PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Download Punjab Board Solutions for Class 10 Home Science Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Explore reliable textbook solutions for Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ tailored for Class 10 learners. Utilizing these Home Science answers ensures thorough preparation and strengthens foundational knowledge before final Punjab Board evaluations.

Access Punjab Board Solutions and Answers

View or download the dedicated Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ solution resource below. Engaging with these textbook answers under focused study conditions ensures continuous academic progress and mastery of the 2026-27 curriculum for Home Science.

ਅਭਿਆਸ: ਵਸਤੂਨਿਸ਼ਠ ਪ੍ਰਸ਼ਨ

Question 1: ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ-ਕਿਹੜੇ ਹਨ, ਨਾਂ ਦੱਸੋ।

Answer:

ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਤਾਂ ਉਸ ਦਾ ਨਮੂਨਾ ਭਾਵ ਡਿਜ਼ਾਈਨ ਬਣਦਾ ਹੈ, ਭਾਵੇਂ ਇਹ ਚੀਜ਼ ਕੁਰਸੀ, ਮੇਜ਼ ਹੋਵੇ ਜਾਂ ਮਕਾਨ। ਇਕ ਚੰਗਾ ਡਿਜ਼ਾਈਨ ਬਣਾਉਣ ਲਈ ਇਸ ਦੇ ਮੂਲ ਤੱਤਾਂ ਦਾ ਗਿਆਨ ਅਤੇ ਕਲਾ ਦੇ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਡਿਜ਼ਾਈਨ ਦੇ ਮੂਲ ਅੰਸ਼ ਹਨ: ਰੇਖਾਵਾਂ, ਰੂਪ ਤੇ ਆਕਾਰ, ਰੰਗ ਅਤੇ ਬਣਤਰ (Texture)।

Exam Tips:

a) ਚਾਰੇ ਅੰਸ਼ ਅੰਕਾਂ ਸਹਿਤ ਲਿਖੋ: ਰੇਖਾਵਾਂ, ਰੂਪ ਤੇ ਆਕਾਰ, ਰੰਗ, ਬਣਤਰ।
b) ਅੰਸ਼ (ਤੱਤ) ਅਤੇ ਸਿਧਾਂਤ ਨੂੰ ਆਪਸ ਵਿਚ ਨਾ ਰਲਾਓ।

 

Question 2: ਡਿਜ਼ਾਈਨ ਵਿਚ ਇਕਸੁਰਤਾ ਤੋਂ ਕੀ ਭਾਵ ਹੈ?

Answer:

ਡਿਜ਼ਾਈਨ ਬਣਾਉਣ ਲਈ ਲਾਈਨਾਂ, ਆਕਾਰ, ਰੰਗ ਅਤੇ ਰਚਨਾ ਦੀ ਜ਼ਰੂਰਤ ਪੈਂਦੀ ਹੈ। ਇਕੋ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਇਕੋ ਰੰਗ, ਇਕ ਤਰ੍ਹਾਂ ਦੀਆਂ ਲਾਈਨਾਂ ਜਾਂ ਆਕਾਰ ਨਾਲ ਡਿਜ਼ਾਈਨ ਵਿਚ ਇਕਸੁਰਤਾ ਲਿਆਂਦੀ ਜਾ ਸਕਦੀ ਹੈ। ਪਰ ਜੇਕਰ ਹਰ ਇਕ ਚੀਜ਼ ਅਲੱਗ ਤਰ੍ਹਾਂ ਦੀ ਹੋਵੇ ਤਾਂ ਉਹ ਪਰੇਸ਼ਾਨੀ ਦਾ ਅਹਿਸਾਸ ਦਵਾਉਂਦੀ ਹੈ। ਜਦੋਂ ਡਿਜ਼ਾਈਨ ਦੇ ਸਾਰੇ ਅੰਸ਼ਾਂ ਵਿਚ ਇਕਸੁਰਤਾ ਹੋਵੇਗੀ ਤਾਂ ਉਹ ਇਕ ਸਮੁੱਚਾ ਡਿਜ਼ਾਈਨ ਜਾਪੇਗਾ, ਨਾ ਕਿ ਅੱਡ-ਅੱਡ ਅੰਸ਼ਾਂ ਦਾ ਬੇਤੁਕਾ ਜੋੜ। ਅਜਿਹੇ ਡਿਜ਼ਾਈਨ ਨੂੰ ਚੰਗਾ ਸਮਝਿਆ ਜਾਂਦਾ ਹੈ।

Exam Tips:

a) ਉੱਤਰ ਵਿਚ ਇਕੋ ਜਿਹੇ ਰੰਗ, ਰੇਖਾ ਜਾਂ ਆਕਾਰ ਦੀ ਉਦਾਹਰਨ ਦਿਓ।
b) ਦੱਸੋ ਕਿ ਹਰ ਚੀਜ਼ ਅਲੱਗ ਹੋਣ ਨਾਲ ਪਰੇਸ਼ਾਨੀ ਦਾ ਅਹਿਸਾਸ ਹੁੰਦਾ ਹੈ।

 

Question 3: ਡਿਜ਼ਾਈਨ ਵਿਚ ਸੰਤੁਲਨ ਕਿੰਨੇ ਪ੍ਰਕਾਰ ਦਾ ਹੋ ਸਕਦਾ ਹੈ ਅਤੇ ਕਿਹੜਾ-ਕਿਹੜਾ?

Answer:

ਡਿਜ਼ਾਈਨ ਵਿਚ ਸੰਤੁਲਨ ਦੋ ਤਰ੍ਹਾਂ ਦਾ ਹੁੰਦਾ ਹੈ-
1. ਉਪਚਾਰਿਕ ਸੰਤੁਲਨ (Formal Balance): ਇਸ ਨੂੰ ਸਮਿਟਰੀਕਲ ਸੰਤੁਲਨ ਵੀ ਕਿਹਾ ਜਾਂਦਾ ਹੈ। ਜਦੋਂ ਇਕ ਕੇਂਦਰ ਬਿੰਦੂ ਦੇ ਸਾਰੇ ਪਾਸੇ ਦੀਆਂ ਚੀਜ਼ਾਂ ਹਰ ਪੱਖੋਂ ਇਕੋ ਜਿਹੀਆਂ ਹੋਣ ਤਾਂ ਇਸ ਨੂੰ ਉਪਚਾਰਿਕ ਸੰਤੁਲਨ ਕਿਹਾ ਜਾਂਦਾ ਹੈ।
2. ਅਣਉਪਚਾਰਿਕ ਸੰਤੁਲਨ (Informal Balance): ਜਦੋਂ ਵਸਤਾਂ ਇਸ ਪ੍ਰਕਾਰ ਰੱਖੀਆਂ ਜਾਣ ਕਿ ਵੱਡੀ ਵਸਤੂ ਕੇਂਦਰ ਬਿੰਦੂ ਦੇ ਕੋਲ ਹੋਵੇ ਅਤੇ ਛੋਟੀ ਵਸਤੂ ਨੂੰ ਕੇਂਦਰ ਬਿੰਦੂ ਤੋਂ ਥੋੜ੍ਹਾ ਦੂਰ ਰੱਖਿਆ ਜਾਵੇ ਤਾਂ ਇਸ ਨੂੰ ਅਣਉਪਚਾਰਿਕ ਸੰਤੁਲਨ ਕਿਹਾ ਜਾਂਦਾ ਹੈ। ਇਹ ਸੰਤੁਲਨ ਬਣਾਉਣਾ ਥੋੜ੍ਹਾ ਔਖਾ ਹੈ, ਪਰ ਜੇ ਠੀਕ ਬਣ ਜਾਵੇ ਤਾਂ ਉਪਚਾਰਿਕ ਸੰਤੁਲਨ ਨਾਲੋਂ ਬਹੁਤ ਸੋਹਣਾ ਲੱਗਦਾ ਹੈ।

Exam Tips:

a) ਦੋਵੇਂ ਕਿਸਮਾਂ ਦੇ ਨਾਂ ਪਹਿਲਾਂ ਲਿਖੋ, ਫਿਰ ਹਰ ਇਕ ਦੀ ਪਰਿਭਾਸ਼ਾ।
b) ਉਪਚਾਰਿਕ = ਸਮਿਟਰੀਕਲ (ਇਕੋ ਜਿਹਾ), ਅਣਉਪਚਾਰਿਕ = ਅਸਮਿਟਰੀਕਲ।

 

Question 4: ਡਿਜ਼ਾਈਨ ਵਿਚ ਬਲ ਤੋਂ ਤੁਸੀਂ ਕੀ ਸਮਝਦੇ ਹੋ?

Answer:

ਬਲ ਤੋਂ ਭਾਵ ਕਿਸੇ ਇਕ ਰੁਚੀਕਰ ਬਿੰਦੂ ਉੱਤੇ ਜ਼ਿਆਦਾ ਬਲ ਦੇਣਾ, ਭਾਵ ਉਸ ਨੂੰ ਵੱਧ ਆਕਰਸ਼ਿਤ ਬਣਾਉਣਾ ਅਤੇ ਅਰੁਚੀਕਰ ਵਸਤਾਂ ’ਤੇ ਘੱਟ ਬਲ ਦੇਣਾ ਹੈ। ਜਦੋਂ ਡਿਜ਼ਾਈਨ ਪੂਰਾ ਸੰਤੁਲਿਤ ਹੋਵੇ, ਉਸ ਵਿਚ ਪੂਰਨ ਅਨੁਰੂਪਤਾ ਹੋਵੇ, ਪਰ ਫਿਰ ਵੀ ਫਿੱਕਾ ਅਤੇ ਅਰੁਚੀਕਰ ਲੱਗੇ, ਤਾਂ ਮਤਲਬ ਕਿ ਉਸ ਡਿਜ਼ਾਈਨ ਵਿਚ ਕੋਈ ਵਿਸ਼ੇਸ਼ ਬਿੰਦੂ ਨਹੀਂ ਹੈ ਜਿੱਥੇ ਧਿਆਨ ਕੇਂਦਰਿਤ ਹੋ ਸਕੇ। ਅਜਿਹੇ ਡਿਜ਼ਾਈਨ ਵਿਚ ਬਲ ਦੀ ਕਮੀ ਹੈ। ਬਲ ਕਲਾ ਦਾ ਇਕ ਸਿਧਾਂਤ ਹੈ ਕਿ ਕਮਰੇ ਵਿਚ ਵੜਦਿਆਂ ਜਿੱਥੇ ਤੁਹਾਡਾ ਸਭ ਤੋਂ ਪਹਿਲਾਂ ਧਿਆਨ ਜਾਵੇ ਅਤੇ ਫਿਰ ਮਹੱਤਵ ਦੇ ਕ੍ਰਮ ਅਨੁਸਾਰ ਨਿਗਾਹ ਟਿਕਦੀ ਹੈ।

Exam Tips:

a) ਬਲ ਦਾ ਅਰਥ ਹੈ ਰੁਚੀਕਰ ਬਿੰਦੂ (ਕੇਂਦਰ ਬਿੰਦੂ) ਨੂੰ ਉਭਾਰਨਾ; ਇਹ ਲਿਖਣਾ ਨਾ ਭੁੱਲੋ।

 

Question 5: ਡਿਜ਼ਾਈਨ ਵਿਚ ਅਨੁਪਾਤ ਹੋਣਾ ਕਿਉਂ ਜ਼ਰੂਰੀ ਹੈ?

Answer:

ਡਿਜ਼ਾਈਨ ਵਿਚ ਅਨੁਪਾਤ ਤੋਂ ਭਾਵ ਕਮਰੇ ਅਤੇ ਉਸ ਵਿਚਲੇ ਸਾਮਾਨ ਦਾ ਆਪਸ ਵਿਚ ਸੰਬੰਧ ਹੈ। ਜੇ ਕਮਰਾ ਵੱਡਾ ਹੈ ਤਾਂ ਉਸ ਵਿਚਲਾ ਫ਼ਰਨੀਚਰ ਵੀ ਵੱਡਾ ਹੀ ਚੰਗਾ ਲੱਗਦਾ ਹੈ, ਪਰ ਵੱਡਾ ਫ਼ਰਨੀਚਰ ਛੋਟੇ ਕਮਰੇ ਵਿਚ ਰੱਖਿਆ ਜਾਵੇ ਤਾਂ ਭੈੜਾ ਲੱਗਦਾ ਹੈ। ਇਕ ਵੱਡੇ ਕਮਰੇ ਵਿਚ ਗੂੜ੍ਹੇ ਰੰਗ ਦੇ ਵੱਡੇ ਡਿਜ਼ਾਈਨ ਵਾਲੇ ਪਰਦੇ ਅਤੇ ਭਾਰਾ ਤੇ ਵੱਡਾ ਫ਼ਰਨੀਚਰ ਹੀ ਵਰਤਣਾ ਚਾਹੀਦਾ ਹੈ। ਇਸ ਦੇ ਉਲਟ, ਛੋਟੇ ਕਮਰੇ ਵਿਚ ਫਿੱਕੇ ਰੰਗ ਦੇ ਪਰਦੇ ਅਤੇ ਹਲਕਾ ਫ਼ਰਨੀਚਰ, ਜਿਵੇਂ ਬੈਂਤ, ਐਲੂਮੀਨੀਅਮ ਜਾਂ ਲੱਕੜ ਦਾ ਸਾਦੇ ਡਿਜ਼ਾਈਨ ਵਾਲਾ, ਰੱਖਣਾ ਚਾਹੀਦਾ ਹੈ, ਜਿਸ ਨਾਲ ਕਮਰਾ ਖੁੱਲ੍ਹਾ-ਖੁੱਲ੍ਹਾ ਲੱਗਦਾ ਹੈ। ਸੋ ਘਰ ਦੀ ਬਣਤਰ ਅਤੇ ਉਸ ਵਿਚ ਰੱਖਿਆ ਸਾਮਾਨ ਘਰ ਦੇ ਕਮਰਿਆਂ ਦੇ ਅਨੁਪਾਤ ਵਿਚ ਹੀ ਹੋਣਾ ਚਾਹੀਦਾ ਹੈ, ਤਾਂ ਹੀ ਘਰ ਸੋਹਣਾ ਦਿਖੇਗਾ; ਨਹੀਂ ਤਾਂ ਘਰ ਅਤੇ ਚੀਜ਼ਾਂ ’ਤੇ ਲਾਇਆ ਧਨ ਬੇਕਾਰ ਹੀ ਲੱਗਦਾ ਹੈ।

Exam Tips:

a) ਵੱਡੇ ਅਤੇ ਛੋਟੇ ਕਮਰੇ ਦੀਆਂ ਦੋ ਵੱਖ-ਵੱਖ ਉਦਾਹਰਨਾਂ ਲਿਖੋ।
b) ਅਨੁਪਾਤ = ਕਮਰੇ ਅਤੇ ਸਾਮਾਨ ਦਾ ਆਪਸੀ ਸੰਬੰਧ।

 

Question 6: ਡਿਜ਼ਾਈਨ ਵਿਚ ਲੈਅ ਕਿਵੇਂ ਪੈਦਾ ਕੀਤੀ ਜਾ ਸਕਦੀ ਹੈ?

Answer:

ਕਿਸੇ ਵੀ ਡਿਜ਼ਾਈਨ ਵਿਚ ਲੈਅ ਹੇਠ ਲਿਖੇ ਤਰੀਕਿਆਂ ਨਾਲ ਪੈਦਾ ਕੀਤੀ ਜਾ ਸਕਦੀ ਹੈ-
ਦੁਹਰਾਉਣ ਨਾਲ (Repetition): ਰੰਗ, ਰੇਖਾਵਾਂ ਜਾਂ ਆਕਾਰ ਨੂੰ ਦੁਹਰਾਉਣ ਨਾਲ ਉਸ ਚੀਜ਼ ਜਾਂ ਥਾਂ ਦੇ ਵੱਖ-ਵੱਖ ਹਿੱਸਿਆਂ ਵਿਚ ਤਾਲ-ਮੇਲ ਪੈਦਾ ਹੁੰਦਾ ਹੈ।
ਦਰਜਾਬੰਦੀ (Gradation): ਜਦੋਂ ਵੱਖ-ਵੱਖ ਚੀਜ਼ਾਂ ਨੂੰ ਆਕਾਰ ਦੇ ਹਿਸਾਬ ਨਾਲ ਇਕ ਲੜੀ ਵਿਚ ਰੱਖਿਆ ਜਾਂਦਾ ਹੈ, ਤਾਂ ਵੀ ਲੈਅ ਪੈਦਾ ਹੁੰਦੀ ਹੈ।
ਪ੍ਰਤੀਕੂਲਤਾ (Opposition): ਜਦੋਂ ਰੇਖਾਵਾਂ ਇਕ-ਦੂਜੇ ਨਾਲ ਸਹੀ ਕੋਣਾਂ ’ਤੇ ਆਉਣ ਤਾਂ ਲੈਅ ਆਉਂਦੀ ਹੈ। ਵਰਗਾਕਾਰ ਅਤੇ ਆਇਤਾਕਾਰ ਫ਼ਰਨੀਚਰ ਇਸ ਦੀ ਇਕ ਉਦਾਹਰਨ ਹੈ।
ਰੇਡੀਏਸ਼ਨ (Radiation): ਜਦੋਂ ਰੇਖਾਵਾਂ ਇਕ ਕੇਂਦਰੀ ਬਿੰਦੂ ਤੋਂ ਬਾਹਰ ਨੂੰ ਆਉਣ ਤਾਂ ਇਸ ਨੂੰ ਰੇਡੀਏਸ਼ਨ ਕਿਹਾ ਜਾਂਦਾ ਹੈ।
ਸਮਾਨਾਂਤਰ (Parallel): ਜਦੋਂ ਰੇਖਾਵਾਂ ਇਕ-ਦੂਜੇ ਦੇ ਸਮਾਨਾਂਤਰ ਅਤੇ ਆਹਮੋ-ਸਾਹਮਣੇ ਹੁੰਦੀਆਂ ਹਨ।

Exam Tips:

a) ਪੰਜ ਤਰੀਕੇ ਅੰਗਰੇਜ਼ੀ ਨਾਂਵਾਂ ਸਮੇਤ ਲਿਖੋ।
b) ਹਰ ਤਰੀਕੇ ਨਾਲ ਇਕ ਛੋਟੀ ਉਦਾਹਰਨ ਜੋੜੋ।

 

Question 7: ਪ੍ਰਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ ਕਿਹੜੇ ਹਨ? ਜਾਂ ਮੁੱਢਲੇ ਰੰਗਾਂ ਤੋਂ ਕੀ ਭਾਵ ਹੈ?

Answer:

ਪ੍ਰਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ ਪੀਲਾ, ਨੀਲਾ ਅਤੇ ਲਾਲ ਹਨ। ਇਹ ਤਿੰਨੋਂ ਰੰਗ ਹੋਰ ਰੰਗਾਂ ਨੂੰ ਮਿਲਾ ਕੇ ਨਹੀਂ ਬਣਦੇ, ਇਸ ਲਈ ਇਨ੍ਹਾਂ ਨੂੰ ਪ੍ਰਾਥਮਿਕ ਜਾਂ ਪਹਿਲੇ ਦਰਜੇ ਦੇ ਰੰਗ ਕਿਹਾ ਜਾਂਦਾ ਹੈ।

Exam Tips:

a) ਤਿੰਨੇ ਰੰਗਾਂ ਦੇ ਨਾਂ ਲਿਖੋ ਅਤੇ ਕਾਰਨ ਦੱਸੋ ਕਿ ਇਹ ਹੋਰ ਰੰਗ ਮਿਲਾ ਕੇ ਨਹੀਂ ਬਣਦੇ।

 

Question 8: ਉਦਾਸੀਨ ਰੰਗ ਕਿਹੜੇ-ਕਿਹੜੇ ਹਨ?

Answer:

ਕਾਲਾ, ਸਲੇਟੀ ਅਤੇ ਚਿੱਟਾ ਉਦਾਸੀਨ ਰੰਗ ਹਨ। ਇਨ੍ਹਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ।

Exam Tips:

a) ਤਿੰਨੇ ਰੰਗ ਲਿਖੋ ਅਤੇ ਇਹ ਵੀ ਕਿ ਇਹ ਹਰ ਰੰਗ ਨਾਲ ਮਿਲ ਸਕਦੇ ਹਨ।

 

Question 9: ਵਿਰੋਧੀ ਰੰਗ ਯੋਜਨਾ ਤੋਂ ਤੁਸੀਂ ਕੀ ਸਮਝਦੇ ਹੋ?

Answer:

ਵਿਰੋਧੀ ਰੰਗ ਯੋਜਨਾ ਵਿਚ ਇਕ-ਦੂਜੇ ਦੇ ਉਲਟ ਰੰਗ ਵਰਤੇ ਜਾਂਦੇ ਹਨ, ਜਿਵੇਂ ਰੰਗ ਚੱਕਰ ਵਿਚ ਵਿਖਾਇਆ ਗਿਆ ਹੈ। ਜਿਵੇਂ ਲਾਲ ਤੇ ਹਰਾ, ਪੀਲਾ ਅਤੇ ਜਾਮਨੀ ਜਾਂ ਸੰਤਰੀ ਅਤੇ ਨੀਲਾ ਆਦਿ।

Exam Tips:

a) ਰੰਗ ਚੱਕਰ ਦੇ ਆਹਮੋ-ਸਾਹਮਣੇ ਵਾਲੇ ਰੰਗਾਂ ਦੀਆਂ ਤਿੰਨ ਜੋੜੀਆਂ ਲਿਖੋ।

 

Question 10: ਸੰਬੰਧਿਤ ਵਿਉਂਤ ਤੋਂ ਤੁਸੀਂ ਕੀ ਸਮਝਦੇ ਹੋ?

Answer:

ਜਦੋਂ ਰੰਗਾਂ ਦੇ ਚੱਕਰ ਦੇ ਨਾਲ ਲੱਗਦੇ ਰੰਗਾਂ ਦੀ ਚੋਣ ਕੀਤੀ ਜਾਵੇ ਤਾਂ ਇਸ ਨੂੰ ਸੰਬੰਧਿਤ ਵਿਉਂਤ ਕਿਹਾ ਜਾਂਦਾ ਹੈ। ਇਸ ਵਿਉਂਤ ਵਿਚ ਵੱਧ ਤੋਂ ਵੱਧ ਤਿੰਨ ਰੰਗ ਵਰਤੇ ਜਾਂਦੇ ਹਨ, ਜਿਵੇਂ ਨੀਲਾ, ਹਰਾ-ਨੀਲਾ ਅਤੇ ਨੀਲਾ-ਜਾਮਨੀ। ਇਸ ਦੀ ਇਕਸਾਰਤਾ ਨੂੰ ਤੋੜਨ ਲਈ ਰੰਗ ਚੱਕਰ ਦੇ ਦੂਸਰੇ ਪਾਸੇ ਦੇ ਰੰਗ, ਜਿਵੇਂ ਸੰਤਰੀ ਜਾਂ ਸੰਤਰੀ-ਪੀਲਾ, ਛੋਟੀਆਂ ਚੀਜ਼ਾਂ ਲਈ ਵਰਤੇ ਜਾ ਸਕਦੇ ਹਨ।

Exam Tips:

a) “ਵੱਧ ਤੋਂ ਵੱਧ ਤਿੰਨ ਰੰਗ” ਵਾਲੀ ਗੱਲ ਜ਼ਰੂਰ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 11: ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ ਹਨ? ਰੂਪ ਅਤੇ ਆਕਾਰ ਕਿਵੇਂ ਡਿਜ਼ਾਈਨ ਨੂੰ ਪ੍ਰਭਾਵਿਤ ਕਰਦੇ ਹਨ?

Answer:

ਕੋਈ ਵੀ ਮਕਾਨ ਜਾਂ ਚੀਜ਼ ਬਣਾਉਣ ਲਈ ਪਹਿਲਾਂ ਉਸ ਦਾ ਡਿਜ਼ਾਈਨ ਤਿਆਰ ਕੀਤਾ ਜਾਂਦਾ ਹੈ ਅਤੇ ਹਰ ਡਿਜ਼ਾਈਨ ਤਿਆਰ ਕਰਨ ਲਈ ਉਸ ਦੇ ਮੂਲ ਤੱਤਾਂ ਦਾ ਪਤਾ ਹੋਣਾ ਚਾਹੀਦਾ ਹੈ। ਇਹ ਹਨ: 1. ਰੇਖਾਵਾਂ (ਸਿੱਧੀਆਂ, ਲੇਟਵੀਆਂ, ਤਿਰਛੀਆਂ ਅਤੇ ਗੋਲ ਰੇਖਾਵਾਂ), 2. ਰੂਪ ਅਤੇ ਆਕਾਰ, 3. ਰੰਗ, 4. ਬਣਤਰ।
ਰੂਪ ਅਤੇ ਆਕਾਰ (Shape and Size): ਇਨ੍ਹਾਂ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਰੇਖਾਵਾਂ ਨੂੰ ਮਿਲਾ ਕੇ ਹੀ ਕਿਸੇ ਚੀਜ਼ ਨੂੰ ਰੂਪ ਅਤੇ ਆਕਾਰ ਦਿੱਤਾ ਜਾਂਦਾ ਹੈ। ਅੱਜ-ਕੱਲ੍ਹ ਕਮਰਿਆਂ ਨੂੰ ਵੱਡਾ ਵਿਖਾਉਣ ਲਈ ਵੱਡੀਆਂ-ਵੱਡੀਆਂ ਖਿੜਕੀਆਂ ਰੱਖੀਆਂ ਜਾਂਦੀਆਂ ਹਨ ਤਾਂ ਕਿ ਅੰਦਰ ਅਤੇ ਬਾਹਰ ਮਿਲਦੇ ਨਜ਼ਰ ਆਉਣ। ਕਮਰੇ ਦਾ ਆਕਾਰ, ਛੱਤ ਦੀ ਉਚਾਈ ਅਤੇ ਦਰਵਾਜ਼ੇ-ਖਿੜਕੀਆਂ ਕਮਰੇ ਵਿਚ ਰੱਖਣ ਵਾਲੇ ਫ਼ਰਨੀਚਰ ਨੂੰ ਪ੍ਰਭਾਵਿਤ ਕਰਦੇ ਹਨ। ਕਮਰੇ ਵਿਚਲਾ ਫ਼ਰਨੀਚਰ, ਪਰਦੇ, ਕਾਲੀਨ ਅਤੇ ਹੋਰ ਸਾਮਾਨ ਕਮਰੇ ਨੂੰ ਛੋਟਾ ਕਰਦੇ ਹਨ।
ਜੇਕਰ ਕਿਸੇ ਕਮਰੇ ਨੂੰ ਕੰਮ ਦੇ ਮੁਤਾਬਕ ਵੰਡ ਦਿੱਤਾ ਜਾਏ, ਜਿਵੇਂ ਇਕ ਹਿੱਸਾ ਬੈਠਣ ਦਾ, ਇਕ ਖਾਣਾ ਖਾਣ ਦਾ ਅਤੇ ਇਕ ਪੜ੍ਹਨ ਦਾ, ਤਾਂ ਉਹ ਕਮਰਾ ਛੋਟਾ ਲੱਗਣ ਲੱਗ ਜਾਂਦਾ ਹੈ। ਕਮਰੇ ਨੂੰ ਵੱਡਾ ਦਿਖਾਉਣ ਲਈ ਇਸ ਦੇ ਘੱਟ ਤੋਂ ਘੱਟ ਹਿੱਸੇ ਕਰੋ, ਛੋਟਾ ਅਤੇ ਹਲਕਾ ਫ਼ਰਨੀਚਰ, ਘੱਟ ਸਜਾਵਟ ਦਾ ਸਾਮਾਨ ਅਤੇ ਹਲਕੇ ਰੰਗ ਵਰਤੋ। ਪਤਲੀਆਂ ਲੱਤਾਂ ਵਾਲੇ ਫ਼ਰਨੀਚਰ ਨਾਲ ਕਮਰਾ ਵੱਡਾ ਲੱਗਦਾ ਹੈ, ਕਿਉਂਕਿ ਫ਼ਰਨੀਚਰ ਦੇ ਹੇਠਾਂ ਫ਼ਰਸ਼ ਦਾ ਜ਼ਿਆਦਾ ਹਿੱਸਾ ਦਿਖਾਈ ਦਿੰਦਾ ਰਹਿੰਦਾ ਹੈ।

Exam Tips:

a) ਪਹਿਲਾਂ ਚਾਰ ਮੂਲ ਅੰਸ਼ ਗਿਣਾਓ, ਫਿਰ ਰੂਪ ਅਤੇ ਆਕਾਰ ਦਾ ਪ੍ਰਭਾਵ ਲਿਖੋ।
b) ਕਮਰਾ ਵੱਡਾ ਦਿਖਾਉਣ ਦੇ ਤਰੀਕੇ ਬਿੰਦੂਆਂ ਵਿਚ ਲਿਖੋ।

 

Question 12: ਲਾਈਨਾਂ ਕਿਹੋ ਜਿਹੀਆਂ ਹੋ ਸਕਦੀਆਂ ਹਨ ਅਤੇ ਡਿਜ਼ਾਈਨ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ?

Answer:

ਹਰ ਡਿਜ਼ਾਈਨ ਵਿਚ ਕਈ ਤਰ੍ਹਾਂ ਦੀਆਂ ਲਾਈਨਾਂ ਹੁੰਦੀਆਂ ਹਨ, ਪਰ ਇਨ੍ਹਾਂ ਵਿਚੋਂ ਕੁੱਝ ਜ਼ਿਆਦਾ ਉੱਭਰੀਆਂ ਹੁੰਦੀਆਂ ਹਨ, ਜਿਸ ਨਾਲ ਡਿਜ਼ਾਈਨ ਵਿਚ ਭਿੰਨਤਾ ਆਉਂਦੀ ਹੈ। ਰੇਖਾਵਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਜਿਵੇਂ ਸਿੱਧੀਆਂ, ਲੇਟਵੀਆਂ, ਤਿਰਛੀਆਂ, ਗੋਲ ਅਤੇ ਕੋਣ। ਫ਼ਰਨੀਚਰ ਦੇ ਡਿਜ਼ਾਈਨ, ਸਜਾਵਟ ਦੇ ਸਾਮਾਨ ਦੇ ਡਿਜ਼ਾਈਨ, ਤਸਵੀਰਾਂ ਨੂੰ ਕੰਧਾਂ ’ਤੇ ਲਾਉਣ ਦੇ ਢੰਗ ਜਾਂ ਕਮਰੇ ਵਿਚ ਫ਼ਰਨੀਚਰ ਰੱਖਣ ਦੇ ਡਿਜ਼ਾਈਨ ਵਿਚ ਰੇਖਾਵਾਂ ਆਪਣਾ ਪ੍ਰਭਾਵ ਵਿਖਾਉਂਦੀਆਂ ਹਨ। ਇਨ੍ਹਾਂ ਲਾਈਨਾਂ ਦਾ ਪ੍ਰਭਾਵ ਉਹੀ ਪੈਣਾ ਚਾਹੀਦਾ ਹੈ ਜੋ ਤੁਸੀਂ ਚਾਹੁੰਦੇ ਹੋ। ਜੇ ਕਮਰੇ ਨੂੰ ਅਰਾਮਦਾਇਕ ਬਣਾਉਣਾ ਹੈ ਤਾਂ ਲੇਟਵੀਆਂ ਲਾਈਨਾਂ ਵਰਤਣੀਆਂ ਚਾਹੀਦੀਆਂ ਹਨ ਅਤੇ ਜੇ ਛੱਤ ਨੂੰ ਉੱਚਾ ਵਿਖਾਉਣਾ ਹੈ ਤਾਂ ਸਿੱਧੀਆਂ ਲੰਮੀਆਂ ਲਾਈਨਾਂ ਵਾਲੇ ਪਰਦੇ ਵਰਤਣੇ ਚਾਹੀਦੇ ਹਨ। ਗੋਲ ਰੇਖਾਵਾਂ ਪ੍ਰਸੰਨਤਾ ਅਤੇ ਜਸ਼ਨ ਨੂੰ ਪ੍ਰਗਟਾਉਂਦੀਆਂ ਹਨ, ਜਦਕਿ ਕੋਣ ਵਾਲੀਆਂ ਰੇਖਾਵਾਂ ਉਤੇਜਿਤ ਕਰਨ ਵਾਲੀਆਂ ਹੁੰਦੀਆਂ ਹਨ।

Exam Tips:

a) ਪੰਜ ਕਿਸਮਾਂ ਦੀਆਂ ਰੇਖਾਵਾਂ ਨਾਲ ਉਨ੍ਹਾਂ ਦਾ ਪ੍ਰਭਾਵ ਲਿਖੋ।
b) ਲੇਟਵੀਆਂ ਰੇਖਾਵਾਂ = ਆਰਾਮ, ਸਿੱਧੀਆਂ = ਛੱਤ ਉੱਚੀ ਦਿਖਾਉਣ ਲਈ।

 

Question 13: ਪਰੈਂਗ ਦੀ ਰੰਗ ਪ੍ਰਣਾਲੀ ਕੀ ਹੈ?

Answer:

ਪਰੈਂਗ ਦੇ ਅਨੁਸਾਰ ਸਾਰੇ ਰੰਗ ਮੁੱਢਲੇ ਤਿੰਨ ਰੰਗਾਂ, ਪੀਲਾ, ਨੀਲਾ ਅਤੇ ਲਾਲ ਤੋਂ ਬਣਦੇ ਹਨ। ਇਹ ਤਿੰਨ ਰੰਗ ਹੋਰ ਰੰਗਾਂ ਨੂੰ ਮਿਲਾ ਕੇ ਨਹੀਂ ਬਣਾਏ ਜਾ ਸਕਦੇ, ਇਸ ਲਈ ਇਨ੍ਹਾਂ ਨੂੰ ਪ੍ਰਾਥਮਿਕ (ਪਹਿਲੇ) ਦਰਜੇ ਦੇ ਰੰਗ ਕਿਹਾ ਜਾਂਦਾ ਹੈ। ਜਦੋਂ ਦੋ ਪ੍ਰਾਥਮਿਕ ਰੰਗਾਂ ਨੂੰ ਇਕੋ ਜਿੰਨੀ ਮਾਤਰਾ ਵਿਚ ਮਿਲਾਇਆ ਜਾਏ ਤਾਂ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ:
ਪੀਲਾ + ਨੀਲਾ = ਹਰਾ
ਨੀਲਾ + ਲਾਲ = ਜਾਮਨੀ
ਲਾਲ + ਪੀਲਾ = ਸੰਤਰੀ
ਇਨ੍ਹਾਂ ਛੇ ਰੰਗਾਂ ਨੂੰ ਆਧਾਰ ਰੰਗ ਕਿਹਾ ਜਾਂਦਾ ਹੈ। ਇਕ ਪ੍ਰਾਥਮਿਕ ਅਤੇ ਉਸ ਦੇ ਨਾਲ ਲੱਗਦੇ ਇਕ ਦੂਸਰੇ ਦਰਜੇ ਦੇ ਰੰਗ ਨੂੰ ਮਿਲਾ ਕੇ ਜੋ ਰੰਗ ਬਣਦੇ ਹਨ, ਉਨ੍ਹਾਂ ਨੂੰ ਤੀਸਰੇ ਦਰਜੇ ਦੇ ਰੰਗ ਕਿਹਾ ਜਾਂਦਾ ਹੈ:
ਪੀਲਾ + ਹਰਾ = ਪੀਲਾ-ਹਰਾ
ਨੀਲਾ + ਹਰਾ = ਨੀਲਾ-ਹਰਾ
ਨੀਲਾ + ਜਾਮਨੀ = ਨੀਲਾ-ਜਾਮਨੀ
ਲਾਲ + ਜਾਮਨੀ = ਲਾਲ-ਜਾਮਨੀ
ਲਾਲ + ਸੰਤਰੀ = ਲਾਲ-ਸੰਤਰੀ
ਪੀਲਾ + ਸੰਤਰੀ = ਪੀਲਾ-ਸੰਤਰੀ
ਇਸ ਪ੍ਰਕਾਰ ਤਿੰਨ ਪ੍ਰਾਥਮਿਕ, ਤਿੰਨ ਦੂਸਰੇ ਦਰਜੇ ਦੇ ਅਤੇ ਛੇ ਤੀਸਰੇ ਦਰਜੇ ਦੇ ਰੰਗ ਹੁੰਦੇ ਹਨ। ਇਨ੍ਹਾਂ ਰੰਗਾਂ ਦਾ ਆਪਸੀ ਅਨੁਪਾਤ ਵਧਾ-ਘਟਾ ਕੇ ਅਨੇਕਾਂ ਰੰਗ ਬਣਾਏ ਜਾ ਸਕਦੇ ਹਨ। ਇਨ੍ਹਾਂ ਰੰਗਾਂ ਵਿਚ ਚਿੱਟਾ ਰੰਗ ਮਿਲਾਉਣ ਨਾਲ ਰੰਗ ਦੀ ਭਾਅ (ਹਲਕਾ ਰੰਗ) ਬਣਦੀ ਹੈ, ਜਿਵੇਂ ਲਾਲ + ਚਿੱਟਾ = ਗੁਲਾਬੀ, ਨੀਲਾ + ਚਿੱਟਾ = ਅਸਮਾਨੀ। ਗੁਲਾਬੀ ਅਤੇ ਅਸਮਾਨੀ, ਲਾਲ ਅਤੇ ਨੀਲੇ ਰੰਗ ਦੀ ਭਾਅ ਹਨ। ਕਿਸੇ ਵੀ ਰੰਗ ਵਿਚ ਕਾਲਾ ਰੰਗ ਮਿਲਾਉਣ ਨਾਲ ਉਸ ਵਿਚ ਗਹਿਰਾਈ ਆ ਜਾਂਦੀ ਹੈ, ਜਿਵੇਂ ਲਾਲ + ਕਾਲਾ = ਲਾਖਾ। ਕਾਲਾ, ਸਲੇਟੀ (ਗਰੇ) ਅਤੇ ਚਿੱਟੇ ਨੂੰ ਉਦਾਸੀਨ (neutral) ਰੰਗ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ।

Exam Tips:

a) ਰੰਗਾਂ ਦੇ ਮੇਲ ਸਮੀਕਰਨ ਦੇ ਰੂਪ ਵਿਚ (ਪੀਲਾ + ਨੀਲਾ = ਹਰਾ) ਲਿਖੋ।
b) 3 ਪ੍ਰਾਥਮਿਕ, 3 ਦੂਸਰੇ ਅਤੇ 6 ਤੀਸਰੇ ਦਰਜੇ ਦੇ ਰੰਗਾਂ ਦੀ ਗਿਣਤੀ ਜ਼ਰੂਰ ਲਿਖੋ।

 

Question 14: ਘਰਾਂ ਵਿਚ ਰੰਗਾਂ ਸੰਬੰਧੀ ਕਿਹੋ ਜਿਹੀ ਵਿਉਂਤ ਬਣਾਈ ਜਾ ਸਕਦੀ ਹੈ?

Answer:

ਘਰਾਂ ਵਿਚ ਆਮ ਤੌਰ ’ਤੇ ਰੰਗਾਂ ਨਾਲ ਤਿੰਨ ਤਰ੍ਹਾਂ ਦੀ ਵਿਉਂਤ ਬਣਾਈ ਜਾ ਸਕਦੀ ਹੈ-
ਇਕ ਰੰਗ ਦੀ ਵਿਉਂਤ: ਇਸ ਵਿਚ ਇਕ ਹੀ ਰੰਗ ਦੇ ਵੱਖ-ਵੱਖ ਭਾਅ/ਗੂੜ੍ਹੇ/ਫਿੱਕੇ ਰੰਗ ਵਰਤੇ ਜਾਂਦੇ ਹਨ, ਜਿਵੇਂ ਨੀਲੇ ਜਾਂ ਲਾਲ ਦੇ ਗੂੜ੍ਹੇ ਤੇ ਹਲਕੇ ਭਾਅ ਵਾਲੇ ਰੰਗ। ਇਸੇ ਰੰਗ ਵਿਚ ਪ੍ਰਿੰਟ ਵੀ ਵਰਤਿਆ ਜਾ ਸਕਦਾ ਹੈ। ਰੰਗ ਦੀ ਇਕਸਾਰਤਾ ਨੂੰ ਤੋੜਨ ਲਈ ਕੁਸ਼ਨ ਕਵਰ ਜਾਂ ਲੈਂਪ ਸ਼ੇਡ ਆਦਿ ਪੀਲੇ, ਹਰੇ ਜਾਂ ਭੂਰੇ ਰੰਗ ਦੇ ਵਰਤੇ ਜਾ ਸਕਦੇ ਹਨ।
ਵਿਰੋਧੀ ਰੰਗ ਯੋਜਨਾ: ਇਹ ਯੋਜਨਾ ਕਾਫ਼ੀ ਪ੍ਰਚਲਿਤ ਹੈ। ਇਸ ਵਿਚ ਰੰਗ ਚੱਕਰ ਦੇ ਆਹਮੋ-ਸਾਹਮਣੇ ਵਾਲੇ ਰੰਗ ਵਰਤੇ ਜਾਂਦੇ ਹਨ, ਜਿਵੇਂ ਪੀਲਾ ਤੇ ਜਾਮਨੀ, ਲਾਲ ਤੇ ਹਰਾ ਜਾਂ ਸੰਤਰੀ ਤੇ ਨੀਲਾ।
ਸੰਬੰਧਿਤ ਰੰਗ ਵਿਉਂਤ: ਜਦੋਂ ਰੰਗ ਚੱਕਰ ਦੇ ਨਾਲ-ਨਾਲ ਦੇ ਰੰਗ ਵਰਤੇ ਜਾਣ ਤਾਂ ਇਸ ਨੂੰ ਸੰਬੰਧਿਤ ਵਿਉਂਤ ਕਹਿੰਦੇ ਹਨ। ਇਸ ਵਿਚ ਵੱਧ ਤੋਂ ਵੱਧ ਤਿੰਨ ਰੰਗ ਵਰਤੇ ਜਾਂਦੇ ਹਨ, ਜਿਵੇਂ ਨੀਲਾ, ਹਰਾ-ਨੀਲਾ ਅਤੇ ਜਾਮਨੀ-ਨੀਲਾ। ਇਕਸਾਰਤਾ ਤੋੜਨ ਲਈ ਰੰਗ ਚੱਕਰ ਦੇ ਦੂਜੇ ਪਾਸੇ ਦੇ ਰੰਗ, ਜਿਵੇਂ ਸੰਤਰੀ ਅਤੇ ਸੰਤਰੀ-ਪੀਲਾ, ਕੁੱਝ ਛੋਟੀਆਂ ਚੀਜ਼ਾਂ ਜਿਵੇਂ ਕੁਸ਼ਨ ਜਾਂ ਲੈਂਪ ਸ਼ੇਡ ਲਈ ਵਰਤੇ ਜਾ ਸਕਦੇ ਹਨ।

Exam Tips:

a) ਤਿੰਨੇ ਵਿਉਂਤਾਂ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਹਰ ਵਿਉਂਤ ਦੀ ਇਕ ਉਦਾਹਰਨ ਜ਼ਰੂਰ ਦਿਓ।

 

Question 15: ਉਪਚਾਰਿਕ ਅਤੇ ਅਣਉਪਚਾਰਿਕ ਸੰਤੁਲਨ ਵਿਚ ਕੀ ਅੰਤਰ ਹੈ ਅਤੇ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ?

Answer:

ਉਪਚਾਰਿਕ ਸੰਤੁਲਨ ਨੂੰ ਸਮਿਟਰੀਕਲ, ਭਾਵ ਬਰਾਬਰ ਦਾ ਸੰਤੁਲਨ ਵੀ ਕਿਹਾ ਜਾਂਦਾ ਹੈ। ਜਦੋਂ ਕਿਸੇ ਡਿਜ਼ਾਈਨ ਜਾਂ ਕਮਰੇ ਵਿਚ ਰੇਖਾ, ਰੰਗ ਅਤੇ ਸਥਾਨ ਇਕੋ ਜਿਹੇ ਹੋਣ ਜਾਂ ਇਕੋ ਜਿਹੇ ਲੱਗਣ, ਤਾਂ ਪੂਰਾ ਉਪਚਾਰਿਕ ਸੰਤੁਲਨ ਹੁੰਦਾ ਹੈ। ਇਹ ਸੰਤੁਲਨ ਸ਼ਾਂਤੀ ਦੀ ਭਾਵਨਾ ਪੈਦਾ ਕਰਦਾ ਹੈ, ਪਰ ਕਦੇ-ਕਦੇ ਥਕਾਊ (monotonous) ਵੀ ਹੋ ਜਾਂਦਾ ਹੈ। ਇਸ ਨੂੰ ਸੀ-ਸਾਅ (See-Saw) ਝੂਲੇ ਦੇ ਰੂਪ ਵਿਚ ਸਪੱਸ਼ਟ ਕੀਤਾ ਜਾ ਸਕਦਾ ਹੈ, ਜਿਸ ਵਿਚ ਇਕੋ ਜਿਹੇ ਭਾਰ ਦੇ ਦੋ ਬੱਚੇ ਕੇਂਦਰ ਤੋਂ ਬਰਾਬਰ ਦੂਰੀ ’ਤੇ ਬੈਠੇ ਹੋਣ। ਜਿਵੇਂ ਖਾਣੇ ਵਾਲੇ ਮੇਜ਼ ਦੇ ਆਸ-ਪਾਸ ਇਕੋ ਡਿਜ਼ਾਈਨ ਦੀਆਂ ਕੁਰਸੀਆਂ ਇਕੋ ਜਿੰਨੇ ਫ਼ਾਸਲੇ ’ਤੇ ਰੱਖਣਾ।
ਅਣਉਪਚਾਰਿਕ ਸੰਤੁਲਨ ਨੂੰ ਅਸਮਿਟਰੀਕਲ ਸੰਤੁਲਨ ਵੀ ਕਿਹਾ ਜਾਂਦਾ ਹੈ। ਇਹ ਸੰਤੁਲਨ ਚੀਜ਼ਾਂ ਦੀ ਬਨਾਵਟ ਤੋਂ ਇਲਾਵਾ ਉਨ੍ਹਾਂ ਦੇ ਰੰਗ, ਨਮੂਨੇ ਅਤੇ ਕੇਂਦਰ ਬਿੰਦੂ ਤੋਂ ਦੂਰ ਜਾਂ ਨੇੜੇ ਰੱਖ ਕੇ ਵੀ ਪੈਦਾ ਕੀਤਾ ਜਾਂਦਾ ਹੈ। ਇਹ ਸੰਤੁਲਨ ਪੈਦਾ ਕਰਨਾ ਮੁਸ਼ਕਿਲ ਹੈ, ਪਰ ਜੇ ਠੀਕ ਹੋਵੇ ਤਾਂ ਉਪਚਾਰਿਕ ਸੰਤੁਲਨ ਨਾਲੋਂ ਵਧੀਆ ਲੱਗਦਾ ਹੈ ਅਤੇ ਕੁਦਰਤੀ ਵੀ ਦਿਖਦਾ ਹੈ।

Exam Tips:

a) ਅੰਤਰ ਦੋ ਕਾਲਮਾਂ ਜਾਂ ਦੋ ਵੱਖ ਪੈਰਿਆਂ ਵਿਚ ਲਿਖੋ।
b) ਸੀ-ਸਾਅ ਝੂਲੇ ਦੀ ਉਦਾਹਰਨ ਨਾਲ ਉੱਤਰ ਸਪੱਸ਼ਟ ਹੋ ਜਾਂਦਾ ਹੈ।

 

ਨਿਬੰਧਾਤਮਕ ਪ੍ਰਸ਼ਨ

Question 16: ਡਿਜ਼ਾਈਨ ਦੇ ਮੂਲ ਸਿਧਾਂਤ ਕਿਹੜੇ ਹਨ? ਇਨ੍ਹਾਂ ਬਾਰੇ ਪਤਾ ਹੋਣਾ ਕਿਉਂ ਜ਼ਰੂਰੀ ਹੈ?

Answer:

ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ, ਚਾਹੇ ਮਕਾਨ ਹੋਵੇ, ਫ਼ਰਨੀਚਰ ਜਾਂ ਘਰ ਦਾ ਹੋਰ ਸਮਾਨ, ਤਾਂ ਉਸ ਦਾ ਇਕ ਨਮੂਨਾ ਤਿਆਰ ਕੀਤਾ ਜਾਂਦਾ ਹੈ, ਜਿਸ ਨੂੰ ਡਿਜ਼ਾਈਨ ਕਿਹਾ ਜਾਂਦਾ ਹੈ। ਡਿਜ਼ਾਈਨ ਵਿਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਨਮੂਨੇ ਵਿਚਲੇ ਤੱਤਾਂ ਦਾ ਇਕ-ਦੂਜੇ ਨਾਲ ਤਾਲ-ਮੇਲ ਹੋਵੇ, ਜਿਵੇਂ ਘਰ ਵਿਚ ਇਕ ਕਮਰੇ ਦਾ ਦੂਜੇ ਕਮਰੇ ਨਾਲ, ਕੰਧਾਂ, ਛੱਤਾਂ, ਖਿੜਕੀਆਂ ਅਤੇ ਦਰਵਾਜ਼ਿਆਂ ਦਾ ਆਪਸ ਵਿਚ। ਇਸੇ ਤਰ੍ਹਾਂ ਫ਼ਰਨੀਚਰ ਦਾ ਆਕਾਰ, ਰੇਖਾ, ਲੱਕੜ ਦਾ ਰੰਗ, ਕੱਪੜੇ ਦਾ ਰੰਗ, ਬੈਂਤ ਦਾ ਰੰਗ ਅਤੇ ਉਸ ਦੀ ਬੁਣਾਈ ਆਦਿ ਆਪਸ ਵਿਚ ਮਿਲਦੇ ਹੋਣੇ ਚਾਹੀਦੇ ਹਨ। ਜੇ ਇਕ ਕਮਰੇ ਦਾ ਸਾਰਾ ਸਾਮਾਨ ਆਪਸ ਵਿਚ ਮੇਲ ਖਾਂਦਾ ਹੋਵੇ ਤਾਂ ਹੀ ਵਧੀਆ ਡਿਜ਼ਾਈਨ ਹੋਵੇਗਾ ਜੋ ਵੇਖਣ ਵਿਚ ਸੁੰਦਰ ਲੱਗਦਾ ਹੈ। ਇਸ ਲਈ ਚੰਗਾ ਡਿਜ਼ਾਈਨ ਬਣਾਉਣ ਲਈ ਮੂਲ ਸਿਧਾਂਤਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਇਹ ਮੂਲ ਸਿਧਾਂਤ ਹਨ: 1. ਇਕਸੁਰਤਾ (Harmony), 2. ਅਨੁਪਾਤ (Proportion), 3. ਸੰਤੁਲਨ (Balance), 4. ਲੈਅ (Rhythm), 5. ਬਲ (Emphasis)।
1. ਇਕਸੁਰਤਾ (Harmony): ਇਕੋ ਤਰ੍ਹਾਂ ਦੀਆਂ ਚੀਜ਼ਾਂ, ਜਿਵੇਂ ਰੰਗ, ਇਕੋ ਤਰ੍ਹਾਂ ਦੀਆਂ ਲਾਈਨਾਂ, ਆਕਾਰ ਜਾਂ ਰਚਨਾ ਦੇ ਪ੍ਰਯੋਗ ਨਾਲ ਇਕਸੁਰਤਾ ਲਿਆਈ ਜਾ ਸਕਦੀ ਹੈ। ਪਰ ਜੇ ਕਮਰੇ ਦੀਆਂ ਸਾਰੀਆਂ ਚੀਜ਼ਾਂ ਇਕ ਹੀ ਰੰਗ, ਆਕਾਰ ਜਾਂ ਰਚਨਾ ਦੀਆਂ ਹੋਣ ਤਾਂ ਵੀ ਉਹ ਚੰਗਾ ਨਹੀਂ ਲੱਗਦਾ, ਇਸ ਲਈ ਭਿੰਨ-ਭਿੰਨ ਤਰ੍ਹਾਂ ਦੀਆਂ ਚੀਜ਼ਾਂ ਵਰਤਣੀਆਂ ਜ਼ਰੂਰੀ ਹਨ। ਪਰ ਜੇ ਹਰ ਚੀਜ਼ ਹੀ ਅਲੱਗ ਤਰ੍ਹਾਂ ਦੀ ਹੋਵੇ ਤਾਂ ਉਹ ਪਰੇਸ਼ਾਨੀ ਦਾ ਅਹਿਸਾਸ ਦੁਆਉਂਦੀ ਹੈ। ਜਦੋਂ ਡਿਜ਼ਾਈਨ ਦੇ ਸਾਰੇ ਅੰਸ਼ਾਂ ਵਿਚ ਇਕਸੁਰਤਾ ਹੋਵੇ ਤਾਂ ਉਹ ਇਕ ਸਮੁੱਚਾ ਡਿਜ਼ਾਈਨ ਜਾਪਦਾ ਹੈ ਅਤੇ ਚੰਗਾ ਸਮਝਿਆ ਜਾਂਦਾ ਹੈ। ਕਈ ਵਾਰ ਭਿੰਨ ਰੇਖਾਵਾਂ ਜਾਂ ਰੰਗਾਂ ਦੇ ਪ੍ਰਯੋਗ ਨਾਲ ਵੀ ਚੰਗਾ ਡਿਜ਼ਾਈਨ ਬਣਾਇਆ ਜਾ ਸਕਦਾ ਹੈ।
2. ਅਨੁਪਾਤ (Proportion): ਕਮਰੇ ਵਿਚ ਪਈਆਂ ਚੀਜ਼ਾਂ ਕਮਰੇ ਦੇ ਖੇਤਰਫਲ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ। ਸਾਰੀਆਂ ਚੀਜ਼ਾਂ ਦਾ ਆਪਸ ਵਿਚ ਅਤੇ ਕਮਰੇ ਦੇ ਅਨੁਸਾਰ ਅਨੁਪਾਤ ਠੀਕ ਹੋਣਾ ਚਾਹੀਦਾ ਹੈ। ਵੱਡੇ ਕਮਰੇ ਵਿਚ ਭਾਰਾ ਫ਼ਰਨੀਚਰ, ਗੂੜ੍ਹੇ ਰੰਗ, ਵੱਡੇ ਡਿਜ਼ਾਈਨ ਦੇ ਪਰਦੇ ਜਾਂ ਕਾਲੀਨ ਵਰਤੇ ਜਾ ਸਕਦੇ ਹਨ। ਪਰ ਜੇ ਕਮਰਾ ਛੋਟਾ ਹੋਵੇ ਤਾਂ ਉਸ ਵਿਚ ਹਲਕੇ ਰੰਗ, ਛੋਟਾ ਡਿਜ਼ਾਈਨ ਅਤੇ ਹਲਕਾ ਫ਼ਰਨੀਚਰ ਵਰਤਣਾ ਚਾਹੀਦਾ ਹੈ। ਛੋਟੇ ਕਮਰੇ ਵਿਚ ਲੱਕੜੀ, ਬੈਂਤ ਜਾਂ ਬਾਂਸ ਦੀਆਂ ਕੁਰਸੀਆਂ ਜਾਂ ਐਲੂਮੀਨੀਅਮ ਦੀਆਂ ਕੁਰਸੀਆਂ ਵਰਗਾ ਹਲਕਾ ਫ਼ਰਨੀਚਰ ਰੱਖਣ ਨਾਲ ਕਮਰਾ ਹੋਰ ਵੀ ਵੱਡਾ ਅਤੇ ਖੁੱਲ੍ਹਾ ਲੱਗੇਗਾ।
3. ਸੰਤੁਲਨ (Balance): ਇਹ ਸਿਧਾਂਤ ਡਿਜ਼ਾਈਨ ਵਿਚ ਉਸ ਦੇ ਹਿੱਸਿਆਂ ਦੀ ਸੰਤੋਸ਼ਜਨਕ ਵਿਵਸਥਾ ਦੁਆਰਾ ਪੂਰਨ ਸਥਿਰਤਾ ਲਿਆਉਂਦਾ ਹੈ। ਆਕਾਰਾਂ, ਰੰਗਾਂ ਅਤੇ ਬਣਤਰ ਨੂੰ ਇਕ ਕੇਂਦਰ ਬਿੰਦੂ ਦੇ ਚਾਰੇ ਪਾਸੇ ਇਕ ਪ੍ਰਕਾਰ ਦਾ ਸਮੂਹ ਬਣਾ ਕੇ ਪ੍ਰਾਪਤ ਕੀਤਾ ਜਾਂਦਾ ਹੈ, ਤਾਂ ਕਿ ਕੇਂਦਰ ਦੇ ਹਰ ਪਾਸੇ ਇਕੋ ਜਿਹਾ ਆਕਰਸ਼ਣ ਰਹੇ। ਸੰਤੁਲਨ ਦੋ ਤਰ੍ਹਾਂ ਦਾ ਹੁੰਦਾ ਹੈ:
(ੳ) ਉਪਚਾਰਿਕ ਸੰਤੁਲਨ: ਜਦੋਂ ਇਕ ਕੇਂਦਰ ਬਿੰਦੂ ਦੇ ਸਾਰੇ ਪਾਸੇ ਦੀਆਂ ਚੀਜ਼ਾਂ ਹਰ ਲਿਹਾਜ਼ ਨਾਲ ਇਕੋ ਜਿਹੀਆਂ ਹੋਣ, ਜਿਵੇਂ ਖਾਣੇ ਵਾਲੇ ਮੇਜ਼ ਦੇ ਆਸ-ਪਾਸ ਇਕੋ ਤਰ੍ਹਾਂ ਦੀਆਂ ਕੁਰਸੀਆਂ ਮੇਜ਼ ਦੇ ਦੁਆਲੇ ਇਕੋ ਜਿਹੇ ਫ਼ਾਸਲੇ ’ਤੇ, ਜਾਂ ਇਕ ਵੱਡੇ ਸੋਫ਼ੇ ਦੇ ਆਸ-ਪਾਸ ਦੋ ਛੋਟੇ ਸੋਫ਼ੇ ਜਾਂ ਤਿਪਾਈਆਂ ਦਾ ਹੋਣਾ।
(ਅ) ਅਣਉਪਚਾਰਿਕ ਸੰਤੁਲਨ: ਇਹ ਸੰਤੁਲਨ ਚੀਜ਼ਾਂ ਦੀ ਬਨਾਵਟ ਤੋਂ ਇਲਾਵਾ ਉਨ੍ਹਾਂ ਦੇ ਰੰਗ ਜਾਂ ਨਮੂਨੇ ਨਾਲ ਜਾਂ ਚੀਜ਼ਾਂ ਨੂੰ ਕੇਂਦਰ ਬਿੰਦੂ ਤੋਂ ਨੇੜੇ ਜਾਂ ਦੂਰ ਰੱਖ ਕੇ ਪੈਦਾ ਕੀਤਾ ਜਾ ਸਕਦਾ ਹੈ। ਇਹ ਕਰਨਾ ਜ਼ਿਆਦਾ ਮੁਸ਼ਕਿਲ ਹੈ, ਪਰ ਜੇ ਚੰਗੀ ਤਰ੍ਹਾਂ ਕੀਤਾ ਜਾਏ ਤਾਂ ਇਹ ਉਪਚਾਰਿਕ ਸੰਤੁਲਨ ਤੋਂ ਵਧੇਰੇ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦਾ ਸੰਤੁਲਨ ਕੁਦਰਤੀ ਲੱਗਦਾ ਹੈ ਅਤੇ ਇਸ ਵਿਚ ਰਚਨਾਤਮਕ ਕਲਾ ਦਾ ਪ੍ਰਦਰਸ਼ਨ ਵੀ ਹੁੰਦਾ ਹੈ।
4. ਲੈਅ (Rhythm): ਜਦੋਂ ਤੁਸੀਂ ਕਿਸੇ ਕਮਰੇ ਦੇ ਅੰਦਰ ਜਾਂਦੇ ਹੋ ਤਾਂ ਤੁਹਾਡੀ ਨਜ਼ਰ ਇਕ ਥਾਂ ਤੋਂ ਦੂਸਰੀ ਥਾਂ ਤੱਕ ਜਾਂਦੀ ਹੈ। ਜਦੋਂ ਡਿਜ਼ਾਈਨ ਦੇ ਅੱਡ-ਅੱਡ ਅੰਸ਼ਾਂ ਵਿਚ ਜ਼ਿਆਦਾ ਭਿੰਨਤਾ ਨਾ ਹੋਵੇ ਅਤੇ ਸਾਡੀ ਨਜ਼ਰ ਇਕ ਥਾਂ ਤੋਂ ਦੂਸਰੀ ਥਾਂ ’ਤੇ ਆਸਾਨੀ ਨਾਲ ਘੁੰਮੇ, ਤਾਂ ਉਸ ਡਿਜ਼ਾਈਨ ਵਿਚ ਲੈਅ ਹੁੰਦੀ ਹੈ। ਲੈਅ ਕਈ ਪ੍ਰਕਾਰ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ: (ੳ) ਇਕੋ ਤਰ੍ਹਾਂ ਦੀਆਂ ਰੇਖਾਵਾਂ: ਕਮਰੇ ਵਿਚ ਕਈ ਤਰ੍ਹਾਂ ਦੀਆਂ ਰੇਖਾਵਾਂ ਹੁੰਦੀਆਂ ਹਨ, ਪਰ ਉਨ੍ਹਾਂ ਵਿਚੋਂ ਇਕ ਤਰ੍ਹਾਂ ਦੀਆਂ ਰੇਖਾਵਾਂ ਨੂੰ ਜ਼ਿਆਦਾ ਮਹੱਤਵ ਦੇਣਾ ਚਾਹੀਦਾ ਹੈ; ਇਹ ਦੇਖਣ ਨੂੰ ਜ਼ਿਆਦਾ ਅਰਾਮਦਾਇਕ ਪ੍ਰਤੀਤ ਹੁੰਦੀਆਂ ਹਨ। (ਅ) ਦੁਹਰਾਉਣਾ (Repetition): ਰੰਗ, ਰੇਖਾ, ਰਚਨਾ ਜਾਂ ਆਕਾਰ ਨੂੰ ਬਾਰ-ਬਾਰ ਦੁਹਰਾਉਣ ਨਾਲ ਵੀ ਲੈਅ ਪੈਦਾ ਹੁੰਦੀ ਹੈ, ਜਿਵੇਂ ਅੱਡ-ਅੱਡ ਤਰ੍ਹਾਂ ਦੀਆਂ ਤਸਵੀਰਾਂ ਨੂੰ ਇਕੋ ਜਿਹੇ ਫ਼ਰੇਮ ਵਿਚ ਜੜਵਾ ਕੇ ਇਕ ਕੇਂਦਰ ਬਿੰਦੂ ਦੇ ਆਸ-ਪਾਸ ਲਗਾਉਣਾ।
5. ਬਲ (Emphasis): ਬਲ ਤੋਂ ਭਾਵ ਕਿਸੇ ਇਕ ਰੁਚੀਕਰ ਬਿੰਦੂ ’ਤੇ ਜ਼ਿਆਦਾ ਬਲ ਦੇਣਾ, ਭਾਵ ਉਸ ਨੂੰ ਵੱਧ ਆਕਰਸ਼ਿਤ ਬਣਾਉਣਾ ਅਤੇ ਅਰੁਚੀਕਰ ਵਸਤਾਂ ’ਤੇ ਘੱਟ ਬਲ ਦੇਣਾ। ਜੇ ਕੋਈ ਡਿਜ਼ਾਈਨ ਪੂਰਾ ਸੰਤੁਲਿਤ ਹੋਵੇ ਪਰ ਫਿਰ ਵੀ ਫਿੱਕਾ ਲੱਗੇ, ਤਾਂ ਉਸ ਵਿਚ ਕੋਈ ਵਿਸ਼ੇਸ਼ ਬਿੰਦੂ ਨਹੀਂ ਹੈ ਜਿੱਥੇ ਧਿਆਨ ਕੇਂਦਰਿਤ ਹੋ ਸਕੇ, ਭਾਵ ਉਸ ਵਿਚ ਬਲ ਦੀ ਕਮੀ ਹੈ। ਕਮਰੇ ਵਿਚ ਵੜਦਿਆਂ ਜਿੱਥੇ ਸਭ ਤੋਂ ਪਹਿਲਾਂ ਧਿਆਨ ਜਾਵੇ ਅਤੇ ਫਿਰ ਮਹੱਤਵ ਦੇ ਕ੍ਰਮ ਅਨੁਸਾਰ ਹੋਰ ਥਾਂ ਟਿਕੇ, ਇਹ ਬਲ ਹੈ।

Exam Tips:

a) ਪਹਿਲਾਂ ਪੰਜ ਸਿਧਾਂਤਾਂ ਦੇ ਨਾਂ ਲਿਖੋ, ਫਿਰ ਹਰ ਇਕ ਦੀ ਵਿਆਖਿਆ।
b) ਸੰਤੁਲਨ ਦੀਆਂ ਦੋ ਕਿਸਮਾਂ ਵੱਖ ਸਿਰਲੇਖ ਨਾਲ ਲਿਖੋ।
c) ਸਿਧਾਂਤਾਂ ਦੀ ਲੋੜ ਇਹ ਹੈ ਕਿ ਇਨ੍ਹਾਂ ਨਾਲ ਚੰਗਾ ਡਿਜ਼ਾਈਨ ਬਣਦਾ ਹੈ।

 

Question 17: ਡਿਜ਼ਾਈਨ ਦੇ ਮੂਲ ਅੰਸ਼ ਕਿਹੜੇ ਹਨ? ਇਹ ਡਿਜ਼ਾਈਨ ਨੂੰ ਕਿਵੇਂ ਪ੍ਰਭਾਵਿਤ ਕਰਦੇ ਹਨ?

Answer:

ਜਦੋਂ ਵੀ ਕੋਈ ਚੀਜ਼ ਬਣਾਈ ਜਾਂਦੀ ਹੈ ਤਾਂ ਉਸ ਦਾ ਇਕ ਨਮੂਨਾ ਜਾਂ ਡਿਜ਼ਾਈਨ ਬਣਦਾ ਹੈ, ਭਾਵੇਂ ਉਹ ਕੁਰਸੀ, ਮੇਜ਼ ਹੋਵੇ ਜਾਂ ਮਕਾਨ। ਉਸ ਦੇ ਅਲੱਗ-ਅਲੱਗ ਹਿੱਸਿਆਂ ਦਾ ਆਪਸ ਵਿਚ ਤਾਲ-ਮੇਲ ਹੋਣਾ ਜ਼ਰੂਰੀ ਹੈ, ਜਿਵੇਂ ਕੁਰਸੀ ਦੀ ਲੱਕੜੀ, ਪਾਲਿਸ਼ ਦਾ ਰੰਗ, ਰਚਨਾ, ਬੈਂਤ ਦੀ ਬੁਣਾਈ ਜਾਂ ਉਸ ਉੱਤੇ ਚੜ੍ਹੇ ਕੱਪੜੇ ਦਾ ਰੰਗ, ਨਮੂਨਾ ਜਾਂ ਬਣਤਰ ਸਾਰੇ ਮਿਲ ਕੇ ਇਕ ਡਿਜ਼ਾਈਨ ਬਣਾਉਂਦੇ ਹਨ। ਘਰ ਦੇ ਵੱਖ-ਵੱਖ ਕਮਰੇ ਵੀ ਮਿਲ ਕੇ ਇਕ ਡਿਜ਼ਾਈਨ ਬਣਾਉਂਦੇ ਹਨ। ਇਕ ਕਮਰੇ ਦੀਆਂ ਸਾਰੀਆਂ ਚੀਜ਼ਾਂ ਦਾ ਆਪਸੀ ਤਾਲ-ਮੇਲ ਠੀਕ ਹੋਵੇ ਤਾਂ ਹੀ ਚੰਗਾ ਡਿਜ਼ਾਈਨ ਬਣੇਗਾ। ਰੇਖਾ, ਆਕਾਰ, ਰੰਗ, ਰੂਪ ਅਤੇ ਬਣਤਰ ਦੀ ਵਿਵਸਥਾ ਨਾਲ ਹੀ ਕੋਈ ਡਿਜ਼ਾਈਨ ਬਣਦਾ ਹੈ। ਡਿਜ਼ਾਈਨ ਦੇ ਮੂਲ ਅੰਸ਼ (Elements of Design) ਇਹ ਹਨ:
1. ਰੇਖਾਵਾਂ (Lines): ਹਰ ਡਿਜ਼ਾਈਨ ਵਿਚ ਕਈ ਤਰ੍ਹਾਂ ਦੀਆਂ ਰੇਖਾਵਾਂ ਹੁੰਦੀਆਂ ਹਨ, ਜਿਨ੍ਹਾਂ ਵਿਚੋਂ ਕੁੱਝ ਜ਼ਿਆਦਾ ਉਭਰੀਆਂ ਹੁੰਦੀਆਂ ਹਨ। ਰੇਖਾਵਾਂ ਸਾਡੀਆਂ ਭਾਵਨਾਵਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਚੁਣਨ ਵੇਲੇ ਸਾਵਧਾਨੀ ਵਰਤਣੀ ਚਾਹੀਦੀ ਹੈ।
(ੳ) ਸਿੱਧੀਆਂ ਰੇਖਾਵਾਂ: ਇਹ ਦ੍ਰਿੜ੍ਹਤਾ ਅਤੇ ਸਾਦਗੀ ਦੀਆਂ ਪ੍ਰਤੀਕ ਹੁੰਦੀਆਂ ਹਨ। ਇਨ੍ਹਾਂ ਦਾ ਜ਼ਿਆਦਾ ਪ੍ਰਯੋਗ ਗਿਰਜਾ ਘਰਾਂ ਵਿਚ ਕੀਤਾ ਜਾਂਦਾ ਹੈ। ਜੇ ਕਮਰੇ ਦੀ ਛੱਤ ਨੀਵੀਂ ਹੋਵੇ ਤਾਂ ਦਰਵਾਜ਼ਿਆਂ ਅਤੇ ਖਿੜਕੀਆਂ ’ਤੇ ਸਿੱਧੀਆਂ ਰੇਖਾਵਾਂ ਵਾਲੇ ਪਰਦੇ ਲਾ ਕੇ ਜ਼ਿਆਦਾ ਉਚਾਈ ਦਾ ਅਹਿਸਾਸ ਦਵਾਇਆ ਜਾ ਸਕਦਾ ਹੈ।
(ਅ) ਲੇਟਵੀਆਂ ਰੇਖਾਵਾਂ: ਇਹ ਸ਼ਾਂਤੀ ਅਤੇ ਅਰਾਮ ਦੀਆਂ ਪ੍ਰਤੀਕ ਹੁੰਦੀਆਂ ਹਨ ਅਤੇ ਥਕਾਵਟ ਦੂਰ ਕਰਨ ਵਾਲੀਆਂ ਸਮਝੀਆਂ ਜਾਂਦੀਆਂ ਹਨ। ਇਹ ਕਿਸੇ ਚੀਜ਼ ਦੇ ਆਕਾਰ ਨੂੰ ਛੋਟਾ ਦਿਖਾਉਣ ਦਾ ਭਰਮ ਪੈਦਾ ਕਰਦੀਆਂ ਹਨ। ਇਸ ਲਈ ਜਿਨ੍ਹਾਂ ਕਮਰਿਆਂ ਦੀ ਛੱਤ ਜ਼ਿਆਦਾ ਉੱਚੀ ਹੋਵੇ, ਉਨ੍ਹਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਪਰਦਿਆਂ ਵਿਚ ਲੇਟਵੀਆਂ ਰੇਖਾਵਾਂ ਵਰਤੀਆਂ ਜਾ ਸਕਦੀਆਂ ਹਨ।
(ੲ) ਤਿਰਛੀਆਂ ਰੇਖਾਵਾਂ: ਇਨ੍ਹਾਂ ਦਾ ਪ੍ਰਭਾਵ ਉਨ੍ਹਾਂ ਦੇ ਕੋਣ ਨਾਲ ਪ੍ਰਭਾਵਿਤ ਹੁੰਦਾ ਹੈ। ਜੇ ਇਹ ਸਿੱਧੀ ਰੇਖਾ ਦੇ ਨੇੜੇ ਹੋਣ ਤਾਂ ਦ੍ਰਿੜ੍ਹਤਾ ਅਤੇ ਜੇ ਲੇਟਵੀਂ ਰੇਖਾ ਦੇ ਨੇੜੇ ਹੋਣ ਤਾਂ ਸ਼ਾਂਤੀ ਦੀਆਂ ਪ੍ਰਤੀਕ ਹੁੰਦੀਆਂ ਹਨ। ਇਨ੍ਹਾਂ ਦੇ ਜ਼ਿਆਦਾ ਪ੍ਰਯੋਗ ਨਾਲ ਅਨੁਸ਼ਾਸਨ ਦੀ ਘਾਟ ਅਤੇ ਬਨਾਵਟੀਪਨ ਲੱਗਦਾ ਹੈ ਅਤੇ ਇਹ ਵੇਖਣ ਵਿਚ ਜ਼ਿਆਦਾ ਸੋਹਣੀਆਂ ਨਹੀਂ ਲੱਗਦੀਆਂ।
(ਸ) ਗੋਲ ਰੇਖਾਵਾਂ: ਇਹ ਸਾਡੀਆਂ ਭਾਵਨਾਵਾਂ ਨੂੰ ਦਰਸਾਉਣ ਵਿਚ ਮਦਦ ਕਰਦੀਆਂ ਹਨ। ਪੂਰੀ ਗੋਲਾਈ ਵਾਲੀਆਂ ਲਾਈਨਾਂ ਪ੍ਰਸੰਨਤਾ ਅਤੇ ਜਸ਼ਨ ਦਾ ਅਹਿਸਾਸ ਦਿਵਾਉਂਦੀਆਂ ਹਨ, ਜਿਵੇਂ ਖ਼ੁਸ਼ੀ ਦੇ ਅਵਸਰ ’ਤੇ ਗੁਬਾਰੇ ਜਾਂ ਗਲੋਬ ਦਾ ਵਰਤਣਾ, ਬੱਚਿਆਂ ਦੀਆਂ ਟੋਪੀਆਂ ’ਤੇ ਗੋਲ ਫੰਦੇ ਜਾਂ ਜੋਕਰਾਂ ਦੀਆਂ ਟੋਪੀਆਂ ’ਤੇ ਪੋਲਕਾ ਡਿਜ਼ਾਈਨ। ਘੱਟ ਗੋਲਾਈ ਵਾਲੀਆਂ ਰੇਖਾਵਾਂ, ਜਿਵੇਂ “S”, ਸੁੰਦਰਤਾ ਅਤੇ ਨਿਖਾਰ ਦੀਆਂ ਪ੍ਰਤੀਕ ਹੁੰਦੀਆਂ ਹਨ।
(ਹ) ਕੋਣ: ਕੋਣ ਵਾਲੀਆਂ ਰੇਖਾਵਾਂ ਵੀ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਅਸਰ ਵੀ ਅੱਡ-ਅੱਡ ਹੁੰਦਾ ਹੈ। ਇਹ ਦ੍ਰਿੜ੍ਹ, ਅਸ਼ਾਂਤ ਜਾਂ ਹਲਚਲ ਪੈਦਾ ਕਰਨ ਵਾਲੀਆਂ ਅਤੇ ਉਤੇਜਿਤ ਕਰਨ ਵਾਲੀਆਂ ਹੋ ਸਕਦੀਆਂ ਹਨ। ਕੰਧ ’ਤੇ ਲਗਾਈਆਂ ਇਕੋ ਜਿਹੀਆਂ ਤਸਵੀਰਾਂ ਸਿੱਧੀ, ਲੇਟਵੀਂ ਜਾਂ ਤਿਰਛੀ ਰੇਖਾ ਵਿਚ ਲਾਉਣ ’ਤੇ ਵੱਖ-ਵੱਖ ਪ੍ਰਭਾਵ ਦਿੰਦੀਆਂ ਹਨ। ਫ਼ਰਨੀਚਰ ਜਾਂ ਸਜਾਵਟ ਦੇ ਸਾਮਾਨ ਦੇ ਡਿਜ਼ਾਈਨ ਵਿਚ ਰੇਖਾਵਾਂ ਦਾ ਪ੍ਰਯੋਗ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਕਿ ਉਹੀ ਪ੍ਰਭਾਵ ਪੈਦਾ ਹੋਵੇ ਜੋ ਤੁਸੀਂ ਚਾਹੁੰਦੇ ਹੋ। ਜਿਸ ਕਮਰੇ ਨੂੰ ਅਰਾਮਦਾਇਕ ਬਣਾਉਣਾ ਹੋਵੇ, ਉਸ ਵਿਚ ਲੇਟਵੀਆਂ ਰੇਖਾਵਾਂ ਦਾ ਜ਼ਿਆਦਾ ਪ੍ਰਯੋਗ ਹੋਣਾ ਚਾਹੀਦਾ ਹੈ।
2. ਰੂਪ ਅਤੇ ਆਕਾਰ (Shape and Size): ਰੂਪ ਅਤੇ ਆਕਾਰ ਦਾ ਆਪਸ ਵਿਚ ਡੂੰਘਾ ਸੰਬੰਧ ਹੈ। ਰੇਖਾਵਾਂ ਨੂੰ ਮਿਲਾ ਕੇ ਹੀ ਕਿਸੇ ਚੀਜ਼ ਨੂੰ ਰੂਪ ਅਤੇ ਆਕਾਰ ਦਿੱਤਾ ਜਾਂਦਾ ਹੈ। ਘਰ ਦੀ ਇਮਾਰਤ ਜਾਂ ਉਸ ਦੀ ਅੰਦਰੂਨੀ ਸਜਾਵਟ ਵਿਚ ਰੂਪ ਅਤੇ ਆਕਾਰ ਨਜ਼ਰ ਆਉਂਦਾ ਹੈ। ਕਮਰੇ ਦਾ ਆਕਾਰ, ਛੱਤ ਦੀ ਉਚਾਈ ਅਤੇ ਦਰਵਾਜ਼ੇ-ਖਿੜਕੀਆਂ ਕਮਰੇ ਵਿਚ ਰੱਖਣ ਵਾਲੇ ਫ਼ਰਨੀਚਰ ਨੂੰ ਪ੍ਰਭਾਵਿਤ ਕਰਦੇ ਹਨ। ਜੇਕਰ ਕਮਰੇ ਨੂੰ ਕੰਮ ਦੇ ਮੁਤਾਬਕ ਵੰਡ ਦਿੱਤਾ ਜਾਏ ਤਾਂ ਉਹ ਛੋਟਾ ਲੱਗਣ ਲੱਗ ਜਾਂਦਾ ਹੈ; ਕਮਰਾ ਵੱਡਾ ਦਿਖਾਉਣ ਲਈ ਘੱਟ ਤੋਂ ਘੱਟ ਹਿੱਸੇ ਕਰੋ, ਛੋਟਾ ਅਤੇ ਹਲਕਾ ਫ਼ਰਨੀਚਰ, ਘੱਟ ਸਜਾਵਟੀ ਸਾਮਾਨ ਅਤੇ ਹਲਕੇ ਰੰਗ ਵਰਤੋ। ਪਤਲੀਆਂ ਲੱਤਾਂ ਵਾਲਾ ਫ਼ਰਨੀਚਰ ਕਮਰੇ ਨੂੰ ਵੱਡਾ ਵਿਖਾਉਂਦਾ ਹੈ।
3. ਰੰਗ (Colour): ਰੰਗਾਂ ਦਾ ਅਸਰ ਸਾਡੀਆਂ ਭਾਵਨਾਵਾਂ ਅਤੇ ਸਾਡੇ ਕੰਮ ਕਰਨ ਦੇ ਤਰੀਕੇ ’ਤੇ ਪੈਂਦਾ ਹੈ। ਪਹਿਲਾਂ ਕਾਰਾਂ ਦੇ ਰੰਗ ਸਿਰਫ਼ ਚਿੱਟਾ, ਕਾਲਾ, ਗਰੇਅ ਆਦਿ ਹੀ ਹੁੰਦੇ ਸਨ, ਪਰ ਅੱਜ-ਕੱਲ੍ਹ ਕਾਰਾਂ ਤੋਂ ਲੈ ਕੇ ਫਰਿੱਜ ਅਤੇ ਕੁਕਿੰਗ ਰੇਂਜ ਤੱਕ ਸਭ ਚੀਜ਼ਾਂ ਵੱਖ-ਵੱਖ ਰੰਗਾਂ ਵਿਚ ਮਿਲਣ ਲੱਗ ਪਈਆਂ ਹਨ। ਖਾਣਾ ਖਾਣ ਵਾਲੀਆਂ ਪਲੇਟਾਂ ਆਦਿ ਦੇ ਰੰਗ ਦਾ ਅਸਰ ਸਾਡੀ ਭੁੱਖ ’ਤੇ ਪੈਂਦਾ ਹੈ; ਖਾਣ ਵਾਲੀਆਂ ਚੀਜ਼ਾਂ ਦਾ ਰੰਗ ਮਨ ਭਾਉਂਦਾ ਹੋਵੇ ਤਾਂ ਭੁੱਖ ਜ਼ਿਆਦਾ ਲੱਗਦੀ ਹੈ ਅਤੇ ਖਾਣਾ ਹਜ਼ਮ ਵੀ ਜਲਦੀ ਹੋ ਜਾਂਦਾ ਹੈ।
ਪਰੈਂਗ ਦੇ ਅਨੁਸਾਰ ਪ੍ਰਾਥਮਿਕ ਰੰਗ ਪੀਲਾ, ਨੀਲਾ ਅਤੇ ਲਾਲ ਹਨ। ਦੋ ਪ੍ਰਾਥਮਿਕ ਰੰਗਾਂ ਨੂੰ ਬਰਾਬਰ ਮਾਤਰਾ ਵਿਚ ਮਿਲਾਉਣ ਨਾਲ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ: ਪੀਲਾ + ਨੀਲਾ = ਹਰਾ, ਨੀਲਾ + ਲਾਲ = ਜਾਮਨੀ, ਲਾਲ + ਪੀਲਾ = ਸੰਤਰੀ। ਇਨ੍ਹਾਂ ਛੇ ਰੰਗਾਂ ਨੂੰ ਆਧਾਰ ਰੰਗ ਕਿਹਾ ਜਾਂਦਾ ਹੈ। ਇਕ ਪ੍ਰਾਥਮਿਕ ਅਤੇ ਉਸ ਦੇ ਨਾਲ ਲੱਗਦੇ ਦੂਸਰੇ ਦਰਜੇ ਦੇ ਰੰਗ ਨੂੰ ਮਿਲਾ ਕੇ ਤੀਸਰੇ ਦਰਜੇ ਦੇ ਰੰਗ ਬਣਦੇ ਹਨ: ਪੀਲਾ-ਹਰਾ, ਨੀਲਾ-ਹਰਾ, ਨੀਲਾ-ਜਾਮਨੀ, ਲਾਲ-ਜਾਮਨੀ, ਲਾਲ-ਸੰਤਰੀ, ਪੀਲਾ-ਸੰਤਰੀ। ਇਸ ਪ੍ਰਕਾਰ ਤਿੰਨ ਪ੍ਰਾਥਮਿਕ, ਤਿੰਨ ਦੂਸਰੇ ਦਰਜੇ ਦੇ ਅਤੇ ਛੇ ਤੀਸਰੇ ਦਰਜੇ ਦੇ ਰੰਗ ਹੁੰਦੇ ਹਨ। ਰੰਗ ਵਿਚ ਚਿੱਟਾ ਮਿਲਾਉਣ ਨਾਲ ਭਾਅ (ਹਲਕਾ ਰੰਗ) ਬਣਦੀ ਹੈ (ਲਾਲ + ਚਿੱਟਾ = ਗੁਲਾਬੀ, ਨੀਲਾ + ਚਿੱਟਾ = ਅਸਮਾਨੀ); ਕਾਲਾ ਮਿਲਾਉਣ ਨਾਲ ਗਹਿਰਾਈ ਆਉਂਦੀ ਹੈ (ਲਾਲ + ਕਾਲਾ = ਲਾਖਾ)। ਕਾਲਾ, ਸਲੇਟੀ ਅਤੇ ਚਿੱਟੇ ਨੂੰ ਉਦਾਸੀਨ (neutral) ਰੰਗ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਨੂੰ ਕਿਸੇ ਵੀ ਰੰਗ ਨਾਲ ਮਿਲਾਇਆ ਜਾ ਸਕਦਾ ਹੈ।
ਰੰਗ ਚੱਕਰ ਦੇ ਅੱਧੇ ਹਿੱਸੇ ਦੇ ਰੰਗ ਠੰਢੇ ਹਨ, ਜਿਵੇਂ ਹਰਾ ਅਤੇ ਨੀਲਾ। ਇਹ ਜ਼ਿਆਦਾ ਅਰਾਮਦਾਇਕ ਹੁੰਦੇ ਹਨ। ਇਨ੍ਹਾਂ ਨੂੰ ਪਿੱਛੇ ਹਟਣ ਵਾਲੇ (receding) ਰੰਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਪਿੱਛੇ ਵੱਲ ਜਾਂਦੇ ਪ੍ਰਤੀਤ ਹੁੰਦੇ ਹਨ, ਜਿਸ ਕਾਰਨ ਕਮਰਾ ਵੱਡਾ ਲੱਗਦਾ ਹੈ। ਚੱਕਰ ਦੇ ਦੂਜੇ ਪਾਸੇ ਦੇ ਰੰਗ ਲਾਲ, ਸੰਤਰੀ ਅਤੇ ਪੀਲਾ ਗਰਮ ਰੰਗ ਅਖਵਾਉਂਦੇ ਹਨ। ਇਹ ਭੜਕੀਲੇ ਅਤੇ ਉਤੇਜਿਤ ਕਰਨ ਵਾਲੇ ਹੁੰਦੇ ਹਨ ਅਤੇ ਜ਼ਿਆਦਾ ਵਰਤੋਂ ਨਾਲ ਝੁੰਜਲਾਹਟ ਪੈਦਾ ਕਰਦੇ ਹਨ। ਇਨ੍ਹਾਂ ਨੂੰ ਅਗਾਂਹ ਵਧੂ (advancing) ਰੰਗ ਵੀ ਕਿਹਾ ਜਾਂਦਾ ਹੈ, ਕਿਉਂਕਿ ਇਨ੍ਹਾਂ ਨਾਲ ਚੀਜ਼ਾਂ ਅੱਗੇ-ਅੱਗੇ ਨਜ਼ਰ ਆਉਂਦੀਆਂ ਹਨ ਅਤੇ ਕਮਰੇ ਦਾ ਆਕਾਰ ਛੋਟਾ ਲੱਗਦਾ ਹੈ। ਜਾਮਨੀ ਰੰਗ ਵਿਚ ਲਾਲ ਜ਼ਿਆਦਾ ਹੋਵੇ ਤਾਂ ਉਹ ਗਰਮ ਅਤੇ ਨੀਲਾ ਜ਼ਿਆਦਾ ਹੋਵੇ ਤਾਂ ਠੰਢਾ ਹੁੰਦਾ ਹੈ।
ਘਰਾਂ ਵਿਚ ਰੰਗਾਂ ਦੀ ਵਿਉਂਤ ਤਿੰਨ ਤਰ੍ਹਾਂ ਨਾਲ ਬਣਾਈ ਜਾ ਸਕਦੀ ਹੈ: (ੳ) ਇਕ ਰੰਗ ਦੀ ਵਿਉਂਤ: ਇਸ ਵਿਚ ਇਕੋ ਰੰਗ ਦੇ ਗਹਿਰੇ ਜਾਂ ਹਲਕੇ ਭਾਅ ਵਾਲੇ ਰੰਗ ਵਰਤੇ ਜਾਂਦੇ ਹਨ, ਜਿਵੇਂ ਨੀਲਾ ਜਾਂ ਹਰਾ; ਇਕਸਾਰਤਾ ਤੋੜਨ ਲਈ ਕੁਸ਼ਨ ਕਵਰ ਜਾਂ ਲੈਂਪ ਸ਼ੇਡ ਵਿਚ ਲਾਲ, ਸੰਤਰੀ ਜਾਂ ਪੀਲਾ ਵਰਤਿਆ ਜਾ ਸਕਦਾ ਹੈ। (ਅ) ਵਿਰੋਧੀ ਰੰਗ ਯੋਜਨਾ (Contrasting Colours): ਰੰਗ ਚੱਕਰ ਦੇ ਸਾਹਮਣੇ ਵਾਲੇ ਰੰਗ ਵਰਤੇ ਜਾਂਦੇ ਹਨ, ਜਿਵੇਂ ਸੰਤਰੀ ਅਤੇ ਨੀਲਾ, ਪੀਲਾ ਅਤੇ ਜਾਮਨੀ ਜਾਂ ਲਾਲ ਅਤੇ ਹਰਾ। (ੲ) ਸੰਬੰਧਿਤ ਵਿਉਂਤ: ਰੰਗ ਚੱਕਰ ਦੇ ਨਾਲ-ਨਾਲ ਲੱਗਦੇ ਵੱਧ ਤੋਂ ਵੱਧ ਤਿੰਨ ਰੰਗ ਵਰਤੇ ਜਾਂਦੇ ਹਨ, ਜਿਵੇਂ ਨੀਲਾ, ਹਰਾ-ਨੀਲਾ ਅਤੇ ਨੀਲਾ-ਜਾਮਨੀ; ਇਕਸਾਰਤਾ ਤੋੜਨ ਲਈ ਛੋਟੀਆਂ ਚੀਜ਼ਾਂ ਵਿਚ ਸੰਤਰੀ ਜਾਂ ਸੰਤਰੀ-ਪੀਲਾ ਵਰਤਿਆ ਜਾ ਸਕਦਾ ਹੈ।
4. ਰਚਨਾ/ਬਣਤਰ (Texture): ਕੁੱਝ ਚੀਜ਼ਾਂ ਪੱਧਰੀਆਂ ਜਾਂ ਮੁਲਾਇਮ ਹੁੰਦੀਆਂ ਹਨ ਅਤੇ ਕੁੱਝ ਖੁਰਦਰੀਆਂ, ਕੁੱਝ ਸਖ਼ਤ ਤੇ ਕੁੱਝ ਨਰਮ, ਕੁੱਝ ਚਮਕਦਾਰ ਅਤੇ ਕੁੱਝ ਮੱਧਮ। ਜਿਸ ਤਰ੍ਹਾਂ ਲਾਈਨਾਂ, ਆਕਾਰ ਅਤੇ ਰੰਗ ਕਿਸੇ ਭਾਵਨਾ ਦੇ ਪ੍ਰਤੀਕ ਹੁੰਦੇ ਹਨ, ਉਸੇ ਪ੍ਰਕਾਰ ਖੁਰਦਰੀ ਚੀਜ਼ ਵੇਖਣ ਨੂੰ ਸਖ਼ਤ ਅਤੇ ਮਜ਼ਬੂਤ ਲੱਗਦੀ ਹੈ। ਜਿਨ੍ਹਾਂ ਚੀਜ਼ਾਂ ਦੀ ਰਚਨਾ ਕੋਮਲ ਜਾਂ ਨਾਜ਼ੁਕ ਹੋਵੇ, ਉਹ ਜ਼ਿਆਦਾ ਸ਼ਾਨਦਾਰ ਲੱਗਦੀਆਂ ਹਨ। ਜਿਸ ਕਮਰੇ ਵਿਚ ਜ਼ਰੀ ਜਾਂ ਸ਼ਨੀਲ ਵਰਤੀ ਗਈ ਹੋਵੇ, ਉੱਥੇ ਪਿੱਤਲ ਦੇ ਲੈਂਪ ਸ਼ੇਡ ਜਾਂ ਲੋਹੇ ਜਾਂ ਚੀਨੀ ਮਿੱਟੀ ਦੇ ਫੁੱਲਦਾਨ ਚੰਗੇ ਨਹੀਂ ਲੱਗਣਗੇ। ਅਖਰੋਟ ਦੀ ਲੱਕੜੀ ਦੇ ਨਾਲ ਟਾਹਲੀ ਦੀ ਲੱਕੜੀ ਦਾ ਫ਼ਰਨੀਚਰ ਵੀ ਭੈੜਾ ਲੱਗੇਗਾ। ਕੱਪੜੇ ਦੀ ਬਣਤਰ ਦਾ ਵੀ ਕਮਰੇ ’ਤੇ ਅਸਰ ਪੈਂਦਾ ਹੈ, ਜਿਵੇਂ ਹਲਕੇ ਨੀਲੇ ਰੰਗ ਦੀ ਸਿਲਕ ਜਾਂ ਸਾਟਨ ਜ਼ਿਆਦਾ ਚਮਕਦਾਰ ਲੱਗੇਗੀ, ਜਦਕਿ ਉਸੇ ਰੰਗ ਦੀ ਕੇਸਮੈਂਟ ਜਾਂ ਖੱਦਰ ਘੱਟ ਚਮਕੀਲੀ ਹੋਵੇਗੀ।

Exam Tips:

a) ਚਾਰੇ ਮੂਲ ਅੰਸ਼ ਅੰਕਾਂ ਸਹਿਤ ਵੱਖ-ਵੱਖ ਸਿਰਲੇਖਾਂ ਹੇਠ ਲਿਖੋ।
b) ਰੇਖਾਵਾਂ ਦੀਆਂ ਪੰਜੇ ਕਿਸਮਾਂ ਅਤੇ ਹਰ ਇਕ ਦਾ ਪ੍ਰਭਾਵ ਦੱਸੋ।
c) ਰੰਗਾਂ ਦੇ ਮੇਲ ਅਤੇ ਠੰਢੇ/ਗਰਮ ਰੰਗਾਂ ਦਾ ਜ਼ਿਕਰ ਜ਼ਰੂਰ ਕਰੋ।

 

Question 18: ਰੰਗ ਡਿਜ਼ਾਈਨ ਦਾ ਮਹੱਤਵਪੂਰਨ ਅੰਸ਼ ਹੈ। ਕਿਵੇਂ?

Answer:

ਹਰ ਡਿਜ਼ਾਈਨ ਦੇ ਮੂਲ ਅੰਸ਼ਾਂ, ਰੇਖਾਵਾਂ, ਆਕਾਰ ਅਤੇ ਬਣਤਰ ਤੋਂ ਇਲਾਵਾ ਰੰਗ ਵੀ ਇਕ ਮਹੱਤਵਪੂਰਨ ਅੰਸ਼ ਹੈ। ਰੰਗ ਮਨੁੱਖ ਦੀ ਮਾਨਸਿਕਤਾ ਨੂੰ ਵੀ ਪ੍ਰਭਾਵਿਤ ਕਰਦੇ ਹਨ। ਰੰਗ ਉਤੇਜਿਤ ਕਰਨ ਵਾਲੇ ਅਤੇ ਹਲਕੇ ਵੀ ਹੋ ਸਕਦੇ ਹਨ। ਸਾਰੇ ਰੰਗ ਪ੍ਰਕਾਸ਼ ਤੋਂ ਉਤਪੰਨ ਹੁੰਦੇ ਹਨ। ਰੰਗਾਂ ਦੀਆਂ ਆਪਣੀਆਂ ਵਿਸ਼ੇਸ਼ਤਾਈਆਂ ਹਨ ਜਿਨ੍ਹਾਂ ਦੇ ਆਧਾਰ ’ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ:
ਪੀਲਾ: ਗਰਮ, ਧੁੱਪ ਵਾਲਾ, ਚਮਕਦਾਰ, ਖ਼ੁਸ਼ੀ ਦੇਣ ਵਾਲਾ (Cheerful)।
ਲਾਲ: ਗਰਮ, ਉਤੇਜਨਸ਼ੀਲ (Stimulating), ਸਾਹਸੀ, ਤੇਜਸਵੀ।
ਸੰਤਰੀ: ਸਜੀਵ, ਰੁਚੀਕਰ, ਖ਼ੁਸ਼ੀ ਦੇਣ ਵਾਲਾ, ਗਰਮ।
ਹਰਾ: ਠੰਢਾ, ਸ਼ਾਂਤ, ਚਮਕ ਅਤੇ ਆਰਾਮਦਾਇਕ।
ਨੀਲਾ: ਸਾਰੇ ਰੰਗਾਂ ਤੋਂ ਜ਼ਿਆਦਾ ਠੰਢਾ, ਸ਼ਾਂਤੀਪੂਰਨ, ਸਥਿਰ।
ਬੈਂਗਣੀ: ਭੜਕੀਲਾ, ਸ਼ਾਹੀ, ਓਜਸਵੀ, ਪ੍ਰਭਾਵਸ਼ਾਲੀ, ਕਿਰਿਆਸ਼ੀਲ।
ਸਫ਼ੈਦ: ਸ਼ੁੱਧ, ਸ਼ਵੇਤ, ਠੰਢਾ।
ਕਾਲਾ: ਨਿਸਤਬਧਤਾ, ਮ੍ਰਿਤਕ, ਗੰਭੀਰ।
ਫ਼ਰਨੀਚਰ ਦੇ ਡਿਜ਼ਾਈਨ ਜਾਂ ਸਜਾਵਟ ਦੇ ਹੋਰ ਸਾਮਾਨ ਵਿਚ ਰੰਗ ਦੀ ਅਹਿਮ ਭੂਮਿਕਾ ਹੈ। ਫ਼ਰਨੀਚਰ ਦਾ ਰੰਗ ਕਮਰੇ ਦੇ ਰੰਗ ਅਤੇ ਬਾਕੀ ਸਾਮਾਨ ਦੇ ਰੰਗ ਅਨੁਸਾਰ ਹਲਕਾ ਜਾਂ ਗਾੜ੍ਹਾ ਹੋਣਾ ਚਾਹੀਦਾ ਹੈ। ਰੰਗ ਦੀ ਵਰਤੋਂ ਕਮਰੇ ਦੇ ਆਕਾਰ, ਫ਼ੈਸ਼ਨ, ਮੌਸਮ ਅਤੇ ਕਮਰੇ ਦੀ ਵਰਤੋਂ ’ਤੇ ਆਧਾਰਿਤ ਹੈ। ਜਿਨ੍ਹਾਂ ਕਮਰਿਆਂ ਵਿਚ ਜ਼ਿਆਦਾ ਸਮਾਂ ਬਤੀਤ ਕਰਨਾ ਹੋਵੇ, ਉੱਥੋਂ ਦੀ ਰੰਗ ਯੋਜਨਾ ਸ਼ਾਂਤੀਪੂਰਨ ਹੋਣੀ ਚਾਹੀਦੀ ਹੈ, ਜਿਸ ਲਈ ਹਲਕੇ ਰੰਗ ਵਰਤੇ ਜਾਂਦੇ ਹਨ। ਗਰਮੀ ਦੇ ਮੌਸਮ ਵਿਚ ਹਲਕੇ ਅਤੇ ਠੰਢੇ ਰੰਗ ਚੰਗੇ ਲੱਗਦੇ ਹਨ, ਜਦਕਿ ਸਰਦੀਆਂ ਵਿਚ ਗੂੜ੍ਹੇ ਅਤੇ ਗਰਮ ਰੰਗ ਠੀਕ ਹੁੰਦੇ ਹਨ। ਘਰ, ਫ਼ਰਨੀਚਰ ਜਾਂ ਹੋਰ ਸਾਮਾਨ ਦਾ ਡਿਜ਼ਾਈਨ ਤਿਆਰ ਕਰਦੇ ਸਮੇਂ ਬਾਕੀ ਸਮਾਨ ਦੇ ਅਨੁਸਾਰ ਰੰਗ ਦੀ ਚੋਣ ਕੀਤੀ ਜਾਂਦੀ ਹੈ।

Exam Tips:

a) ਰੰਗਾਂ ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਬਿੰਦੂਆਂ ਵਿਚ ਲਿਖੋ।
b) ਮੌਸਮ ਅਤੇ ਕਮਰੇ ਦੀ ਵਰਤੋਂ ਅਨੁਸਾਰ ਰੰਗ ਚੁਣਨ ਦਾ ਜ਼ਿਕਰ ਕਰੋ।

 

ਹੋਰ ਮਹੱਤਵਪੂਰਨ ਪ੍ਰਸ਼ਨ: ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਡਿਜ਼ਾਈਨ ਦੇ ਮੂਲ ਅੰਸ਼ ਦੱਸੋ।

Answer:

ਰੇਖਾਵਾਂ, ਰੂਪ ਤੇ ਆਕਾਰ, ਰੰਗ, ਬਣਤਰ।

Exam Tips:

a) ਚਾਰੇ ਅੰਸ਼ ਲਿਖੋ।

 

Question 2: ਡਿਜ਼ਾਈਨ ਦੇ ਮੂਲ ਸਿਧਾਂਤ ਕਿੰਨੇ ਹਨ?

Answer:

ਪੰਜ।

Exam Tips:

a) ਸਿਰਫ਼ ਗਿਣਤੀ ਲਿਖਣੀ ਹੈ: ਪੰਜ।

 

Question 3: ਡਿਜ਼ਾਈਨ ਦੇ ਪੰਜ ਮੂਲ ਸਿਧਾਂਤ ਕਿਹੜੇ ਹਨ?

Answer:

ਇਕਸੁਰਤਾ, ਅਨੁਪਾਤ, ਸੰਤੁਲਨ, ਲੈਅ ਅਤੇ ਬਲ।

Exam Tips:

a) ਪੰਜੇ ਨਾਂ ਕ੍ਰਮ ਨਾਲ ਲਿਖੋ।

 

Question 4: ਪਹਿਲੇ ਦਰਜੇ ਦੇ ਜਾਂ ਮੁੱਢਲੇ (ਪ੍ਰਾਥਮਿਕ) ਰੰਗ ਕਿਹੜੇ ਹਨ?

Answer:

ਲਾਲ, ਪੀਲਾ ਅਤੇ ਨੀਲਾ।

Exam Tips:

a) ਤਿੰਨੇ ਰੰਗ ਲਿਖੋ।

 

Question 5: ਮੁੱਢਲੇ ਰੰਗ ਕਿੰਨੇ ਹਨ?

Answer:

ਤਿੰਨ।

Exam Tips:

a) ਉੱਤਰ ਇਕ ਸ਼ਬਦ ਵਿਚ ਹੈ।

 

Question 6: ਦੋ ਮੁੱਢਲੇ ਰੰਗ ਮਿਲਾ ਕੇ ਜਿਹੜੇ ਰੰਗ ਬਣਦੇ ਹਨ, ਉਨ੍ਹਾਂ ਨੂੰ ਕੀ ਕਹਿੰਦੇ ਹਨ?

Answer:

ਦੂਸਰੇ ਦਰਜੇ ਦੇ ਰੰਗ।

Exam Tips:

a) ਮਿਸਾਲ ਵਜੋਂ ਲਾਲ + ਪੀਲਾ = ਸੰਤਰੀ ਜੋੜ ਸਕਦੇ ਹੋ।

 

Question 7: ਦੂਸਰੇ ਦਰਜੇ ਦੇ ਕਿੰਨੇ ਰੰਗ ਹਨ?

Answer:

ਤਿੰਨ।

Exam Tips:

a) ਦੂਸਰੇ ਦਰਜੇ ਦੇ ਰੰਗ ਤਿੰਨ ਅਤੇ ਤੀਸਰੇ ਦਰਜੇ ਦੇ ਛੇ ਹਨ; ਰਲਾਓ ਨਾ।

 

Question 8: ਤੀਸਰੇ ਦਰਜੇ ਦੇ ਕਿੰਨੇ ਰੰਗ ਹਨ?

Answer:

ਛੇ।

Exam Tips:

a) ਉੱਤਰ ਇਕ ਸ਼ਬਦ ਵਿਚ ਹੈ।

 

Question 9: ਰੰਗ ਯੋਜਨਾਵਾਂ ਦੇ ਨਾਂ ਦੱਸੋ।

Answer:

ਸੰਬੰਧਿਤ ਰੰਗ ਯੋਜਨਾ, ਵਿਰੋਧੀ ਰੰਗ ਯੋਜਨਾ, ਇਕ ਰੰਗ ਯੋਜਨਾ ਆਦਿ।

Exam Tips:

a) ਤਿੰਨੇ ਯੋਜਨਾਵਾਂ ਲਿਖੋ।

 

Question 10: ਠੰਢੇ ਰੰਗਾਂ ਦੀ ਉਦਾਹਰਨ ਦਿਓ। ਜਾਂ ਠੰਢੇ ਰੰਗ ਕਿਹੜੇ ਹਨ?

Answer:

ਹਰਾ, ਨੀਲਾ, ਸਫ਼ੈਦ (ਪਾਠ-ਪੁਸਤਕ ਅਨੁਸਾਰ)।

Exam Tips:

a) ਹਰਾ ਅਤੇ ਨੀਲਾ ਸਭ ਤੋਂ ਪ੍ਰਸਿੱਧ ਉਦਾਹਰਨਾਂ ਹਨ।

 

Question 11: ਗਰਮ ਰੰਗ ਕਿਹੜੇ ਹਨ?

Answer:

ਲਾਲ, ਸੰਤਰੀ ਅਤੇ ਪੀਲਾ।

Exam Tips:

a) ਇਹੀ ਤਿੰਨ ਰੰਗ ਵਿਸਤ੍ਰਿਤ ਉੱਤਰ ਵਿਚ ਵੀ ਗਰਮ ਰੰਗ ਦੱਸੇ ਗਏ ਹਨ।

 

Question 12: ਸੰਤੁਲਨ ਕਿੰਨੇ ਪ੍ਰਕਾਰ ਦਾ ਹੈ, ਨਾਂ ਦੱਸੋ। ਜਾਂ ਸੰਤੁਲਨ ਦੀਆਂ ਕਿਸਮਾਂ ਦੇ ਨਾਂ ਦੱਸੋ।

Answer:

ਉਪਚਾਰਿਕ ਸੰਤੁਲਨ, ਅਣਉਪਚਾਰਿਕ ਸੰਤੁਲਨ।

Exam Tips:

a) ਦੋਵੇਂ ਕਿਸਮਾਂ ਲਿਖੋ।

 

Question 13: ਜਦੋਂ ਰੇਖਾਵਾਂ ਇਕ ਕੇਂਦਰੀ ਬਿੰਦੂ ਤੋਂ ਬਾਹਰ ਆਉਣ, ਤਾਂ ਇਸ ਨੂੰ ਕੀ ਕਹਿੰਦੇ ਹਨ?

Answer:

ਰੇਡੀਏਸ਼ਨ।

Exam Tips:

a) ਇਹ ਲੈਅ ਪੈਦਾ ਕਰਨ ਦਾ ਇਕ ਤਰੀਕਾ ਹੈ।

 

Question 14: ਲਾਲ + ਪੀਲਾ = ?

Answer:

ਸੰਤਰੀ।

Exam Tips:

a) ਰੰਗ ਮਿਲਾਉਣ ਦੇ ਛੇ ਮੁੱਖ ਸਮੀਕਰਨ ਯਾਦ ਕਰੋ।

 

Question 15: ਨੀਲਾ + ਲਾਲ = ?

Answer:

ਜਾਮਨੀ।

Exam Tips:

a) ਰੰਗ ਮਿਲਾਉਣ ਦੇ ਸਮੀਕਰਨ ਯਾਦ ਰੱਖੋ।

 

Question 16: ਕਿਹੜੇ ਛੇ ਰੰਗਾਂ ਨੂੰ ਆਧਾਰ ਰੰਗ ਕਹਿੰਦੇ ਹਨ?

Answer:

ਲਾਲ, ਪੀਲਾ, ਨੀਲਾ, ਸੰਤਰੀ, ਜਾਮਨੀ ਅਤੇ ਹਰਾ।

Exam Tips:

a) ਤਿੰਨ ਪ੍ਰਾਥਮਿਕ ਅਤੇ ਤਿੰਨ ਦੂਸਰੇ ਦਰਜੇ ਦੇ ਰੰਗ ਮਿਲ ਕੇ ਛੇ ਬਣਦੇ ਹਨ।

 

Question 17: ਲਾਖਾ ਰੰਗ ਕਿਵੇਂ ਪੈਦਾ ਕਰੋਗੇ?

Answer:

ਲਾਲ + ਕਾਲਾ = ਲਾਖਾ।

Exam Tips:

a) ਕਾਲਾ ਮਿਲਾਉਣ ਨਾਲ ਰੰਗ ਗਹਿਰਾ ਹੁੰਦਾ ਹੈ।

 

Question 18: ਉਦਾਸੀਨ ਰੰਗ ਕਿਹੜੇ ਹਨ?

Answer:

ਕਾਲਾ, ਸਲੇਟੀ (ਅਤੇ ਚਿੱਟਾ)।

Exam Tips:

a) ਇਹ ਕਿਸੇ ਵੀ ਰੰਗ ਨਾਲ ਮਿਲਾਏ ਜਾ ਸਕਦੇ ਹਨ।

 

Question 19: ਵਿਰੋਧੀ ਰੰਗ ਯੋਜਨਾ ਵਿਚ ਕੋਈ ਉਦਾਹਰਨ ਦਿਓ।

Answer:

ਪੀਲਾ ਤੇ ਜਾਮਨੀ, ਲਾਲ ਤੇ ਹਰਾ।

Exam Tips:

a) ਕੋਈ ਇਕ ਜੋੜੀ ਵੀ ਕਾਫ਼ੀ ਹੈ।

 

Question 20: ਸਿੱਧੀਆਂ ਰੇਖਾਵਾਂ ਕਿਸ ਦੀਆਂ ਪ੍ਰਤੀਕ ਹਨ?

Answer:

ਦ੍ਰਿੜ੍ਹਤਾ ਅਤੇ ਸਾਦਗੀ ਦੀਆਂ।

Exam Tips:

a) ਦੋਵੇਂ ਗੁਣ ਲਿਖੋ।

 

Question 21: ਪ੍ਰਸੰਨਤਾ ਤੇ ਜਸ਼ਨ ਦਾ ਅਹਿਸਾਸ ਕਰਵਾਉਣ ਵਾਲੀਆਂ ਕਿਹੜੀਆਂ ਰੇਖਾਵਾਂ ਹੁੰਦੀਆਂ ਹਨ?

Answer:

ਪੂਰੀ ਗੋਲਾਈ ਵਾਲੀਆਂ ਰੇਖਾਵਾਂ।

Exam Tips:

a) ਗੁਬਾਰੇ ਇਸ ਦੀ ਉਦਾਹਰਨ ਹਨ।

 

Question 22: ਸਫ਼ੈਦ ਰੰਗ ਦੀਆਂ ਵਿਸ਼ੇਸ਼ਤਾਵਾਂ ਦੱਸੋ।

Answer:

ਸ਼ੁੱਧ, ਠੰਢਾ।

Exam Tips:

a) ਦੋਵੇਂ ਸ਼ਬਦ ਲਿਖੋ।

 

Question 23: ਲਾਲ ਰੰਗ ਦੀਆਂ ਵਿਸ਼ੇਸ਼ਤਾਵਾਂ ਦੱਸੋ।

Answer:

ਗਰਮ, ਸਾਹਸੀ, ਤੇਜਸਵੀ।

Exam Tips:

a) ਤਿੰਨੇ ਵਿਸ਼ੇਸ਼ਤਾਵਾਂ ਲਿਖੋ।

 

Question 24: ਬੈਂਗਣੀ ਰੰਗ ਦੇ ਗੁਣ ਦੱਸੋ।

Answer:

ਭੜਕੀਲਾ, ਸ਼ਾਹੀ, ਓਜਸਵੀ, ਕਿਰਿਆਸ਼ੀਲ।

Exam Tips:

a) ਚਾਰੇ ਗੁਣ ਯਾਦ ਰੱਖੋ।

 

Question 25: ਕਾਲਾ ਅਤੇ ਸਲੇਟੀ ਕਿਹੜੇ ਰੰਗ ਹਨ?

Answer:

ਉਦਾਸੀਨ ਰੰਗ।

Exam Tips:

a) ਉੱਤਰ ਦੋ ਸ਼ਬਦਾਂ ਵਿਚ ਹੈ।

 

Question 26: ਲਾਲ, ਪੀਲਾ ਅਤੇ ਨੀਲਾ ਕਿਹੜੇ ਰੰਗ ਹਨ?

Answer:

ਮੁੱਢਲੇ (ਪ੍ਰਾਥਮਿਕ) ਰੰਗ।

Exam Tips:

a) ਇਨ੍ਹਾਂ ਨੂੰ ਪਹਿਲੇ ਦਰਜੇ ਦੇ ਰੰਗ ਵੀ ਕਹਿੰਦੇ ਹਨ।

 

Question 27: ਡਿਜ਼ਾਈਨ ਵਿਚ ਇਕਸੁਰਤਾ ਤੋਂ ਕੀ ਭਾਵ ਹੈ?

Answer:

ਡਿਜ਼ਾਈਨ ਦੇ ਸਾਰੇ ਅੰਸ਼ਾਂ, ਜਿਵੇਂ ਰੰਗ, ਰੇਖਾ ਅਤੇ ਆਕਾਰ, ਦਾ ਆਪਸ ਵਿਚ ਇਸ ਤਰ੍ਹਾਂ ਮੇਲ ਹੋਣਾ ਕਿ ਉਹ ਇਕ ਸਮੁੱਚਾ ਡਿਜ਼ਾਈਨ ਜਾਪੇ (ਵੇਖੋ ਅਭਿਆਸ ਦਾ ਪ੍ਰਸ਼ਨ 2)।

Exam Tips:

a) ਵਿਸਥਾਰ ਲਈ ਅਭਿਆਸ ਦਾ ਪ੍ਰਸ਼ਨ 2 ਪੜ੍ਹੋ।

 

Question 28: ਕਿਸੇ ਦੋ ਡਿਜ਼ਾਈਨ ਦੇ ਤੱਤਾਂ ਦੇ ਨਾਂ ਲਿਖੋ।

Answer:

ਰੇਖਾਵਾਂ, ਰੰਗ।

Exam Tips:

a) ਕੋਈ ਵੀ ਦੋ ਅੰਸ਼ ਲਿਖੇ ਜਾ ਸਕਦੇ ਹਨ।

 

Question 29: ਦੂਜੇ ਦਰਜੇ ਦੇ ਰੰਗ ਕਿਹੜੇ ਹਨ?

Answer:

ਹਰਾ, ਜਾਮਨੀ, ਸੰਤਰੀ।

Exam Tips:

a) ਤਿੰਨੇ ਰੰਗ ਲਿਖੋ।

 

Question 30: ਤੀਸਰੇ ਦਰਜੇ ਦੇ ਰੰਗ ਕਿਹੜੇ-ਕਿਹੜੇ ਹਨ?

Answer:

ਪੀਲਾ-ਹਰਾ, ਨੀਲਾ-ਹਰਾ, ਨੀਲਾ-ਜਾਮਨੀ, ਲਾਲ-ਜਾਮਨੀ, ਲਾਲ-ਸੰਤਰੀ, ਪੀਲਾ-ਸੰਤਰੀ।

Exam Tips:

a) ਛੇਆਂ ਰੰਗਾਂ ਦੇ ਨਾਂ ਪੂਰੇ ਲਿਖੋ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਡਿਜ਼ਾਈਨ ਵਿਚ ਲੈਅ ਤੋਂ ਤੁਸੀਂ ਕੀ ਸਮਝਦੇ ਹੋ?

Answer:

ਡਿਜ਼ਾਈਨ ਵਿਚ ਲੈਅ ਤੋਂ ਭਾਵ ਹੈ ਕਿ ਜਦੋਂ ਤੁਸੀਂ ਕਿਸੇ ਕਮਰੇ ਵਿਚ ਜਾਓ ਤਾਂ ਤੁਹਾਡੀ ਨਜ਼ਰ ਪਹਿਲਾਂ ਇਕ ਥਾਂ ’ਤੇ ਜਾਂਦੀ ਹੈ ਅਤੇ ਫਿਰ ਹੌਲੀ-ਹੌਲੀ ਬਾਕੀ ਚੀਜ਼ਾਂ ’ਤੇ ਜਾਂਦੀ ਹੈ। ਇਹ ਨਜ਼ਰ ਦੀ ਗਤੀ ਜੇ ਲੈਅ ਵਿਚ ਹੋਵੇ ਤਾਂ ਡਿਜ਼ਾਈਨ ਲੈਅ ਵਿਚ ਹੈ, ਕਿਉਂਕਿ ਇਕ ਖ਼ਾਲੀ ਕਮਰੇ ਵਿਚ ਕੋਈ ਗਤੀ ਨਹੀਂ ਹੁੰਦੀ। ਡਿਜ਼ਾਈਨ ਵਿਚ ਲੈਅ ਰੰਗ, ਆਕਾਰ ਜਾਂ ਰੇਖਾ ਦੇ ਕਿਸੇ ਵੀ ਕ੍ਰਮ ਵਿਚ ਆਪਸ ਵਿਚ ਜੁੜੇ ਹੋਏ ਉਸ ਮਾਰਗ ਤੋਂ ਹੈ ਜਿਸ ਨੂੰ ਅੱਖਾਂ ਇਕ ਗਤੀ ਵਿਚ ਵੇਖਦੀਆਂ ਜਾਂਦੀਆਂ ਹਨ।

Exam Tips:

a) ਨਜ਼ਰ ਦੀ ਗਤੀ ਵਾਲੀ ਗੱਲ ਜ਼ਰੂਰ ਲਿਖੋ।
b) ਦੋ ਤਰੀਕੇ (ਦੁਹਰਾਉਣਾ, ਦਰਜਾਬੰਦੀ) ਜੋੜਨ ਨਾਲ ਉੱਤਰ ਪੂਰਾ ਹੁੰਦਾ ਹੈ।

 

Question 2: ਆਧਾਰ ਰੰਗ ਕਿਹੜੇ-ਕਿਹੜੇ ਹਨ? ਜਾਂ ਦੂਜੇ ਦਰਜੇ ਦੇ ਰੰਗ ਕਿਹੜੇ ਹਨ?

Answer:

ਜਦੋਂ ਦੋ ਪ੍ਰਾਥਮਿਕ ਰੰਗਾਂ ਨੂੰ ਇਕੋ ਜਿੰਨੀ ਮਾਤਰਾ ਵਿਚ ਮਿਲਾਇਆ ਜਾਏ ਤਾਂ ਤਿੰਨ ਦੂਜੇ ਦਰਜੇ ਦੇ ਰੰਗ ਬਣਦੇ ਹਨ, ਜਿਵੇਂ-
ਲਾਲ + ਪੀਲਾ = ਸੰਤਰੀ
ਪੀਲਾ + ਨੀਲਾ = ਹਰਾ
ਨੀਲਾ + ਲਾਲ = ਜਾਮਨੀ
ਸੋ ਇਨ੍ਹਾਂ ਛੇ ਰੰਗਾਂ (ਲਾਲ, ਪੀਲਾ, ਨੀਲਾ, ਸੰਤਰੀ, ਜਾਮਨੀ ਅਤੇ ਹਰਾ) ਨੂੰ ਆਧਾਰ ਰੰਗ ਕਿਹਾ ਜਾਂਦਾ ਹੈ।

Exam Tips:

a) ਤਿੰਨੇ ਸਮੀਕਰਨ ਲਿਖ ਕੇ ਛੇ ਆਧਾਰ ਰੰਗ ਗਿਣਾਓ।

 

ਵਸਤੂਨਿਸ਼ਠ ਪ੍ਰਸ਼ਨ: ਖ਼ਾਲੀ ਥਾਂਵਾਂ ਭਰੋ

Question 1: ਡਿਜ਼ਾਈਨ ਦੇ ਮੂਲ ਸਿਧਾਂਤ ………… ਹਨ।

Answer:

ਪੰਜ।

Exam Tips:

a) ਪੰਜ ਸਿਧਾਂਤ: ਇਕਸੁਰਤਾ, ਅਨੁਪਾਤ, ਸੰਤੁਲਨ, ਲੈਅ, ਬਲ।

 

Question 2: ਲਾਲ, ਪੀਲਾ ਅਤੇ ਨੀਲਾ ਰੰਗ ………… ਰੰਗ ਹਨ।

Answer:

ਮੁੱਢਲੇ।

Exam Tips:

a) ਇਨ੍ਹਾਂ ਨੂੰ ਪ੍ਰਾਥਮਿਕ ਰੰਗ ਵੀ ਕਹਿੰਦੇ ਹਨ।

 

Question 3: ਸਿੱਧੀਆਂ ਰੇਖਾਵਾਂ ………… ਦੀਆਂ ਪ੍ਰਤੀਕ ਹਨ।

Answer:

ਦ੍ਰਿੜ੍ਹਤਾ ਅਤੇ ਸਾਦਗੀ।

Exam Tips:

a) ਦੋਵੇਂ ਗੁਣ ਲਿਖੋ।

 

Question 4: ਦੋ ਪ੍ਰਾਥਮਿਕ ਰੰਗਾਂ ਨੂੰ ਮਿਲਾ ਕੇ ………… ਦੇ ਰੰਗ ਬਣਦੇ ਹਨ।

Answer:

ਦੂਜੇ ਦਰਜੇ।

Exam Tips:

a) ਇਹ ਰੰਗ ਤਿੰਨ ਹਨ।

 

Question 5: ਪੀਲਾ + ਨੀਲਾ = ………… ਰੰਗ।

Answer:

ਹਰਾ।

Exam Tips:

a) ਹੋਰ ਸਮੀਕਰਨ ਵੀ ਯਾਦ ਕਰੋ।

 

ਵਸਤੂਨਿਸ਼ਠ ਪ੍ਰਸ਼ਨ: ਠੀਕ / ਗ਼ਲਤ

Question 1: ਪੀਲਾ, ਨੀਲਾ ਅਤੇ ਲਾਲ ਪਹਿਲੇ ਦਰਜੇ ਦੇ ਰੰਗ ਹਨ।

Answer:

ਠੀਕ।

Exam Tips:

a) ਇਹ ਤਿੰਨੇ ਪ੍ਰਾਥਮਿਕ ਰੰਗ ਹਨ।

 

Question 2: ਨੀਲਾ ਰੰਗ + ਚਿੱਟਾ ਰੰਗ = ਗੁਲਾਬੀ।

Answer:

ਗ਼ਲਤ। (ਨੀਲਾ + ਚਿੱਟਾ = ਅਸਮਾਨੀ; ਲਾਲ + ਚਿੱਟਾ = ਗੁਲਾਬੀ।)

Exam Tips:

a) ਸਹੀ ਮੇਲ ਵੀ ਲਿਖੋ।

 

Question 3: ਦੂਸਰੇ ਦਰਜੇ ਦੇ ਛੇ ਰੰਗ ਹਨ।

Answer:

ਗ਼ਲਤ। (ਦੂਸਰੇ ਦਰਜੇ ਦੇ ਤਿੰਨ ਰੰਗ ਹਨ; ਛੇ ਰੰਗ ਤੀਸਰੇ ਦਰਜੇ ਦੇ ਹਨ।)

Exam Tips:

a) ਸਹੀ ਗਿਣਤੀ ਵੀ ਲਿਖੋ।

 

Question 4: ਇਕਸੁਰਤਾ, ਅਨੁਪਾਤ, ਸੰਤੁਲਨ, ਲੈਅ ਅਤੇ ਬਲ ਡਿਜ਼ਾਈਨ ਦੇ ਮੂਲ ਸਿਧਾਂਤ ਹਨ।

Answer:

ਠੀਕ।

Exam Tips:

a) ਪੰਜੇ ਸਿਧਾਂਤ ਯਾਦ ਰੱਖੋ।

 

Question 5: ਕਾਲਾ ਅਤੇ ਸਲੇਟੀ ਉਦਾਸੀਨ ਰੰਗ ਹਨ।

Answer:

ਠੀਕ।

Exam Tips:

a) ਚਿੱਟਾ ਵੀ ਉਦਾਸੀਨ ਰੰਗ ਹੈ।

 

Question 6: ਸਫ਼ੈਦ ਰੰਗ ਸ਼ੁੱਧ ਅਤੇ ਠੰਢਾ ਹੁੰਦਾ ਹੈ।

Answer:

ਠੀਕ। (ਪਾਠ-ਪੁਸਤਕ ਅਨੁਸਾਰ)

Exam Tips:

a) ਪਾਠ-ਪੁਸਤਕ ਦੀ ਵਿਸ਼ੇਸ਼ਤਾ-ਸੂਚੀ ਅਨੁਸਾਰ ਉੱਤਰ ਦਿਓ।

 

ਵਸਤੂਨਿਸ਼ਠ ਪ੍ਰਸ਼ਨ: ਬਹੁਵਿਕਲਪੀ ਪ੍ਰਸ਼ਨ

Question 1: ਲਾਲ + ਕਾਲਾ = …………
(ੳ) ਲਾਖਾ
(ਅ) ਸਲੇਟੀ
(ੲ) ਜਾਮਨੀ
(ਸ) ਸੰਤਰੀ।

Answer:

(ੳ) ਲਾਖਾ।

Exam Tips:

a) ਕਾਲਾ ਮਿਲਾਉਣ ਨਾਲ ਰੰਗ ਗਹਿਰਾ ਹੁੰਦਾ ਹੈ।

 

Question 2: ਪੀਲਾ + ਨੀਲਾ = …………
(ੳ) ਜਾਮਨੀ
(ਅ) ਹਰਾ
(ੲ) ਸੰਤਰੀ
(ਸ) ਗੁਲਾਬੀ।

Answer:

(ਅ) ਹਰਾ।

Exam Tips:

a) ਦੂਜੇ ਦਰਜੇ ਦੇ ਰੰਗ ਦਾ ਇਹ ਮੁੱਖ ਮੇਲ ਹੈ।

 

Question 3: ਦੂਸਰੇ ਦਰਜੇ ਦੇ ਕਿੰਨੇ ਰੰਗ ਹਨ?
(ੳ) ਦੋ
(ਅ) ਤਿੰਨ
(ੲ) ਪੰਜ
(ਸ) ਛੇ।

Answer:

(ਅ) ਤਿੰਨ।

Exam Tips:

a) ਛੇ ਤੀਸਰੇ ਦਰਜੇ ਦੇ ਰੰਗ ਹਨ।

 

Question 4: ਹੇਠ ਲਿਖਿਆਂ ਵਿਚੋਂ ਗਰਮ ਰੰਗ ਹਨ?
(ੳ) ਲਾਲ
(ਅ) ਕਾਲਾ
(ੲ) ਪੀਲਾ
(ਸ) ਸਾਰੇ।

Answer:

(ਸ) ਸਾਰੇ। (ਪਾਠ-ਪੁਸਤਕ ਅਨੁਸਾਰ)

Exam Tips:

a) ਪਾਠ-ਪੁਸਤਕ ਦੀ ਕੁੰਜੀ ਅਨੁਸਾਰ (ਸ) ਚੁਣੋ; ਵਿਸਤ੍ਰਿਤ ਉੱਤਰ ਵਿਚ ਗਰਮ ਰੰਗ ਲਾਲ, ਸੰਤਰੀ, ਪੀਲਾ ਦੱਸੇ ਹਨ।

 

Step-by-Step Textbook Answers: Class 10 Home Science Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Chapter Exercise Answers for Class 10 Home Science

Review comprehensive exercise answers for Class 10 Home Science Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ. Fully updated to match current Punjab Board syllabus guidelines, these textbook solutions help students verify their work and maintain accurate study notes.

Detailed Answer Guides for Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ

Clear, methodical explanations accompany every challenging problem within the Class 10 Home Science text. Engaging with these detailed answers lays a solid foundation for advanced learning and improves foundational clarity for upcoming assessments.

Complete Preparation Kit for Class 10 Exams

These resources act as an effective roadmap for daily homework tasks and independent study. Supplement your review of Punjabi Medium Chapter 04 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ with official sample papers and interactive practice tests available on our platform free of charge.

FAQs

Where can I find the latest PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ for the 2026-27 session?

The complete and updated PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ is available for free on StudiesToday.com. These solutions for Class 10 Home Science are as per latest Punjab Board curriculum.

Are the Home Science Punjab Board solutions for Class 10 updated for the new 50% competency-based exam pattern?

Yes, our experts have revised the PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ as per 2026 exam pattern. All textbook exercises have been solved and have added explanation about how the Home Science concepts are applied in case-study and assertion-reasoning questions.

How do these Class 10 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ will help students to get full marks in the theory paper.

Do you offer PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ in multiple languages like Hindi and English?

Yes, we provide bilingual support for Class 10 Home Science. You can access PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ in both English and Hindi medium.

Is it possible to download the Home Science Punjab Board solutions for Class 10 as a PDF?

Yes, you can download the entire PSEB 10th Class Home Science Solutions Chapter 4 ਡਿਜ਼ਾਈਨ ਦੇ ਮੂਲ ਅੰਸ਼ ਅਤੇ ਸਿਧਾਂਤ in printable PDF format for offline study on any device.