾ ਹੈ।
ਫ਼ਰਨੀਚਰ ਦਾ ਕੰਮ: ਜਿਸ ਕੰਮ ਲਈ ਫ਼ਰਨੀਚਰ ਖ਼ਰੀਦਿਆ ਜਾਵੇ, ਉਹ ਪੂਰਾ ਹੋਣਾ ਚਾਹੀਦਾ ਹੈ। ਜਿਵੇਂ ਅਲਮਾਰੀ ਤੁਹਾਡੀਆਂ ਲੋੜਾਂ ਪੂਰੀਆਂ ਕਰਦੀ ਹੋਵੇ।
ਲੱਕੜੀ ਦੀ ਕਿਸਮ ਅਤੇ ਹੋਰ ਸਮੱਗਰੀ: ਲੱਕੜੀ ਵਧੀਆ ਕਿਸਮ ਦੀ ਹੋਣੀ ਚਾਹੀਦੀ ਹੈ। ਜੇ ਸਟੀਲ ਜਾਂ ਐਲੂਮੀਨੀਅਮ ਦਾ ਖ਼ਰੀਦਣਾ ਹੈ ਤਾਂ ਵਧੀਆ ਕਿਸਮ ਦੀ ਹੋਵੇ ਤਾਂ ਜੋ ਜੰਗਾਲ ਨਾ ਲੱਗੇ।
ਮਜ਼ਬੂਤੀ: ਮਜ਼ਬੂਤੀ ਵੇਖਣ ਲਈ ਉਸ ਨੂੰ ਜ਼ੋਰ ਨਾਲ ਹਿਲਾ ਕੇ ਜਾਂ ਚੁੱਕ ਕੇ ਵੇਖੋ। ਇਹ ਜ਼ਮੀਨ ’ਤੇ ਪੂਰੀ ਤਰ੍ਹਾਂ ਟਿਕਣ ਵਾਲਾ ਹੋਣਾ ਚਾਹੀਦਾ ਹੈ।
ਬਣਤਰ: ਫ਼ਰਨੀਚਰ ਦੇ ਜੋੜ, ਪਾਲਿਸ਼ ਅਤੇ ਸਫ਼ਾਈ ਵੇਖਣੀ ਜ਼ਰੂਰੀ ਹੈ।
ਮੀਨਾਕਾਰੀ: ਜ਼ਿਆਦਾ ਮੀਨਾਕਾਰੀ ਵਾਲਾ ਫ਼ਰਨੀਚਰ ਠੀਕ ਨਹੀਂ ਰਹਿੰਦਾ, ਕਿਉਂਕਿ ਇਸ ਦੀ ਸਫ਼ਾਈ ਚੰਗੀ ਤਰ੍ਹਾਂ ਨਹੀਂ ਹੋ ਸਕਦੀ।
ਕੱਪੜੇ ਨਾਲ ਢੱਕਿਆ ਫ਼ਰਨੀਚਰ: ਕੱਪੜੇ ਦੇ ਰੰਗ, ਡਿਜ਼ਾਈਨ ਅਤੇ ਕੁਆਲਿਟੀ ਦੀ ਪਰਖ ਕਰਨੀ ਚਾਹੀਦੀ ਹੈ।
Exam Tips:
a) ਹਰ ਨੁਕਤਾ ਵੱਖਰੇ ਸਿਰਲੇਖ ਨਾਲ ਲਿਖੋ।
b) ਮਜ਼ਬੂਤੀ ਪਰਖਣ ਦਾ ਤਰੀਕਾ (ਹਿਲਾ ਕੇ ਵੇਖਣਾ) ਜ਼ਰੂਰ ਲਿਖੋ।
Question 14: ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਕਿਹੜੇ-ਕਿਹੜੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ?
Answer:
ਕਮਰਿਆਂ ਵਿਚ ਫ਼ਰਨੀਚਰ ਦੀ ਵਿਵਸਥਾ ਕਰਦੇ ਸਮੇਂ ਹੇਠਾਂ ਲਿਖੇ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ-
ਉਪਯੋਗਿਤਾ ਜਾਂ ਵਰਤੋਂ (Use): ਫ਼ਰਨੀਚਰ ਦੀ ਵਿਵਸਥਾ ਉਸ ਦੀ ਵਰਤੋਂ ’ਤੇ ਨਿਰਭਰ ਕਰਦੀ ਹੈ। ਬੈਠਕ ਵਿਚ ਜਿੱਥੇ ਬੈਠ ਕੇ ਗੱਲਬਾਤ ਕਰਨੀ ਹੋਵੇ, ਉੱਥੇ ਸੋਫ਼ਾ ਜਾਂ ਕੁਰਸੀਆਂ ਆਦਿ ਹੀ ਵਰਤੀਆਂ ਜਾਣ ਅਤੇ ਇਸ ਢੰਗ ਨਾਲ ਰੱਖੀਆਂ ਜਾਣ ਕਿ ਇਕ ਇਕਾਈ ਨਜ਼ਰ ਆਵੇ। ਹਮੇਸ਼ਾ ਅਜਿਹੇ ਫ਼ਰਨੀਚਰ ਨੂੰ ਪਹਿਲ ਦੇਣੀ ਚਾਹੀਦੀ ਹੈ ਜਿਸ ਦੀ ਦੋਹਰੀ ਵਰਤੋਂ ਹੋ ਸਕੇ, ਜਿਵੇਂ ਸੋਫ਼ਾ-ਕਮ-ਬੈੱਡ ਜਾਂ ਬਕਸੇ ਵਾਲਾ ਦੀਵਾਨ।
ਆਕਾਰ (Size): ਫ਼ਰਨੀਚਰ ਦਾ ਆਕਾਰ ਕਮਰੇ ਦੇ ਅਨੁਸਾਰ ਹੋਣਾ ਚਾਹੀਦਾ ਹੈ। ਜੇ ਕਮਰਾ ਵੱਡਾ ਹੈ ਤਾਂ ਕੱਪੜਾ ਚੜ੍ਹਿਆ ਫ਼ਰਨੀਚਰ ਵਰਤਿਆ ਜਾ ਸਕਦਾ ਹੈ, ਪਰ ਛੋਟੇ ਕਮਰੇ ਵਿਚ ਬੈਂਤ, ਲੱਕੜ ਜਾਂ ਰਾਟ ਆਇਰਨ (Wrought iron) ਦਾ ਫ਼ਰਨੀਚਰ ਵਰਤੋ।
ਲੈਅ (Rhythm): ਫ਼ਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਕਰੋ ਕਿ ਵਿਸਥਾਰ ਦਾ ਪ੍ਰਭਾਵ ਪਵੇ। ਵੱਡੀਆਂ ਚੀਜ਼ਾਂ ਨੂੰ ਪਹਿਲਾਂ ਟਿਕਾਓ, ਫਿਰ ਛੋਟੀਆਂ ਅਤੇ ਫਿਰ ਲੋੜ ਅਨੁਸਾਰ ਹੋਰ ਚੀਜ਼ਾਂ ਰੱਖੋ।
ਅਨੁਰੂਪਤਾ (Harmony): ਫ਼ਰਨੀਚਰ ਦੀਆਂ ਵੱਖ-ਵੱਖ ਚੀਜ਼ਾਂ ਦਾ ਆਪਸ ਵਿਚ, ਅਤੇ ਇਨ੍ਹਾਂ ਦਾ ਕਮਰੇ ਦੇ ਆਕਾਰ ਅਤੇ ਰੰਗ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ।
ਬਲ (Emphasis): ਜੇ ਕਮਰੇ ਵਿਚ ਕਿਸੇ ਥਾਂ ’ਤੇ ਬਲ ਦੇਣ ਦੀ ਲੋੜ ਹੈ ਤਾਂ ਫ਼ਰਨੀਚਰ ਉਸ ਥਾਂ ’ਤੇ ਜੋੜ ਕੇ ਲਾਉਣਾ ਚਾਹੀਦਾ ਹੈ, ਜਿਵੇਂ ਕਾਰਨਰ ਸ਼ੈਲਫ਼ ਵਿਚ ਸਜਾਵਟੀ ਚੀਜ਼ਾਂ ਰੱਖਣਾ।
ਆਰਾਮਦੇਹ (Comfort): ਫ਼ਰਨੀਚਰ ਦੀ ਵਿਵਸਥਾ ਇਸ ਢੰਗ ਨਾਲ ਹੋਵੇ ਕਿ ਪਰਿਵਾਰ ਦੇ ਮੈਂਬਰਾਂ ਨੂੰ ਆਰਾਮ ਮਿਲ ਸਕੇ।
ਇਸ ਤੋਂ ਇਲਾਵਾ ਕੁੱਝ ਹੋਰ ਮਹੱਤਵਪੂਰਨ ਗੱਲਾਂ: ਕਮਰੇ ਵਿਚ ਆਉਣ-ਜਾਣ ਦੇ ਰਸਤੇ ਦਾ ਧਿਆਨ ਰੱਖੋ; ਕਮਰੇ ਵਿਚ ਜ਼ਿਆਦਾ ਫ਼ਰਨੀਚਰ ਨਾ ਰੱਖੋ; ਲੱਕੜੀ, ਬੈਂਤ ਜਾਂ ਰਾਟ ਆਇਰਨ ਦੇ ਫ਼ਰਨੀਚਰ ਨੂੰ ਗੱਦੀਆਂ ਨਾਲ ਸਜਾਓ; ਫ਼ਰਨੀਚਰ ਕੰਧਾਂ ਨਾਲ ਜੋੜ ਕੇ ਨਾ ਰੱਖੋ, ਨਾ ਬਿਲਕੁਲ ਵਿਚਕਾਰ ਰੱਖੋ; ਫ਼ਰਨੀਚਰ ਦੀ ਉਪਯੋਗਤਾ ਨੂੰ ਧਿਆਨ ਵਿਚ ਰੱਖ ਕੇ ਉਨ੍ਹਾਂ ਦਾ ਸਮੂਹੀਕਰਨ ਕਰੋ।
Exam Tips:
a) ਛੇ ਨੁਕਤੇ ਅੰਗਰੇਜ਼ੀ ਨਾਂਵਾਂ ਸਹਿਤ ਲਿਖੋ।
b) ਅਖ਼ੀਰ ਵਿਚ ਹੋਰ ਮਹੱਤਵਪੂਰਨ ਗੱਲਾਂ ਜ਼ਰੂਰ ਜੋੜੋ।
Question 15: ਬੈਠਕ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ?
Answer:
ਬੈਠਕ ਵਿਚ ਫ਼ਰਨੀਚਰ ਇਸ ਢੰਗ ਨਾਲ ਰੱਖਣਾ ਚਾਹੀਦਾ ਹੈ ਕਿ ਉਸ ਵਿਚ ਕਰਨ ਵਾਲੇ ਕੰਮ, ਜਿਵੇਂ ਆਰਾਮ, ਖੇਡ ਜਾਂ ਸੰਗੀਤ ਆਦਿ, ਠੀਕ ਤਰ੍ਹਾਂ ਕੀਤੇ ਜਾ ਸਕਣ। ਬੈਠਕ ਵਿਚ ਇਕ ਪਾਸੇ ਸੋਫ਼ਾ, ਉਸ ਦੇ ਸਾਹਮਣੇ ਦੀਵਾਨ ਅਤੇ ਕੁਰਸੀਆਂ ਰੱਖੀਆਂ ਜਾ ਸਕਦੀਆਂ ਹਨ। ਇਹ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਣਾ ਚਾਹੀਦਾ ਹੈ। ਬੈਠਕ ਵਿਚ ਪੜ੍ਹਨ ਲਈ ਇਕ ਮੇਜ਼-ਕੁਰਸੀ ਰੱਖੀ ਜਾ ਸਕਦੀ ਹੈ ਜਿਸ ਉੱਪਰ ਕਿਤਾਬਾਂ ਅਤੇ ਟਿਊਬ ਲਾਈਟ (Tube Light) ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਟੀ.ਵੀ., ਰੇਡੀਓ ਅਤੇ ਸੰਗੀਤ ਲਈ ਸਮਾਨ ਰੱਖੋ। ਇਕ ਕੋਨੇ ਵਿਚ ਕੈਰਮ ਬੋਰਡ, ਚੈਸ ਜਾਂ ਤਾਸ਼ ਵੀ ਰੱਖੀ ਜਾ ਸਕਦੀ ਹੈ। ਕੰਧਾਂ ਉੱਪਰ ਕੁੱਝ ਸੁੰਦਰ ਤਸਵੀਰਾਂ ਲਾਈਆਂ ਜਾ ਸਕਦੀਆਂ ਹਨ। ਹੋ ਸਕੇ ਤਾਂ ਫੁੱਲਦਾਨ ਵਿਚ ਕੁੱਝ ਫੁੱਲ ਜਾਂ ਗਮਲੇ ਵੀ ਕਮਰੇ ਵਿਚ ਰੱਖੇ ਜਾ ਸਕਦੇ ਹਨ।
Exam Tips:
a) ਸੋਫ਼ਾ-ਦੀਵਾਨ ਦੀ ਵਿਵਸਥਾ, ਪੜ੍ਹਨ ਦਾ ਕੋਨਾ ਅਤੇ ਮਨੋਰੰਜਨ ਦਾ ਸਾਮਾਨ ਵੱਖ-ਵੱਖ ਲਿਖੋ।
Question 16: ਸੌਣ ਦੇ ਕਮਰੇ ਅਤੇ ਖਾਣਾ-ਖਾਣ ਦੇ ਕਮਰੇ ਵਿਚ ਫ਼ਰਨੀਚਰ ਦੀ ਵਿਵਸਥਾ ਕਿਵੇਂ ਕਰੋਗੇ?
Answer:
1. ਸੌਣ ਵਾਲਾ ਕਮਰਾ: ਇਸ ਵਿਚ ਸਭ ਤੋਂ ਮਹੱਤਵਪੂਰਨ ਫ਼ਰਨੀਚਰ ਸੌਣ ਲਈ ਮੰਜੇ ਜਾਂ ਬੈੱਡ ਹੁੰਦੇ ਹਨ। ਇਹ ਪੂਰੇ ਅਰਾਮਦੇਹ ਹੋਣੇ ਚਾਹੀਦੇ ਹਨ। ਇਨ੍ਹਾਂ ਦਾ ਸਿਰ ਵਾਲਾ ਹਿੱਸਾ ਕੰਧ ਨਾਲ ਲਾ ਕੇ ਰੱਖੋ। ਪਲੰਘ ਦੇ ਆਸੇ-ਪਾਸੇ ਇੰਨੀ ਥਾਂ ਜ਼ਰੂਰ ਹੋਵੇ ਕਿ ਪਲੰਘ ਨੂੰ ਝਾੜ-ਪੂੰਝ ਕੇ ਪਲੰਘਪੋਸ਼ ਵਿਛਾਇਆ ਜਾ ਸਕੇ। ਹੋ ਸਕੇ ਤਾਂ ਪਲੰਘ ਦੇ ਸਿਰ ਵੱਲ ਦੋਵੇਂ ਪਾਸੇ ਇਕ-ਇਕ ਛੋਟਾ ਮੇਜ਼ ਰੱਖਿਆ ਜਾਵੇ। ਅੱਜ-ਕੱਲ੍ਹ ਬੈੱਡ ਦੇ ਨਾਲ ਹੀ ਸਾਈਡ ਟੇਬਲ ਮਿਲਦੇ ਹਨ ਜੋ ਟੇਬਲ ਲੈਂਪ ਜਾਂ ਵਰਤੋਂ ਵਾਲਾ ਸਮਾਨ ਰੱਖਣ ਦੇ ਕੰਮ ਆਉਂਦੇ ਹਨ। ਇਸ ਤੋਂ ਇਲਾਵਾ ਕਮਰੇ ਵਿਚ ਕੁਰਸੀਆਂ ਜਾਂ ਮੂੜ੍ਹੇ ਅਤੇ ਇਕ ਛੋਟਾ ਟੇਬਲ ਵੀ ਰੱਖਣਾ ਚਾਹੀਦਾ ਹੈ। ਤਿਆਰ ਹੋਣ ਲਈ ਵਰਤਿਆ ਜਾਣ ਵਾਲਾ ਸ਼ੀਸ਼ਾ ਜਾਂ ਡਰੈਸਿੰਗ ਟੇਬਲ ਅਜਿਹੀ ਥਾਂ ’ਤੇ ਰੱਖਣਾ ਚਾਹੀਦਾ ਹੈ ਜਿੱਥੇ ਕਾਫ਼ੀ ਰੌਸ਼ਨੀ ਪਹੁੰਚਦੀ ਹੋਵੇ। ਸੌਣ ਵਾਲੇ ਕਮਰੇ ਵਿਚ ਅਲਮਾਰੀ ਵੀ ਜ਼ਰੂਰੀ ਹੈ। ਕਈ ਵਾਰ ਇਹ ਕੰਧ ਵਿਚ ਹੀ ਬਣੀ ਹੁੰਦੀ ਹੈ, ਨਹੀਂ ਤਾਂ ਸਟੀਲ ਜਾਂ ਲੋਹੇ ਦੀ ਅਲਮਾਰੀ ਵੀ ਰੱਖੀ ਜਾ ਸਕਦੀ ਹੈ ਜਿਸ ਵਿਚ ਕੱਪੜੇ ਅਤੇ ਜੁੱਤੀਆਂ ਰੱਖਣ ਲਈ ਪੂਰੀ ਥਾਂ ਹੋਵੇ।
2. ਖਾਣਾ ਖਾਣ ਵਾਲਾ ਕਮਰਾ: ਇਸ ਕਮਰੇ ਵਿਚ ਸਭ ਤੋਂ ਮੁੱਖ ਚੀਜ਼ ਖਾਣੇ ਵਾਲਾ ਮੇਜ਼ ਅਤੇ ਕੁਰਸੀਆਂ ਹੁੰਦੀਆਂ ਹਨ। ਇਨ੍ਹਾਂ ਦਾ ਆਕਾਰ ਅਤੇ ਗਿਣਤੀ ਪਰਿਵਾਰ ਦੇ ਮੈਂਬਰਾਂ ਅਤੇ ਮਹਿਮਾਨਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਖਾਣੇ ਦੇ ਮੇਜ਼ ਵਾਲੀਆਂ ਕੁਰਸੀਆਂ ਉੱਪਰ ਗੱਦੀਆਂ ਚਾਹੀਦੀਆਂ ਹਨ ਅਤੇ ਉਹ ਬਿਨਾਂ ਬਾਹਵਾਂ ਦੇ ਅਤੇ ਪਿੱਛੋਂ ਸਿੱਧੀਆਂ ਹੋਣ। ਇਸ ਮੇਜ਼ ਨੂੰ ਕਮਰੇ ਦੇ ਵਿਚਕਾਰ ਹੀ ਰੱਖਣਾ ਚਾਹੀਦਾ ਹੈ। ਖਾਣੇ ਵਾਲੇ ਕਮਰੇ ਵਿਚ ਇਕ ਅਲਮਾਰੀ (Cup Board) ਵੀ ਰੱਖੀ ਜਾ ਸਕਦੀ ਹੈ, ਜਿਸ ਵਿਚ ਬਰਤਨ, ਟੇਬਲ ਮੈਟ, ਕਟਲਰੀ ਅਤੇ ਇਸ ਕਮਰੇ ਨਾਲ ਸੰਬੰਧਿਤ ਸਮਾਨ ਰੱਖਿਆ ਜਾ ਸਕੇ।
Exam Tips:
a) ਦੋਵੇਂ ਕਮਰਿਆਂ ਦੇ ਉੱਤਰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਖਾਣੇ ਦੇ ਮੇਜ਼ ਦੀਆਂ ਕੁਰਸੀਆਂ ਬਿਨਾਂ ਬਾਹਵਾਂ ਵਾਲੀਆਂ, ਸਿੱਧੀ ਪਿੱਠ ਵਾਲੀਆਂ ਹੋਣ; ਇਹ ਗੱਲ ਲਿਖੋ।
Question 17: ਲੱਕੜੀ ਦੇ ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ?
Answer:
ਲੱਕੜੀ ਦੇ ਫ਼ਰਨੀਚਰ ਨੂੰ ਹਰ ਰੋਜ਼ ਸੁੱਕੇ ਕੱਪੜੇ ਨਾਲ ਝਾੜ-ਪੂੰਝ ਕੇ ਸਾਫ਼ ਕਰਨਾ ਚਾਹੀਦਾ ਹੈ। ਲੱਕੜ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ, ਇਸ ਲਈ ਧਿਆਨ ਰੱਖਣਾ ਚਾਹੀਦਾ ਹੈ; ਜੇ ਸਿਉਂਕ ਲੱਗ ਜਾਵੇ ਤਾਂ ਸਿਉਂਕ ਦੀ ਦਵਾਈ ਦਾ ਖ਼ਰਾਬ ਹਿੱਸੇ ’ਤੇ ਸਪਰੇਅ ਕਰੋ। ਸਾਲ ਵਿਚ ਇਕ-ਦੋ ਵਾਰ ਲੱਕੜ ਦੇ ਫ਼ਰਨੀਚਰ ਨੂੰ ਧੁੱਪ ਲੁਆ ਲੈਣੀ ਚਾਹੀਦੀ ਹੈ; ਜੇ ਧੁੱਪ ਬਹੁਤ ਤੇਜ਼ ਹੋਵੇ ਤਾਂ ਕੁੱਝ ਸਮੇਂ ਲਈ ਹੀ ਲਗਾਓ। ਪਾਲਿਸ਼ ਕੀਤੇ ਮੇਜ਼ ’ਤੇ ਗਰਮ ਸਬਜ਼ੀ ਦੇ ਬਰਤਨ ਜਾਂ ਠੰਢੇ ਪਾਣੀ ਦੇ ਗਿਲਾਸ ਸਿੱਧੇ ਨਹੀਂ ਰੱਖਣੇ ਚਾਹੀਦੇ, ਨਹੀਂ ਤਾਂ ਮੇਜ਼ ’ਤੇ ਦਾਗ਼ ਪੈ ਜਾਂਦੇ ਹਨ। ਇਨ੍ਹਾਂ ਦੇ ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖਣੇ ਚਾਹੀਦੇ ਹਨ। ਫ਼ਰਨੀਚਰ ਤੋਂ ਦਾਗ਼ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਜਾਂ ਹਲਕਾ ਡਿਟਰਜੈਂਟ ਮਿਲਾ ਕੇ, ਕੱਪੜਾ ਇਸ ਘੋਲ ਵਿਚ ਭਿਉਂ ਕੇ ਸਾਫ਼ ਕਰੋ, ਪਰ ਫ਼ਰਨੀਚਰ ਨੂੰ ਜ਼ਿਆਦਾ ਗਿੱਲਾ ਨਹੀਂ ਕਰਨਾ ਚਾਹੀਦਾ। ਗਿੱਲਾ ਸਾਫ਼ ਕਰਨ ਤੋਂ ਬਾਅਦ ਫ਼ਰਨੀਚਰ ਨੂੰ ਸੁੱਕੇ ਕੱਪੜੇ ਨਾਲ ਸਾਫ਼ ਕਰੋ ਅਤੇ ਸਪਿਰਟ ਵਿਚ ਭਿੱਜੇ ਕੱਪੜੇ ਨਾਲ ਫਿਰ ਸਾਫ਼ ਕਰੋ। ਜੇ ਲੱਕੜ ਜ਼ਿਆਦਾ ਖ਼ਰਾਬ ਹੋ ਗਈ ਹੋਵੇ ਤਾਂ ਇਸ ਨੂੰ ਰੇਗਮਾਰ ਨਾਲ ਰਗੜ ਕੇ ਪਾਲਿਸ਼ ਕੀਤਾ ਜਾ ਸਕਦਾ ਹੈ। ਜੇ ਲੱਕੜੀ ਵਿਚ ਛੇਕ ਹੋ ਗਏ ਹੋਣ ਤਾਂ ਉਨ੍ਹਾਂ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਓ।
Exam Tips:
a) ਸਿਉਂਕ, ਧੁੱਪ, ਮੈਟ ਅਤੇ ਦਾਗ਼ ਉਤਾਰਨ ਦੇ ਨੁਕਤੇ ਵੱਖ-ਵੱਖ ਬਿੰਦੂਆਂ ਵਿਚ ਲਿਖੋ।
Question 18: ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਵੱਖ-ਵੱਖ ਤਰੀਕੇ ਨਾਲ ਕਿਉਂ ਕੀਤੀ ਜਾਂਦੀ ਹੈ?
Answer:
ਵੱਖ-ਵੱਖ ਫ਼ਰਨੀਚਰ ਵੱਖ-ਵੱਖ ਚੀਜ਼ਾਂ, ਜਿਵੇਂ ਲੱਕੜ, ਕੱਪੜਾ, ਪਲਾਸਟਿਕ, ਬੈਂਤ ਅਤੇ ਲੋਹੇ ਦਾ ਬਣਿਆ ਹੁੰਦਾ ਹੈ। ਹਰੇਕ ਚੀਜ਼ ਦੀ ਬਣਤਰ ਵੱਖਰੀ ਹੁੰਦੀ ਹੈ, ਜਿਵੇਂ ਲੱਕੜ ਦੇ ਫ਼ਰਨੀਚਰ ਨੂੰ ਸਿਉਂਕ ਅਤੇ ਚੂਹੇ ਦਾ ਡਰ ਹੈ, ਜਦਕਿ ਲੋਹੇ ਦੇ ਫ਼ਰਨੀਚਰ ਨੂੰ ਇਨ੍ਹਾਂ ਦੋਵੇਂ ਚੀਜ਼ਾਂ ਤੋਂ ਕੋਈ ਨੁਕਸਾਨ ਨਹੀਂ ਹੁੰਦਾ, ਪਰ ਉਸ ਨੂੰ ਜੰਗਾਲ ਲੱਗ ਜਾਂਦਾ ਹੈ। ਇਸੇ ਤਰ੍ਹਾਂ ਕੱਪੜਾ ਸਿਉਂਕ, ਚੂਹੇ, ਸਲ੍ਹਾਬ, ਮਿੱਟੀ ਅਤੇ ਗਰਦ ਨਾਲ ਖ਼ਰਾਬ ਹੋ ਜਾਂਦਾ ਹੈ, ਪਰ ਪਲਾਸਟਿਕ ਅਤੇ ਬੈਂਤ ਵੱਖਰੀ ਕਿਸਮ ਦੇ ਹਨ। ਪਲਾਸਟਿਕ ਉੱਪਰ ਪਾਣੀ ਜਾਂ ਸਲ੍ਹਾਬ ਦਾ ਕੋਈ ਅਸਰ ਨਹੀਂ ਹੁੰਦਾ, ਪਰ ਗਰਮ ਚੀਜ਼ ਅਤੇ ਧੁੱਪ ਨਾਲ ਉਹ ਖ਼ਰਾਬ ਹੁੰਦਾ ਹੈ। ਇਸੇ ਤਰ੍ਹਾਂ ਬੈਂਤ ਦੇ ਫ਼ਰਨੀਚਰ ਦੀ ਸੰਭਾਲ ਬਾਕੀਆਂ ਨਾਲੋਂ ਵੱਖਰੀ ਹੈ। ਸੋ ਫ਼ਰਨੀਚਰ ਵੱਖ-ਵੱਖ ਤਰ੍ਹਾਂ ਦੇ ਪਦਾਰਥਾਂ ਤੋਂ ਬਣੇ ਹੋਣ ਕਰਕੇ ਉਨ੍ਹਾਂ ਦੀ ਸੰਭਾਲ ਵੀ ਵੱਖਰੀ-ਵੱਖਰੀ ਹੈ।
Exam Tips:
a) ਹਰ ਪਦਾਰਥ ਦਾ ਖ਼ਤਰਾ ਵੱਖਰਾ ਲਿਖੋ: ਲੱਕੜ-ਸਿਉਂਕ, ਲੋਹਾ-ਜੰਗਾਲ, ਪਲਾਸਟਿਕ-ਧੁੱਪ/ਗਰਮੀ।
Question 19: ਪਰਦੇ ਲਾਉਣ ਦੇ ਕੀ ਲਾਭ ਹਨ? ਪਰਦਿਆਂ ਲਈ ਕਿਹੋ ਜਿਹਾ ਕੱਪੜਾ ਖ਼ਰੀਦਣਾ ਚਾਹੀਦਾ ਹੈ?
Answer:
1. ਪਰਦੇ ਲਾਉਣ ਨਾਲ ਘਰ ਸੁੰਦਰ, ਆਕਰਸ਼ਕ ਅਤੇ ਮਹਿਮਾਨਾਂ ਦਾ ਆਦਰ ਕਰਨ ਵਾਲਾ ਲੱਗਦਾ ਹੈ।
2. ਪਰਦਿਆਂ ਨਾਲ ਕਮਰੇ ਵਿਚ ਏਕਾਂਤ (Privacy) ਦੀ ਭਾਵਨਾ ਪੈਦਾ ਹੁੰਦੀ ਹੈ।
3. ਜੇ ਖਿੜਕੀਆਂ ਅਤੇ ਦਰਵਾਜ਼ਿਆਂ ਦੇ ਫ਼ਰੇਮ ਭੈੜੇ ਹੋਣ ਤਾਂ ਪਰਦਿਆਂ ਨਾਲ ਉਨ੍ਹਾਂ ਨੂੰ ਲੁਕਾਇਆ ਜਾ ਸਕਦਾ ਹੈ।
4. ਇਹ ਜ਼ਿਆਦਾ ਹਵਾ ਅਤੇ ਰੌਸ਼ਨੀ ਨੂੰ ਅੰਦਰ ਆਉਣ ਤੋਂ ਰੋਕਦੇ ਹਨ।
ਪਰਦੇ ਹਮੇਸ਼ਾ ਪਲੇਨ, ਪ੍ਰਿੰਟਡ ਸੂਤੀ, ਰੇਸ਼ਮੀ, ਟਪੈਸਟਰੀ, ਕੇਸਮੈਂਟ, ਖੱਦਰ, ਖੱਡੀ ਦੇ ਬਣੇ ਕੱਪੜੇ ਜਾਂ ਸਿਲਕ-ਸਾਟਨ ਦੇ ਹੀ ਵਰਤਣੇ ਚਾਹੀਦੇ ਹਨ। ਪਰਦਿਆਂ ਲਈ ਰੋਏਂਦਾਰ (ਬੂਰ ਵਾਲਾ) ਕੱਪੜਾ ਨਹੀਂ ਵਰਤਣਾ ਚਾਹੀਦਾ, ਕਿਉਂਕਿ ਸਾਡੇ ਦੇਸ਼ ਵਿਚ ਮਿੱਟੀ ਅਤੇ ਹਨੇਰੀ ਕਾਫ਼ੀ ਹੈ, ਜਿਸ ਨਾਲ ਪਰਦੇ ਮਿੱਟੀ ਜਜ਼ਬ ਕਰ ਲੈਂਦੇ ਹਨ। ਸਭ ਤੋਂ ਵਧੀਆ ਸੂਤੀ ਪਰਦੇ ਹੀ ਰਹਿੰਦੇ ਹਨ, ਕਿਉਂਕਿ ਇਨ੍ਹਾਂ ਰਾਹੀਂ ਹਵਾ ਆਰ-ਪਾਰ ਲੰਘ ਸਕਦੀ ਹੈ ਅਤੇ ਇਹ ਰੌਸ਼ਨੀ ਨੂੰ ਵੀ ਰੋਕ ਲੈਂਦੇ ਹਨ।
Exam Tips:
a) ਲਾਭ ਅੰਕਾਂ ਸਹਿਤ ਅਤੇ ਕੱਪੜੇ ਦੀ ਕਿਸਮ ਵੱਖਰੇ ਪੈਰੇ ਵਿਚ ਲਿਖੋ।
b) ਸੂਤੀ ਪਰਦੇ ਸਭ ਤੋਂ ਵਧੀਆ ਹਨ; ਇਹ ਨਿਸ਼ਕਰਸ਼ ਜ਼ਰੂਰ ਲਿਖੋ।
Question 20: ਕਾਲੀਨ ਦੀ ਚੋਣ ਕਿਵੇਂ ਕਰਨੀ ਚਾਹੀਦੀ ਹੈ? ਜਾਂ ਗਲੀਚੇ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ?
Answer:
ਕਾਲੀਨ ਦੀ ਚੋਣ ਕਰਨ ਸਮੇਂ ਉਸ ਦੀ ਮਜ਼ਬੂਤੀ, ਰੰਗ-ਰੂਪ ਅਤੇ ਆਕਾਰ ਸੰਬੰਧੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਵੱਡੇ ਕਮਰੇ ਵਿਚ ਕਾਲੀਨ ਗੂੜ੍ਹੇ ਰੰਗ ਦਾ ਡਿਜ਼ਾਈਨਦਾਰ ਵਿਛਾਇਆ ਜਾ ਸਕਦਾ ਹੈ, ਪਰ ਉਹ ਕਮਰੇ ਦੀ ਰੰਗ ਯੋਜਨਾ ਨਾਲ ਮੇਲ ਖਾਂਦਾ ਹੋਵੇ। ਛੋਟੇ ਕਮਰੇ ਵਿਚ ਪਲੇਨ ਅਤੇ ਫਿੱਕੇ ਰੰਗ ਦਾ ਕਾਲੀਨ ਹੀ ਠੀਕ ਲੱਗਦਾ ਹੈ। ਪਲੇਨ ਕਾਲੀਨ ਉੱਪਰ ਬਾਕੀ ਚੀਜ਼ਾਂ ਜ਼ਿਆਦਾ ਉੱਭਰਦੀਆਂ ਹਨ। ਕਾਲੀਨ ਦੀ ਲੰਬਾਈ-ਚੌੜਾਈ ਕਮਰੇ ਦੇ ਅਨੁਸਾਰ ਹੋਣੀ ਚਾਹੀਦੀ ਹੈ।
Exam Tips:
a) ਮਜ਼ਬੂਤੀ, ਰੰਗ ਅਤੇ ਆਕਾਰ ਤਿੰਨੇ ਨੁਕਤੇ ਲਿਖੋ।
b) ਵੱਡੇ ਅਤੇ ਛੋਟੇ ਕਮਰੇ ਲਈ ਵੱਖ-ਵੱਖ ਸਲਾਹ ਦਿਓ।
Question 21: ਫ਼ਰਸ਼ ’ਤੇ ਵਿਛਾਉਣ ਲਈ ਕਾਲੀਨ ਨੂੰ ਸਭ ਤੋਂ ਚੰਗਾ ਕਿਉਂ ਸਮਝਿਆ ਜਾਂਦਾ ਹੈ?
Answer:
ਕਾਲੀਨ ਵਿਛਾਉਣ ਨਾਲ ਕਮਰੇ ਦੀ ਸੁੰਦਰਤਾ ਵਧਦੀ ਹੈ। ਇਸ ਨਾਲ ਟੁੱਟਿਆ-ਭੱਜਿਆ ਫ਼ਰਸ਼ ਵੀ ਢੱਕਿਆ ਜਾਂਦਾ ਹੈ। ਕਾਲੀਨ ਫ਼ਰਸ਼ ਤੋਂ ਥੋੜ੍ਹਾ ਉੱਪਰ ਉੱਠਿਆ ਹੋਣ ਕਰਕੇ ਉਸ ਖੇਤਰ ਨੂੰ ਬਾਕੀ ਕਮਰੇ ਨਾਲੋਂ ਵੱਖ ਕਰ ਕੇ ਆਕਰਸ਼ਿਤ ਬਣਾਉਂਦਾ ਹੈ। ਕਾਲੀਨ ਵਿਛਾਉਣ ਨਾਲ ਕਮਰੇ ਦੀਆਂ ਬਾਕੀ ਚੀਜ਼ਾਂ ਵੀ ਸੋਹਣੀਆਂ ਦਿੱਸਦੀਆਂ ਹਨ ਅਤੇ ਸਰਦੀਆਂ ਵਿਚ ਕਮਰਾ ਨਿੱਘਾ ਰਹਿੰਦਾ ਹੈ।
Exam Tips:
a) ਸੁੰਦਰਤਾ, ਫ਼ਰਸ਼ ਢੱਕਣਾ ਅਤੇ ਨਿੱਘ ਤਿੰਨੇ ਲਾਭ ਲਿਖੋ।
Question 22: ਫੁੱਲਾਂ ਨੂੰ ਸਜਾਉਂਦੇ ਸਮੇਂ ਕਿਹੜੇ-ਕਿਹੜੇ ਨੁਕਤੇ ਮਨ ਵਿਚ ਰੱਖੋਗੇ?
Answer:
ਫੁੱਲਾਂ ਨੂੰ ਸਜਾਉਣ ਸਮੇਂ ਇਕਸੁਰਤਾ, ਅਨੁਪਾਤ, ਲੈਅ, ਸੰਤੁਲਨ ਅਤੇ ਬਲ ਦਾ ਧਿਆਨ ਰੱਖਣਾ ਜ਼ਰੂਰੀ ਹੈ।
1. ਇਕਸੁਰਤਾ (Harmony): ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਇਕਸੁਰਤਾ ਲਿਆਂਦੀ ਜਾ ਸਕਦੀ ਹੈ। ਜੇ ਅਲੱਗ ਫੁੱਲ ਹੋਣ ਤਾਂ ਵੀ ਉਨ੍ਹਾਂ ਨੂੰ ਦੁਹਰਾਉਣ ਨਾਲ ਇਕਸੁਰਤਾ ਪੈਦਾ ਕੀਤੀ ਜਾ ਸਕਦੀ ਹੈ।
2. ਅਨੁਪਾਤ (Proportion): ਫੁੱਲਾਂ ਦੇ ਆਕਾਰ ਅਨੁਸਾਰ ਹੀ ਫੁੱਲਦਾਨ ਵਰਤਣਾ ਚਾਹੀਦਾ ਹੈ। ਗਲੈਡੀਓਲਸ ਦੇ ਫੁੱਲ ਸ਼ੀਸ਼ੇ ਦੇ ਫੁੱਲਦਾਨ ਵਿਚ ਸੋਹਣੇ ਲੱਗਦੇ ਹਨ। ਸਭ ਤੋਂ ਉੱਚੇ ਫੁੱਲ ਦੀ ਲੰਬਾਈ ਫੁੱਲਦਾਨ ਤੋਂ ਡੇਢ ਗੁਣਾ (1½) ਹੋਣੀ ਚਾਹੀਦੀ ਹੈ, ਅਤੇ ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ।
3. ਲੈਅ (Rhythm): ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਾਡੀ ਨਜ਼ਰ ਲੈਅ ਨਾਲ ਹੀ ਘੁੰਮਦੀ ਹੈ। ਗੋਲ ਜਾਂ ਤਿਕੋਣੀ ਫੁੱਲ ਵਿਵਸਥਾ ਕਰ ਕੇ ਲੈਅ ਲਿਆਂਦੀ ਜਾ ਸਕਦੀ ਹੈ। ਇਸੇ ਤਰ੍ਹਾਂ ਇੱਕੋ ਰੰਗ ਦੇ ਵੱਖਰੇ-ਵੱਖਰੇ ਸ਼ੇਡ ਜਾਂ ਭਾਅ ਵਾਲੇ ਫੁੱਲ ਵਰਤ ਕੇ ਵੀ ਲੈਅ ਪੈਦਾ ਕੀਤੀ ਜਾ ਸਕਦੀ ਹੈ।
4. ਬਲ (Emphasis): ਫੁੱਲ ਵਿਵਸਥਾ ਵਿਚ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ ਅਤੇ ਇਹ ਬਿੰਦੂ ਫੁੱਲ ਵਿਵਸਥਾ ਦੇ ਵਿਚਕਾਰ ਹੇਠਾਂ ਵੱਲ ਹੋਣਾ ਚਾਹੀਦਾ ਹੈ।
5. ਸੰਤੁਲਨ (Balance): ਫੁੱਲ ਵਿਵਸਥਾ ਵਿਚ ਸੰਤੁਲਨ ਹੋਣਾ ਵੀ ਬਹੁਤ ਜ਼ਰੂਰੀ ਹੈ। ਕਈ ਵਾਰ ਫੁੱਲ ਇਕ ਪਾਸੇ ਡਿੱਗਦੇ ਲੱਗਦੇ ਹਨ, ਜੋ ਸੰਤੁਲਨ ਨੂੰ ਖ਼ਰਾਬ ਕਰਦੇ ਹਨ। ਸੰਤੁਲਨ ਬਣਾਉਣ ਲਈ ਸਭ ਤੋਂ ਵੱਡਾ ਅਤੇ ਗੂੜ੍ਹੇ ਰੰਗ ਦਾ ਫੁੱਲ ਫੁੱਲਦਾਨ ਦੇ ਵਿਚਕਾਰ ਲਾਓ ਅਤੇ ਬਾਕੀ ਫੁੱਲ-ਪੱਤੇ ਉਸ ਦੇ ਆਸ-ਪਾਸ ਦੋਵੇਂ ਪਾਸੇ ਬਰਾਬਰੀ ’ਤੇ ਰੱਖੋ।
Exam Tips:
a) ਪੰਜੇ ਸਿਧਾਂਤ ਅੰਕਾਂ ਸਹਿਤ ਲਿਖੋ।
b) ਅਨੁਪਾਤ ਵਿਚ ਡੇਢ ਗੁਣਾ ਉਚਾਈ ਵਾਲੀ ਗੱਲ ਜ਼ਰੂਰ ਲਿਖੋ।
Question 23: ਫੁੱਲਾਂ ਨੂੰ ਸਜਾਉਣ ਲਈ ਕਿਵੇਂ ਚੁਣਿਆ ਜਾਂਦਾ ਹੈ ਅਤੇ ਇਕੱਠਾ ਕੀਤਾ ਜਾਂਦਾ ਹੈ?
Answer:
ਫੁੱਲਾਂ ਦੀ ਚੋਣ-
1. ਫੁੱਲਾਂ ਦੀ ਚੋਣ ਕਰਦੇ ਸਮੇਂ ਇਹ ਧਿਆਨ ਰੱਖੋ ਕਿ ਖਾਣਾ ਖਾਣ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਹੋਣ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ।
2. ਫੁੱਲਾਂ ਦਾ ਰੰਗ ਕਮਰੇ ਦੀ ਰੰਗ ਯੋਜਨਾ ਨਾਲ ਤਾਲ-ਮੇਲ ਖਾਂਦਾ ਹੋਵੇ।
3. ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਵੇ।
ਫੁੱਲਾਂ ਨੂੰ ਇਕੱਠਾ ਕਰਨਾ-
ਫੁੱਲ ਵਿਵਸਥਾ ਵਿਚ ਫੁੱਲ ਸਭ ਤੋਂ ਕੋਮਲ ਹੁੰਦੇ ਹਨ। ਇਨ੍ਹਾਂ ਨੂੰ ਸਵੇਰੇ ਜਾਂ ਸ਼ਾਮ ਨੂੰ ਹੀ ਤੋੜੋ, ਜਦੋਂ ਇਨ੍ਹਾਂ ’ਤੇ ਧੁੱਪ ਨਾ ਪੈਂਦੀ ਹੋਵੇ। ਫੁੱਲਾਂ ਨੂੰ ਕੱਟਣ ਲਈ ਤੇਜ਼ ਛੁਰੀ ਵਰਤੋ ਅਤੇ ਟਾਹਣੀ ਹਮੇਸ਼ਾ ਤਿਰਛੀ ਕੱਟੋ ਤਾਂ ਕਿ ਡੰਡੀ ਦਾ ਜ਼ਿਆਦਾ ਹਿੱਸਾ ਪਾਣੀ ਚੂਸ ਸਕੇ। ਫੁੱਲਾਂ ਨੂੰ ਕੱਟਣ ਤੋਂ ਬਾਅਦ ਅੱਧੇ ਘੰਟੇ ਲਈ ਪਾਣੀ ਦੀ ਬਾਲਟੀ ਵਿਚ ਭਿਉਂ ਦਿਓ ਅਤੇ ਕਿਸੇ ਠੰਢੀ ਤੇ ਹਨੇਰੀ ਥਾਂ ਰੱਖੋ। ਫੁੱਲ ਤੋੜਨ ਲੱਗਿਆਂ ਧਿਆਨ ਰੱਖੋ ਕਿ ਫੁੱਲ ਪੂਰਾ ਖਿੜਿਆ ਨਾ ਹੋਵੇ। ਫੁੱਲਾਂ ਨੂੰ ਜ਼ਿਆਦਾ ਸਮਾਂ ਠੀਕ ਰੱਖਣ ਲਈ ਪਾਣੀ ਵਿਚ ਨਮਕ, ਲਾਲ ਦਵਾਈ, ਫਿਟਕਰੀ ਅਤੇ ਕੋਇਲੇ ਦਾ ਚੂਰਾ ਵਰਤਿਆ ਜਾ ਸਕਦਾ ਹੈ।
Exam Tips:
a) ਉੱਤਰ ਦੋ ਹਿੱਸਿਆਂ ਵਿਚ ਲਿਖੋ: ਚੋਣ ਅਤੇ ਇਕੱਠਾ ਕਰਨਾ।
b) ਤੋੜਨ ਦਾ ਸਮਾਂ (ਸਵੇਰੇ/ਸ਼ਾਮ) ਅਤੇ ਤਿਰਛੀ ਕਟਾਈ ਜ਼ਰੂਰ ਲਿਖੋ।
Question 24: ਫੁੱਲਦਾਨ ਅਤੇ ਸਟੈਮ ਹੋਲਡਰ ਕਿਹੋ ਜਿਹੇ ਹੋ ਸਕਦੇ ਹਨ?
Answer:
ਅੱਜ-ਕੱਲ੍ਹ ਬਜ਼ਾਰ ਵਿਚ ਕਈ ਰੰਗਾਂ ਅਤੇ ਡਿਜ਼ਾਈਨਾਂ ਦੇ ਫੁੱਲਦਾਨ ਮਿਲਦੇ ਹਨ, ਪਰ ਜ਼ਿਆਦਾ ਡਿਜ਼ਾਈਨ ਵਾਲਾ ਫੁੱਲਦਾਨ ਫੁੱਲ ਵਿਵਸਥਾ ਲਈ ਨਹੀਂ ਵਰਤਣਾ ਚਾਹੀਦਾ। ਫੁੱਲਦਾਨ ਦੀ ਚੋਣ ਫੁੱਲਾਂ ਦੇ ਰੰਗ, ਆਕਾਰ ਅਤੇ ਜਿਸ ਥਾਂ ’ਤੇ ਕਰਨੀ ਹੋਵੇ, ਉਸ ’ਤੇ ਨਿਰਭਰ ਕਰਦੀ ਹੈ। ਜੇ ਫੁੱਲ ਵਿਵਸਥਾ ਖਾਣ ਵਾਲੇ ਮੇਜ਼ ਜਾਂ ਬੈਠਕ ਵਿਚਲੇ ਕਾਫ਼ੀ ਟੇਬਲ ’ਤੇ ਕਰਨੀ ਹੋਵੇ ਤਾਂ ਫੁੱਲਦਾਨ ਛੋਟਾ ਅਤੇ ਘੱਟ ਡੂੰਘਾ ਹੋਣਾ ਚਾਹੀਦਾ ਹੈ ਅਤੇ ਉਸ ਦਾ ਆਕਾਰ ਮੇਜ਼ ਦੇ ਆਕਾਰ ਅਨੁਸਾਰ ਹੋਣਾ ਚਾਹੀਦਾ ਹੈ। ਵੱਡੇ, ਭਾਰੇ ਫੁੱਲਾਂ ਲਈ ਥੋੜ੍ਹੇ ਖਰਵੇ ਫੁੱਲਦਾਨ ਵਰਤਣੇ ਚਾਹੀਦੇ ਹਨ। ਅੱਜ-ਕੱਲ੍ਹ ਚੀਨੀ ਮਿੱਟੀ, ਪਿੱਤਲ ਅਤੇ ਤਾਂਬੇ ਆਦਿ ਦੇ ਫੁੱਲਦਾਨ ਮਿਲਦੇ ਹਨ। ਨਰਮ ਫੁੱਲਾਂ ਲਈ ਕੱਚ ਅਤੇ ਚਾਂਦੀ ਦੇ ਫੁੱਲਦਾਨ ਠੀਕ ਲੱਗਦੇ ਹਨ। ਸਟੈਮ ਹੋਲਡਰ ਫੁੱਲਾਂ ਨੂੰ ਥਾਂ ਸਿਰ ਟਿਕਾਉਣ ਲਈ ਵਰਤੇ ਜਾਂਦੇ ਹਨ ਅਤੇ ਇਹ ਕਈ ਆਕਾਰਾਂ ਵਿਚ ਮਿਲਦੇ ਹਨ, ਜਿਵੇਂ ਗੋਲ, ਚੌਰਸ, ਤਿਕੋਣੇ, ਆਇਤਾਕਾਰ ਅਤੇ ਅਰਧ ਚੰਦ ਦੇ ਆਕਾਰ ਵਿਚ। ਸਟੈਮ ਹੋਲਡਰ ਖ਼ਰੀਦਣ ਵੇਲੇ ਇਹ ਵੇਖਣਾ ਜ਼ਰੂਰੀ ਹੈ ਕਿ ਇਹ ਭਾਰਾ ਹੋਵੇ ਅਤੇ ਇਸ ਦੀਆਂ ਕਿੱਲਾਂ ਜਾਂ ਪਿੰਨਾਂ ਵਿਚ ਬਹੁਤ ਜ਼ਿਆਦਾ ਦੂਰੀ ਨਾ ਹੋਵੇ। ਸਟੈਮ ਹੋਲਡਰ ਦੀ ਚੋਣ ਫੁੱਲ ਵਿਵਸਥਾ ਅਨੁਸਾਰ ਹੀ ਕੀਤੀ ਜਾਂਦੀ ਹੈ।
Exam Tips:
a) ਫੁੱਲਦਾਨ ਅਤੇ ਸਟੈਮ ਹੋਲਡਰ ਲਈ ਵੱਖ-ਵੱਖ ਪੈਰੇ ਲਿਖੋ।
b) ਨਰਮ ਫੁੱਲਾਂ ਲਈ ਕੱਚ/ਚਾਂਦੀ ਦੇ ਫੁੱਲਦਾਨ ਵਾਲੀ ਗੱਲ ਲਿਖੋ।
ਨਿਬੰਧਾਤਮਕ ਪ੍ਰਸ਼ਨ
Question 25: ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ?
Answer:
ਹਰ ਔਰਤ ਵਿਚ ਸੁੰਦਰਤਾ ਅਤੇ ਸਜਾਵਟ ਵਾਲੀ ਚੀਜ਼ ਨੂੰ ਪਰਖਣ ਦੀ ਇਕ ਕੁਦਰਤੀ ਯੋਗਤਾ ਹੁੰਦੀ ਹੈ। ਘਰ ਦੀ ਸਜਾਵਟ ਗ੍ਰਹਿਣੀ ਦੀ ਰਚਨਾਤਮਕ ਯੋਗਤਾ ਨੂੰ ਪ੍ਰਗਟਾਉਂਦੀ ਹੈ, ਇਸੇ ਲਈ ਇਸ ਨੂੰ ਰਚਨਾਤਮਕ ਕਲਾ ਕਿਹਾ ਜਾਂਦਾ ਹੈ। ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਹੀ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ, ਭਾਵ ਘਰ ਦੇ ਹਰ ਕਮਰੇ ਨੂੰ ਕਲਾ ਅਤੇ ਡਿਜ਼ਾਈਨ ਦੇ ਮੂਲ ਅੰਸ਼ਾਂ ਅਤੇ ਸਿਧਾਂਤਾਂ ਦੇ ਅਨੁਸਾਰ ਸਜਾਉਣਾ। ਘਰ ਦੀ ਸਜਾਵਟ ਘਰ ਨੂੰ ਆਕਰਸ਼ਕ ਅਤੇ ਸੋਹਣਾ ਬਣਾਉਣ ਲਈ ਕੀਤੀ ਜਾਂਦੀ ਹੈ, ਪਰ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਸਜਾਵਟ ਨਾਲ ਪਰਿਵਾਰ ਦੇ ਮੈਂਬਰਾਂ ਦੇ ਆਰਾਮ ਅਤੇ ਕੰਮ ਕਰਨ ਵਿਚ ਰੁਕਾਵਟ ਨਾ ਪਵੇ।
ਘਰ ਦੀ ਸਜਾਵਟ ਲਈ ਫ਼ਰਨੀਚਰ, ਪਰਦੇ, ਕਾਲੀਨ, ਕੁਸ਼ਨ, ਫੁੱਲ ਵਿਵਸਥਾ ਅਤੇ ਤਸਵੀਰਾਂ ਆਦਿ ਵਰਤੀਆਂ ਜਾਂਦੀਆਂ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਦੀ ਚੋਣ ਇਕ-ਦੂਜੇ ’ਤੇ ਨਿਰਭਰ ਕਰਦੀ ਹੈ ਤਾਂ ਕਿ ਹਰ ਕਮਰਾ ਆਪਣੇ ਆਪ ਵਿਚ ਡਿਜ਼ਾਈਨ ਦੀ ਇਕ ਪੂਰੀ ਇਕਾਈ ਜਾਪੇ।
ਫ਼ਰਨੀਚਰ: ਇਹ ਘਰ ਦੀ ਸਜਾਵਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਸ ਦੀ ਚੋਣ ਪਰਿਵਾਰ ਦੇ ਬਜਟ, ਲੋੜਾਂ, ਕਮਰੇ ਦੇ ਆਕਾਰ ਅਤੇ ਰੰਗ ਦੇ ਹਿਸਾਬ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਵੱਖ-ਵੱਖ ਕਮਰਿਆਂ ਵਿਚ ਵੱਖ-ਵੱਖ ਤਰ੍ਹਾਂ ਦਾ ਫ਼ਰਨੀਚਰ ਵਰਤੋਂ ਵਿਚ ਆਉਂਦਾ ਹੈ। ਜਿਵੇਂ ਬੈਠਕ ਵਿਚ ਸੋਫ਼ੇ, ਕੁਰਸੀਆਂ ਤੇ ਦੀਵਾਨ, ਸੌਣ ਵਾਲੇ ਕਮਰੇ ਵਿਚ ਬੈੱਡ, ਅਲਮਾਰੀ, ਕੁਰਸੀਆਂ ਤੇ ਡਰੈਸਿੰਗ ਟੇਬਲ ਅਤੇ ਖਾਣਾ ਖਾਣ ਵਾਲੇ ਕਮਰੇ ਵਿਚ ਮੇਜ਼, ਕੁਰਸੀਆਂ ਅਤੇ ਹੋ ਸਕੇ ਤਾਂ ਬਰਤਨਾਂ ਲਈ ਸ਼ੀਸ਼ੇ ਵਾਲੀ ਅਲਮਾਰੀ। ਇਹ ਸਾਰਾ ਫ਼ਰਨੀਚਰ ਲੱਕੜ, ਕੱਪੜੇ ਵਾਲਾ, ਲੋਹੇ, ਸਟੀਲ, ਬੈਂਤ ਜਾਂ ਪਲਾਸਟਿਕ ਦਾ ਬਣਿਆ ਹੋ ਸਕਦਾ ਹੈ। ਜੇ ਕਮਰਾ ਖੁੱਲ੍ਹਾ ਹੈ ਤਾਂ ਕੱਪੜਾ ਚੜ੍ਹਿਆ ਫ਼ਰਨੀਚਰ ਰੱਖਿਆ ਜਾ ਸਕਦਾ ਹੈ, ਪਰ ਜੇ ਕਮਰਾ ਛੋਟਾ ਹੈ ਤਾਂ ਲੱਕੜ, ਬੈਂਤ ਜਾਂ ਲੋਹੇ ਦਾ ਫ਼ਰਨੀਚਰ ਚੰਗਾ ਲੱਗਦਾ ਹੈ।
ਪਰਦੇ: ਸਜਾਵਟ ਵਿਚ ਪਰਦਿਆਂ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ। ਪਰਦਿਆਂ ਤੋਂ ਬਿਨਾਂ ਘਰ ਦੀ ਸਜਾਵਟ ਅਧੂਰੀ ਲੱਗਦੀ ਹੈ। ਇਹ ਘਰ ਨੂੰ ਸੋਹਣਾ ਬਣਾਉਣ ਦੇ ਨਾਲ ਘਰ ਦੇ ਤਾਪਮਾਨ ਅਤੇ ਹਵਾ ’ਤੇ ਕੰਟਰੋਲ ਰੱਖਦੇ ਹਨ। ਪਰਦੇ ਹਮੇਸ਼ਾ ਸੂਤੀ ਹੀ ਵਰਤਣੇ ਚਾਹੀਦੇ ਹਨ; ਉਂਝ ਬਜ਼ਾਰ ਵਿਚ ਸਾਟਨ, ਸਿਲਕ, ਟਪੈਸਟਰੀ, ਖੱਡੀ ਦੇ ਬਣੇ ਕੱਪੜੇ ਵੀ ਮਿਲਦੇ ਹਨ। ਪਰਦਿਆਂ ਦੇ ਰੰਗ ਅਤੇ ਡਿਜ਼ਾਈਨ ਦਾ ਕਮਰੇ ਦੇ ਬਾਕੀ ਸਾਮਾਨ ਨਾਲ ਤਾਲ-ਮੇਲ ਹੋਣਾ ਚਾਹੀਦਾ ਹੈ। ਖੁੱਲ੍ਹੇ ਅਤੇ ਵੱਡੇ ਕਮਰੇ ਵਿਚ ਗੂੜ੍ਹੇ ਅਤੇ ਵੱਡੇ ਡਿਜ਼ਾਈਨ ਵਾਲੇ ਪਰਦੇ ਚੰਗੇ ਲੱਗਦੇ ਹਨ, ਜਦਕਿ ਛੋਟੇ ਕਮਰੇ ਵਿਚ ਹਲਕੇ ਰੰਗਾਂ ਦੇ ਪਲੇਨ ਪਰਦੇ ਹੀ ਚੰਗੇ ਲੱਗਦੇ ਹਨ, ਇਸ ਨਾਲ ਕਮਰਾ ਖੁੱਲ੍ਹਾ-ਖੁੱਲ੍ਹਾ ਲੱਗਦਾ ਹੈ।
ਕਾਲੀਨ: ਕਾਲੀਨ ਵੀ ਕਮਰੇ ਦੀ ਸਜਾਵਟ ਵਿਚ ਵਾਧਾ ਕਰਦਾ ਹੈ। ਕਾਲੀਨ ਖ਼ਰੀਦਦੇ ਸਮੇਂ ਉਸ ਦੀ ਮਜ਼ਬੂਤੀ, ਰੰਗ ਅਤੇ ਆਕਾਰ ਕਮਰੇ ਦੀ ਰੰਗ ਵਿਵਸਥਾ ਮੁਤਾਬਕ ਹੋਣਾ ਚਾਹੀਦਾ ਹੈ। ਛੋਟੇ ਕਮਰਿਆਂ ਲਈ ਹਲਕੇ ਰੰਗਾਂ ਦੇ ਪਲੇਨ ਕਾਲੀਨ ਠੀਕ ਰਹਿੰਦੇ ਹਨ, ਇਨ੍ਹਾਂ ਉੱਪਰ ਬਾਕੀ ਸਾਮਾਨ ਵੀ ਜ਼ਿਆਦਾ ਸੱਜਦਾ ਹੈ, ਜਦਕਿ ਵੱਡੇ ਕਮਰੇ ਲਈ ਗੂੜ੍ਹੇ ਰੰਗ ਦਾ ਡਿਜ਼ਾਈਨਦਾਰ ਕਾਲੀਨ ਸੋਹਣਾ ਲੱਗਦਾ ਹੈ।
ਫੁੱਲ ਵਿਵਸਥਾ: ਇਹ ਵੀ ਘਰ ਦੀ ਸਜਾਵਟ ਦਾ ਇਕ ਅਹਿਮ ਹਿੱਸਾ ਹੈ। ਖਾਣੇ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਅਤੇ ਬਾਕੀ ਕਮਰਿਆਂ ਵਿਚ ਸੁਗੰਧਿਤ ਫੁੱਲ ਹੋਣੇ ਚਾਹੀਦੇ ਹਨ। ਜੇ ਫੁੱਲ ਵਿਵਸਥਾ ਖਾਣੇ ਵਾਲੇ ਜਾਂ ਕੌਫ਼ੀ ਦੇ ਟੇਬਲ ’ਤੇ ਕਰਨੀ ਹੋਵੇ ਤਾਂ ਉਸ ਦੀ ਉਚਾਈ 3 ਤੋਂ 4 ਇੰਚ ਹੋਣੀ ਚਾਹੀਦੀ ਹੈ; ਪਰ ਜੇ ਕਿਸੇ ਨੁੱਕਰ ਜਾਂ ਖ਼ਾਸ ਕੰਮ ਦੇ ਮੇਜ਼ ਆਦਿ ’ਤੇ ਰੱਖਣੀ ਹੋਵੇ ਤਾਂ ਵੱਡੇ ਆਕਾਰ ਵਿਚ ਕੀਤੀ ਜਾ ਸਕਦੀ ਹੈ। ਫੁੱਲਦਾਨ ਫੁੱਲਾਂ ਦੇ ਰੰਗ ਨਾਲ ਮੇਲ ਖਾਂਦਾ ਹੋਵੇ ਤਾਂ ਬਹੁਤ ਵਧੀਆ, ਪਰ ਹਰੇ, ਚਿੱਟੇ ਅਤੇ ਗਰੇਅ ਫੁੱਲਦਾਨ ਆਮ ਵਰਤੇ ਜਾ ਸਕਦੇ ਹਨ। ਕੋਮਲ ਫੁੱਲਾਂ ਲਈ ਸ਼ੀਸ਼ੇ ਅਤੇ ਚਾਂਦੀ ਦੇ ਫੁੱਲਦਾਨ ਵਰਤਣੇ ਚਾਹੀਦੇ ਹਨ। ਫੁੱਲ ਵਿਵਸਥਾ ਦੀ ਉਚਾਈ ਫੁੱਲਦਾਨ ਤੋਂ ਡੇਢ ਗੁਣਾ ਹੋਣੀ ਚਾਹੀਦੀ ਹੈ, ਤਾਂ ਹੀ ਇਹ ਠੀਕ ਅਨੁਪਾਤ ਵਿਚ ਲੱਗਦੀ ਹੈ।
ਤਸਵੀਰਾਂ: ਕਮਰਿਆਂ ਦੀਆਂ ਕੰਧਾਂ ’ਤੇ ਕੁੱਝ ਸੁੰਦਰ ਤਸਵੀਰਾਂ ਟੰਗੀਆਂ ਜਾ ਸਕਦੀਆਂ ਹਨ। ਵੱਡੀ ਕੰਧ ’ਤੇ ਇਕ ਵੱਡੀ ਤਸਵੀਰ ਟੰਗਣੀ ਚਾਹੀਦੀ ਹੈ। ਜੇ ਇੱਕੋ ਆਕਾਰ ਦੀਆਂ ਰਲਦੀਆਂ-ਮਿਲਦੀਆਂ ਛੋਟੀਆਂ ਤਸਵੀਰਾਂ ਹਨ ਤਾਂ ਉਨ੍ਹਾਂ ਦਾ ਸਮੂਹ ਬਣਾ ਕੇ ਲਾਇਆ ਜਾ ਸਕਦਾ ਹੈ। ਤਸਵੀਰਾਂ ਨੂੰ ਕੰਧ ’ਤੇ ਬਹੁਤ ਉੱਚਾ ਨਹੀਂ ਟੰਗਣਾ ਚਾਹੀਦਾ; ਇਹ ਇੰਨੀ ਉਚਾਈ ’ਤੇ ਹੋਣ ਕਿ ਖੜ੍ਹੇ ਹੋ ਕੇ ਜਾਂ ਬੈਠ ਕੇ ਬਿਨਾਂ ਗਰਦਨ ਉੱਪਰ ਚੁੱਕੇ ਆਰਾਮ ਨਾਲ ਵੇਖ ਸਕੋ।
ਇਸ ਤੋਂ ਇਲਾਵਾ ਘਰ ਦੀ ਸਜਾਵਟ ਲਈ ਲੱਕੜੀ, ਪਿੱਤਲ, ਤਾਂਬੇ, ਕੱਚ, ਕਰਿਸਟਲ ਆਦਿ ਦੇ ਸ਼ੋ-ਪੀਸ ਵੀ ਵਰਤੇ ਜਾਂਦੇ ਹਨ। ਛੋਟੇ-ਛੋਟੇ ਜ਼ਿਆਦਾ ਪੀਸਾਂ ਨਾਲੋਂ ਇਕ ਵੱਡੀ ਸਜਾਵਟ ਦੀ ਚੀਜ਼ ਜ਼ਿਆਦਾ ਵਧੀਆ ਲੱਗਦੀ ਹੈ। ਜੇ ਛੋਟੀਆਂ ਜ਼ਿਆਦਾ ਹਨ ਤਾਂ ਉਨ੍ਹਾਂ ਨੂੰ ਇਕ ਸਮੂਹ ਵਿਚ ਕਿਸੇ ਟੇਬਲ ਜਾਂ ਸ਼ੈਲਫ਼ ’ਤੇ ਸਜਾਇਆ ਜਾ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਟੇਬਲ ਲੈਂਪ ਅਤੇ ਕਿਤਾਬਾਂ ਵੀ ਕਮਰੇ ਦੀ ਸਜਾਵਟ ਦਾ ਇਕ ਹਿੱਸਾ ਹਨ। ਕਿਤਾਬਾਂ ਤੋਂ ਕਮਰੇ ਨੂੰ ਚਰਿੱਤਰ ਮਿਲਦਾ ਹੈ।
ਸੋ ਉੱਪਰ ਚਰਚਿਤ ਚੀਜ਼ਾਂ ਘਰ ਦੀ ਸਜਾਵਟ ਲਈ ਬਹੁਤ ਜ਼ਰੂਰੀ ਹਨ, ਪਰ ਉਸ ਤੋਂ ਵੀ ਜ਼ਰੂਰੀ ਉਨ੍ਹਾਂ ਦੀ ਚੋਣ, ਰੱਖ-ਰਖਾਵ ਜਾਂ ਵਿਵਸਥਾ ਕਰਨ ਦਾ ਢੰਗ ਹੈ, ਜੋ ਘਰ ਦੀ ਸਜਾਵਟ ਨੂੰ ਚਾਰ ਚੰਨ ਲਾਉਂਦਾ ਹੈ।
Exam Tips:
a) ਪਹਿਲਾਂ ਸਜਾਵਟ ਦੀ ਪਰਿਭਾਸ਼ਾ ਲਿਖੋ, ਫਿਰ ਹਰ ਵਸਤੂ (ਫ਼ਰਨੀਚਰ, ਪਰਦੇ, ਕਾਲੀਨ, ਫੁੱਲ, ਤਸਵੀਰਾਂ) ਵੱਖਰੇ ਸਿਰਲੇਖ ਨਾਲ।
b) ਇਹ ਗੱਲ ਲਿਖੋ ਕਿ ਸਜਾਵਟ ਪਰਿਵਾਰ ਦੇ ਆਰਾਮ ਵਿਚ ਰੁਕਾਵਟ ਨਾ ਬਣੇ।
Question 26: ਫੁੱਲਾਂ ਦੀ ਵਿਵਸਥਾ ਕਿਸ ਸਿਧਾਂਤ ’ਤੇ ਅਤੇ ਕਿਵੇਂ ਕੀਤੀ ਜਾਂਦੀ ਹੈ?
Answer:
ਫੁੱਲਾਂ ਦੀ ਵਿਵਸਥਾ ਕਰਨ ਦੇ ਸਿਧਾਂਤ- ਕੋਈ ਵੀ ਡਿਜ਼ਾਈਨ ਬਣਾਉਣ ਲਈ ਡਿਜ਼ਾਈਨ ਦੇ ਮੂਲ ਅੰਸ਼ (ਰੰਗ, ਆਕਾਰ, ਲਾਈਨਾਂ, ਰਚਨਾ) ਅਤੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਫੁੱਲਾਂ ਦੀ ਵਿਵਸਥਾ ਕਰਨ ਸਮੇਂ ਫੁੱਲ, ਫੁੱਲਦਾਨ ਅਤੇ ਹੋਰ ਲੋੜੀਂਦੀ ਸਮੱਗਰੀ ਨੂੰ ਮਿਲਾ ਕੇ ਅਜਿਹਾ ਡਿਜ਼ਾਈਨ ਬਣਾਉਣਾ ਚਾਹੀਦਾ ਹੈ ਜੋ ਸਭ ਨੂੰ ਆਪਣੇ ਵੱਲ ਆਕਰਸ਼ਿਤ ਕਰੇ। ਹੇਠ ਲਿਖੇ ਸਿਧਾਂਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ-
1. ਇਕਸੁਰਤਾ (Harmony): ਵੱਖ-ਵੱਖ ਤਰ੍ਹਾਂ ਦੇ ਇੱਕੋ ਰੰਗ ਦੇ ਫੁੱਲ ਸਜਾ ਕੇ ਇਕਸੁਰਤਾ ਲਿਆਂਦੀ ਜਾ ਸਕਦੀ ਹੈ, ਜਿਵੇਂ ਸਫ਼ੈਦ ਰੰਗ ਦੇ ਵਰਬੀਨਾ, ਫ਼ਲੌਕਸ, ਸਵੀਟ ਪੀਜ਼ ਅਤੇ ਪੈਟੂਨੀਆ ਨੂੰ ਮਿਲਾ ਕੇ ਫੁੱਲਾਂ ਦੀ ਵਿਵਸਥਾ ਕਰਨਾ। ਇੱਕੋ ਤਰ੍ਹਾਂ ਦੇ ਫੁੱਲਾਂ ਦੇ ਇਕ ਰੰਗ ਦੇ ਅਲੱਗ-ਅਲੱਗ ਸ਼ੇਡ ਅਤੇ ਭਾਅ ਵਰਤਣ ਨਾਲ ਵੀ ਇਕਸੁਰਤਾ ਲਿਆਈ ਜਾ ਸਕਦੀ ਹੈ। ਵੱਖ-ਵੱਖ ਤਰ੍ਹਾਂ ਦੇ ਫੁੱਲ ਲਗਾਏ ਜਾਣ ਤਾਂ ਵੀ ਉਨ੍ਹਾਂ ਨੂੰ ਦੁਹਰਾਉਣ ਨਾਲ ਇਕਸੁਰਤਾ ਦਾ ਅਹਿਸਾਸ ਹੁੰਦਾ ਹੈ। ਸਾਰੇ ਹੀ ਅਲੱਗ-ਅਲੱਗ ਵੰਨਗੀਆਂ ਅਤੇ ਰੰਗਾਂ ਦੇ ਫੁੱਲ ਵਰਤਣ ਨਾਲ ਪਰੇਸ਼ਾਨੀ ਪੈਦਾ ਹੁੰਦੀ ਹੈ। ਫੁੱਲਾਂ ਦਾ ਤਾਲ-ਮੇਲ ਫੁੱਲਦਾਨ ਅਤੇ ਫੁੱਲ ਰੱਖਣ ਦੇ ਆਸ-ਪਾਸ ਨਾਲ ਵੀ ਹੋਣਾ ਜ਼ਰੂਰੀ ਹੈ। ਛੋਟੇ ਕਮਰੇ ਵਿਚ ਬਹੁਤ ਵੱਡਾ ਫੁੱਲਦਾਨ ਸੋਹਣਾ ਨਹੀਂ ਲੱਗਦਾ।
2. ਅਨੁਪਾਤ (Proportion): ਫੁੱਲਦਾਨ ਦੇ ਅਨੁਸਾਰ ਹੀ ਫੁੱਲਾਂ ਦਾ ਆਕਾਰ ਹੋਣਾ ਚਾਹੀਦਾ ਹੈ; ਛੋਟੇ ਜਾਂ ਹਲਕੇ ਕੱਚ ਦੇ ਫੁੱਲਦਾਨ ਵਿਚ ਭਾਰੇ ਫੁੱਲ ਸੋਹਣੇ ਨਹੀਂ ਲੱਗਦੇ। ਦਰਮਿਆਨੇ ਜਾਂ ਲੰਬੇ ਫੁੱਲਦਾਨ ਲਈ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਤੋਂ ਡੇਢ ਗੁਣਾ ਹੋਣੀ ਚਾਹੀਦੀ ਹੈ। ਚਪਟੇ (Flat) ਫੁੱਲਦਾਨ ਵਿਚ ਸਭ ਤੋਂ ਉੱਚੇ ਫੁੱਲ ਦੀ ਉਚਾਈ ਫੁੱਲਦਾਨ ਦੀ ਲੰਬਾਈ ਅਤੇ ਚੌੜਾਈ ਜਿੰਨੀ ਹੋਣੀ ਚਾਹੀਦੀ ਹੈ।
3. ਸੰਤੁਲਨ (Balance): ਫੁੱਲਾਂ ਦੀ ਵਿਵਸਥਾ ਦਾ ਸੰਤੁਲਨ ਠੀਕ ਹੋਣਾ ਚਾਹੀਦਾ ਹੈ ਤਾਂ ਕਿ ਫੁੱਲ ਇਕ ਪਾਸੇ ਡਿੱਗਦੇ ਨਾ ਲੱਗਣ। ਜੇ ਫੁੱਲ ਇਕ ਪਾਸੇ ਛੋਟੇ ਅਤੇ ਦੂਸਰੇ ਪਾਸੇ ਵੱਡੇ ਲਗਾਏ ਜਾਣ, ਜਾਂ ਇਕ ਪਾਸੇ ਸਾਰੇ ਹਲਕੇ ਰੰਗ ਦੇ ਅਤੇ ਦੂਸਰੇ ਪਾਸੇ ਗੂੜ੍ਹੇ ਰੰਗ ਦੇ ਲਗਾਏ ਜਾਣ, ਤਾਂ ਫੁੱਲਾਂ ਦਾ ਇਕ ਪਾਸੇ ਭਾਰ ਜ਼ਿਆਦਾ ਲੱਗਦਾ ਹੈ, ਜੋ ਵੇਖਣ ਨੂੰ ਉੱਚਿਤ ਨਹੀਂ ਲੱਗਦਾ। ਸਹੀ ਸੰਤੁਲਨ ਬਣਾਉਣ ਲਈ ਸਭ ਤੋਂ ਲੰਬਾ, ਵੱਡਾ ਜਾਂ ਰੰਗ ਵਿਚ ਗੂੜ੍ਹਾ ਫੁੱਲ ਫੁੱਲਦਾਨ ਦੇ ਵਿਚਕਾਰ ਲਗਾਉਣਾ ਚਾਹੀਦਾ ਹੈ। ਬਾਕੀ ਫੁੱਲ ਅਤੇ ਪੱਤੇ ਇਸ ਕੇਂਦਰ ਬਿੰਦੂ ਦੇ ਆਲੇ-ਦੁਆਲੇ ਇਸ ਤਰ੍ਹਾਂ ਲਗਾਓ ਕਿ ਦੋਵੇਂ ਪਾਸੇ ਬਰਾਬਰ ਵਿਖਾਈ ਦੇਣ।
4. ਲੈਅ (Rhythm): ਚੰਗੀ ਫੁੱਲ ਵਿਵਸਥਾ ਵਿਚ ਲੈਅ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਜਦੋਂ ਕਿਸੇ ਚੀਜ਼ ਨੂੰ ਵੇਖਣ ਲਈ ਸਾਡੀ ਨਜ਼ਰ ਆਸਾਨੀ ਨਾਲ ਘੁੰਮਦੀ ਹੈ ਤਾਂ ਉਹ ਲੈਅ ਕਰਕੇ ਹੀ ਹੁੰਦਾ ਹੈ। ਗੋਲ ਜਾਂ ਤਿਕੋਣੀ ਫੁੱਲ ਵਿਵਸਥਾ ਕਰਨ ਨਾਲ ਲੈਅ ਪੈਦਾ ਕੀਤੀ ਜਾ ਸਕਦੀ ਹੈ। ਫੁੱਲਾਂ ਦੇ ਪਿੱਛੇ ਪੱਤੇ ਲਗਾ ਕੇ, ਜਾਂ C ਆਕਾਰ ਦੀ ਫੁੱਲ ਵਿਵਸਥਾ ਕੀਤੀ ਜਾਵੇ ਜਿਸ ਦਾ ਮੱਧ ਵਿਚ ਜ਼ਿਆਦਾ ਬਲ ਹੋਵੇ, ਤਾਂ ਵੀ ਲੈਅ ਠੀਕ ਹੁੰਦੀ ਹੈ। ਚੰਗੀ ਲੈਅ ਦਰਸਾਉਣ ਲਈ ਮੱਧ ਵਿਚ ਇਕ ਸਿੱਧਾ ਲੰਬਾ ਫੁੱਲ ਲਗਾਓ ਅਤੇ ਇਸ ਦੇ ਇਕ ਪਾਸੇ ਤਿਰਛੀ ਟਹਿਣੀ ਵਾਲੇ, ਪਹਿਲੇ ਫੁੱਲ ਨਾਲੋਂ ਛੋਟੇ, ਇਕ ਜਾਂ ਦੋ ਫੁੱਲ ਲਗਾਓ ਅਤੇ ਦੂਸਰੇ ਪਾਸੇ ਹੋਰ ਛੋਟੇ ਅਤੇ ਤਿਰਛੇ ਫੁੱਲ ਲਗਾਓ। ਇੱਕੋ ਹੀ ਰੰਗ ਦੇ ਵੱਖ-ਵੱਖ ਸ਼ੇਡ ਅਤੇ ਭਾਅ ਦੇ ਫੁੱਲ ਵਰਤ ਕੇ ਵੀ ਲੈਅ ਉਤਪੰਨ ਕੀਤੀ ਜਾ ਸਕਦੀ ਹੈ। ਨਜ਼ਰ ਗੂੜ੍ਹੇ ਰੰਗ ਤੋਂ ਫਿੱਕੇ ਰੰਗ ਵੱਲ ਜਾਏਗੀ।
5. ਬਲ (Emphasis): ਫੁੱਲਾਂ ਦੀ ਵਿਵਸਥਾ ਵਿਚ ਇਕ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ ਜੋ ਤੁਹਾਡੇ ਧਿਆਨ ਨੂੰ ਜ਼ਿਆਦਾ ਆਕਰਸ਼ਿਤ ਕਰੇ। ਇਹ ਕੇਂਦਰ ਬਿੰਦੂ ਵਿਵਸਥਾ ਦੇ ਵਿਚਕਾਰ ਹੇਠਾਂ ਨੂੰ ਕਰ ਕੇ ਹੋਣਾ ਚਾਹੀਦਾ ਹੈ; ਵੱਡੇ, ਗੂੜ੍ਹੇ ਜਾਂ ਭੜਕੀਲੇ ਰੰਗ ਦੇ ਫੁੱਲ ਨਾਲ ਇਹ ਅਹਿਸਾਸ ਦੁਆਇਆ ਜਾ ਸਕਦਾ ਹੈ। ਫੁੱਲਦਾਨ ਸਾਦਾ ਹੋਣਾ ਚਾਹੀਦਾ ਹੈ ਤਾਂ ਕਿ ਬਲ ਫੁੱਲਾਂ ’ਤੇ ਹੋਵੇ। ਆਸ-ਪਾਸ ਦੇ ਫੁੱਲ ਛੋਟੇ, ਘੱਟ ਭੜਕੀਲੇ ਅਤੇ ਵਿਰਲੇ ਲਗਾਉਣੇ ਚਾਹੀਦੇ ਹਨ, ਇਸ ਨਾਲ ਕੇਂਦਰ ਬਿੰਦੂ ’ਤੇ ਹੀ ਜ਼ਿਆਦਾ ਧਿਆਨ ਜਾਂਦਾ ਹੈ।
ਇਨ੍ਹਾਂ ਸਿਧਾਂਤਾਂ ਨੂੰ ਮਨ ਵਿਚ ਰੱਖ ਕੇ ਫੁੱਲ ਵਿਵਸਥਾ ਕੀਤੀ ਜਾਏ ਤਾਂ ਉਹ ਵੇਖਣ ਨੂੰ ਬਹੁਤ ਸੋਹਣੀ ਲੱਗੇਗੀ ਅਤੇ ਕਮਰਾ ਵੀ ਜ਼ਿਆਦਾ ਸਜਿਆ ਹੋਇਆ ਵਿਖਾਈ ਦੇਵੇਗਾ।
ਫੁੱਲਾਂ ਨੂੰ ਸਜਾਉਣ ਲਈ ਮੁੱਖ ਦੋ ਤਰੀਕੇ ਹਨ- (i) ਜਪਾਨੀ, (ii) ਅਮਰੀਕਨ।
(i) ਜਪਾਨੀ: ਇਹ ਤਰੀਕਾ ਸੰਕੇਤਕ ਹੁੰਦਾ ਹੈ। ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਛੋਟਾ (ਹੇਠਲਾ) ਧਰਤੀ ਦਾ ਪ੍ਰਤੀਕ ਹੁੰਦਾ ਹੈ। ਇਸ ਵਿਚ ਫੁੱਲ ਇੱਕੋ ਹੀ ਕਿਸਮ ਅਤੇ ਇੱਕੋ ਹੀ ਰੰਗ ਦੇ ਹੁੰਦੇ ਹਨ।
(ii) ਅਮਰੀਕਨ: ਇਸ ਤਰੀਕੇ ਵਿਚ ਕਈ ਕਿਸਮ ਦੇ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ, ਇਸ ਲਈ ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੀ ਵਿਵਸਥਾ ਵੱਡੇ ਕਮਰੇ ਵਿਚ ਹੀ ਕੀਤੀ ਜਾ ਸਕਦੀ ਹੈ ਜਾਂ ਕਿਸੇ ਖ਼ਾਸ ਅਵਸਰ ’ਤੇ।
ਇਨ੍ਹਾਂ ਤਰੀਕਿਆਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਨਾਲ ਫੁੱਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ, ਜਿਵੇਂ ਉੱਪਰ ਲਿਖੇ ਦੋਹਾਂ ਤਰੀਕਿਆਂ ਨੂੰ ਮਿਲਾ ਕੇ, ਜਿਸ ਵਿਚ ਦੋਹਾਂ ਦੇ ਚੰਗੇ ਗੁਣ ਲਏ ਜਾਂਦੇ ਹਨ। ਛੋਟੇ ਫੁੱਲਾਂ ਨਾਲ ਨੀਵੇਂ ਬਰਤਨ ਵਿਚ ਵੀ ਫੁੱਲਾਂ ਦੀ ਵਿਵਸਥਾ ਕੀਤੀ ਜਾਂਦੀ ਹੈ।
Exam Tips:
a) ਪੰਜੇ ਸਿਧਾਂਤ ਅੰਕਾਂ ਸਹਿਤ ਲਿਖੋ।
b) ਅਖ਼ੀਰ ਵਿਚ ਜਪਾਨੀ ਅਤੇ ਅਮਰੀਕਨ ਤਰੀਕੇ ਜ਼ਰੂਰ ਜੋੜੋ।
Question 27: ਕਮਰਿਆਂ ਦੀ ਸਜਾਵਟ ਲਈ ਕਿਹੜੀ ਸਹਾਇਕ ਸਮੱਗਰੀ ਇਸਤੇਮਾਲ ਕੀਤੀ ਜਾਂਦੀ ਹੈ?
Answer:
ਕਮਰਿਆਂ ਦੀ ਸਜਾਵਟ ਲਈ ਫ਼ਰਨੀਚਰ, ਪਰਦੇ ਅਤੇ ਕਾਲੀਨ ਤੋਂ ਇਲਾਵਾ ਤਸਵੀਰਾਂ ਅਤੇ ਹੋਰ ਸਾਮਾਨ ਵਰਤਿਆ ਜਾ ਸਕਦਾ ਹੈ। ਇਨ੍ਹਾਂ ਵਿਚ ਤਸਵੀਰਾਂ ਬਹੁਤ ਮਹੱਤਵਪੂਰਨ ਹਨ। ਬੈਠਕ ਵਿਚ ਆਮ ਸ਼ੌਕ ਦੀਆਂ ਤਸਵੀਰਾਂ, ਜਿਵੇਂ ਕਿਸੇ ਦ੍ਰਿਸ਼ ਦੀ ਤਸਵੀਰ, ਲਗਾਉਣੀ ਚਾਹੀਦੀ ਹੈ। ਇਕ ਕਮਰੇ ਵਿਚ ਇੱਕੋ ਹੀ ਤਰ੍ਹਾਂ ਦੀਆਂ ਤਸਵੀਰਾਂ ਲਗਾਉਣੀਆਂ ਚਾਹੀਦੀਆਂ ਹਨ। ਜੇ ਇਹ ਮਹਿੰਗੀਆਂ ਹੋਣ ਕਾਰਨ ਨਾ ਖ਼ਰੀਦੀਆਂ ਜਾ ਸਕਣ ਤਾਂ ਇਨ੍ਹਾਂ ਦੀਆਂ ਪ੍ਰਤੀਲਿਪੀਆਂ ਵੀ ਲਗਾਈਆਂ ਜਾ ਸਕਦੀਆਂ ਹਨ। ਜ਼ਿਆਦਾ ਛੋਟੀਆਂ-ਛੋਟੀਆਂ ਤਸਵੀਰਾਂ ਲਗਾਉਣ ਦੀ ਬਜਾਏ ਇਕ ਜਾਂ ਦੋ ਵੱਡੀਆਂ ਤਸਵੀਰਾਂ ਜ਼ਿਆਦਾ ਚੰਗੀਆਂ ਲੱਗਦੀਆਂ ਹਨ। ਇਕ ਕਮਰੇ ਦੀਆਂ ਸਾਰੀਆਂ ਤਸਵੀਰਾਂ ਦੇ ਫ਼ਰੇਮ ਇੱਕੋ ਜਿਹੇ ਹੋਣੇ ਚਾਹੀਦੇ ਹਨ। ਜ਼ਿਆਦਾ ਤਸਵੀਰਾਂ ਨਾਲ ਕਮਰਾ ਡੱਬ-ਖੜੱਬਾ ਲੱਗਦਾ ਹੈ; ਜੇ ਜ਼ਿਆਦਾ ਲਗਾਉਣੀਆਂ ਹੋਣ ਤਾਂ ਇਕੱਠੀਆਂ ਕਰ ਕੇ ਲਗਾਓ। ਤਸਵੀਰਾਂ ਜ਼ਿਆਦਾ ਉੱਚੀਆਂ ਨਹੀਂ ਲਗਾਉਣੀਆਂ ਚਾਹੀਦੀਆਂ ਤਾਂ ਕਿ ਉਨ੍ਹਾਂ ਨੂੰ ਦੇਖਣ ਲਈ ਅੱਖਾਂ ਅਤੇ ਗਰਦਨ ’ਤੇ ਕੋਈ ਬੋਝ ਨਾ ਪਵੇ।
ਤਸਵੀਰਾਂ ਤੋਂ ਇਲਾਵਾ ਘਰਾਂ ਨੂੰ ਸਜਾਉਣ ਲਈ ਪਿੱਤਲ, ਤਾਂਬੇ, ਲੱਕੜੀ, ਕਰਿਸਟਲ, ਗਲਾਸ ਅਤੇ ਚੀਨੀ ਮਿੱਟੀ ਦੀਆਂ ਕਈ ਚੀਜ਼ਾਂ ਮਿਲਦੀਆਂ ਹਨ। ਜ਼ਿਆਦਾ ਛੋਟੀਆਂ ਚੀਜ਼ਾਂ ਖ਼ਰੀਦਣ ਨਾਲੋਂ ਕੁੱਝ ਵੱਡੀਆਂ ਚੀਜ਼ਾਂ ਖ਼ਰੀਦਣਾ ਹੀ ਚੰਗਾ ਰਹਿੰਦਾ ਹੈ। ਇਨ੍ਹਾਂ ਨੂੰ ਅਜਿਹੀ ਥਾਂ ’ਤੇ ਰੱਖੋ ਜਿੱਥੇ ਪਈਆਂ ਸੋਹਣੀਆਂ ਲੱਗਣ। ਆਮ ਘਰਾਂ ਵਿਚ ਦੀਵਾਰ ਵਿਚ ਆਲੇ ਜਾਂ ਤਾਕ ਹੁੰਦੇ ਹਨ, ਇਨ੍ਹਾਂ ਚੀਜ਼ਾਂ ਨੂੰ ਉੱਥੇ ਜਾਂ ਕਿਸੇ ਮੇਜ਼ ਆਦਿ ’ਤੇ ਟਿਕਾਇਆ ਜਾ ਸਕਦਾ ਹੈ। ਇਨ੍ਹਾਂ ਦੀ ਹਰ ਰੋਜ਼ ਝਾੜ-ਪੂੰਝ ਕਰਨੀ ਚਾਹੀਦੀ ਹੈ ਅਤੇ ਜ਼ਰੂਰਤ ਹੋਵੇ ਤਾਂ ਪਾਲਿਸ਼ ਕਰਨਾ ਚਾਹੀਦਾ ਹੈ।
ਕਿਤਾਬਾਂ ਨਾਲ ਕਮਰੇ ਨੂੰ ਚਰਿੱਤਰ ਮਿਲਦਾ ਹੈ। ਕਮਰੇ ਵਿਚ ਬਾਹਰੋਂ ਆਉਣ ਵਾਲੇ ਨੂੰ ਤੁਹਾਡੇ ਮਿਲਣ ਤੋਂ ਪਹਿਲਾਂ ਹੀ ਤੁਹਾਡੇ ਚਰਿੱਤਰ ਦਾ ਪਤਾ ਲੱਗ ਜਾਂਦਾ ਹੈ। ਕਿਤਾਬਾਂ ਦੀ ਹੋਂਦ ਗੱਲ-ਬਾਤ ਦਾ ਵੀ ਇਕ ਸਾਧਨ ਬਣ ਜਾਂਦੀ ਹੈ ਅਤੇ ਇਹ ਸਜਾਵਟ ਵਿਚ ਵੀ ਹਿੱਸਾ ਪਾਉਂਦੀਆਂ ਹਨ। ਪੁਸਤਕਾਂ ਤੋਂ ਇਲਾਵਾ ਟੇਬਲ ਲੈਂਪ ਵੱਖ-ਵੱਖ ਬਣਤਰ, ਕਿਸਮ ਅਤੇ ਰੰਗਾਂ ਦੇ ਮਿਲਦੇ ਹਨ। ਇਸੇ ਤਰ੍ਹਾਂ ਅਨੇਕਾਂ ਕਿਸਮਾਂ ਦੀਆਂ ਘੜੀਆਂ ਵੀ ਬਜ਼ਾਰ ਵਿਚ ਉਪਲੱਬਧ ਹਨ। ਜੇ ਇਨ੍ਹਾਂ ਦੀ ਠੀਕ ਚੋਣ ਕੀਤੀ ਜਾਵੇ ਤਾਂ ਇਹ ਘਰ ਦੀ ਸ਼ਾਨ ਨੂੰ ਦੁੱਗਣਾ ਕਰ ਦਿੰਦੇ ਹਨ।
Exam Tips:
a) ਤਸਵੀਰਾਂ ਦੇ ਨੁਕਤੇ ਬਿੰਦੂਆਂ ਵਿਚ ਲਿਖੋ।
b) ਸ਼ੋ-ਪੀਸ, ਕਿਤਾਬਾਂ, ਲੈਂਪ ਅਤੇ ਘੜੀਆਂ ਦਾ ਜ਼ਿਕਰ ਜ਼ਰੂਰ ਕਰੋ।
Question 28: ਘਰ ਦੀ ਸਜਾਵਟ ਲਈ ਫ਼ਰਨੀਚਰ ਸਭ ਤੋਂ ਮਹੱਤਵਪੂਰਨ ਹੈ, ਕਿਵੇਂ?
Answer:
ਫ਼ਰਨੀਚਰ ਘਰ ਦੀ ਸਜਾਵਟ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ ਕਿਉਂਕਿ ਇਹ ਮਹਿੰਗਾ ਹੋਣ ਕਰਕੇ ਛੇਤੀ ਬਦਲਿਆ ਨਹੀਂ ਜਾ ਸਕਦਾ। ਹਰ ਕਮਰੇ ਵਿਚ ਉਸ ਦੀ ਵਰਤੋਂ ਅਨੁਸਾਰ ਫ਼ਰਨੀਚਰ ਰੱਖਿਆ ਜਾਂਦਾ ਹੈ ਅਤੇ ਉਸ ਦੀ ਸਾਂਭ-ਸੰਭਾਲ ਵੀ ਵੱਖਰੀ ਹੁੰਦੀ ਹੈ।
ਬੈਠਕ: ਫ਼ਰਨੀਚਰ ਇਸ ਤਰ੍ਹਾਂ ਰੱਖੋ ਕਿ ਆਰਾਮ, ਖੇਡ ਜਾਂ ਸੰਗੀਤ ਆਦਿ ਕੰਮ ਠੀਕ ਤਰ੍ਹਾਂ ਹੋ ਸਕਣ। ਇਕ ਪਾਸੇ ਸੋਫ਼ਾ, ਦੀਵਾਨ ਅਤੇ ਕੁਰਸੀਆਂ ਰੱਖੋ ਅਤੇ ਇਨ੍ਹਾਂ ਦੇ ਵਿਚਕਾਰ ਜਾਂ ਇਕ ਪਾਸੇ ਕਾਫ਼ੀ ਦੀ ਮੇਜ਼ ਰੱਖੋ, ਜਿਸ ਦਾ ਆਕਾਰ 45 ਸੈਂ.ਮੀ. × 90 ਸੈਂ.ਮੀ. ਹੋਣਾ ਚਾਹੀਦਾ ਹੈ। ਸੋਫ਼ੇ ਅਤੇ ਕੁਰਸੀਆਂ ਦੇ ਆਸ-ਪਾਸ ਛੋਟੇ ਮੇਜ਼ ਵੀ ਰੱਖੇ ਜਾ ਸਕਦੇ ਹਨ। ਇਕ ਪਾਸੇ ਪਿਆਨੋ, ਸਟੀਰੀਓ ਸੈੱਟ ਜਾਂ ਟੇਪ ਰਿਕਾਰਡਰ ਅਤੇ ਇਕ ਕੋਨੇ ਵਿਚ ਕੈਰਮ, ਸ਼ਤਰੰਜ ਜਾਂ ਤਾਸ਼ ਦੀ ਮੇਜ਼ ਰੱਖੀ ਜਾ ਸਕਦੀ ਹੈ। ਜੇ ਪੜ੍ਹਾਈ ਦਾ ਕਮਰਾ ਅੱਡ ਨਾ ਹੋਵੇ ਤਾਂ ਬੈਠਕ ਵਿਚ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼, ਮੇਜ਼ ਅਤੇ ਕੁਰਸੀ ਰੱਖੀ ਜਾ ਸਕਦੀ ਹੈ ਅਤੇ ਮੇਜ਼ ’ਤੇ ਟੇਬਲ ਲੈਂਪ ਹੋਵੇ। ਕੰਧਾਂ ’ਤੇ ਕੁਝ ਤਸਵੀਰਾਂ, ਇਕ-ਦੋ ਗਮਲੇ ਜਾਂ ਫੁੱਲਦਾਨ ਰੱਖੇ ਜਾ ਸਕਦੇ ਹਨ। ਸਾਮਾਨ ਇਸ ਤਰ੍ਹਾਂ ਰੱਖੋ ਕਿ ਕਮਰਾ ਖੁੱਲ੍ਹਾ ਲੱਗੇ।
ਸੌਣ ਦਾ ਕਮਰਾ: ਇੱਥੇ ਪਲੰਘ ਮੁੱਖ ਫ਼ਰਨੀਚਰ ਹੁੰਦੇ ਹਨ। ਪਲੰਘ ਦਾ ਸਿਰ ਵਾਲਾ ਪਾਸਾ ਕੰਧ ਨਾਲ ਹੋਵੇ ਅਤੇ ਆਲੇ-ਦੁਆਲੇ ਇੰਨੀ ਥਾਂ ਹੋਵੇ ਕਿ ਬਿਸਤਰੇ ਝਾੜੇ ਜਾ ਸਕਣ ਅਤੇ ਚਾਦਰ ਵਿਛਾਈ ਜਾ ਸਕੇ। ਪਲੰਘ ਅਜਿਹੀ ਥਾਂ ਰੱਖੇ ਜਾਣ ਕਿ ਦਰਵਾਜ਼ਾ ਜਾਂ ਖਿੜਕੀ ਖੁੱਲ੍ਹੀ ਹੋਣ ’ਤੇ ਵੀ ਬਾਹਰੋਂ ਨਜ਼ਰ ਨਾ ਆਉਣ। ਅੱਜ-ਕੱਲ੍ਹ ਡਾਕਟਰ ਸਖ਼ਤ ਪਲੰਘ ’ਤੇ ਸੌਣ ਦੀ ਰਾਇ ਦਿੰਦੇ ਹਨ। ਭਾਰਤ ਵਿਚ ਬਹੁਤੇ ਲੋਕ ਵਾਣ, ਮੁੰਜ ਜਾਂ ਰੱਸੀ ਦੇ ਬਣੇ ਮੰਜਿਆਂ ’ਤੇ ਸੌਂਦੇ ਹਨ, ਜੋ ਹਲਕੇ ਹੁੰਦੇ ਹਨ ਅਤੇ ਗਰਮੀਆਂ ਵਿਚ ਬਾਹਰ ਵੀ ਕੱਢੇ ਜਾ ਸਕਦੇ ਹਨ। ਇਸ ਤੋਂ ਇਲਾਵਾ ਦੋ-ਤਿੰਨ ਕੁਰਸੀਆਂ, ਦੀਵਾਨ ਜਾਂ ਮੂੜ੍ਹੇ ਅਤੇ ਇਕ ਮੇਜ਼ ਰੱਖੇ ਜਾ ਸਕਦੇ ਹਨ। ਕਮਰੇ ਦੇ ਇਕ ਪਾਸੇ ਸ਼ੀਸ਼ੇ ਅਤੇ ਦਰਾਜ਼ਾਂ ਵਾਲੀ ਸ਼ਿੰਗਾਰ ਮੇਜ਼ ਅਤੇ ਉਸ ਦੇ ਸਾਹਮਣੇ ਸੈੱਟੀ ਜਾਂ ਸਟੂਲ ਰੱਖੋ। ਕੰਧ ਵਿਚ ਅਲਮਾਰੀ ਹੋਵੇ, ਨਹੀਂ ਤਾਂ ਸਟੀਲ ਦੀ ਅਲਮਾਰੀ ਵਰਤੀ ਜਾ ਸਕਦੀ ਹੈ।
ਖਾਣਾ ਖਾਣ ਦਾ ਕਮਰਾ: ਖਾਣੇ ਵਾਲੀ ਮੇਜ਼ ਅਤੇ ਕੁਰਸੀਆਂ ਮੁੱਖ ਫ਼ਰਨੀਚਰ ਹਨ। ਮੇਜ਼ 4, 6 ਜਾਂ 8 ਵਿਅਕਤੀਆਂ ਲਈ ਜਾਂ ਇਸ ਤੋਂ ਵੱਡੀ ਹੋ ਸਕਦੀ ਹੈ ਅਤੇ ਉਸ ਦਾ ਆਕਾਰ ਘਰ ਦੇ ਜੀਆਂ ਤੇ ਮਹਿਮਾਨਾਂ ਦੀ ਗਿਣਤੀ ਅਨੁਸਾਰ ਹੋਣਾ ਚਾਹੀਦਾ ਹੈ। ਕੁਰਸੀਆਂ ਛੋਟੀਆਂ, ਬਿਨਾਂ ਬਾਹਵਾਂ ਦੀਆਂ ਅਤੇ ਸਿੱਧੀ ਪਿੱਠ ਵਾਲੀਆਂ ਹੁੰਦੀਆਂ ਹਨ। ਮੇਜ਼ ਆਮ ਤੌਰ ’ਤੇ ਕਮਰੇ ਦੇ ਵਿਚਕਾਰ ਅਤੇ ਕੁਰਸੀਆਂ ਉਸ ਦੇ ਆਲੇ-ਦੁਆਲੇ ਰੱਖੀਆਂ ਜਾਂਦੀਆਂ ਹਨ। ਚੀਨੀ ਦੇ ਬਰਤਨ, ਗਲਾਸ, ਛੁਰੀਆਂ, ਚਮਚ ਆਦਿ ਲਈ ਅਲਮਾਰੀ ਵੀ ਰੱਖੀ ਜਾਂਦੀ ਹੈ, ਜੋ ਕੰਧ ਵਿਚ ਵੀ ਬਣਵਾਈ ਜਾ ਸਕਦੀ ਹੈ। ਜੇ ਬੈਠਕ ਅਤੇ ਖਾਣੇ ਦਾ ਕਮਰਾ ਇਕੱਠੇ ਹੋਣ ਤਾਂ ਬਾਹਰ ਵੱਲ ਦਾ ਹਿੱਸਾ ਬੈਠਕ ਲਈ ਅਤੇ ਰਸੋਈ ਵੱਲ ਦਾ ਹਿੱਸਾ ਖਾਣਾ ਖਾਣ ਲਈ ਵਰਤਿਆ ਜਾਂਦਾ ਹੈ।
ਪੜ੍ਹਾਈ ਦਾ ਕਮਰਾ: ਇਸ ਵਿਚ ਕਿਤਾਬਾਂ ਦੀ ਅਲਮਾਰੀ ਜਾਂ ਸ਼ੈਲਫ਼ ਹੋਣੇ ਚਾਹੀਦੇ ਹਨ। ਕਮਰੇ ਦੇ ਵਿਚਕਾਰ ਜਾਂ ਕੰਧ ਦੇ ਨਾਲ ਪੜ੍ਹਨ ਵਾਲੀ ਮੇਜ਼ ਅਤੇ ਉਸ ਦੇ ਸਾਹਮਣੇ ਕੁਰਸੀ ਰੱਖੀ ਜਾਂਦੀ ਹੈ। ਇਸ ਤੋਂ ਇਲਾਵਾ ਦੋ-ਤਿੰਨ ਆਰਾਮ ਕੁਰਸੀਆਂ ਵੀ ਰੱਖੀਆਂ ਜਾ ਸਕਦੀਆਂ ਹਨ।
Exam Tips:
a) ਪਹਿਲੀ ਸਤਰ ਵਿਚ ਇਹ ਲਿਖੋ ਕਿ ਫ਼ਰਨੀਚਰ ਮਹਿੰਗਾ ਹੋਣ ਕਰਕੇ ਛੇਤੀ ਬਦਲਿਆ ਨਹੀਂ ਜਾ ਸਕਦਾ।
b) ਚਾਰੇ ਕਮਰਿਆਂ (ਬੈਠਕ, ਸੌਣ, ਖਾਣਾ, ਪੜ੍ਹਾਈ) ਨੂੰ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
c) ਕਾਫ਼ੀ ਦੀ ਮੇਜ਼ ਦਾ ਆਕਾਰ (45 ਸੈਂ.ਮੀ. × 90 ਸੈਂ.ਮੀ.) ਯਾਦ ਰੱਖੋ।
Question 29: ਫ਼ਰਨੀਚਰ ਦੀ ਦੇਖ-ਭਾਲ ਕਿਵੇਂ ਕਰੋਗੇ?
Answer:
ਵੱਖ-ਵੱਖ ਤਰ੍ਹਾਂ ਦੇ ਫ਼ਰਨੀਚਰ ਦੀ ਦੇਖ-ਭਾਲ ਦੇ ਢੰਗ ਇਹ ਹਨ:
(i) ਲੱਕੜੀ ਦਾ ਫ਼ਰਨੀਚਰ: ਇਸ ਨੂੰ ਰੋਜ਼ ਸੁੱਕੇ ਕੱਪੜੇ ਨਾਲ ਝਾੜ-ਪੂੰਝ ਕੇ ਸਾਫ਼ ਕਰੋ। ਲੱਕੜੀ ਨੂੰ ਆਮ ਕਰਕੇ ਸਿਉਂਕ ਲੱਗ ਜਾਂਦੀ ਹੈ, ਇਸ ਲਈ ਸਿਉਂਕ ਲੱਗਣ ’ਤੇ ਖ਼ਰਾਬ ਹਿੱਸੇ ’ਤੇ ਸਿਉਂਕ ਦੀ ਦਵਾਈ ਦਾ ਸਪਰੇਅ ਕਰੋ। ਸਾਲ ਵਿਚ ਇੱਕ-ਦੋ ਵਾਰ ਫ਼ਰਨੀਚਰ ਨੂੰ ਧੁੱਪ ਲੁਆਓ; ਧੁੱਪ ਬਹੁਤ ਤੇਜ਼ ਹੋਵੇ ਤਾਂ ਥੋੜ੍ਹੇ ਸਮੇਂ ਲਈ ਹੀ। ਪਾਲਿਸ਼ ਕੀਤੀ ਮੇਜ਼ ’ਤੇ ਗਰਮ ਬਰਤਨ ਜਾਂ ਠੰਢੇ ਪਾਣੀ ਦੇ ਗਲਾਸ ਸਿੱਧੇ ਨਾ ਰੱਖੋ, ਨਹੀਂ ਤਾਂ ਦਾਗ ਪੈ ਜਾਂਦੇ ਹਨ; ਹੇਠਾਂ ਪਲਾਸਟਿਕ, ਕਾਰਕ ਜਾਂ ਸਣ ਆਦਿ ਦੇ ਮੈਟ ਰੱਖੋ। ਦਾਗ ਉਤਾਰਨ ਲਈ ਕੋਸੇ ਪਾਣੀ ਵਿਚ ਸਿਰਕਾ ਜਾਂ ਹਲਕਾ ਡਿਟਰਜੈਂਟ ਮਿਲਾ ਕੇ ਕੱਪੜਾ ਭਿਉਂ ਕੇ ਸਾਫ਼ ਕਰੋ, ਪਰ ਫ਼ਰਨੀਚਰ ਨੂੰ ਜ਼ਿਆਦਾ ਗਿੱਲਾ ਨਾ ਕਰੋ। ਫਿਰ ਸੁੱਕੇ ਕੱਪੜੇ ਅਤੇ ਸਪਿਰਟ ਵਿਚ ਭਿੱਜੇ ਕੱਪੜੇ ਨਾਲ ਸਾਫ਼ ਕਰੋ। ਜੇ ਲੱਕੜੀ ਜ਼ਿਆਦਾ ਖ਼ਰਾਬ ਹੋਵੇ ਤਾਂ ਰੇਗਮਾਰ ਨਾਲ ਰਗੜ ਕੇ ਪਾਲਿਸ਼ ਕੀਤੀ ਜਾ ਸਕਦੀ ਹੈ। ਛੇਕ ਹੋਣ ਤਾਂ ਉਨ੍ਹਾਂ ਨੂੰ ਸ਼ਹਿਦ ਦੀ ਮੱਖੀ ਦੇ ਮੋਮ ਨਾਲ ਭਰ ਲਓ।
(ii) ਪੇਂਟ ਕੀਤਾ ਫ਼ਰਨੀਚਰ: ਇਸ ਨੂੰ ਧੋਇਆ ਜਾ ਸਕਦਾ ਹੈ। ਜ਼ਿਆਦਾ ਗੰਦਾ ਹੋਵੇ ਤਾਂ ਕੋਸੇ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਸਾਫ਼ ਕਰੋ। ਖੁਰਦਰੀ ਚੀਜ਼ ਨਾਲ ਨਾ ਰਗੜੋ, ਨਹੀਂ ਤਾਂ ਝਰੀਟਾਂ ਪੈ ਜਾਣਗੀਆਂ ਅਤੇ ਕਈ ਥਾਵਾਂ ਤੋਂ ਪੇਂਟ ਉੱਤਰ ਸਕਦਾ ਹੈ। ਦੁਬਾਰਾ ਪੇਂਟ ਕਰਨਾ ਹੋਵੇ ਤਾਂ ਪਹਿਲਾਂ ਵਾਲਾ ਪੇਂਟ ਚੰਗੀ ਤਰ੍ਹਾਂ ਉਤਾਰ ਲਓ।
(iii) ਬੈਂਤ (ਕੇਨ) ਦਾ ਫ਼ਰਨੀਚਰ: ਇਸ ਦੀ ਵਰਤੋਂ ਆਮ ਕਰਕੇ ਬਾਗ਼ ਜਾਂ ਲਾਅਨ ਵਿਚ ਹੁੰਦੀ ਹੈ। ਨਾਈਲੋਨ ਵਾਲੇ ਕੇਨ ਨੂੰ ਜ਼ਿਆਦਾ ਧੁੱਪ ਵਿਚ ਨਾ ਰੱਖੋ ਕਿਉਂਕਿ ਧੁੱਪ ਨਾਲ ਇਹ ਖ਼ਰਾਬ ਹੋ ਜਾਂਦਾ ਹੈ। ਇਸ ਨੂੰ ਸੁੱਕੇ ਜਾਂ ਗਿੱਲੇ ਕੱਪੜੇ ਨਾਲ ਸਾਫ਼ ਕੀਤਾ ਜਾ ਸਕਦਾ ਹੈ; ਜ਼ਿਆਦਾ ਗੰਦਾ ਹੋਵੇ ਤਾਂ ਨਮਕ ਜਾਂ ਡਿਟਰਜੈਂਟ ਵਾਲੇ ਪਾਣੀ ਨਾਲ ਧੋ ਕੇ ਸਾਫ਼ ਕੱਪੜੇ ਨਾਲ ਸੁਕਾ ਲਓ। ਮੋਮ ਵਾਲੇ ਕੇਨ ਨੂੰ ਰੋਜ਼ ਸਾਫ਼ ਤੇ ਸੁੱਕੇ ਕੱਪੜੇ ਨਾਲ ਪੂੰਝੋ। ਜ਼ਿਆਦਾ ਖ਼ਰਾਬ ਹੋਣ ’ਤੇ ਰੇਤੀ ਕਾਗ਼ਜ਼ ਨਾਲ ਸਾਰੇ ਪਾਸੇ ਰਗੜ ਕੇ ਦੁਬਾਰਾ ਵੈਕਸ ਪਾਲਿਸ਼ ਕਰੋ। ਪੇਂਟ ਕੀਤੇ ਕੇਨ ਨੂੰ ਦੋ ਕੁ ਸਾਲ ਬਾਅਦ ਦੁਬਾਰਾ ਪੇਂਟ ਕਰਵਾ ਲੈਣਾ ਚਾਹੀਦਾ ਹੈ।
(iv) ਕੱਪੜੇ ਨਾਲ ਢੱਕਿਆ ਫ਼ਰਨੀਚਰ: ਇਸ ਨੂੰ ਵੈਕਿਊਮ ਕਲੀਨਰ ਜਾਂ ਕੱਪੜੇ ਸਾਫ਼ ਕਰਨ ਵਾਲੇ ਬੁਰਸ਼ ਨਾਲ ਸਾਫ਼ ਕਰੋ। ਕੱਪੜੇ ਦਾ ਰੰਗ ਫਿੱਕਾ ਪੈ ਗਿਆ ਹੋਵੇ ਤਾਂ ਦੋ ਗਲਾਸ ਪਾਣੀ ਵਿਚ ਇਕ ਵੱਡਾ ਚਮਚ ਸਿਰਕਾ ਮਿਲਾ ਕੇ ਨਰਮ ਕੱਪੜਾ ਭਿਉਂ ਕੇ, ਚੰਗੀ ਤਰ੍ਹਾਂ ਨਿਚੋੜ ਕੇ ਕਵਰ ਸਾਫ਼ ਕਰੋ; ਇਸ ਨਾਲ ਕੱਪੜਾ ਸਾਫ਼ ਹੋ ਜਾਂਦਾ ਹੈ ਅਤੇ ਚਮਕ ਵੀ ਆ ਜਾਂਦੀ ਹੈ। ਥਿੰਧਿਆਈ ਦੇ ਦਾਗ਼ ਪੈਟਰੋਲ ਨਾਲ ਜਾਂ ਪਾਣੀ ਵਿਚ ਡਿਟਰਜੈਂਟ ਮਿਲਾ ਕੇ ਬਣੀ ਝੱਗ ਨਾਲ ਸਾਫ਼ ਕੀਤੇ ਜਾਂਦੇ ਹਨ; ਫਿਰ ਗਿੱਲੇ ਕੱਪੜੇ ਨਾਲ ਕਵਰ ਸਾਫ਼ ਕਰੋ।
(v) ਪਲਾਸਟਿਕ ਦਾ ਫ਼ਰਨੀਚਰ: ਇਹ ਰਸਾਇਣਕ ਪਦਾਰਥਾਂ ਤੋਂ ਬਣਦਾ ਹੈ ਅਤੇ ਇਸ ਨੂੰ ਪਾਣੀ ਨਾਲ ਧੋਤਾ ਜਾ ਸਕਦਾ ਹੈ। ਬੁਰਸ਼ ਜਾਂ ਸਪੰਜ ਨੂੰ ਸਾਬਣ ਵਾਲੇ ਪਾਣੀ ਵਿਚ ਭਿਉਂ ਕੇ ਸਾਫ਼ ਕਰੋ, ਫਿਰ ਧੋ ਕੇ ਸੁਕਾ ਲਓ। ਇਸ ਨੂੰ ਧੁੱਪ ਅਤੇ ਸਰਦੀ ਤੋਂ ਬਚਾ ਕੇ ਰੱਖੋ।
(vi) ਰੈਕਸੀਨ ਜਾਂ ਚਮੜੇ ਦਾ ਫ਼ਰਨੀਚਰ: ਰੈਕਸੀਨ ਦਾ ਫ਼ਰਨੀਚਰ ਬਹੁਤ ਮਹਿੰਗਾ ਨਹੀਂ ਹੁੰਦਾ ਅਤੇ ਸਾਫ਼ ਕਰਨਾ ਸੌਖਾ ਹੈ; ਇਹ ਗਿੱਲੇ ਕੱਪੜੇ ਨਾਲ ਸਾਫ਼ ਹੋ ਜਾਂਦਾ ਹੈ ਅਤੇ ਲੋੜ ਪੈਣ ’ਤੇ ਧੋਇਆ ਵੀ ਜਾ ਸਕਦਾ ਹੈ। ਇਹ ਸਰਦੀਆਂ ਵਿਚ ਠੰਢਾ ਅਤੇ ਗਰਮੀਆਂ ਵਿਚ ਗਰਮ ਹੋ ਜਾਂਦਾ ਹੈ, ਇਸ ਲਈ ਘਰਾਂ ਵਿਚ ਘੱਟ ਵਰਤਿਆ ਜਾਂਦਾ ਹੈ। ਚਮੜੇ ਦਾ ਫ਼ਰਨੀਚਰ ਬਹੁਤ ਮਹਿੰਗਾ ਹੁੰਦਾ ਹੈ; ਇਸ ਦੀ ਰੋਜ਼ ਝਾੜ-ਪੂੰਝ ਕਰੋ ਅਤੇ ਬਰਸਾਤ ਵਿਚ ਇਸ ਨੂੰ ਚੰਗੀ ਤਰ੍ਹਾਂ ਸੁੱਕਾ ਰੱਖੋ ਤਾਂ ਕਿ ਉੱਲੀ ਨਾ ਲੱਗੇ। ਸਾਲ ਵਿਚ ਦੋ ਵਾਰ ਦੋ ਹਿੱਸੇ ਅਲਸੀ ਦਾ ਤੇਲ ਅਤੇ ਇਕ ਹਿੱਸਾ ਸਿਰਕਾ ਮਿਲਾ ਕੇ ਬਣੇ ਘੋਲ ਨਾਲ ਪਾਲਿਸ਼ ਕਰੋ।
Exam Tips:
a) ਛੇ ਕਿਸਮਾਂ ਦੇ ਫ਼ਰਨੀਚਰ ਨੂੰ (i) ਤੋਂ (vi) ਤਕ ਵੱਖ-ਵੱਖ ਸਿਰਲੇਖਾਂ ਨਾਲ ਲਿਖੋ।
b) ਚਮੜੇ ਦੀ ਪਾਲਿਸ਼ ਦਾ ਅਨੁਪਾਤ (ਅਲਸੀ ਦਾ ਤੇਲ 2 ਹਿੱਸੇ : ਸਿਰਕਾ 1 ਹਿੱਸਾ) ਜ਼ਰੂਰ ਲਿਖੋ।
c) ਹਰ ਕਿਸਮ ਨਾਲ ਸਫ਼ਾਈ ਦਾ ਇਕ ਖ਼ਾਸ ਨੁਕਤਾ ਲਿਖੋ, ਜਿਵੇਂ ਲੱਕੜੀ ਲਈ ਸਿਉਂਕ ਤੋਂ ਬਚਾਅ।
ਹੋਰ ਮਹੱਤਵਪੂਰਨ ਪ੍ਰਸ਼ਨ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਘਰ ਦੀ ਅੰਦਰਲੀ ਸਜਾਵਟ ਲਈ ਕੀ ਕੁੱਝ ਵਰਤਦੇ ਹਾਂ?
Answer:
ਪਰਦੇ, ਗਲੀਚੇ, ਫੁੱਲ, ਫ਼ਰਨੀਚਰ ਆਦਿ।
Exam Tips:
a) ਚਾਰੇ ਚੀਜ਼ਾਂ ਲਿਖੋ।
Question 2: ਪਲਾਸਟਿਕ ਦੇ ਫ਼ਰਨੀਚਰ ਦਾ ਇਕ ਲਾਭ ਦੱਸੋ।
Answer:
ਇਸ ਨੂੰ ਸਿਉਂਕ ਨਹੀਂ ਲੱਗਦੀ।
Exam Tips:
a) ਸਿਉਂਕ ਵਾਲਾ ਲਾਭ ਹੀ ਸਭ ਤੋਂ ਸਿੱਧਾ ਉੱਤਰ ਹੈ।
Question 3: ਪਰਦੇ ਤੇ ਗਲੀਚੇ ਕਿਹੋ ਜਿਹੇ ਹੋਣੇ ਚਾਹੀਦੇ ਹਨ?
Answer:
ਕੰਧਾਂ ਅਤੇ ਫ਼ਰਨੀਚਰ ਦੇ ਰੰਗ ਅਨੁਸਾਰ।
Exam Tips:
a) ਰੰਗ ਦਾ ਮੇਲ ਕੰਧਾਂ ਅਤੇ ਫ਼ਰਨੀਚਰ ਦੋਵਾਂ ਨਾਲ ਲਿਖੋ।
Question 4: ਫੁੱਲਾਂ ਨੂੰ ਸਜਾਉਣ ਲਈ ਕਿਹੜੇ ਤਰੀਕੇ ਹਨ?
Answer:
ਜਾਪਾਨੀ ਅਤੇ ਅਮਰੀਕਨ।
Exam Tips:
a) ਦੋਵੇਂ ਤਰੀਕਿਆਂ ਦੇ ਨਾਂ ਲਿਖੋ।
Question 5: ਬੈਠਕ ਵਿਚ ਕਿਹੋ ਜਿਹੇ ਕੰਮ ਕੀਤੇ ਜਾਂਦੇ ਹਨ?
Answer:
ਖੇਡਣ, ਲਿਖਣ, ਪੜ੍ਹਨ, ਮਨੋਰੰਜਨ ਆਦਿ ਦੇ ਕੰਮ।
Exam Tips:
a) ਘੱਟੋ-ਘੱਟ ਦੋ ਕੰਮ ਲਿਖੋ।
Question 6: ਘਰ ਦੀ ਸੁੰਦਰਤਾ ਵਧਾਉਣ ਤੋਂ ਇਲਾਵਾ ਪਰਦਿਆਂ ਦੇ ਕੀ ਲਾਭ ਹਨ?
Answer:
ਪਰਦੇ ਹਵਾ, ਰੋਸ਼ਨੀ ਅਤੇ ਮਿੱਟੀ-ਘੱਟੇ ਤੋਂ ਬਚਾਉਂਦੇ ਹਨ ਅਤੇ ਇਕਾਂਤ ਦੀ ਭਾਵਨਾ ਪੈਦਾ ਕਰਦੇ ਹਨ।
Exam Tips:
a) ਸੁੰਦਰਤਾ ਤੋਂ ਇਲਾਵਾ ਵਿਹਾਰਕ ਲਾਭ ਲਿਖੋ।
Question 7: ਪਰਦੇ ਲਾਉਣ ਨਾਲ ਕਮਰਿਆਂ ਵਿਚ ਕਿਹੋ ਜਿਹੀ ਭਾਵਨਾ ਪੈਦਾ ਹੁੰਦੀ ਹੈ?
Answer:
ਇਕਾਂਤ ਦੀ ਭਾਵਨਾ।
Exam Tips:
a) ਇਕ ਸ਼ਬਦ ਵਿਚ ਉੱਤਰ ਕਾਫ਼ੀ ਹੈ।
Question 8: ਸਰਦੀਆਂ (ਠੰਢੇ ਦੇਸ਼ਾਂ) ਵਿਚ ਕਿਸ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ?
Answer:
ਗੂੜ੍ਹੇ ਰੰਗ ਦੇ।
Exam Tips:
a) ਸਰਦੀਆਂ ਵਿਚ ਗੂੜ੍ਹੇ ਰੰਗ ਯਾਦ ਰੱਖੋ।
Question 9: ਛੋਟੇ ਕਮਰੇ ਵਿਚ ਕਿਹੋ ਜਿਹੇ ਪਰਦੇ ਠੀਕ ਰਹਿੰਦੇ ਹਨ?
Answer:
ਸਾਦੇ (ਪਲੇਨ) ਜਾਂ ਛੋਟੇ ਡਿਜ਼ਾਈਨ ਵਾਲੇ।
Exam Tips:
a) ਵੱਡੇ ਡਿਜ਼ਾਈਨ ਛੋਟੇ ਕਮਰੇ ਲਈ ਠੀਕ ਨਹੀਂ।
Question 10: ਖਾਣ ਵਾਲੇ ਕਮਰੇ ਵਿਚ ਕਿਹੋ ਜਿਹੇ ਫੁੱਲ ਵਰਤਣੇ ਚਾਹੀਦੇ ਹਨ?
Answer:
ਸੁਗੰਧ ਰਹਿਤ ਫੁੱਲ।
Exam Tips:
a) ਖਾਣੇ ਦੀ ਖ਼ੁਸ਼ਬੂ ਨਾਲ ਫੁੱਲਾਂ ਦੀ ਸੁਗੰਧ ਰਲਣੀ ਨਹੀਂ ਚਾਹੀਦੀ।
Question 11: ਜਾਪਾਨੀ ਤਰੀਕੇ ਵਿਚ ਵੱਡਾ (ਉੱਚਾ) ਫੁੱਲ ਕਿਸ ਦਾ ਪ੍ਰਤੀਕ ਹੈ?
Answer:
ਪਰਮਾਤਮਾ ਦਾ।
Exam Tips:
a) ਵੱਡਾ-ਪਰਮਾਤਮਾ, ਵਿਚਕਾਰਲਾ-ਮਾਨਵ, ਛੋਟਾ-ਧਰਤੀ ਯਾਦ ਰੱਖੋ।
Question 12: ਜਾਪਾਨੀ ਤਰੀਕੇ ਵਿਚ ਛੋਟਾ ਫੁੱਲ ਕਿਸ ਦਾ ਪ੍ਰਤੀਕ ਹੈ?
Answer:
ਧਰਤੀ ਦਾ।
Exam Tips:
a) ਤਿੰਨ ਫੁੱਲਾਂ ਦੇ ਪ੍ਰਤੀਕ ਇਕੱਠੇ ਯਾਦ ਕਰੋ।
Question 13: ਫੁੱਲ ਕਦੋਂ ਤੋੜਨੇ ਚਾਹੀਦੇ ਹਨ?
Answer:
ਸਵੇਰੇ ਜਾਂ ਸ਼ਾਮ ਨੂੰ, ਜਦੋਂ ਧੁੱਪ ਘੱਟ ਹੋਵੇ।
Exam Tips:
a) ਦੁਪਹਿਰ ਦਾ ਸਮਾਂ ਗ਼ਲਤ ਹੈ।
Question 14: ਫੁੱਲਦਾਨ ਕਿਸ ਪਦਾਰਥ ਦੇ ਬਣੇ ਹੋ ਸਕਦੇ ਹਨ?
Answer:
ਚੀਨੀ ਮਿੱਟੀ, ਪਿੱਤਲ, ਤਾਂਬੇ ਆਦਿ ਦੇ।
Exam Tips:
a) ਘੱਟੋ-ਘੱਟ ਦੋ ਪਦਾਰਥ ਲਿਖੋ।
Question 15: ਪਲਾਸਟਿਕ ਦੇ ਫ਼ਰਨੀਚਰ ਨੂੰ ਕਿਸ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ?
Answer:
ਧੁੱਪ ਅਤੇ ਸਰਦੀ ਤੋਂ।
Exam Tips:
a) ਦੋਵੇਂ ਚੀਜ਼ਾਂ ਲਿਖੋ।
Question 16: ਜਾਪਾਨੀ ਤਰੀਕੇ ਵਿਚ ਕਿਹੜਾ ਫੁੱਲ ਧਰਤੀ ਵੱਲ ਸੰਕੇਤ ਕਰਦਾ ਹੈ?
Answer:
ਸਭ ਤੋਂ ਛੋਟਾ ਫੁੱਲ।
Exam Tips:
a) ਛੋਟਾ ਫੁੱਲ ਹੀ ਧਰਤੀ ਦਾ ਪ੍ਰਤੀਕ ਹੈ।
Question 17: ਫੁੱਲਾਂ ਨੂੰ ਠੀਕ ਜਗ੍ਹਾ ’ਤੇ ਟਿਕਾਉਣ ਲਈ ਕਿਸ ਚੀਜ਼ ਦਾ ਪ੍ਰਯੋਗ ਕੀਤਾ ਜਾਂਦਾ ਹੈ?
Answer:
ਸਟੈਮ ਹੋਲਡਰ ਦਾ।
Exam Tips:
a) ਨਾਂ ਸਪੱਸ਼ਟ ਲਿਖੋ: ਸਟੈਮ ਹੋਲਡਰ।
Question 18: ਜਾਪਾਨੀ ਤਰੀਕੇ ਵਿਚ ਸਭ ਤੋਂ ਹੇਠਲਾ ਫੁੱਲ ਕਿਸ ਵੱਲ ਇਸ਼ਾਰਾ ਕਰਦਾ ਹੈ?
Answer:
ਧਰਤੀ ਵੱਲ।
Exam Tips:
a) ਇਕ ਸ਼ਬਦ ਵਿਚ ਉੱਤਰ ਦਿਓ।
Question 19: ਕਿਸ ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ?
Answer:
ਅਮਰੀਕਨ ਤਰੀਕੇ ਵਿਚ।
Exam Tips:
a) ਇਸ ਨੂੰ ਸਮੂਹ ਤਰੀਕਾ ਵੀ ਕਿਹਾ ਜਾਂਦਾ ਹੈ।
ਹੋਰ ਮਹੱਤਵਪੂਰਨ ਪ੍ਰਸ਼ਨ: ਛੋਟੇ ਉੱਤਰਾਂ ਵਾਲੇ ਪ੍ਰਸ਼ਨ
Question 1: ਗੱਦੀਆਂ/ਕੁਸ਼ਨ ਕਮਰੇ ਦੀ ਸੁੰਦਰਤਾ ਕਿਸ ਤਰ੍ਹਾਂ ਵਧਾਉਂਦੇ ਹਨ?
Answer:
ਗੱਦੀਆਂ ਜਾਂ ਕੁਸ਼ਨ ਕਮਰੇ ਦੀ ਸੁੰਦਰਤਾ ਵਧਾਉਂਦੇ ਹਨ। ਇਹ ਵੱਖ-ਵੱਖ ਆਕਾਰ ਅਤੇ ਰੰਗਾਂ ਵਿਚ ਮਿਲਦੇ ਹਨ ਅਤੇ ਇਨ੍ਹਾਂ ਦੀ ਚੋਣ ਫ਼ਰਨੀਚਰ ’ਤੇ ਨਿਰਭਰ ਕਰਦੀ ਹੈ। ਸਾਦੇ ਸੋਫ਼ੇ ’ਤੇ ਡਿਜ਼ਾਈਨ ਵਾਲੇ ਕੁਸ਼ਨ ਅਤੇ ਫਿੱਕੇ ਰੰਗ ਦੇ ਸੋਫ਼ੇ ’ਤੇ ਗੂੜ੍ਹੇ ਰੰਗ ਦੇ ਕੁਸ਼ਨ ਰੱਖਣ ਨਾਲ ਕਮਰੇ ਦੀ ਸੁੰਦਰਤਾ ਵਧ ਜਾਂਦੀ ਹੈ।
Exam Tips:
a) ਫ਼ਰਨੀਚਰ ਨਾਲ ਰੰਗ ਅਤੇ ਡਿਜ਼ਾਈਨ ਦੇ ਵਖਰੇਵੇਂ ਦੀ ਉਦਾਹਰਨ ਦਿਓ।
Question 2: ਫ਼ਰਨੀਚਰ ਖ਼ਰੀਦਣ ਸਮੇਂ ਉਸ ਦੇ ਡਿਜ਼ਾਈਨ ਦਾ ਧਿਆਨ ਕਿਸ ਪ੍ਰਕਾਰ ਰੱਖਣਾ ਚਾਹੀਦਾ ਹੈ?
Answer:
ਫ਼ਰਨੀਚਰ ਖ਼ਰੀਦਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਸ ਦਾ ਡਿਜ਼ਾਈਨ ਕਮਰੇ ਵਿਚ ਰੱਖੀਆਂ ਹੋਰ ਵਸਤੂਆਂ ਅਤੇ ਕਮਰੇ ਦੇ ਆਕਾਰ ਅਨੁਸਾਰ ਹੋਵੇ। ਵੱਡੇ ਪ੍ਰਿੰਟ ਵਾਲੇ ਕੱਪੜੇ ਦਾ ਫ਼ਰਨੀਚਰ ਵਰਤਣ ਨਾਲ ਕਈ ਵਾਰ ਕਮਰਾ ਛੋਟਾ ਲੱਗਦਾ ਹੈ। ਫ਼ਰਨੀਚਰ ਦਾ ਰੰਗ ਅਤੇ ਬਣਾਵਟ ਕਮਰੇ ਦੀਆਂ ਵਸਤੂਆਂ ਨਾਲ ਮਿਲਦੀ-ਜੁਲਦੀ ਵੀ ਹੋਣੀ ਚਾਹੀਦੀ ਹੈ।
Exam Tips:
a) ਕਮਰੇ ਦੇ ਆਕਾਰ ਅਤੇ ਹੋਰ ਵਸਤੂਆਂ ਨਾਲ ਮੇਲ ਦੋਵੇਂ ਲਿਖੋ।
b) ਵੱਡੇ ਪ੍ਰਿੰਟ ਵਾਲੀ ਉਦਾਹਰਨ ਜ਼ਰੂਰ ਦਿਓ।
Question 3: ਘਰ ਦੀ ਅੰਦਰਲੀ ਸਜਾਵਟ ਤੋਂ ਕੀ ਭਾਵ ਹੈ?
Answer:
ਘਰ ਦੇ ਹਰ ਕਮਰੇ ਅਤੇ ਸਮੁੱਚੇ ਘਰ ਦੀ ਸਜਾਵਟ ਨੂੰ ਘਰ ਦੀ ਅੰਦਰਲੀ ਸਜਾਵਟ ਕਿਹਾ ਜਾਂਦਾ ਹੈ। ਹਰ ਕਮਰੇ ਨੂੰ ਡਿਜ਼ਾਈਨ ਦੇ ਮੂਲ ਅੰਸ਼ਾਂ ਅਤੇ ਸਿਧਾਂਤਾਂ ਅਨੁਸਾਰ ਸਜਾਉਣਾ ਹੀ ਅੰਦਰਲੀ ਸਜਾਵਟ ਹੈ। ਇਹ ਘਰ ਨੂੰ ਸੋਹਣਾ ਅਤੇ ਆਕਰਸ਼ਕ ਬਣਾਉਣ ਲਈ ਕੀਤੀ ਜਾਂਦੀ ਹੈ। ਇਸ ਲਈ ਫ਼ਰਨੀਚਰ, ਪਰਦੇ, ਕਾਲੀਨ, ਫੁੱਲ ਵਿਵਸਥਾ ਅਤੇ ਤਸਵੀਰਾਂ ਵਰਤੀਆਂ ਜਾਂਦੀਆਂ ਹਨ। ਸਜਾਵਟ ਕਰਦਿਆਂ ਇਹ ਧਿਆਨ ਵੀ ਰੱਖਿਆ ਜਾਂਦਾ ਹੈ ਕਿ ਪਰਿਵਾਰ ਦੇ ਮੈਂਬਰਾਂ ਦੇ ਆਰਾਮ ਵਿਚ ਵਿਘਨ ਨਾ ਪਵੇ।
Exam Tips:
a) ਪਹਿਲਾਂ ਪਰਿਭਾਸ਼ਾ, ਫਿਰ ਵਰਤੀਆਂ ਜਾਂਦੀਆਂ ਚੀਜ਼ਾਂ ਲਿਖੋ।
b) ਪਰਿਵਾਰ ਦੇ ਆਰਾਮ ਵਾਲੀ ਗੱਲ ਨਾ ਭੁੱਲੋ।
Question 4: ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਕੀ ਹੈ?
Answer:
ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕੇਤਕ ਹੁੰਦਾ ਹੈ। ਇਸ ਵਿਚ ਤਿੰਨ ਫੁੱਲ ਵਰਤੇ ਜਾਂਦੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਡਾ (ਉੱਚਾ) ਫੁੱਲ ਪਰਮਾਤਮਾ, ਵਿਚਕਾਰਲਾ ਮਾਨਵ ਅਤੇ ਸਭ ਤੋਂ ਛੋਟਾ (ਹੇਠਲਾ) ਧਰਤੀ ਦਾ ਪ੍ਰਤੀਕ ਹੁੰਦਾ ਹੈ। ਇਸ ਵਿਚ ਫੁੱਲ ਇੱਕੋ ਕਿਸਮ ਅਤੇ ਇੱਕੋ ਰੰਗ ਦੇ ਹੁੰਦੇ ਹਨ।
Exam Tips:
a) ਤਿੰਨ ਫੁੱਲਾਂ ਦੇ ਪ੍ਰਤੀਕ ਕ੍ਰਮ ਅਨੁਸਾਰ ਲਿਖੋ।
b) ਇੱਕੋ ਕਿਸਮ ਅਤੇ ਇੱਕੋ ਰੰਗ ਵਾਲੀ ਗੱਲ ਜ਼ਰੂਰ ਲਿਖੋ।
ਵਸਤੂਨਿਸ਼ਠ ਪ੍ਰਸ਼ਨ: ਖ਼ਾਲੀ ਸਥਾਨ ਭਰੋ
Question 1: ਜਾਪਾਨੀ ਢੰਗ ਵਿਚ ਸਭ ਤੋਂ ਵੱਡਾ (ਉੱਚਾ) ਫੁੱਲ ………… ਦਾ ਪ੍ਰਤੀਕ ਹੈ।
Answer:
ਪਰਮਾਤਮਾ
Exam Tips:
a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਸ਼ਬਦ ਲਿਖੋ।
Question 2: ………… ਕਿਸਮ ਦੀ ਫੁੱਲ ਵਿਵਸਥਾ ਵਿਚ ਕਈ ਕਿਸਮ ਅਤੇ ਕਈ ਰੰਗਾਂ ਦੇ ਫੁੱਲ ਇਕੱਠੇ ਇਸਤੇਮਾਲ ਕੀਤੇ ਜਾਂਦੇ ਹਨ।
Answer:
ਅਮਰੀਕਨ
Exam Tips:
a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਸ਼ਬਦ ਲਿਖੋ।
Question 3: ………… ਫੁੱਲਾਂ ਨੂੰ ਠੀਕ ਜਗ੍ਹਾ ’ਤੇ ਟਿਕਾਉਣ ਲਈ ਵਰਤੇ ਜਾਂਦੇ ਹਨ।
Answer:
ਸਟੈਮ ਹੋਲਡਰ
Exam Tips:
a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਸ਼ਬਦ ਲਿਖੋ।
Question 4: ਜਾਪਾਨੀ ਤਰੀਕੇ ਵਿਚ ਵਿਚਕਾਰਲਾ ਫੁੱਲ ………… ਦਾ ਪ੍ਰਤੀਕ ਹੁੰਦਾ ਹੈ।
Answer:
ਮਾਨਵ
Exam Tips:
a) ਖ਼ਾਲੀ ਥਾਂ ਵਿਚ ਸਿਰਫ਼ ਸਹੀ ਸ਼ਬਦ ਲਿਖੋ।
ਵਸਤੂਨਿਸ਼ਠ ਪ੍ਰਸ਼ਨ: ਠੀਕ / ਗ਼ਲਤ ਦੱਸੋ
Question 1: ਪਲਾਸਟਿਕ ਦੇ ਫ਼ਰਨੀਚਰ ਨੂੰ ਸਿਉਂਕ ਲੱਗ ਜਾਂਦੀ ਹੈ।
Answer:
ਗ਼ਲਤ। ਪਲਾਸਟਿਕ ਦੇ ਫ਼ਰਨੀਚਰ ਨੂੰ ਸਿਉਂਕ ਨਹੀਂ ਲੱਗਦੀ।
Exam Tips:
a) ਗ਼ਲਤ ਕਥਨ ਦਾ ਸਹੀ ਰੂਪ ਵੀ ਲਿਖ ਦਿਓ।
Question 2: ਫੁੱਲਾਂ ਨੂੰ ਸਜਾਉਣ ਦੇ ਜਾਪਾਨੀ ਤਰੀਕੇ ਵਿਚ ਦਸ ਫੁੱਲ ਹੁੰਦੇ ਹਨ।
Answer:
ਗ਼ਲਤ। ਇਸ ਵਿਚ ਤਿੰਨ ਫੁੱਲ ਹੁੰਦੇ ਹਨ।
Exam Tips:
a) ਗ਼ਲਤ ਕਥਨ ਦਾ ਸਹੀ ਰੂਪ ਵੀ ਲਿਖ ਦਿਓ।
Question 3: ਅਮਰੀਕਨ ਤਰੀਕੇ ਵਿਚ ਕਈ ਰੰਗਾਂ ਦੇ ਫੁੱਲ ਇਕੱਠੇ ਵਰਤੇ ਜਾਂਦੇ ਹਨ।
Answer:
ਠੀਕ।
Exam Tips:
a) ਗ਼ਲਤ ਕਥਨ ਦਾ ਸਹੀ ਰੂਪ ਵੀ ਲਿਖ ਦਿਓ।
Question 4: ਪਰਦੇ ਘਰ ਦੀ ਅੰਦਰਲੀ ਸਜਾਵਟ ਲਈ ਵਰਤੇ ਜਾਂਦੇ ਹਨ।
Answer:
ਠੀਕ।
Exam Tips:
a) ਗ਼ਲਤ ਕਥਨ ਦਾ ਸਹੀ ਰੂਪ ਵੀ ਲਿਖ ਦਿਓ।
Question 5: ਜਾਪਾਨੀ ਤਰੀਕੇ ਵਿਚ ਵੱਡਾ ਫੁੱਲ ਪਰਮਾਤਮਾ ਦਾ ਪ੍ਰਤੀਕ ਹੈ।
Answer:
ਠੀਕ।
Exam Tips:
a) ਗ਼ਲਤ ਕਥਨ ਦਾ ਸਹੀ ਰੂਪ ਵੀ ਲਿਖ ਦਿਓ।
ਵਸਤੂਨਿਸ਼ਠ ਪ੍ਰਸ਼ਨ: ਬਹੁਵਿਕਲਪੀ ਪ੍ਰਸ਼ਨ
Question 1: ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ? (ੳ) ਫੁੱਲਾਂ ਨੂੰ ਸਜਾਉਣ ਦਾ ਜਾਪਾਨੀ ਤਰੀਕਾ ਸੰਕੇਤਕ ਹੁੰਦਾ ਹੈ। (ਅ) ਜਾਪਾਨੀ ਤਰੀਕੇ ਵਿਚ ਹੇਠਲਾ ਫੁੱਲ ਧਰਤੀ ਵੱਲ ਇਸ਼ਾਰਾ ਕਰਦਾ ਹੈ। (ੲ) ਸਰਦੀਆਂ ਵਿਚ ਗੂੜ੍ਹੇ ਰੰਗ ਦੇ ਪਰਦੇ ਲਾਉਣੇ ਚਾਹੀਦੇ ਹਨ। (ਸ) ਸਾਰੇ ਠੀਕ।
Answer:
(ਸ) ਸਾਰੇ ਠੀਕ।
Exam Tips:
a) ਹਰ ਵਿਕਲਪ ਨੂੰ ਵੱਖਰਾ ਪਰਖੋ।
Question 2: ਹੇਠ ਲਿਖਿਆਂ ਵਿਚੋਂ ਕਿਹੜਾ ਠੀਕ ਹੈ? (ੳ) ਖਾਣ ਵਾਲੇ ਕਮਰੇ ਵਿਚ ਸੁਗੰਧਿਤ ਫੁੱਲ ਹੋਣੇ ਚਾਹੀਦੇ ਹਨ। (ਅ) ਫੁੱਲ ਦੁਪਹਿਰ ਨੂੰ ਤੋੜੋ। (ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ। (ਸ) ਸਾਰੇ ਠੀਕ।
Answer:
(ੲ) ਫੁੱਲਾਂ ਦਾ ਸਾਈਜ਼ ਫੁੱਲਦਾਨ ਦੇ ਅਨੁਸਾਰ ਹੋਣਾ ਚਾਹੀਦਾ ਹੈ।
Exam Tips:
a) ਖਾਣ ਵਾਲੇ ਕਮਰੇ ਵਿਚ ਸੁਗੰਧ ਰਹਿਤ ਫੁੱਲ ਅਤੇ ਫੁੱਲ ਸਵੇਰੇ/ਸ਼ਾਮ ਤੋੜਨੇ ਯਾਦ ਰੱਖੋ।
Free study material for Home Science
Home Science Class 10 Curriculum Solutions: Punjabi Medium Chapter 05 ਘਰ ਦੀ ਅੰਦਰਲੀ ਸਜਾਵਟ
Chapter Exercise Answers for Class 10 Home Science
Review comprehensive exercise answers for Class 10 Home Science Punjabi Medium Chapter 05 ਘਰ ਦੀ ਅੰਦਰਲੀ ਸਜਾਵਟ. Fully updated to match current Punjab Board syllabus guidelines, these textbook solutions help students verify their work and maintain accurate study notes.
Detailed Answer Guides for Punjabi Medium Chapter 05 ਘਰ ਦੀ ਅੰਦਰਲੀ ਸਜਾਵਟ
Clear, methodical explanations accompany every challenging problem within the Class 10 Home Science text. Engaging with these detailed answers lays a solid foundation for advanced learning and improves foundational clarity for upcoming assessments.
Complete Preparation Kit for Class 10 Exams
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 10 Home Science.
FAQs
The complete and updated PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ is available for free on StudiesToday.com. These solutions for Class 10 Home Science are as per latest Punjab Board curriculum.
Yes, our experts have revised the PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ will help students to get full marks in the theory paper.
Yes, we provide bilingual support for Class 10 Home Science. You can access PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ in both English and Hindi medium.
Yes, you can download the entire PSEB 10th Class Home Science Solutions Chapter 5 ਘਰ ਦੀ ਅੰਦਰਲੀ ਸਜਾਵਟ in printable PDF format for offline study on any device.