Solutions for Class 12 History: Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
Review structured textbook solutions for Class 12 History Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ. Built according to Punjab Board guidelines for the 2026-27 academic year, these downloadable answers support daily revision and problem-solving accuracy.
Practice Class 12 History Solutions: Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
View or download the dedicated Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ solution resource below. Engaging with these textbook answers under focused study conditions ensures continuous academic progress and mastery of the 2026-27 curriculum for History.
ਲੰਮੇ ਉੱਤਰਾਂ ਵਾਲੇ ਪ੍ਰਸ਼ਨ
Question 1: ਮਹਾਰਾਜਾ ਰਣਜੀਤ ਸਿੰਘ ਨੇ ਅਟਕ ‘ਤੇ ਕਿਵੇਂ ਜਿੱਤ ਪ੍ਰਾਪਤ ਕੀਤੀ? ਇਸ ਦਾ ਮਹੱਤਵ ਵੀ ਦੱਸੋ। ਜਾਂ ਮਹਾਰਾਜਾ ਰਣਜੀਤ ਸਿੰਘ ਦੀ ਅਟਕ ਉੱਤੇ ਜਿੱਤ ਅਤੇ ਹਜ਼ਰੋ ਦੀ ਲੜਾਈ ਦਾ ਸੰਖੇਪ ਵਰਣਨ ਕਰੋ।
Answer:
ਅਟਕ ਦਾ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਥੇ ਅਫ਼ਗਾਨ ਗਵਰਨਰ ਜਹਾਂਦਾਦ ਖਾਂ ਦਾ ਸ਼ਾਸਨ ਸੀ। ਕਹਿਣ ਨੂੰ ਤਾਂ ਉਹ ਕਾਬਲ ਸਰਕਾਰ ਦੇ ਅਧੀਨ ਸੀ, ਪਰ ਅਸਲ ਵਿੱਚ ਉਹ ਸੁਤੰਤਰ ਤੌਰ `ਤੇ ਸ਼ਾਸਨ ਕਰ ਰਿਹਾ ਸੀ। 1813 ਈ. ਵਿੱਚ ਜਦੋਂ ਕਾਬਲ ਦੇ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ‘ਤੇ ਹਮਲਾ ਕਰਕੇ ਉਸ ਦੇ ਭਰਾ ਅੱਤਾ ਮੁਹੰਮਦ ਖਾਂ ਨੂੰ ਹਰਾ ਦਿੱਤਾ ਤਾਂ ਉਹ ਘਬਰਾ ਗਿਆ। ਉਸ ਨੂੰ ਇਹ ਪੱਕਾ ਯਕੀਨ ਸੀ ਕਿ ਫ਼ਤਿਹ ਖਾਂ ਦਾ ਅਗਲਾ ਹਮਲਾ ਅਟਕ ‘ਤੇ ਹੋਵੇਗਾ। ਇਸ ਲਈ ਉਸ ਨੇ ਇੱਕ ਲੱਖ ਰੁਪਏ ਦੀ ਸਾਲਾਨਾ ਜਾਗੀਰ ਦੇ ਬਦਲੇ ਅਟਕ ਦਾ ਕਿਲ੍ਹਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ। ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚੱਲਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਸ ਨੇ ਅਟਕ ਦੇ ਕਿਲ੍ਹੇ ਨੂੰ ਆਪਣੇ ਅਧੀਨ ਕਰਨ ਲਈ ਆਪਣੀਆਂ ਫ਼ੌਜਾਂ ਨਾਲ ਅਟਕ ਵੱਲ ਕੂਚ ਕੀਤਾ। 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਇੱਕ ਘਮਸਾਣ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਕਰਾਰੀ ਹਾਰ ਦਿੱਤੀ। ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਇਸ ਜਿੱਤ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਸ਼ੋਹਰਤ ਵੀ ਦੂਰ-ਦੂਰ ਤਕ ਫੈਲ ਗਈ।
Exam Tips:
a) ਅਟਕ ਦੀ ਭੂਗੋਲਿਕ ਮਹੱਤਤਾ ਅਤੇ ਜਹਾਂਦਾਦ ਖਾਂ ਨਾਲ ਹੋਏ ਸੌਦੇ (ਇੱਕ ਲੱਖ ਰੁਪਏ ਦੀ ਜਾਗੀਰ) ਦਾ ਜ਼ਿਕਰ ਜ਼ਰੂਰ ਕਰੋ।
b) ਹਜ਼ਰੋ ਦੀ ਲੜਾਈ ਦੀ ਮਿਤੀ 13 ਜੁਲਾਈ, 1813 ਈ. ਯਾਦ ਰੱਖੋ।
c) ਅੰਤ ਵਿੱਚ ਲਿਖੋ ਕਿ ਇਹ ਅਫ਼ਗਾਨਾਂ ਅਤੇ ਸਿੱਖਾਂ ਦੀ ਪਹਿਲੀ ਲੜਾਈ ਸੀ।
Question 2: ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ।
Answer:
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ। ਇਹ ਕਿਲ੍ਹਾ ਭੂਗੋਲਿਕ ਪੱਖ ਤੋਂ ਬੜਾ ਮਹੱਤਵਪੂਰਨ ਸੀ। ਜਦੋਂ ਫ਼ਤਿਹ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ ਉਸ ਨੇ ਸਿੱਖਾਂ ਵਿਰੁੱਧ ਜਿਹਾਦ ਦਾ ਨਾਅਰਾ ਲਗਾਇਆ। ਫ਼ਤਿਹ ਖਾਂ ਦੀ ਸਹਾਇਤਾ ਲਈ ਕਾਬਲ ਤੋਂ ਵੀ ਕੁਝ ਸੈਨਿਕ ਸਹਾਇਤਾ ਭੇਜੀ ਗਈ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਅਟਕ ਦੇ ਕਿਲ੍ਹੇ ਦੀ ਰਾਖੀ ਲਈ ਇੱਕ ਵਿਸ਼ਾਲ ਸੈਨਾ ਆਪਣੇ ਪ੍ਰਸਿੱਧ ਸੈਨਾਪਤੀ ਸ: ਹਰੀ ਸਿੰਘ ਨਲਵਾ, ਸ: ਜੋਧ ਸਿੰਘ ਰਾਮਗੜੀਆ ਅਤੇ ਦੀਵਾਨ ਮੋਹਕਮ ਚੰਦ ਦੀ ਅਗਵਾਈ ਹੇਠ ਭੇਜੀ। 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਘਮਸਾਣ ਦੀ ਲੜਾਈ ਹੋਈ। ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ। ਇਸ ਕਾਰਨ ਜਿੱਥੇ ਅਟਕ ’ਤੇ ਰਣਜੀਤ ਸਿੰਘ ਦਾ ਅਧਿਕਾਰ ਪੱਕਾ ਹੋ ਗਿਆ ਉੱਥੇ ਉਸ ਦੀ ਪ੍ਰਸਿੱਧੀ ਕਾਫ਼ੀ ਦੂਰ-ਦੂਰ ਤਕ ਫੈਲ ਗਈ।
Exam Tips:
a) ਸਿੱਖ ਫ਼ੌਜ ਦੇ ਤਿੰਨ ਸੈਨਾਪਤੀਆਂ ਦੇ ਨਾਂ ਯਾਦ ਰੱਖੋ: ਹਰੀ ਸਿੰਘ ਨਲਵਾ, ਜੋਧ ਸਿੰਘ ਰਾਮਗੜ੍ਹੀਆ ਅਤੇ ਦੀਵਾਨ ਮੋਹਕਮ ਚੰਦ।
b) ਲੜਾਈ ਦੇ ਤਿੰਨੋਂ ਨਾਂ (ਹਜ਼ਰੋ, ਹੈਦਰੋ, ਛੱਛ) ਲਿਖਣੇ ਨਾ ਭੁੱਲੋ।
Question 3: ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਸ਼ਾਹ ਸ਼ੁਜਾਹ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ। ਉਸ ਨੇ 1803 ਈ. ਤੋਂ 1809 ਈ. ਤਕ ਸ਼ਾਸਨ ਕੀਤਾ। ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ। 1809 ਈ. ਵਿੱਚ ਉਹ ਰਾਜਗੱਦੀ ਛੱਡ ਕੇ ਦੌੜ ਗਿਆ ਸੀ। ਉਸ ਨੂੰ ਕਸ਼ਮੀਰ ਦੇ ਅਫ਼ਗਾਨ ਸੁਬੇਦਾਰ ਅੱਤਾ ਮੁਹੰਮਦ ਖ਼ਾਂ ਨੇ ਗ੍ਰਿਫ਼ਤਾਰ ਕਰ ਲਿਆ ਸੀ। 1813 ਈ. ਵਿੱਚ ਕਸ਼ਮੀਰ ਦੀ ਪਹਿਲੀ ਮੁਹਿੰਮ ਦੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਕੇ ਲਾਹੌਰ ਲੈ ਆਂਦਾ ਸੀ। ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਦੀ ਪਤਨੀ ਵਫ਼ਾ ਬੇਗ਼ਮ ਤੋਂ ਸੰਸਾਰ ਪ੍ਰਸਿੱਧ ਕੋਹਿਨੂਰ ਹੀਰਾ ਪ੍ਰਾਪਤ ਕੀਤਾ ਸੀ। 1833 ਈ. ਵਿੱਚ ਸ਼ਾਹ ਸ਼ੁਜਾਹ ਨੇ ਰਾਜਗੱਦੀ ਨੂੰ ਮੁੜ ਪ੍ਰਾਪਤ ਕਰਨ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਨਾਲ ਇੱਕ ਸੰਧੀ ਕੀਤੀ ਪਰ ਸ਼ਾਹ ਸ਼ੁਜਾਹ ਨੂੰ ਆਪਣੇ ਯਤਨਾਂ ਵਿੱਚ ਸਫਲਤਾ ਨਾ ਮਿਲੀ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ। ਇਸ ਸੰਧੀ ਅਨੁਸਾਰ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਉਣ ਦਾ ਯਤਨ ਕੀਤਾ ਗਿਆ। ਅੰਗਰੇਜ਼ਾਂ ਦੇ ਯਤਨਾਂ ਸਦਕਾ 1839 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਤਾਂ ਬਣ ਗਿਆ ਪਰ ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ ਜਿਸ ਵਿੱਚ ਸ਼ਾਹ ਸ਼ੁਜਾਹ ਮਾਰਿਆ ਗਿਆ।
Exam Tips:
a) ਕੋਹਿਨੂਰ ਹੀਰੇ ਦੀ ਪ੍ਰਾਪਤੀ ਇਸ ਉੱਤਰ ਦਾ ਮੁੱਖ ਨੁਕਤਾ ਹੈ।
b) ਸਾਲ ਕ੍ਰਮ ਅਨੁਸਾਰ ਲਿਖੋ: 1803-09, 1813, 1833, 1838।
Question 4: ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ।
Answer:
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ-ਖੇਤਰਾਂ ਵਿੱਚ ਤੇਜ਼ੀ ਨਾਲ ਵਧਦੇ ਹੋਏ ਪ੍ਰਭਾਵ ਨੂੰ ਕਦੇ ਸਹਿਣ ਕਰਨ ਲਈ ਤਿਆਰ ਨਹੀਂ ਸੀ। ਪਿਸ਼ਾਵਰ ਦੇ ਮਾਮਲੇ ਕਾਰਨ ਦੋਹਾਂ ਵਿਚਾਲੇ ਆਪਸੀ ਪਾੜਾ ਹੋਰ ਵੱਧ ਗਿਆ ਸੀ 1833 ਈ. ਵਿੱਚ ਅਫ਼ਗਾਨਿਸਤਾਨ ਦੇ ਸਾਬਕਾ ਸ਼ਾਸਕ ਸ਼ਾਹ ਸ਼ੁਜਾਹ ਅਤੇ ਦੋਸਤ ਮੁਹੰਮਦ ਖ਼ਾਂ ਵਿਚਾਲੇ ਰਾਜਗੱਦੀ ਦੀ ਪ੍ਰਾਪਤੀ ਲਈ ਯੁੱਧ ਸ਼ੁਰੂ ਹੋ ਗਿਆ। ਇਸ ਸਥਿਤੀ ਦਾ ਫਾਇਦਾ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਆਸਾਨੀ ਨਾਲ ਕਬਜ਼ਾ ਕਰ ਲਿਆ। ਸ਼ਾਹ ਸ਼ੁਜਾਹ ਨੂੰ ਹਰਾਉਣ ਤੋਂ ਬਾਅਦ ਦੋਸਤ ਮੁਹੰਮਦ ਖ਼ਾਂ ਨੇ ਪਿਸ਼ਾਵਰ ਨੂੰ ਮੁੜ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਫਲਤਾ ਪ੍ਰਾਪਤ ਨਾ ਹੋਈ। 1837 ਈ. ਵਿੱਚ ਦੋਸਤ ਮੁਹੰਮਦ ਖ਼ਾਂ ਨੇ ਆਪਣੇ ਪੁੱਤਰ ਅਕਬਰ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਪਿਸ਼ਾਵਰ ਵੱਲ ਭੇਜੀ। ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ। ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁਖ ਨਾ ਕੀਤਾ।
Exam Tips:
a) ਪਿਸ਼ਾਵਰ ਦੇ ਮਾਮਲੇ ਨੂੰ ਝਗੜੇ ਦਾ ਮੁੱਖ ਕਾਰਨ ਦੱਸੋ।
b) ਜਮਰੌਦ ਦੀ ਲੜਾਈ (1837 ਈ.) ਨਾਲ ਉੱਤਰ ਦਾ ਅੰਤ ਕਰੋ।
Question 5: ਸੱਯਦ ਅਹਿਮਦ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਨੋਟ ਲਿਖੋ।
Answer:
1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ। ਉਹ ਬਰੇਲੀ ਦਾ ਰਹਿਣ ਵਾਲਾ ਸੀ। ਉਸ ਦਾ ਕਹਿਣਾ ਸੀ, “ਅਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ। ਥੋੜ੍ਹੇ ਹੀ ਸਮੇਂ ਵਿੱਚ ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ। ਇਹ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਲਈ ਇੱਕ ਵੰਗਾਰ ਸੀ ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੂ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਨ੍ਹਾਂ ਹਾਰਾਂ ਦੇ ਬਾਵਜੂਦ ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਆਪਣਾ ਸੰਘਰਸ਼ ਜਾਰੀ ਰੱਖਿਆ। ਅੰਤ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ। ਇਸ ਤਰ੍ਹਾਂ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ।
Exam Tips:
a) ਸੱਯਦ ਅਹਿਮਦ ਦਾ ਸ਼ਹਿਰ (ਬਰੇਲੀ), ਸਾਲ (1827-31 ਈ.) ਅਤੇ ਮੌਤ ਦੀ ਥਾਂ (ਬਾਲਾਕੋਟ) ਜ਼ਰੂਰ ਲਿਖੋ।
b) ਉਸ ਦੇ ਕਥਨ ਨੂੰ ਇੱਕ ਵਾਕ ਵਿੱਚ ਹਵਾਲੇ ਵਜੋਂ ਲਿਖੋ।
Question 6: ਜਮਰੌਦ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਕਾਬਲ ਪਹੁੰਚ ਕੇ ਦੋਸਤ ਮੁਹੰਮਦ ਖ਼ਾਂ ਚੁੱਪ ਨਾ ਬੈਠਿਆ। ਉਹ ਸਿੱਖਾਂ ਦੇ ਹੱਥੋਂ ਹੋਏ ਆਪਣੇ ਅਪਮਾਨ ਦਾ ਬਦਲਾ ਲੈਣਾ ਚਾਹੁੰਦਾ ਸੀ। ਦੂਜੇ ਪਾਸੇ ਸਿੱਖ ਵੀ ਪਿਸ਼ਾਵਰ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨ ਵਿੱਚ ਰੁੱਝੇ ਹੋਏ ਸਨ। ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਮਜ਼ਬੂਤ ਕਿਲ੍ਹੇ ਦਾ ਨਿਰਮਾਣ ਕਰਵਾਇਆ। ਦੋਸਤ ਮੁਹੰਮਦ ਖ਼ਾਂ ਸਿੱਖਾਂ ਦੀ ਪਿਸ਼ਾਵਰ ਵਿੱਚ ਵਧਦੀ ਹੋਈ ਸ਼ਕਤੀ ਨੂੰ ਸਹਿਣ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਦੇ ਅਧੀਨ 20,000 ਸੈਨਿਕਾਂ ਨੂੰ ਜਮਰੌਦ ਉੱਤੇ ਹਮਲਾ ਕਰਨ ਲਈ ਭੇਜਿਆ। ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਉੱਤੇ ਹਮਲਾ ਕਰ ਦਿੱਤਾ। ਸਰਦਾਰ ਮਹਾਂ ਸਿੰਘ ਨੇ ਦੋ ਦਿਨਾਂ ਤਕ ਆਪਣੇ ਕੇਵਲ 600 ਸੈਨਿਕਾਂ ਨਾਲ ਅਫ਼ਗਾਨ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਉਸ ਸਮੇਂ ਹਰੀ ਸਿੰਘ ਨਲਵਾ ਪਿਸ਼ਾਵਰ ਵਿਖੇ ਸਖ਼ਤ ਬੀਮਾਰ ਪਿਆ ਸੀ। ਜਦੋਂ ਉਸ ਨੂੰ ਅਫ਼ਗਾਨਾਂ ਦੇ ਹਮਲੇ ਬਾਰੇ ਖ਼ਬਰ ਮਿਲੀ ਤਾਂ ਉਹ ਸ਼ੇਰ ਵਾਂਗ ਗਰਜਦਾ ਆਪਣੇ 10,000 ਸੈਨਿਕਾਂ ਨੂੰ ਨਾਲ ਲੈ ਕੇ ਜਮਰੌਦ ਪਹੁੰਚ ਗਿਆ। ਉਸ ਨੇ ਅਫ਼ਗਾਨ ਫ਼ੌਜਾਂ ਦੇ ਛੱਕੇ ਛੁਡਵਾ ਦਿੱਤੇ। ਅਚਾਨਕ ਦੋ ਗੋਲੇ ਲੱਗ ਜਾਣ ਕਾਰਨ 30 ਅਪਰੈਲ, 1837 ਈ. ਨੂੰ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ। ਇਸ ਸ਼ਹੀਦੀ ਦਾ ਬਦਲਾ ਲੈਣ ਲਈ ਸਿੱਖ ਫ਼ੌਜਾਂ ਨੇ ਅਫ਼ਗਾਨ ਫ਼ੌਜਾਂ ‘ਤੇ ਇੰਨਾ ਜ਼ੋਰਦਾਰ ਹਮਲਾ ਕੀਤਾ ਕਿ ਉਹ ਗਿੱਦੜਾਂ ਵਾਂਗ ਕਾਬਲ ਵਾਪਸ ਦੌੜ ਗਏ। ਇਸ ਤਰ੍ਹਾਂ ਸਿੱਖ ਜਮਰੌਦ ਦੀ ਇਸ ਨਿਰਣਾਇਕ ਲੜਾਈ ਵਿੱਚ ਜੇਤੂ ਰਹੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਮਹਾਨ ਜਰਨੈਲ ਹਰੀ ਸਿੰਘ ਨਲਵਾ ਦੀ ਮੌਤ ਬਾਰੇ ਪਤਾ ਚਲਿਆ ਤਾਂ ਉਸ ਦੀਆਂ ਅੱਖਾਂ ਵਿੱਚੋਂ ਕਈ ਦਿਨਾਂ ਤਕ ਹੰਝੂ ਵਹਿੰਦੇ ਰਹੇ। ਜਮਰੌਦ ਦੀ ਲੜਾਈ ਤੋਂ ਬਾਅਦ ਦੋਸਤ ਮੁਹੰਮਦ ਨੇ ਕਦੇ ਵੀ ਪਿਸ਼ਾਵਰ ‘ਤੇ ਦੁਬਾਰਾ ਹਮਲਾ ਕਰਨ ਦਾ ਯਤਨ ਨਾ ਕੀਤਾ। ਉਸ ਨੂੰ ਵਿਸ਼ਵਾਸ ਹੋ ਗਿਆ ਕਿ ਸਿੱਖਾਂ ਤੋਂ ਪਿਸ਼ਾਵਰ ਲੈਣਾ ਅਸੰਭਵ ਹੈ।
Exam Tips:
a) ਕਾਰਨ, ਘਟਨਾ ਅਤੇ ਸਿੱਟਾ ਤਿੰਨ ਹਿੱਸਿਆਂ ਵਿੱਚ ਉੱਤਰ ਲਿਖੋ।
b) ਹਰੀ ਸਿੰਘ ਨਲਵਾ ਦੀ ਸ਼ਹੀਦੀ ਅਤੇ ਸਿੱਖਾਂ ਦੀ ਜਿੱਤ ਦੋਵੇਂ ਦੱਸੋ।
Question 7: ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ।
Answer:
ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਫੌਲਾਦੀ ਥੰਮ ਸਨ। ਉਨ੍ਹਾਂ ਨੇ ਸਿੱਖ ਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। ਆਪ ਦੀ ਲਾਸਾਨੀ ਸੂਰਬੀਰਤਾ, ਨਿਡਰਤਾ, ਪੰਥਕ ਪਿਆਰ ਅਤੇ ਉੱਚੇ ਆਚਰਨ ਕਾਰਨ ਮਹਾਰਾਜਾ ਰਣਜੀਤ ਸਿੰਘ ਆਪ ਦਾ ਬਹੁਤ ਸਤਿਕਾਰ ਕਰਦਾ ਸੀ। 1807 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਕਾਲੀ ਫੂਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ। ਇਸੇ ਹੀ ਵਰੇ ਅਕਾਲੀ ਫੂਲਾ ਸਿੰਘ ਨੇ ਝੰਗ ਨੂੰ ਵੀ ਆਪਣੇ ਅਧੀਨ ਕੀਤਾ। ਆਪ ਜੀ ਦੇ ਸਹਿਯੋਗ ਸਦਕਾ ਹੀ 1816 ਈ. ਵਿੱਚ ਮੁਲਤਾਨ, ਭੱਖਰ ਅਤੇ ਬਹਾਵਲਪੁਰ ਦੇ ਇਲਾਕਿਆਂ ਵਿੱਚ ਮੁਸਲਮਾਨ ਹਾਕਮਾਂ ਵੱਲੋਂ ਸਿੱਖ ਰਾਜ ਵਿਰੁੱਧ ਭੜਕੀਆਂ ਬਗ਼ਾਵਤਾਂ ਨੂੰ ਕੁਚਲਿਆ ਜਾ ਸਕਿਆ। 1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। ਇਸੇ ਹੀ ਵਰ੍ਹੇ ਪਿਸ਼ਾਵਰ ‘ਤੇ ਹਮਲੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਫੂਲਾ ਸਿੰਘ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ। 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਨਾਲ ਸਨ। ਉਹ 14 ਮਾਰਚ, 1823 ਈ. ਨੂੰ ਨੌਸ਼ਹਿਰਾ ਵਿਖੇ ਅਫ਼ਗਾਨਾਂ ਨਾਲ ਹੋਈ ਇੱਕ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ। ਨਿਰਸੰਦੇਹ ਅਕਾਲੀ ਫੂਲਾ ਸਿੰਘ ਸਿੱਖ ਰਾਜ ਦੇ ਇੱਕ ਮਹਾਨ ਰਾਖੇ ਸਨ।
Exam Tips:
a) ਉਸ ਦੀਆਂ ਜਿੱਤਾਂ ਸਾਲਵਾਰ ਲਿਖੋ: ਕਸੂਰ (1807), ਮੁਲਤਾਨ (1818), ਕਸ਼ਮੀਰ (1819)।
b) ਸ਼ਹੀਦੀ ਦੀ ਲੜਾਈ ਨੌਸ਼ਹਿਰਾ (14 ਮਾਰਚ, 1823 ਈ.) ਹੈ।
Question 8: ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਹਰੀ ਸਿੰਘ ਨਲਵਾ ਕੌਣ ਸੀ? ਉਸ ਦੇ ਬਾਰੇ ਤੁਸੀਂ ਕੀ ਜਾਣਦੇ ਹੋ?
Answer:
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਮਹਾਨ ਅਤੇ ਨਿਡਰ ਜਰਨੈਲ ਸੀ। ਘੋੜਸਵਾਰੀ, ਤਲਵਾਰ-ਬਾਜ਼ੀ ਅਤੇ ਨਿਸ਼ਾਨੇਬਾਜ਼ੀ ਵਿੱਚ ਉਸ ਸਮੇਂ ਉਸ ਦਾ ਕੋਈ ਸਾਨੀ ਨਹੀਂ ਸੀ। ਉਹ ਇੱਕ ਮਹਾਨ ਯੋਧਾ ਹੋਣ ਦੇ ਨਾਲ-ਨਾਲ ਇੱਕ ਉੱਚ-ਕੋਟੀ ਦਾ ਸ਼ਾਸਨ ਪ੍ਰਬੰਧਕ ਵੀ ਸੀ। ਉਸ ਦੀ ਬਹਾਦਰੀ ਤੋਂ ਪ੍ਰਭਾਵਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਨੂੰ ਆਪਣੀ ਸੈਨਾ ਵਿੱਚ ਭਰਤੀ ਕਰ ਲਿਆ ਸੀ। ਛੇਤੀ ਹੀ ਉਹ ਉੱਨਤੀ ਦੀਆਂ ਮੰਜ਼ਿਲਾਂ ਤੈਅ ਕਰਦਾ ਹੋਇਆ ਸੈਨਾਪਤੀ ਦੇ ਉੱਚ ਅਹੁਦੇ ‘ਤੇ ਪਹੁੰਚ ਗਿਆ। ਇੱਕ ਵਾਰੀ ਹਰੀ ਸਿੰਘ ਨੇ ਆਪਣੇ ਹੱਥਾਂ ਨਾਲ ਇੱਕ ਸ਼ੇਰ ਨੂੰ ਮਾਰ ਦਿੱਤਾ ਸੀ ਜਿਸ ‘ਤੇ ਮਹਾਰਾਜੇ ਨੇ ਉਸ ਨੂੰ ਨਲਵਾ ਦੇ ਖਿਤਾਬ ਨਾਲ ਸਨਮਾਨਿਆ। ਉਹ ਏਨਾ ਬਹਾਦਰ ਸੀ ਕਿ ਦੁਸ਼ਮਣ ਵੀ ਉਸ ਤੋਂ ਥਰ-ਥਰ ਕੰਬਦੇ ਸਨ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕ ਮੁਹਿੰਮਾਂ ਵਿੱਚ ਹਿੱਸਾ ਲਿਆ ਅਤੇ ਹਰ ਮੁਹਿੰਮ ਵਿੱਚ ਸਫਲਤਾ ਪ੍ਰਾਪਤ ਕੀਤੀ। ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ (ਗਵਰਨਰ) ਰਹੇ। ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਨਾ ਸਿਰਫ਼ ਸ਼ਾਂਤੀ ਸਥਾਪਿਤ ਕੀਤੀ ਸਗੋਂ ਅਨੇਕਾਂ ਮਹੱਤਵਪੂਰਨ ਸੁਧਾਰ ਵੀ ਲਾਗੂ ਕੀਤੇ। ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। ਉਸ ਦੀ ਮੌਤ ਨਾਲ ਮਹਾਰਾਜਾ ਰਣਜੀਤ ਸਿੰਘ ਨੂੰ ਭਾਰੀ ਸਦਮਾ ਪਹੁੰਚਿਆ ਤੇ ਉਹ ਕਈ ਦਿਨਾਂ ਤਕ ਰੋਂਦਾ ਰਿਹਾ। ਨਿਰਸੰਦੇਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਮਜ਼ਬੂਤ ਕਰਨ ਅਤੇ ਉਸ ਦੇ ਵਿਸਥਾਰ ਵਿੱਚ ਹਰੀ ਸਿੰਘ ਨਲਵਾ ਨੇ ਬਹੁਮੁੱਲਾ ਯੋਗਦਾਨ ਦਿੱਤਾ।
Exam Tips:
a) ‘ਨਲਵਾ’ ਖਿਤਾਬ ਮਿਲਣ ਦੀ ਘਟਨਾ ਜ਼ਰੂਰ ਲਿਖੋ।
b) ਉਹ ਕਸ਼ਮੀਰ (1820-21 ਈ.) ਅਤੇ ਪਿਸ਼ਾਵਰ (1834-37 ਈ.) ਦਾ ਗਵਰਨਰ ਰਿਹਾ।
Question 9: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ। ਜਾਂ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਖੇਤਰ ਦੀ ਨੀਤੀ ਦੀਆਂ ਵਿਸ਼ੇਸ਼ਤਾਵਾਂ ਦੱਸੋ।
Answer:
ਮਹਾਰਾਜਾ ਰਣਜੀਤ ਸਿੰਘ ਨੇ ਅਟਕ, ਮੁਲਤਾਨ, ਕਸ਼ਮੀਰ, ਡੇਰਾ ਗਾਜ਼ੀ ਖ਼ਾਂ, ਡੇਰਾ ਇਸਮਾਈਲ ਖਾਂ, ਪਿਸ਼ਾਵਰ ਆਦਿ ਉੱਤਰ-ਪੱਛਮੀ ਸੀਮਾ ਦੇਸ਼ਾਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਦੇ ਵੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਯਤਨ ਨਾ ਕੀਤਾ। ਉਸ ਨੂੰ ਪਹਿਲਾਂ ਹੀ ਉੱਤਰ-ਪੱਛਮੀ ਸੀਮਾ ਪ੍ਰਦੇਸ਼ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਉਹ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਕੇ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਸ ਨੇ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਕਈ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ। ਇਨ੍ਹਾਂ ਕਿਲ੍ਹਿਆਂ ਵਿੱਚ ਬੜੀ ਸਿੱਖਿਅਤ ਸੈਨਾ ਰੱਖੀ ਗਈ। ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ। ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ ਬੜੀ ਸੂਝ-ਬੂਝ ਨਾਲ ਕੀਤਾ। ਉਸ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ। ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖਲ-ਅੰਦਾਜ਼ੀ ਨਾ ਕੀਤੀ ਗਈ। ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ।
Exam Tips:
a) ਤਿੰਨ ਵਿਸ਼ੇਸ਼ਤਾਵਾਂ ਮੰਗੀਆਂ ਹੋਣ ਤਾਂ ਜਿੱਤਾਂ, ਅਫ਼ਗਾਨਿਸਤਾਨ ਨਾ ਜਿੱਤਣਾ ਅਤੇ ਕਿਲ੍ਹਿਆਂ ਦੀ ਉਸਾਰੀ ਲਿਖੋ।
Question 10: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ?
Answer:
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਮਹਾਰਾਜੇ ਦੀ ਦੂਰ-ਦ੍ਰਿਸ਼ਟੀ, ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ ਉਸ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ। ਇਹ ਰਣਜੀਤ ਸਿੰਘ ਦੀ ਇੱਕ ਮਹਾਨ ਸਫਲਤਾ ਸੀ ਕਿ ਉਸ ਨੇ ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਕਬੀਲਿਆਂ ਵਿੱਚ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ-ਰਿਵਾਜਾਂ ਨੂੰ ਬਣਾਈ ਰੱਖਿਆ। ਉਹ ਫਜੂਲ ਹੀ ਉਨ੍ਹਾਂ ਦੇ ਮਾਮਲਿਆਂ ਵਿੱਚ ਦਖਲ-ਅੰਦਾਜ਼ੀ ਨਹੀਂ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ। ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ। ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ। ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਕਾਫ਼ੀ ਸਫਲ ਰਹੀ।
Exam Tips:
a) ਮਹੱਤਵ ਦੇ ਨੁਕਤੇ ਵੱਖ-ਵੱਖ ਵਾਕਾਂ ਵਿੱਚ ਲਿਖੋ: ਸ਼ਾਂਤੀ, ਖ਼ੁਸ਼ਹਾਲੀ, ਸੁਰੱਖਿਆ।
ਨਿਬੰਧਾਤਮਕ ਪ੍ਰਸ਼ਨ: ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ
Question 1: ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦਾ ਸੰਖੇਪ ਵਰਣਨ ਕਰੋ। ਜਾਂ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧਾਂ ਦੇ ਮੁੱਖ ਪੜਾਵਾਂ ਦਾ ਸੰਖੇਪ ਵੇਰਵਾ ਦਿਓ।
Answer:
ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ:
(ੳ) ਪਹਿਲਾ ਪੜਾਅ, 1797-1812 ਈ.; (ਅ) ਦੂਜਾ ਪੜਾਅ, 1813-1834 ਈ.; (ੲ) ਤੀਜਾ ਪੜਾਅ, 1834-1837 ਈ.; (ਸ) ਚੌਥਾ ਪੜਾਅ, 1838-1839 ਈ.
(ੳ) ਸਿੱਖ-ਅਫ਼ਗਾਨ ਸੰਬੰਧਾਂ ਦਾ ਪਹਿਲਾ ਪੜਾਅ, 1797-1812 ਈ.
1. ਰਣਜੀਤ ਸਿੰਘ ਅਤੇ ਸ਼ਾਹ ਜ਼ਮਾਨ: ਜਦੋਂ 1797 ਈ. ਵਿੱਚ ਰਣਜੀਤ ਸਿੰਘ ਨੇ ਸ਼ੁਕਰਚੱਕੀਆ ਮਿਸਲ ਦੀ ਵਾਗਡੋਰ ਸੰਭਾਲੀ ਉਸ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ਸ਼ਾਹ ਜ਼ਮਾਨ ਸੀ। ਉਹ ਪੰਜਾਬ ਨੂੰ ਆਪਣੀ ਜੱਦੀ ਮਲਕੀਅਤ ਸਮਝਦਾ ਸੀ। ਇਸ ਦਾ ਕਾਰਨ ਇਹ ਸੀ ਕਿ ਇਸ ‘ਤੇ ਉਸ ਦੇ ਦਾਦੇ ਅਹਿਮਦ ਸ਼ਾਹ ਅਬਦਾਲੀ ਨੇ 1752 ਈ. ਵਿੱਚ ਕਬਜ਼ਾ ਕੀਤਾ ਸੀ। ਇਸ ਤਰ੍ਹਾਂ ਸ਼ਾਹ ਜ਼ਮਾਨ ਨੇ 27 ਨਵੰਬਰ, 1798 ਈ. ਨੂੰ ਲਾਹੌਰ ‘ਤੇ ਕਬਜ਼ਾ ਕਰ ਲਿਆ। ਭੰਗੀ ਸਰਦਾਰ ਸ਼ਾਹ ਜ਼ਮਾਨ ਦਾ ਬਿਨਾਂ ਮੁਕਾਬਲਾ ਕੀਤੇ ਸ਼ਹਿਰ ਛੱਡ ਕੇ ਨੱਸ ਗਏ। ਉਸ ਸਮੇਂ ਅਫ਼ਗਾਨਿਸਤਾਨ ਵਿੱਚ ਹੋਈ ਬਗ਼ਾਵਤ ਕਾਰਨ ਸ਼ਾਹ ਜ਼ਮਾਨ ਨੂੰ ਕਾਬਲ ਜਾਣਾ ਪਿਆ। ਇਸ ’ਤੇ ਭੰਗੀ ਸਰਦਾਰਾਂ ਨੇ ਜਨਵਰੀ 1799 ਈ. ਨੂੰ ਲਾਹੌਰ ‘ਤੇ ਮੁੜ ਕਬਜ਼ਾ ਕਰ ਲਿਆ। ਰਣਜੀਤ ਸਿੰਘ ਨੇ ਭੰਗੀ ਸਰਦਾਰਾਂ ਨੂੰ ਹਰਾ ਕੇ 7 ਜੁਲਾਈ, 1799 ਈ. ਨੂੰ ਲਾਹੌਰ ਉੱਤੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਰਣਜੀਤ ਸਿੰਘ ਨੇ ਸ਼ਾਹ ਜ਼ਮਾਨ ਦੀਆਂ 12 ਜਾਂ 15 ਤੋਪਾਂ ਜੋ ਦਰਿਆ ਜੇਹਲਮ ਵਿੱਚ ਡਿੱਗ ਪਈਆਂ ਸਨ ਕਢਵਾ ਕੇ ਕਾਬਲ ਭੇਜੀਆਂ। ਇਸ ਤੋਂ ਖ਼ੁਸ਼ ਹੋ ਕੇ ਸ਼ਾਹ ਜ਼ਮਾਨ ਨੇ ਰਣਜੀਤ ਸਿੰਘ ਦੇ ਲਾਹੌਰ ‘ਤੇ ਕੀਤੇ ਗਏ ਕਬਜ਼ੇ ਨੂੰ ਮਾਨਤਾ ਪ੍ਰਦਾਨ ਕਰ ਦਿੱਤੀ।
2. ਅਫ਼ਗਾਨਿਸਤਾਨ ਵਿੱਚ ਰਾਜਨੀਤਿਕ ਅਸਥਿਰਤਾ: 1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖ਼ਾਨਾਜੰਗੀ ਸ਼ੁਰੂ ਹੋ ਗਈ। ਸ਼ਾਹ ਜ਼ਮਾਨ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਅਤੇ ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ। 1803 ਈ. ਵਿੱਚ ਸ਼ਾਹ ਸ਼ੁਜਾਹ ਨੇ ਸ਼ਾਹ ਮਹਿਮੂਦ ਤੋਂ ਗੱਦੀ ਹਥਿਆ ਲਈ। ਉਹ ਬੜਾ ਅਯੋਗ ਸ਼ਾਸਕ ਸਿੱਧ ਹੋਇਆ। ਇਸ ਕਾਰਨ ਅਫ਼ਗਾਨਿਸਤਾਨ ਵਿੱਚ ਅਰਾਜਕਤਾ ਫੈਲ ਗਈ। ਇਹ ਸੁਨਹਿਰੀ ਮੌਕਾ ਵੇਖ ਕੇ ਅਟਕ, ਕਸ਼ਮੀਰ, ਮੁਲਤਾਨ ਤੇ ਡੇਰਾਜਾਤ ਆਦਿ ਦੇ ਅਫ਼ਗਾਨ ਸੁਬੇਦਾਰਾਂ ਨੇ ਆਪਣੀ ਸੁਤੰਤਰਤਾ ਦਾ ਐਲਾਨ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਨੇ ਵੀ ਕਾਬਲ ਸਰਕਾਰ ਦੀ ਕਮਜ਼ੋਰੀ ਦਾ ਪੂਰਾ ਫਾਇਦਾ ਉਠਾਇਆ ਅਤੇ ਕਸੂਰ, ਝੰਗ, ਖੁਸ਼ਾਬ ਅਤੇ ਸਾਹੀਵਾਲ ਨਾਂ ਦੇ ਅਫ਼ਗਾਨ ਪ੍ਰਦੇਸ਼ਾਂ ‘ਤੇ ਕਬਜ਼ਾ ਕਰ ਲਿਆ।
(ਅ) ਸਿੱਖ-ਅਫ਼ਗਾਨ ਸੰਬੰਧਾਂ ਦਾ ਦੂਜਾ ਪੜਾਅ, 1813-1834 ਈ.
1813 ਈ. ਤੋਂ 1834 ਈ. ਤਕ ਦਾ ਕਾਲ ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਾਂ ਨਾਲ ਸੰਬੰਧਾਂ ਦੇ ਇਤਿਹਾਸ ਵਿੱਚ ਅਤਿ ਮਹੱਤਵਪੂਰਨ ਕਾਲ ਹੈ। ਇਸ ਕਾਲ ਵਿੱਚ ਮਹਾਰਾਜਾ ਰਣਜੀਤ ਸਿੰਘ ਤੇ ਅਫ਼ਗਾਨਾਂ ਵਿਚਕਾਰ ਇੱਕ ਲੰਬਾ ਸੰਘਰਸ਼ ਚਲਦਾ ਰਿਹਾ। ਇਸ ਸੰਘਰਸ਼ ਵਿੱਚ ਅੰਤ ਮਹਾਰਾਜਾ ਰਣਜੀਤ ਸਿੰਘ ਜੇਤੂ ਰਿਹਾ।
1. ਰਣਜੀਤ ਸਿੰਘ ਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ 1813 ਈ.: 1813 ਈ. ਵਿੱਚ ਅਫ਼ਗਾਨ ਵਜ਼ੀਰ ਫ਼ਤਿਹ ਖਾਂ ਨੇ ਕਸ਼ਮੀਰ ਜਿੱਤਣ ਦੀ ਯੋਜਨਾ ਬਣਾਈ। ਉਸ ਸਮੇਂ ਪੰਜਾਬ ਦਾ ਮਹਾਰਾਜਾ ਰਣਜੀਤ ਸਿੰਘ ਵੀ ਕਸ਼ਮੀਰ ਨੂੰ ਜਿੱਤਣ ਦੀਆਂ ਯੋਜਨਾਵਾਂ ਬਣਾ ਰਿਹਾ ਸੀ। ਇਸ ਲਈ 18 ਅਪਰੈਲ, 1813 ਈ. ਨੂੰ ਰੋਹਤਾਸਗੜ੍ਹ ਵਿਖੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਇੱਕ ਸਮਝੌਤਾ ਹੋ ਗਿਆ। ਇਸ ਸਮਝੌਤੇ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਦੀਆਂ ਸਾਂਝੀਆਂ ਫ਼ੌਜਾਂ ਨੇ 1813 ਈ. ਵਿੱਚ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ। ਸ਼ੇਰਗੜ੍ਹ ਵਿਖੇ ਹੋਈ ਲੜਾਈ ਵਿੱਚ ਅੱਤਾ ਮੁਹੰਮਦ ਖ਼ਾਂ ਦੀ ਹਾਰ ਹੋਈ। ਇਸ ਜਿੱਤ ਤੋਂ ਬਾਅਦ ਫ਼ਤਿਹ ਖਾਂ ਆਪਣੇ ਵਾਅਦੇ ਤੋਂ ਮੁਕਰ ਗਿਆ ਤੇ ਉਸ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਨਾ ਤੇ ਕਸ਼ਮੀਰ ਦਾ ਕੋਈ ਪ੍ਰਦੇਸ਼ ਦਿੱਤਾ ਅਤੇ ਨਾ ਹੀ ਲੁੱਟ ਦੇ ਮਾਲ ਵਿੱਚੋਂ ਕੋਈ ਹਿੱਸਾ।
2. ਅਟਕ ‘ਤੇ ਕਬਜ਼ਾ 1813 ਈ.: ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਦੁਆਰਾ ਕੀਤੇ ਗਏ ਧੋਖੇ ਕਾਰਨ ਉਸ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ। ਉਸ ਦੀ ਕੂਟਨੀਤੀ ਦੇ ਸਿੱਟੇ ਵਜੋਂ ਅਟਕ ਦੇ ਸ਼ਾਸਕ ਜਹਾਂਦਾਦ ਖਾਂ ਨੇ ਇੱਕ ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਾ ਇਲਾਕਾ ਮਹਾਰਾਜੇ ਦੇ ਹਵਾਲੇ ਕਰ ਦਿੱਤਾ। ਜਦੋਂ ਫ਼ਤਿਹ ਖਾਂ ਨੂੰ ਇਸ ਬਾਰੇ ਪਤਾ ਚਲਿਆ ਤਾਂ ਉਹ ਅਟਕ ਵਿੱਚੋਂ ਸਿੱਖਾਂ ਨੂੰ ਕੱਢਣ ਲਈ ਤੁਰ ਪਿਆ। 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਦੇ ਸਥਾਨ ‘ਤੇ ਹੋਈ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ। ਇਹ ਅਫ਼ਗਾਨਾਂ ਅਤੇ ਸਿੱਖਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਸੀ। ਇਸ ਵਿੱਚ ਸਿੱਖਾਂ ਦੀ ਜਿੱਤ ਕਾਰਨ ਸਿੱਖਾਂ ਦੇ ਮਾਣ-ਸਨਮਾਨ ਵਿੱਚ ਬਹੁਤ ਵਾਧਾ ਹੋਇਆ।
3. ਕਸ਼ਮੀਰ ਦੀ ਜਿੱਤ 1819 ਈ.: ਮੁਲਤਾਨ ਦੀ ਜਿੱਤ ਤੋਂ ਉਤਸ਼ਾਹਿਤ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ਨੂੰ ਜਿੱਤਣ ਦੀ ਯੋਜਨਾ ਬਣਾਈ। ਮੁਲਤਾਨ ਦੇ ਜੇਤੂ ਮਿਸਰ ਦੀਵਾਨ ਚੰਦ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਕਸ਼ਮੀਰ ਵੱਲ ਭੇਜੀ ਗਈ। ਇਹ ਫ਼ੌਜ ਕਸ਼ਮੀਰ ਦੇ ਸ਼ਾਸਕ ਜ਼ਬਰ ਖਾਂ ਨੂੰ ਹਰਾਉਣ ਅਤੇ ਕਸ਼ਮੀਰ ਉੱਤੇ ਕਬਜ਼ਾ ਕਰਨ ਵਿੱਚ ਸਫਲ ਰਹੀ। ਇਸ ਮਹੱਤਵਪੂਰਨ ਜਿੱਤ ਨਾਲ ਅਫ਼ਗਾਨ ਸ਼ਕਤੀ ਨੂੰ ਇੱਕ ਹੋਰ ਕਰਾਰੀ ਸੱਟ ਵੱਜੀ।
4. ਨੌਸ਼ਹਿਰਾ ਦੀ ਲੜਾਈ 1823 ਈ.: ਛੇਤੀ ਹੀ ਫ਼ਤਿਹ ਖਾਂ ਦੇ ਭਰਾ ਆਜ਼ਿਮ ਨੇ ਅਜੂਬ ਖਾਂ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਇਆ ਅਤੇ ਆਪ ਉਸ ਦਾ ਵਜ਼ੀਰ ਬਣ ਗਿਆ। ਅਫ਼ਗਾਨਿਸਤਾਨ ਵਿੱਚ ਫੈਲੀ ਬਦਅਮਨੀ ਦਾ ਲਾਭ ਉਠਾ ਕੇ ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿੱਚ ਪਿਸ਼ਾਵਰ ‘ਤੇ ਹਮਲਾ ਕਰ ਦਿੱਤਾ। ਪਿਸ਼ਾਵਰ ਦੇ ਸ਼ਾਸਕਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਧੀਨਤਾ ਸਵੀਕਾਰ ਕਰ ਲਈ। ਆਜ਼ਿਮ ਖਾਂ ਇਹ ਕਦੇ ਸਹਿਣ ਨਹੀਂ ਕਰ ਸਕਦਾ ਸੀ। ਸਿੱਟੇ ਵਜੋਂ 14 ਮਾਰਚ, 1823 ਈ. ਨੂੰ ਨੌਸ਼ਹਿਰਾ ਜਾਂ ਟਿੱਬਾ ਟੇਹਰੀ ਦੇ ਸਥਾਨ ‘ਤੇ ਦੋਹਾਂ ਫ਼ੌਜਾਂ ਵਿਚਾਲੇ ਇੱਕ ਨਿਰਣਾਇਕ ਲੜਾਈ ਹੋਈ। ਇਹ ਲੜਾਈ ਬੜੀ ਭਿਅੰਕਰ ਸੀ। ਇਸ ਲੜਾਈ ਵਿੱਚ ਸਿੱਖਾਂ ਨੇ ਅਫ਼ਗਾਨਾਂ ਨੂੰ ਨਾਨੀ ਚੇਤੇ ਕਰਵਾ ਦਿੱਤੀ। ਡਾਕਟਰ ਬੀ. ਜੇ. ਹਸਰਤ ਦੇ ਸ਼ਬਦਾਂ ਵਿਚ, “ਨੌਸ਼ਹਿਰਾ ਵਿਖੇ ਸਿੱਖਾਂ ਦੀ ਜਿੱਤ ਨੇ ਸਿੰਧ ਨਦੀ ਦੇ ਪਰਲੇ ਪਾਸੇ ਅਫ਼ਗਾਨਾਂ ਦੀ ਸਰਵ-ਉੱਚਤਾ ਹਮੇਸ਼ਾਂ ਲਈ ਖ਼ਤਮ ਕਰ ਦਿੱਤੀ।”
5. ਸੱਯਦ ਅਹਿਮਦ ਦਾ ਵਿਦਰੋਹ 1827-31 ਈ.: 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨਾਂ ਦੇ ਇੱਕ ਵਿਅਕਤੀ ਨੇ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਮਚਾਈ ਰੱਖਿਆ ਸੀ। ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਸਰਦਾਰ ਉਸ ਦੇ ਪੈਰੋਕਾਰ ਬਣ ਗਏ। ਉਸ ਨੂੰ ਸਿੱਖ ਫ਼ੌਜਾਂ ਨੇ ਪਹਿਲਾਂ ਸੈਦੂ ਵਿਖੇ ਅਤੇ ਫਿਰ ਪਿਸ਼ਾਵਰ ਵਿਖੇ ਹਰਾਇਆ ਸੀ ਪਰ ਖੁਸ਼ਕਿਸਮਤੀ ਨਾਲ ਉਹ ਦੋਨੋਂ ਵਾਰੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਅੰਤ ਮਈ 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ। ਇਸ ਨਾਲ ਸਿੱਖਾਂ ਦੀ ਇੱਕ ਵੱਡੀ ਸਿਰਦਰਦੀ ਦੂਰ ਹੋਈ।
6. ਸ਼ਾਹ ਸ਼ੁਜਾਹ ਨਾਲ ਸੰਧੀ 1833 ਈ.: 12 ਮਾਰਚ, 1833 ਈ. ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਸ਼ਾਹ ਸ਼ੁਜਾਹ ਵਿਚਾਲੇ ਇੱਕ ਸੰਧੀ ਹੋਈ। ਇਸ ਅਨੁਸਾਰ ਸ਼ਾਹ ਸ਼ੁਜਾਹ ਨੇ ਰਣਜੀਤ ਸਿੰਘ ਦੁਆਰਾ ਸਿੰਧ ਦਰਿਆ ਦੇ ਉੱਤਰ-ਪੱਛਮ ਵਿੱਚ ਜਿੱਤੇ ਗਏ ਸਾਰੇ ਦੇਸ਼ਾਂ ਉੱਤੇ ਉਸ ਦਾ ਅਧਿਕਾਰ ਸਵੀਕਾਰ ਕਰ ਲਿਆ। ਇਸ ਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਹ ਸ਼ੁਜਾਹ ਨੂੰ ਦੋਸਤ ਮੁਹੰਮਦ ਖ਼ਾਂ ਵਿਰੁੱਧ ਲੜਨ ਵਿੱਚ ਸਹਾਇਤਾ ਕੀਤੀ।
7. ਪਿਸ਼ਾਵਰ ਨੂੰ ਲਾਹੌਰ ਰਾਜ ਵਿੱਚ ਮਿਲਾਉਣਾ 1834 ਈ.: ਮਹਾਰਾਜਾ ਰਣਜੀਤ ਸਿੰਘ ਨੇ 1834 ਈ. ਵਿੱਚ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਇਸ ਉਦੇਸ਼ ਨਾਲ ਸ਼ਹਿਜ਼ਾਦਾ ਨੌਨਿਹਾਲ ਸਿੰਘ, ਹਰੀ ਸਿੰਘ ਨਲਵਾ ਅਤੇ ਜਨਰਲ ਵੈਂਤੂਰਾ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਪਿਸ਼ਾਵਰ ਭੇਜੀ ਗਈ। 6 ਮਈ, 1834 ਈ. ਨੂੰ ਪਿਸ਼ਾਵਰ ਨੂੰ ਲਾਹੌਰ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ। ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ ਗਿਆ।
(ੲ) ਸਿੱਖ-ਅਫ਼ਗਾਨ ਸੰਬੰਧਾਂ ਦਾ ਤੀਜਾ ਪੜਾਅ, 1834-1837 ਈ.
1. ਦੋਸਤ ਮੁਹੰਮਦ ਖ਼ਾਂ ਦੇ ਪਿਸ਼ਾਵਰ ਵਾਪਸ ਲੈਣ ਦੇ ਯਤਨ 1835 ਈ.: 1834 ਈ. ਵਿੱਚ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਤਾਂ ਦੋਸਤ ਮੁਹੰਮਦ ਖਾਂ ਗੁੱਸੇ ਨਾਲ ਲਾਲ ਪੀਲਾ ਹੋ ਗਿਆ। ਵੱਡੀ ਗਿਣਤੀ ਵਿੱਚ ਅਫ਼ਗਾਨ ਕਬੀਲੇ ਉਸ ਦੇ ਝੰਡੇ ਅਧੀਨ ਇਕੱਠੇ ਹੋ ਗਏ। ਉਸ ਨੇ ਆਪਣੇ ਭਰਾ ਸੁਲਤਾਨ ਮੁਹੰਮਦ ਨੂੰ ਵੀ ਆਪਣੇ ਨਾਲ ਰਲਾ ਲਿਆ। ਮਹਾਰਾਜਾ ਰਣਜੀਤ ਸਿੰਘ ਨੇ ਫ਼ਕੀਰ ਅਜ਼ੀਜ਼-ਉਦ-ਦੀਨ ਅਤੇ ਹਰਲਾਨ ਨੂੰ ਗੱਲਬਾਤ ਕਰਨ ਲਈ ਕਾਬਲ ਭੇਜਿਆ। ਇਸ ਮਿਸ਼ਨ ਦਾ ਇੱਕ ਹੋਰ ਉਦੇਸ਼ ਦੋਸਤ ਮੁਹੰਮਦ ਖਾਂ ਅਤੇ ਸੁਲਤਾਨ ਮੁਹੰਮਦ ਖ਼ਾਂ ਵਿੱਚ ਫੁੱਟ ਪਵਾਉਣਾ ਸੀ। ਇਹ ਮਿਸ਼ਨ ਆਪਣੇ ਉਦੇਸ਼ਾਂ ਵਿੱਚ ਸਫਲ ਰਿਹਾ। ਪਿਸ਼ਾਵਰ ਦੇ ਨੇੜੇ ਜਦੋਂ ਦੋਵੇਂ ਫ਼ੌਜਾਂ ਇੱਕ ਦੂਜੇ ਦੇ ਸਾਹਮਣੇ ਪਹੁੰਚੀਆਂ ਤਾਂ ਸੁਲਤਾਨ ਮੁਹੰਮਦ ਆਪਣੇ ਸੈਨਿਕਾਂ ਨਾਲ ਸਿੱਖ ਫ਼ੌਜਾਂ ਨਾਲ ਜਾ ਰਲਿਆ। ਇਹ ਵੇਖ ਕੇ ਦੋਸਤ ਮੁਹੰਮਦ ਖ਼ਾਂ ਬਿਨਾਂ ਲੜੇ ਹੀ 11 ਮਈ, 1835 ਈ. ਨੂੰ ਆਪਣੇ ਸੈਨਿਕਾਂ ਸਮੇਤ ਵਾਪਸ ਕਾਬਲ ਦੌੜ ਗਿਆ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਨੇ ਬਿਨਾਂ ਲੜੇ ਹੀ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ।
2. ਜਮਰੌਦ ਦੀ ਲੜਾਈ 1837 ਈ.: ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ਦੇ ਹਮਲਿਆਂ ਨੂੰ ਰੋਕਣ ਲਈ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਸ਼ੁਰੂ ਕਰਵਾਇਆ। ਹਰੀ ਸਿੰਘ ਨਲਵਾ ਦੀ ਇਸ ਕਾਰਵਾਈ ਨੂੰ ਰੋਕਣ ਲਈ ਦੋਸਤ ਮੁਹੰਮਦ ਖਾਂ ਨੇ ਆਪਣੇ ਪੁੱਤਰ ਮੁਹੰਮਦ ਅਕਬਰ ਅਤੇ ਸ਼ਮਸ-ਉਦ-ਦੀਨ ਦੀ ਅਗਵਾਈ ਹੇਠ ਇੱਕ ਵਿਸ਼ਾਲ ਫ਼ੌਜ ਭੇਜੀ ਇਸ ਫ਼ੌਜ ਨੇ 28 ਅਪਰੈਲ, 1837 ਈ. ਜਮਰੌਦ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ ਸੀ ਪਰ ਸਿੱਖਾਂ ਨੇ ਅਫ਼ਗਾਨ ਫ਼ੌਜਾਂ ਨੂੰ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਨ੍ਹਾਂ ਨੇ ਸੁਪਨੇ ਵਿੱਚ ਵੀ ਕਦੇ ਪਿਸ਼ਾਵਰ ਦਾ ਨਾਂ ਨਾ ਲਿਆ।
(ਸ) ਸਿੱਖ-ਅਫ਼ਗਾਨ ਸੰਬੰਧਾਂ ਦਾ ਚੌਥਾ ਪੜਾਅ, 1838-39 ਈ.
ਸਿੱਖ-ਅਫ਼ਗਾਨ ਸੰਬੰਧਾਂ ਦੇ ਚੌਥੇ ਅਤੇ ਅੰਤਿਮ ਪੜਾਅ ਵਿੱਚ ਇੱਕ ਹੋਰ ਮਹੱਤਵਪੂਰਨ ਤਬਦੀਲੀ ਆਈ। ਹੁਣ ਅੰਗਰੇਜ਼ ਵੀ ਇਸ ਵਿੱਚ ਸ਼ਾਮਲ ਹੋ ਗਏ ਸਨ।
ਤਿੰਨ-ਪੱਖੀ ਸੰਧੀ, 1838 ਈ.: 1837 ਈ. ਵਿੱਚ ਰੂਸ ਬੜੀ ਤੇਜ਼ੀ ਨਾਲ ਏਸ਼ੀਆ ਵੱਲ ਵੱਧ ਰਿਹਾ ਸੀ। ਰੂਸ ਦੇ ਭਾਰਤ ਉੱਤੇ ਕਿਸੇ ਸੰਭਾਵਿਤ ਹਮਲੇ ਨੂੰ ਰੋਕਣ ਲਈ ਅੰਗਰੇਜ਼ਾਂ ਨੇ ਅਫ਼ਗਾਨਿਸਤਾਨ ਦੇ ਸ਼ਾਸਕ ਦੋਸਤ ਮੁਹੰਮਦ ਖ਼ਾਂ ਨਾਲ ਮਿੱਤਰਤਾ ਲਈ ਗੱਲਬਾਤ ਕੀਤੀ। ਇਹ ਗੱਲਬਾਤ ਕਿਸੇ ਸਿਰੇ ਨਾ ਚੜ ਸਕੀ। ਹੁਣ ਅੰਗਰੇਜ਼ਾਂ ਨੇ ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਾਉਣ ਦੀ ਯੋਜਨਾ ਬਣਾਈ। ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਸ ਸਮਝੌਤੇ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ। ਇਸ ਤਰ੍ਹਾਂ 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ।
ਤਿੰਨ-ਪੱਖੀ ਸੰਧੀ ਦੀਆਂ ਸ਼ਰਤਾਂ: (1) ਬਾਦਸ਼ਾਹ ਬਣਾਇਆ ਜਾਵੇਗਾ। (2) ਸ਼ਾਹ ਸ਼ੁਜਾਹ ਨੇ ਮਹਾਰਾਜਾ ਰਣਜੀਤ ਸਿੰਘ ਦੁਆਰਾ ਜਿੱਤੇ ਗਏ ਸਾਰੇ ਅਫ਼ਗਾਨ ਇਲਾਕਿਆਂ ਉੱਤੇ ਉਸ ਦਾ ਅਧਿਕਾਰ ਮੰਨ ਲਿਆ। (3) ਸਿੰਧ ਦੇ ਸੰਬੰਧ ਵਿੱਚ ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਮਿਆਨ ਜਿਹੜੇ ਫ਼ੈਸਲੇ ਹੋਣਗੇ ਸ਼ਾਹ ਸ਼ੁਜਾਹ ਨੇ ਉਨ੍ਹਾਂ ਨੂੰ ਮੰਨਣ ਦਾ ਵਚਨ ਦਿੱਤਾ। (4) ਸ਼ਾਹ ਸ਼ੁਜਾਹ ਅੰਗਰੇਜ਼ਾਂ ਅਤੇ ਸਿੱਖਾਂ ਦੀ ਆਗਿਆ ਤੋਂ ਬਿਨਾਂ ਦੁਨੀਆਂ ਦੀ ਕਿਸੇ ਹੋਰ ਸ਼ਕਤੀ ਨਾਲ ਸੰਬੰਧ ਕਾਇਮ ਨਹੀਂ ਕਰੇਗਾ। (5) ਇਕ ਦੇਸ਼ ਦਾ ਦੁਸ਼ਮਣ ਦੂਜੇ ਦੋ ਦੇਸ਼ਾਂ ਦਾ ਵੀ ਦੁਸ਼ਮਣ ਸਮਝਿਆ ਜਾਵੇਗਾ। (6) ਸ਼ਾਹ ਸ਼ੁਜਾਹ ਨੂੰ ਤਖ਼ਤ ਉੱਤੇ ਬਿਠਾਉਣ ਲਈ ਮਹਾਰਾਜਾ ਰਣਜੀਤ ਸਿੰਘ 5,000 ਸੈਨਿਕਾਂ ਨਾਲ ਮਦਦ ਕਰੇਗਾ ਅਤੇ ਸ਼ਾਹ ਸ਼ੁਜਾਹ ਇਸ ਬਦਲੇ ਮਹਾਰਾਜੇ ਨੂੰ 2 ਲੱਖ ਰੁਪਏ ਦੇਵੇਗਾ।
ਤਿੰਨ-ਪੱਖੀ ਸੰਧੀ ਦੇ ਅਨੁਸਾਰ ਜਨਵਰੀ, 1839 ਈ. ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰ ਦਿੱਤਾ। ਦੋਸਤ ਮੁਹੰਮਦ ਖ਼ਾਂ ਵਿਰੁੱਧ ਹਾਲੇ ਇਹ ਕਾਰਵਾਈ ਜਾਰੀ ਸੀ ਕਿ 27 ਜੂਨ, 1839 ਈ. ਨੂੰ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਚਲ ਵਸਿਆ।
ਸਿੱਟਾ: ਸਿੱਖ-ਅਫ਼ਗਾਨ ਸੰਬੰਧਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਪਲੜਾ ਭਾਰੀ ਰਿਹਾ। ਉਸ ਨੇ ਅਜਿੱਤ ਕਹੇ ਜਾਣ ਵਾਲੇ ਅਫ਼ਗਾਨਾਂ ਨੂੰ ਕਈ ਫ਼ੈਸਲਾਕੁੰਨ ਲੜਾਈਆਂ ਵਿੱਚ ਹਰਾਇਆ। ਇਨ੍ਹਾਂ ਸ਼ਾਨਦਾਰ ਜਿੱਤਾਂ ਕਾਰਨ ਮਹਾਰਾਜੇ ਦੇ ਮਾਣ-ਸਨਮਾਨ ਵਿੱਚ ਵੀ ਬਹੁਤ ਵਾਧਾ ਹੋਇਆ।
Exam Tips:
a) ਚਾਰੇ ਪੜਾਵਾਂ ਦੇ ਸਾਲ ਅਤੇ ਸਿਰਲੇਖ ਵੱਖ-ਵੱਖ ਲਿਖੋ।
b) ਹਜ਼ਰੋ (1813), ਨੌਸ਼ਹਿਰਾ (1823) ਅਤੇ ਜਮਰੌਦ (1837) ਦੀਆਂ ਮਿਤੀਆਂ ਯਾਦ ਰੱਖੋ।
c) ਛੋਟੇ ਉੱਤਰ ਲਈ ਹਰ ਪੜਾਅ ਦੀ ਇੱਕ ਮੁੱਖ ਘਟਨਾ ਹੀ ਲਿਖੋ।
Question 2: ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਵਰਣਨ ਕਰੋ। ਜਾਂ ਉਸ ਦੀ ਇਸ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਨਿਰੀਖਣ ਕਰੋ ਅਤੇ ਇਸ ਦਾ ਮਹੱਤਵ ਦੱਸੋ। ਇਹ ਨੀਤੀ ਕਿਸ ਹੱਦ ਤਕ ਸਫਲ ਰਹੀ?
Answer:
ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਪੰਜਾਬ ਅਤੇ ਭਾਰਤ ਦੇ ਹਾਕਮਾਂ ਲਈ ਹਮੇਸ਼ਾਂ ਇੱਕ ਸਿਰਦਰਦੀ ਦਾ ਕਾਰਨ ਬਣੀ ਰਹੀ ਹੈ। ਇਸ ਦਾ ਕਾਰਨ ਇਹ ਸੀ ਕਿ ਇਸ ਪਾਸੇ ਤੋਂ ਵਿਦੇਸ਼ੀ ਹਮਲਾਵਰ ਪੰਜਾਬ ਤੇ ਭਾਰਤ ਵਿੱਚ ਆ ਕੇ ਤਬਾਹੀ ਮਚਾਉਂਦੇ ਰਹੇ। ਇਸ ਤੋਂ ਇਲਾਵਾ ਇਸ ਸਾਰੇ ਦੇਸ਼ ਵਿੱਚ ਬੜੇ ਹੀ ਖੂੰਖਾਰ ਕਬੀਲੇ ਰਹਿੰਦੇ ਸਨ। ਉਹ ਆਪਣੇ ਸੁਭਾਅ ਤੋਂ ਹੀ ਅਨੁਸ਼ਾਸਨ ਵਿਰੋਧੀ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਰਾਜਸੀ ਸੂਝਬੂਝ ਅਤੇ ਕੂਟਨੀਤੀ ਰਾਹੀਂ ਨਾ ਕੇਵਲ ਇਨ੍ਹਾਂ ਕਬੀਲਿਆਂ ਉੱਤੇ ਹੀ ਜਿੱਤ ਪ੍ਰਾਪਤ ਕੀਤੀ ਸਗੋਂ ਉਨ੍ਹਾਂ ਨੂੰ ਆਪਣੀ ਅਧੀਨਤਾ ਸਵੀਕਾਰ ਕਰਨ ਲਈ ਵੀ ਮਜਬੂਰ ਕੀਤਾ।
I. ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ
1. ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ: ਮਹਾਰਾਜਾ ਰਣਜੀਤ ਸਿੰਘ ਦੀਆਂ ਉੱਤਰ-ਪੱਛਮੀ ਦੇਸ਼ਾਂ ਦੀਆਂ ਜਿੱਤਾਂ ਦੇ ਦੋ ਪੜਾਅ ਸਨ। ਉਸ ਨੇ ਅਟਕ, ਮੁਲਤਾਨ ਅਤੇ ਕਸ਼ਮੀਰ ਦੀਆਂ ਜਿੱਤਾਂ ਤੋਂ ਬਾਅਦ ਦਰਿਆ ਸਿੰਧ ਦੇ ਪਾਰ ਦੇ ਦੇਸ਼ਾਂ ਵੱਲ ਧਿਆਨ ਦਿੱਤਾ। ਉਸ ਨੇ 1818 ਈ. ਵਿੱਚ ਪਿਸ਼ਾਵਰ, 1820 ਈ. ਵਿੱਚ ਬਹਾਵਲਪੁਰ ਅਤੇ 1821 ਈ. ਵਿੱਚ ਡੇਰਾ ਇਸਮਾਈਲ ਖ਼ਾਂ ਤੇ ਮਨਕੇਰਾ ਨਾਂ ਦੇ ਦੇਸ਼ਾਂ ਉੱਤੇ ਜਿੱਤ ਪ੍ਰਾਪਤ ਕੀਤੀ। ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਇਨ੍ਹਾਂ ਦੇਸ਼ਾਂ ਨੂੰ ਸਾਲਾਨਾ ਖਿਰਾਜ ਦੇ ਬਦਲੇ ਮੁਸਲਮਾਨਾਂ ਦੇ ਅਧੀਨ ਹੀ ਰਹਿਣ ਦਿੱਤਾ ਸੀ। 1827 ਈ. ਤੋਂ 1831 ਈ. ਦੇ ਦੌਰਾਨ ਤਕ ਮਹਾਰਾਜਾ ਰਣਜੀਤ ਸਿੰਘ ਦੀ ਸ਼ਕਤੀ ਬਹੁਤ ਵੱਧ ਗਈ ਸੀ। ਇਸ ਲਈ ਉਸ ਨੇ ਇਨ੍ਹਾਂ ਦੇਸ਼ਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰਨ ਦਾ ਫੈਸਲਾ ਕੀਤਾ। ਸਿੱਟੇ ਵਜੋਂ ਮਹਾਰਾਜੇ ਨੇ 1831 ਈ. ਵਿੱਚ ਡੇਰਾ ਗਾਜ਼ੀ ਖ਼ਾਂ, 1832 ਈ. ਵਿੱਚ ਟੌਕ, 1833 ਈ. ਵਿੱਚ ਬੰਨੂੰ, 1834 ਈ. ਵਿੱਚ ਪਿਸ਼ਾਵਰ ਅਤੇ 1836 ਈ. ਵਿੱਚ ਡੇਰਾ ਇਸਮਾਈਲ ਖਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ।
2. ਅਫ਼ਗਾਨਿਸਤਾਨ ‘ਤੇ ਕਬਜ਼ਾ ਨਾ ਕਰਨ ਦਾ ਫ਼ੈਸਲਾ: ਮਹਾਰਾਜਾ ਰਣਜੀਤ ਸਿੰਘ ਬੜਾ ਸੂਝਵਾਨ ਸੀ। ਇਸ ਲਈ ਉਸ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਹੀਂ ਕੀਤਾ। ਉਸ ਨੂੰ ਉੱਤਰ-ਪੱਛਮੀ ਸੀਮਾ ਦੇ ਦੇਸ਼ਾਂ ਵਿੱਚ ਹੀ ਪਹਿਲਾਂ ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਜਿਹੀ ਸਥਿਤੀ ਵਿੱਚ ਉਹ ਅਫ਼ਗਾਨਿਸਤਾਨ ਉੱਤੇ ਕਬਜ਼ਾ ਕਰਕੇ ਆਪਣੇ ਲਈ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦਾ ਸੀ। ਸ਼ਾਇਦ ਕੇਵਲ ਇੱਕ ਮੌਕੇ ਉੱਤੇ ਹੀ ਉਸ ਨੇ ਗੰਭੀਰਤਾ ਨਾਲ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਬਾਰੇ ਸੋਚਿਆ ਸੀ ਕਿਉਂਕਿ ਉਹ ਹਰੀ ਸਿੰਘ ਨਲਵਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਛੇਤੀ ਹੀ ਪਿੱਛੋਂ ਜਦੋਂ ਮਹਾਰਾਜੇ ਦਾ ਗੁੱਸਾ ਉਤਰ ਗਿਆ ਤਾਂ ਉਸ ਨੇ ਅਫ਼ਗਾਨਿਸਤਾਨ ਉੱਤੇ ਹਮਲਾ ਕਰਨ ਦੇ ਆਪਣੇ ਵਿਚਾਰ ਨੂੰ ਛੱਡ ਦਿੱਤਾ। ਇਹ ਠੀਕ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੂਨ, 1838· ਈ. ਵਿੱਚ ਤਿੰਨ-ਪੱਖੀ ਸੰਧੀ ਵਿੱਚ ਸ਼ਾਮਲ ਹੋਇਆ ਸੀ। ਉਹ ਇਸ ਸੰਧੀ ਵਿੱਚ ਇਸ ਲਈ ਸ਼ਾਮਲ ਹੋਇਆ ਸੀ ਤਾਂ ਕਿ ਅੰਗਰੇਜ਼ਾਂ ਵੱਲੋਂ ਉਸ ਦੇ ਹਿੱਤਾਂ ਨੂੰ ਨੁਕਸਾਨ ਨਾ ਪਹੁੰਚੇ।
3. ਕਬੀਲਿਆਂ ਨੂੰ ਕੁਚਲਣ ਦੇ ਯਤਨ: ਮਹਾਰਾਜਾ ਰਣਜੀਤ ਸਿੰਘ ਅਧੀਨ ਉੱਤਰ-ਪੱਛਮੀ ਦੇਸ਼ਾਂ ਵਿੱਚ ਅਨੇਕਾਂ ਅਫ਼ਗਾਨ ਕਬੀਲੇ ਸਨ। ਉਨ੍ਹਾਂ ਦਾ ਮੁੱਖ ਪੇਸ਼ਾ ਲੁੱਟਮਾਰ ਕਰਨਾ ਸੀ। ਉਹ ਕਦੇ ਵੀ ਕਿਸੇ ਦੇ ਅਧੀਨ ਨਹੀਂ ਰਹਿ ਸਕਦੇ ਸਨ। 1827 ਈ. ਤੋਂ 1831 ਈ. ਦੇ ਸਮੇਂ ਦੇ ਦੌਰਾਨ ਸੱਯਦ ਅਹਿਮਦ ਨੇ ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਸਿੱਖਾਂ ਵਿਰੁੱਧ ਭੜਕਾਇਆ। ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਕਈ ਸੈਨਿਕ ਮੁਹਿੰਮਾਂ ਭੇਜੀਆਂ। ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦਾ ਹੋਇਆ ਆਪਣੇ 500 ਸਾਥੀਆਂ ਸਮੇਤ ਮਾਰਿਆ ਗਿਆ ਸੀ। 1834 ਈ. ਵਿੱਚ ਜਦੋਂ ਪਿਸ਼ਾਵਰ ਨੂੰ ਸਿੱਖ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਗਿਆ ਤਾਂ ਹਰੀ ਸਿੰਘ ਨਲਵਾ ਨੂੰ ਉੱਥੋਂ ਦਾ ਗਵਰਨਰ ਨਿਯੁਕਤ ਕੀਤਾ ਗਿਆ। ਹਰੀ ਸਿੰਘ ਨਲਵਾ ਨੇ ਇਨ੍ਹਾਂ ਕਬੀਲਿਆਂ ਨੂੰ ਕੁਚਲਣ ਲਈ ਬੜੀ ਸਖ਼ਤ ਨੀਤੀ ਅਪਣਾਈ।
4. ਉੱਤਰ-ਪੱਛਮੀ ਸੀਮਾ ਸੁਰੱਖਿਆ ਦੇ ਕਾਰਜ: ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਸ ਨੇ ਕਈ ਨਵੇਂ ਕਿਲ੍ਹਿਆਂ ਜਿਵੇਂ ਅਟਕ, ਖੈਰਾਬਾਦ, ਜਹਾਂਗੀਰਾ, ਜਮਰੌਦ ਅਤੇ ਫ਼ਤਹਿਗੜ੍ਹ ਨਾਂ ਦੇ ਕਿਲ੍ਹਿਆਂ ਦੀ ਉਸਾਰੀ ਕਰਵਾਈ। ਇਨ੍ਹਾਂ ਤੋਂ ਇਲਾਵਾ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕੀਤਾ ਗਿਆ। ਇਨ੍ਹਾਂ ਕਿਲ੍ਹਿਆਂ ਵਿੱਚ ਵਿਸ਼ੇਸ਼ ਸਿੱਖਿਅਤ ਸੈਨਾ ਰੱਖੀ ਗਈ। ਚਲਦੇ-ਫਿਰਦੇ ਸੈਨਿਕ ਦਸਤੇ ਕਾਇਮ ਕੀਤੇ ਗਏ, ਇਹ ਖਰੂਦੀ ਕਬੀਲਿਆਂ ਵਿਰੁੱਧ ਕਾਰਵਾਈ ਕਰਦੇ ਸਨ। ਇਨ੍ਹਾਂ ਦਸਤਿਆਂ ਨੇ ਅਫ਼ਗਾਨ ਕਬੀਲਿਆਂ ਦੇ ਦਿਲਾਂ ਵਿੱਚ ਇੰਨਾ ਆਤੰਕ ਪੈਦਾ ਕੀਤਾ ਕਿ ਉਹ ਹੌਲੀ-ਹੌਲੀ ਬਗ਼ਾਵਤ ਕਰਨੀ ਭੁੱਲ ਗਏ।
5. ਉੱਤਰ-ਪੱਛਮੀ ਸੀਮਾ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ: ਇਨ੍ਹਾਂ ਦੇਸ਼ਾਂ ਵਿੱਚ ਰਹਿਣ ਵਾਲੇ ਕਬੀਲਿਆਂ ਨੂੰ ਕਾਬੂ ਹੇਠ ਰੱਖਣ ਲਈ ਮਹਾਰਾਜੇ ਨੇ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ। ਉਸ ਨੇ ਇਸ ਦੇਸ਼ ਦੇ ਰਾਜ ਪ੍ਰਬੰਧ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ। ਪੁਰਾਣੇ ਪ੍ਰਚਲਿਤ ਕਾਨੂੰਨਾਂ ਅਤੇ ਰਸਮਾਂ ਨੂੰ ਕਾਇਮ ਰੱਖਿਆ ਗਿਆ। ਹਰੇਕ ਖ਼ਾਂ (ਕਬੀਲੇ ਦਾ ਨੇਤਾ) ਆਪਣੇ ਕਬੀਲੇ ਦੇ ਲੋਕਾਂ ਤੋਂ ਕਰ ਇਕੱਠਾ ਕਰਦਾ ਸੀ। ਉਸ ਨੂੰ ਲਾਹੌਰ ਸਰਕਾਰ ਦੀ ਸਰਵ-ਉੱਚਤਾ ਨੂੰ ਮੰਨਣਾ ਪੈਂਦਾ ਸੀ ਅਤੇ ਲਗਾਨ ਸੰਬੰਧੀ ਮੰਗਾਂ ਨੂੰ ਪੂਰਾ ਕਰਨਾ ਪੈਂਦਾ ਸੀ। ਮਹਾਰਾਜਾ ਬਿਨਾਂ ਕਿਸੇ ਵਜ੍ਹਾ ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦਾ ਸੀ। ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ ਨਹਿਰਾਂ ਅਤੇ ਖੂਹ ਖੁਦਵਾਏ ਗਏ ਭੂਮੀ ਲਗਾਨ ਦੀਆਂ ਦਰਾਂ ਵਿੱਚ ਕਾਫ਼ੀ ਕਮੀ ਕੀਤੀ ਗਈ। ਆਵਾਜਾਈ ਦੇ ਸਾਧਨਾਂ ਦਾ ਵਿਕਾਸ ਕੀਤਾ ਗਿਆ। ਇਨ੍ਹਾਂ ਸਾਰੇ ਯਤਨਾਂ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ ਇੱਥੋਂ ਦੇ ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ। ਗੜਬੜੀ ਕਰਨ ਵਾਲੇ ਕਬੀਲਿਆਂ ਦੇ ਵਿਰੁੱਧ ਕਠੋਰ ਕਦਮ ਚੁੱਕੇ ਗਏ।
II. ਉੱਤਰ-ਪੱਛਮੀ ਸੀਮਾ ਨੀਤੀ ਦਾ ਮਹੱਤਵ
ਮਹਾਰਾਜਾ ਰਣਜੀਤ ਸਿੰਘ ਆਪਣੀ ਉੱਤਰ-ਪੱਛਮੀ ਸੀਮਾ ਨੀਤੀ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ। ਇਹ ਸਚਮੁੱਚ ਹੀ ਮਹਾਰਾਜਾ ਰਣਜੀਤ ਸਿੰਘ ਦੀਆਂ ਮਹਾਨ ਉਪਲੱਬਧੀਆਂ ਵਿੱਚੋਂ ਇੱਕ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ। ਉਸ ਨੇ ਉੱਤਰ-ਪੱਛਮੀ ਸੀਮਾ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ। ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਕਦਮ ਚੁੱਕੇ ਗਏ। ਲਗਾਨ ਦੀ ਦਰ ਵਿੱਚ ਪਹਿਲਾਂ ਨਾਲੋਂ ਬਹੁਤ ਕਮੀ ਕਰ ਦਿੱਤੀ ਗਈ। ਸਿੱਟੇ ਵਜੋਂ ਨਾ ਕੇਵਲ ਉੱਥੋਂ ਦੇ ਲੋਕ ਖੁਸ਼ਹਾਲ ਹੋਏ ਸਗੋਂ ਰਣਜੀਤ ਸਿੰਘ ਦੇ ਵਪਾਰ ਨੂੰ ਵੀ ਇੱਕ ਨਵਾਂ ਉਤਸ਼ਾਹ ਮਿਲਿਆ। ਡਾਕਟਰ ਜੀ. ਐੱਸ. ਨਈਅਰ ਦਾ ਇਹ ਕਹਿਣਾ ਬਿਲਕੁਲ ਠੀਕ ਹੈ, ‘ “ਅਨੰਗਪਾਲ ਤੋਂ ਬਾਅਦ ਪਹਿਲੀ ਵਾਰ ਉੱਤਰ-ਪੱਛਮੀ ਸੀਮਾ ਤੋਂ ਹੋਣ ਵਾਲੇ ਹਮਲਿਆਂ ਨੂੰ ਰੋਕਿਆ ਅਤੇ ਕਬਾਇਲੀਆਂ ‘ਤੇ ਸ਼ਾਸਨ ਕੀਤਾ ਜਾ ਸਕਿਆ।”
Exam Tips:
a) ਉੱਤਰ ਨੂੰ ‘ਵਿਸ਼ੇਸ਼ਤਾਵਾਂ’ ਅਤੇ ‘ਮਹੱਤਵ’ ਦੋ ਭਾਗਾਂ ਵਿੱਚ ਵੰਡੋ।
b) ਹਰ ਵਿਸ਼ੇਸ਼ਤਾ ਦੇ ਨਾਲ ਇੱਕ ਸਾਲ ਜਾਂ ਨਾਂ ਦਾ ਹਵਾਲਾ ਦਿਓ।
c) ਸਫਲਤਾ ਦੇ ਸਬੂਤ ਵਜੋਂ ਵਿਦਰੋਹਾਂ ਦੇ ਦਮਨ ਅਤੇ ਖ਼ੁਸ਼ਹਾਲੀ ਦਾ ਜ਼ਿਕਰ ਕਰੋ।
ਸੰਖੇਪ ਉੱਤਰਾਂ ਵਾਲੇ ਪ੍ਰਸ਼ਨ
Question 1: ਹਜ਼ਰੋ ਜਾਂ ਹੈਦਰੋ ਜਾਂ ਛੱਛ ਦੀ ਲੜਾਈ ਸੰਬੰਧੀ ਜਾਣਕਾਰੀ ਦਿਓ।
Answer:
ਮਾਰਚ, 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦੇ ਗਵਰਨਰ ਜਹਾਂਦਾਦ ਖ਼ਾਂ ਤੋਂ ਇੱਕ ਲੱਖ ਰੁਪਏ ਬਦਲੇ ਅਟਕ ਦਾ ਕਿਲ੍ਹਾ ਪ੍ਰਾਪਤ ਕਰ ਲਿਆ ਸੀ। ਜਦੋਂ ਫ਼ਤਿਹ ਖਾਂ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਹ ਅੱਗ ਬਬੂਲਾ ਹੋ ਉੱਠਿਆ। ਉਹ ਕਸ਼ਮੀਰ ਤੋਂ ਆਪਣੇ ਨਾਲ ਭਾਰੀ ਫ਼ੌਜਾਂ ਲੈ ਕੇ ਅਟਕ ਵੱਲ ਚਲ ਪਿਆ। 13 ਜੁਲਾਈ, 1813 ਈ. ਨੂੰ ਹਜ਼ਰੋ ਜਾਂ ਹੈਦਰੋ ਜਾਂ ਛੱਛ ਦੇ ਸਥਾਨ ‘ਤੇ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਦੀਆਂ ਫ਼ੌਜਾਂ ਵਿਚਾਲੇ ਇੱਕ ਘਮਸਾਨ ਦੀ ਲੜਾਈ ਹੋਈ। ਇਸ ਲੜਾਈ ਵਿੱਚ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਫ਼ਤਿਹ ਖਾਂ ਨੂੰ ਇੱਕ ਕਰਾਰੀ ਹਾਰ ਦਿੱਤੀ।
Exam Tips:
a) ਮਿਤੀ 13 ਜੁਲਾਈ, 1813 ਈ. ਜ਼ਰੂਰ ਲਿਖੋ।
b) ਇਹ ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਪਹਿਲੀ ਲੜਾਈ ਸੀ।
Question 2: ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸੰਬੰਧਾਂ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਸ਼ਾਹ ਸ਼ੁਜਾਹ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਸ਼ਾਹ ਸ਼ੁਜਾਹ 1803 ਈ. ਤੋਂ 1809 ਈ. ਤਕ ਅਫ਼ਗਾਨਿਸਤਾਨ ਦਾ ਬਾਦਸ਼ਾਹ ਰਿਹਾ। 1809 ਈ. ਵਿੱਚ ਸ਼ਾਹ ਮਹਿਮੂਦ ਨੇ ਉਸ ਤੋਂ ਗੱਦੀ ਖੋਹ ਲਈ। ਸ਼ਾਹ ਸ਼ੁਜਾਹ ਨੂੰ ਕਸ਼ਮੀਰ ਦੇ ਅਫ਼ਗਾਨ ਸੂਬੇਦਾਰ ਅੱਤਾ ਮੁਹੰਮਦ ਖਾਂ ਨੇ 1812 ਈ. ਵਿਚ ਗ੍ਰਿਫ਼ਤਾਰ ਕਰ ਲਿਆ ਸੀ। 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਫ਼ੌਜਾਂ ਨੇ ਸ਼ਾਹ ਸ਼ੁਜਾਹ ਨੂੰ ਰਿਹਾਅ ਕਰਵਾ ਦਿੱਤਾ। 26 ਜੂਨ, 1838 ਈ. ਨੂੰ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਇੱਕ ਤਿੰਨ-ਪੱਖੀ ਸੰਧੀ ਹੋਈ। ਅੰਗਰੇਜ਼ਾਂ ਦੇ ਯਤਨਾਂ ਨਾਲ 1839 ਈ. ਵਿੱਚ ਸ਼ਾਹ ਸ਼ੁਜਾਹ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣ ਗਿਆ ਪਰ ਛੇਤੀ ਹੀ ਉਸ ਵਿਰੁੱਧ ਵਿਦਰੋਹ ਹੋ ਗਿਆ।
Exam Tips:
a) ਸ਼ਾਹ ਸ਼ੁਜਾਹ ਦਾ ਸ਼ਾਸਨ-ਕਾਲ (1803-09 ਈ.) ਅਤੇ 1838 ਈ. ਦੀ ਸੰਧੀ ਦੋਵੇਂ ਯਾਦ ਰੱਖੋ।
Question 3: ਮਹਾਰਾਜਾ ਰਣਜੀਤ ਸਿੰਘ ਦੇ ਦੋਸਤ ਮੁਹੰਮਦ ਨਾਲ ਸੰਬੰਧਾਂ ਦਾ ਵਰਣਨ ਕਰੋ।
Answer:
ਦੋਸਤ ਮੁਹੰਮਦ ਖ਼ਾਂ 1826 ਈ. ਵਿੱਚ ਅਫ਼ਗਾਨਿਸਤਾਨ ਦਾ ਸ਼ਾਸਕ ਬਣਿਆ ਸੀ। ਉਹ ਮਹਾਰਾਜਾ ਰਣਜੀਤ ਸਿੰਘ ਦੇ ਉੱਤਰ-ਪੱਛਮੀ ਸੀਮਾ ਖੇਤਰਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਪ੍ਰਭਾਵ ਤੋਂ ਪਰੇਸ਼ਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ 6 ਮਈ, 1834 ਈ. ਨੂੰ ਪਿਸ਼ਾਵਰ ‘ਤੇ ਕਬਜ਼ਾ ਕਰ ਲਿਆ। ਦੋਸਤ ਮੁਹੰਮਦ ਖ਼ਾਂ ਨੇ 1837 ਈ. ਵਿੱਚ ਆਪਣੇ ਪੁੱਤਰ ਅਕਬਰ ਖਾਂ ਦੇ ਅਧੀਨ ਇੱਕ ਵਿਸ਼ਾਲ ਫ਼ੌਜ ਭੇਜੀ। ਜਮਰੌਦ ਵਿਖੇ ਹੋਈ ਇੱਕ ਭਿਅੰਕਰ ਲੜਾਈ ਵਿੱਚ ਭਾਵੇਂ ਹਰੀ ਸਿੰਘ ਨਲਵਾ ਮਾਰਿਆ ਗਿਆ ਪਰ ਸਿੱਖ ਸੈਨਾ ਇਸ ਲੜਾਈ ਵਿੱਚ ਜੇਤੂ ਰਹੀ। ਇਸ ਤੋਂ ਬਾਅਦ ਦੋਸਤ ਮੁਹੰਮਦ ਨੇ ਮੁੜ ਪਿਸ਼ਾਵਰ ਵੱਲ ਰੁਖ਼ ਨਾ ਕੀਤਾ।
Exam Tips:
a) ਪਿਸ਼ਾਵਰ (1834 ਈ.) ਅਤੇ ਜਮਰੌਦ (1837 ਈ.) ਦੋ ਮੁੱਖ ਘਟਨਾਵਾਂ ਹਨ।
Question 4: ਸੱਯਦ ਅਹਿਮਦ ‘ਤੇ ਇੱਕ ਨੋਟ ਲਿਖੋ। ਜਾਂ ਸੱਯਦ ਅਹਿਮਦ ਦੇ ਧਰਮ ਯੁੱਧ ਉੱਪਰ ਇੱਕ ਸੰਖੇਪ ਨੋਟ ਲਿਖੋ।
Answer:
ਸੱਯਦ ਅਹਿਮਦ ਨੇ 1827 ਈ. ਤੋਂ 1831 ਈ. ਦੇ ਸਮੇਂ ਅਟਕ ਅਤੇ ਪਿਸ਼ਾਵਰ ਦੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਦਾ ਝੰਡਾ ਬੁਲੰਦ ਰੱਖਿਆ ਸੀ। ਉਹ ਬਰੇਲੀ ਦਾ ਰਹਿਣ ਵਾਲਾ ਸੀ। ਉਸ ਦਾ ਕਹਿਣਾ ਸੀ, “ਅੱਲਾਹ ਨੇ ਮੈਨੂੰ ਪੰਜਾਬ ਅਤੇ ਹਿੰਦੁਸਤਾਨ ਜਿੱਤਣ ਅਤੇ ਅਫ਼ਗਾਨ ਦੇਸ਼ਾਂ ਵਿੱਚੋਂ ਸਿੱਖਾਂ ਨੂੰ ਕੱਢ ਕੇ ਖ਼ਤਮ ਕਰਨ ਲਈ ਭੇਜਿਆ ਹੈ।” ਉਸ ਦੀਆਂ ਗੱਲਾਂ ਵਿੱਚ ਆ ਕੇ ਅਨੇਕਾਂ ਅਫ਼ਗਾਨ ਉਸ ਦੇ ਪੈਰੋਕਾਰ ਬਣ ਗਏ। ਉਸ ਨੇ ਇੱਕ ਬਹੁਤ ਵੱਡੀ ਸੈਨਾ ਸੰਗਠਿਤ ਕਰ ਲਈ। 1831 ਈ. ਵਿੱਚ ਉਹ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ।
Exam Tips:
a) ਸੱਯਦ ਅਹਿਮਦ 1831 ਈ. ਵਿੱਚ ਬਾਲਾਕੋਟ ਵਿਖੇ ਮਾਰਿਆ ਗਿਆ।
Question 5: ਜਮਰੌਦ ਦੀ ਲੜਾਈ ‘ਤੇ ਇੱਕ ਸੰਖੇਪ ਨੋਟ ਲਿਖੋ।
Answer:
ਹਰੀ ਸਿੰਘ ਨਲਵਾ ਨੇ ਜਮਰੌਦ ਵਿਖੇ ਇੱਕ ਸ਼ਕਤੀਸ਼ਾਲੀ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ। ਇਹ ਦੋਸਤ ਮੁਹੰਮਦ ਖ਼ਾਂ ਲਈ ਇੱਕ ਵੰਗਾਰ ਸੀ। ਉਸ ਨੇ ਆਪਣੇ ਪੁੱਤਰ ਅਕਬਰ ਖ਼ਾਂ ਅਧੀਨ ਇੱਕ ਵਿਸ਼ਾਲ ਫ਼ੌਜ ਜਮਰੌਦ ਵੱਲ ਭੇਜੀ। ਇਸ ਫ਼ੌਜ ਨੇ 28 ਅਪਰੈਲ, 1837 ਈ. ਨੂੰ ਜਮਰੌਦ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਹਰੀ ਸਿੰਘ ਨਲਵਾ ਨੇ ਅਫ਼ਗਾਨਾਂ ‘ਤੇ ਜ਼ੋਰਦਾਰ ਹਮਲਾ ਕੀਤਾ। ਪਰ ਅਚਾਨਕ ਦੋ ਗੋਲੀਆਂ ਨਾਲ ਹਰੀ ਸਿੰਘ ਨਲਵਾ ਦੀ ਮੌਤ ਹੋ ਗਈ। ਇਸ ਦੇ ਬਾਵਜੂਦ ਸਿੱਖਾਂ ਨੇ ਅਫ਼ਗਾਨਾਂ ਨੂੰ 30 ਅਪਰੈਲ, 1837 ਈ. ਨੂੰ ਇੱਕ ਕਰਾਰੀ ਹਾਰ ਦਿੱਤੀ। ਇਸ ਲੜਾਈ ਵਿੱਚ ਹਾਰ ਜਾਣ ਮਗਰੋਂ ਅਫ਼ਗਾਨਾਂ ਨੇ ਪਿਸ਼ਾਵਰ ਨੂੰ ਮੁੜ ਜਿੱਤਣ ਦਾ ਕਦੇ ਸੁਪਨਾ ਨਾ ਲਿਆ।
Exam Tips:
a) ਕਿਲ੍ਹੇ ਦੀ ਉਸਾਰੀ, ਹਮਲਾ ਅਤੇ ਨਤੀਜਾ ਤਿੰਨ ਵਾਕਾਂ ਵਿੱਚ ਲਿਖੋ।
Question 6: ਅਕਾਲੀ ਫੂਲਾ ਸਿੰਘ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਅਕਾਲੀ ਫੂਲਾ ਸਿੰਘ ਦੀਆਂ ਸੈਨਿਕ ਸਫਲਤਾਵਾਂ ‘ਤੇ ਇੱਕ ਨੋਟ ਲਿਖੋ।
Answer:
ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਸਿੱਖ ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੀਮਾਵਾਂ ਦੇ ਵਿਸਥਾਰ ਵਿੱਚ ਬਹੁਮੁੱਲਾ ਯੋਗਦਾਨ ਦਿੱਤਾ। 1807 ਈ. ਵਿੱਚ ਮਹਾਰਾਜਾ ਅਕਾਲੀ ਫੁਲਾ ਸਿੰਘ ਦੀ ਬਹਾਦਰੀ ਕਾਰਨ ਕਸੂਰ ‘ਤੇ ਕਬਜ਼ਾ ਕਰਨ ਵਿੱਚ ਸਫਲ ਹੋਇਆ 1818 ਈ. ਵਿੱਚ ਮੁਲਤਾਨ ਦੀ ਜਿੱਤ ਵਿੱਚ ਵੀ ਅਕਾਲੀ ਫੂਲਾ ਸਿੰਘ ਨੇ ਮਹੱਤਵਪੂਰਨ ਯੋਗਦਾਨ ਦਿੱਤਾ। 1819 ਈ. ਵਿੱਚ ਕਸ਼ਮੀਰ ਦੀ ਜਿੱਤ ਸਮੇਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਸਨ। ਉਹ 14 ਮਾਰਚ, 1823 ਈ. ਨੂੰ ਅਫ਼ਗਾਨਾਂ ਨਾਲ ਹੋਈ ਨੌਸ਼ਹਿਰਾ ਦੀ ਭਿਆਨਕ ਲੜਾਈ ਵਿੱਚ ਸ਼ਹੀਦ ਹੋ ਗਏ।
Exam Tips:
a) ਸ਼ਹੀਦੀ: ਨੌਸ਼ਹਿਰਾ, 14 ਮਾਰਚ, 1823 ਈ.।
Question 7: ਹਰੀ ਸਿੰਘ ਨਲਵਾ ‘ਤੇ ਇੱਕ ਸੰਖੇਪ ਨੋਟ ਲਿਖੋ। ਜਾਂ ਹਰੀ ਸਿੰਘ ਨਲਵਾ ਕੌਣ ਸੀ?
Answer:
ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਮਹਾਨ ਯੋਧਾ ਅਤੇ ਸੈਨਾਪਤੀ ਸਨ। ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਸੈਨਿਕਾਂ ਮੁਹਿੰਮਾਂ ਵਿੱਚ ਹਿੱਸਾ ਲਿਆ। ਉਹ 1820-21 ਈ. ਵਿੱਚ ਕਸ਼ਮੀਰ ਅਤੇ 1834 ਈ. ਤੋਂ 1837 ਈ. ਤਕ ਪਿਸ਼ਾਵਰ ਦੇ ਨਾਜ਼ਿਮ ਰਹੇ। ਇਸ ਅਹੁਦੇ ‘ਤੇ ਕੰਮ ਕਰਦਿਆਂ ਹੋਇਆਂ ਹਰੀ ਸਿੰਘ ਨਲਵਾ ਨੇ ਇਨ੍ਹਾਂ ਪ੍ਰਾਂਤਾਂ ਵਿੱਚ ਅਨੇਕਾਂ ਮਹੱਤਵਪੂਰਨ ਸੁਧਾਰ ਲਾਗੂ ਕੀਤੇ। ਉਹ 30 ਅਪਰੈਲ, 1837 ਈ. ਨੂੰ ਜਮਰੌਦ ਵਿਖੇ ਅਫ਼ਗਾਨਾਂ ਦਾ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ।
Exam Tips:
a) ਉਸ ਦੇ ਗਵਰਨਰ ਬਣਨ ਦੇ ਦੋਵੇਂ ਸਥਾਨ ਲਿਖੋ: ਕਸ਼ਮੀਰ ਅਤੇ ਪਿਸ਼ਾਵਰ।
Question 8: ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾਂਤ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਬਾਰੇ ਲਿਖੋ।
Answer:
ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ। ਇਨ੍ਹਾਂ ਕਿਲ੍ਹਿਆਂ ਵਿੱਚ ਸਿੱਖਿਅਤ ਸੈਨਾ ਰੱਖੀ ਗਈ। ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ। ਦੂਜੇ ਪਾਸੇ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ। ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਨਾ ਕੀਤੀ ਗਈ। ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ।
Exam Tips:
a) ਕਿਲ੍ਹੇ, ਚਲਦੇ-ਫਿਰਦੇ ਦਸਤੇ ਅਤੇ ਸੈਨਿਕ ਗਵਰਨਰ: ਇਹ ਤਿੰਨ ਨੁਕਤੇ ਯਾਦ ਰੱਖੋ।
Question 9: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੀ ਮਹੱਤਵ ਹੈ?
Answer:
ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਪੰਜਾਬ ਦੇ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ। ਇਸ ਤੋਂ ਮਹਾਰਾਜੇ ਦੀ ਕੂਟਨੀਤੀ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਪ੍ਰਮਾਣ ਮਿਲਦਾ ਹੈ। ਮਹਾਰਾਜਾ ਨੇ ਮੁਲਤਾਨ, ਕਸ਼ਮੀਰ, ਪਿਸ਼ਾਵਰ ਆਦਿ ਦੇਸ਼ਾਂ ‘ਤੇ ਕਬਜ਼ਾ ਕਰਕੇ ਅਫ਼ਗਾਨਿਸਤਾਨ ਦਾ ਇਨ੍ਹਾਂ ਦੇਸ਼ਾਂ ‘ਤੇ ਪ੍ਰਭਾਵ ਖ਼ਤਮ ਕਰ ਦਿੱਤਾ। ਉਸ ਨੇ ਇਨ੍ਹਾਂ ਦੇਸ਼ਾਂ ਵਿੱਚ ਹੋਣ ਵਾਲੇ ਵਿਦਰੋਹਾਂ ਨੂੰ ਕੁਚਲ ਕੇ ਉੱਥੇ ਸ਼ਾਂਤੀ ਦੀ ਸਥਾਪਨਾ ਕੀਤੀ। ਉੱਥੇ ਆਵਾਜਾਈ ਦੇ ਸਾਧਨਾਂ ਨੂੰ ਵਿਕਸਿਤ ਕੀਤਾ ਗਿਆ। ਖੇਤੀ-ਬਾੜੀ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਮਹਾਰਾਜਾ ਆਪਣੇ ਸਾਮਰਾਜ ਨੂੰ ਅਫ਼ਗਾਨਾਂ ਦੇ ਹਮਲਿਆਂ ਤੋਂ ਸੁਰੱਖਿਅਤ ਰੱਖਣ ਵਿੱਚ ਸਫਲ ਰਿਹਾ।
Exam Tips:
a) ਮਹੱਤਵ ਲਈ ਸ਼ਾਂਤੀ ਅਤੇ ਸੁਰੱਖਿਆ ਦੇ ਨੁਕਤੇ ਲਿਖੋ।
ਵਸਤੁਨਿਸ਼ਠ ਪ੍ਰਸ਼ਨ: ਇੱਕ ਸ਼ਬਦ ਤੋਂ ਇੱਕ ਵਾਕ ਵਿੱਚ ਉੱਤਰ
Question 1: ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਸਮੇਂ ਅਫ਼ਗਾਨਿਸਤਾਨ ਦੇ ਕਿਸੇ ਇੱਕ ਬਾਦਸ਼ਾਹ ਦਾ ਨਾਂ ਦੱਸੋ।
Answer:
ਸ਼ਾਹ ਸ਼ੁਜਾਹ।
Exam Tips:
a) ਸ਼ਾਹ ਜ਼ਮਾਨ, ਸ਼ਾਹ ਮਹਿਮੂਦ ਅਤੇ ਸ਼ਾਹ ਸ਼ੁਜਾਹ ਵਿੱਚੋਂ ਕੋਈ ਇੱਕ ਲਿਖ ਸਕਦੇ ਹੋ।
Question 2: ਕਿਸੇ ਦੋ ਬਰਕਜ਼ਾਈ ਭਰਾਵਾਂ ਦੇ ਨਾਂ ਦੱਸੋ।
Answer:
ਦੋਸਤ ਮੁਹੰਮਦ ਖ਼ਾਂ ਅਤੇ ਯਾਰ ਮੁਹੰਮਦ ਖ਼ਾਂ।
Exam Tips:
a) ਦੋ ਨਾਂ ਮੰਗੇ ਹਨ, ਦੋਵੇਂ ਲਿਖੋ।
Question 3: ਸ਼ਾਹ ਜ਼ਮਾਨ ਕੌਣ ਸੀ?
Answer:
ਅਫ਼ਗਾਨਿਸਤਾਨ ਦਾ ਬਾਦਸ਼ਾਹ।
Exam Tips:
a) ਉਹ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਸੀ।
Question 4: ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਦੋਂ ਕਬਜ਼ਾ ਕੀਤਾ ਸੀ?
Answer:
27 ਨਵੰਬਰ, 1798 ਈ.।
Exam Tips:
a) ਪੂਰੀ ਮਿਤੀ ਲਿਖੋ।
Question 5: ਸ਼ਾਹ ਜ਼ਮਾਨ ਦੇ ਲਾਹੌਰ ‘ਤੇ 1798 ਈ. ਵਿੱਚ ਕਬਜ਼ਾ ਕਰਨ ਸਮੇਂ ਲਾਹੌਰ ਵਿੱਚ ਕਿਸ ਦਾ ਸ਼ਾਸਨ ਸੀ?
Answer:
ਤਿੰਨ ਭੰਗੀ ਸਰਦਾਰਾਂ ਦਾ।
Exam Tips:
a) ਭੰਗੀ ਮਿਸਲ ਦਾ ਨਾਂ ਯਾਦ ਰੱਖੋ।
Question 6: ਫ਼ਤਿਹ ਖਾਂ ਕੌਣ ਸੀ?
Answer:
ਅਫ਼ਗਾਨਿਸਤਾਨ ਦੇ ਬਾਦਸ਼ਾਹ ਸ਼ਾਹ ਮਹਿਮੂਦ ਦਾ ਵਜ਼ੀਰ।
Exam Tips:
a) ਸ਼ਾਹ ਮਹਿਮੂਦ ਦੇ ਨਾਲ ਉਸ ਦਾ ਨਾਂ ਜੋੜ ਕੇ ਯਾਦ ਕਰੋ।
Question 7: ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ ਸੀ?
Answer:
1813 ਈ. ਵਿੱਚ।
Exam Tips:
a) ਮਿਤੀ 18 ਅਪਰੈਲ, 1813 ਈ. ਹੈ।
Question 8: ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ?
Answer:
ਰੋਹਤਾਸ (ਰੋਹਤਾਸਗੜ੍ਹ) ਵਿਖੇ।
Exam Tips:
a) ਰੋਹਤਾਸ ਨੂੰ ‘ਰੋਹਤਾਂਗ’ ਨਾਲ ਨਾ ਉਲਝਾਓ।
Question 9: ਹਜ਼ਰੋ ਜਾਂ ਹੈਦਰੋ ਦੀ ਲੜਾਈ ਕਦੋਂ ਹੋਈ ਸੀ?
Answer:
13 ਜੁਲਾਈ, 1813 ਈ.।
Exam Tips:
a) ਮਿਤੀ ਅਤੇ ਸਾਲ ਦੋਵੇਂ ਲਿਖੋ।
Question 10: ਹਜ਼ਰੋ ਦੀ ਲੜਾਈ ਦੀ ਮਹੱਤਤਾ ਦੱਸੋ।
Answer:
ਅਫ਼ਗਾਨਾਂ ਦੀ ਸ਼ਕਤੀ ਨੂੰ ਕਰਾਰੀ ਸੱਟ ਲੱਗੀ।
Exam Tips:
a) ਇਹ ਸਿੱਖਾਂ ਦੀ ਅਫ਼ਗਾਨਾਂ ਉੱਤੇ ਪਹਿਲੀ ਜਿੱਤ ਸੀ।
Question 11: ਮਹਾਰਾਜਾ ਰਣਜੀਤ ਸਿੰਘ ਨੇ ਕਸ਼ਮੀਰ ਨੂੰ ਕਦੋਂ ਆਪਣੇ ਅਧੀਨ ਕੀਤਾ ਸੀ?
Answer:
1819 ਈ. ਵਿੱਚ।
Exam Tips:
a) ਇਹ ਜਿੱਤ ਮਿਸਰ ਦੀਵਾਨ ਚੰਦ ਦੀ ਅਗਵਾਈ ਹੇਠ ਹੋਈ।
Question 12: ਨੌਸ਼ਹਿਰਾ ਦੀ ਪ੍ਰਸਿੱਧ ਲੜਾਈ ਕਦੋਂ ਲੜੀ ਗਈ ਸੀ?
Answer:
14 ਮਾਰਚ, 1823 ਈ.।
Exam Tips:
a) ਇਸੇ ਲੜਾਈ ਵਿੱਚ ਅਕਾਲੀ ਫੂਲਾ ਸਿੰਘ ਸ਼ਹੀਦ ਹੋਏ।
Question 13: ਨੌਸ਼ਹਿਰਾ ਦੀ ਲੜਾਈ ਵਿੱਚ ਕਿਸ ਦੀ ਹਾਰ ਹੋਈ ਸੀ?
Answer:
ਆਜ਼ਿਮ ਖਾਂ ਦੀ।
Exam Tips:
a) ਉਹ ਫ਼ਤਿਹ ਖਾਂ ਦਾ ਭਰਾ ਸੀ।
Question 14: ਅਕਾਲੀ ਫੂਲਾ ਸਿੰਘ ਕੌਣ ਸੀ?
Answer:
ਮਹਾਰਾਜਾ ਰਣਜੀਤ ਸਿੰਘ ਦਾ ਇੱਕ ਪ੍ਰਸਿੱਧ ਜਰਨੈਲ।
Exam Tips:
a) ਉਸ ਨੂੰ ਸਿੱਖ ਰਾਜ ਦਾ ਫ਼ੌਲਾਦੀ ਥੰਮ ਕਿਹਾ ਜਾਂਦਾ ਹੈ।
Question 15: ਅਕਾਲੀ ਨੇਤਾ ਫੂਲਾ ਸਿੰਘ ਕਿਸ ਲੜਾਈ ਵਿੱਚ ਲੜਦਾ ਹੋਇਆ ਸ਼ਹੀਦ ਹੋਇਆ?
Answer:
ਨੌਸ਼ਹਿਰਾ ਦੀ ਲੜਾਈ ਵਿੱਚ।
Exam Tips:
a) ਲੜਾਈ ਦਾ ਸਾਲ 1823 ਈ. ਹੈ।
Question 16: ਸੱਯਦ ਅਹਿਮਦ ਕੌਣ ਸੀ?
Answer:
ਸੱਯਦ ਅਹਿਮਦ ਆਪਣੇ ਆਪ ਨੂੰ ਮੁਸਲਮਾਨਾਂ ਦਾ ਖ਼ਲੀਫ਼ਾ ਅਖਵਾਉਂਦਾ ਸੀ।
Exam Tips:
a) ਉਹ ਬਰੇਲੀ ਦਾ ਰਹਿਣ ਵਾਲਾ ਸੀ।
Question 17: ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਵਿਦਰੋਹ ਕਦੋਂ ਕੀਤਾ ਸੀ?
Answer:
1827 ਈ. ਤੋਂ 1831 ਈ. ਦੇ ਸਮੇਂ ਦੌਰਾਨ।
Exam Tips:
a) ਸਮਾਂ-ਸੀਮਾ ਦੋਵੇਂ ਸਾਲਾਂ ਸਮੇਤ ਲਿਖੋ।
Question 18: ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ?
Answer:
1834 ਈ. ਵਿੱਚ।
Exam Tips:
a) ਮਿਤੀ 6 ਮਈ, 1834 ਈ. ਹੈ।
Question 19: ਮਹਾਰਾਜਾ ਰਣਜੀਤ ਸਿੰਘ ਨੇ ਕਿਸ ਨੂੰ ਪਿਸ਼ਾਵਰ ਦਾ ਪਹਿਲਾ ਗਵਰਨਰ ਨਿਯੁਕਤ ਕੀਤਾ?
Answer:
ਹਰੀ ਸਿੰਘ ਨਲਵਾ ਨੂੰ।
Exam Tips:
a) ਉਹ 1834 ਤੋਂ 1837 ਈ. ਤਕ ਗਵਰਨਰ ਰਿਹਾ।
Question 20: ਜਮਰੌਦ ਦੀ ਲੜਾਈ ਕਦੋਂ ਹੋਈ?
Answer:
1837 ਈ. ਵਿੱਚ।
Exam Tips:
a) ਮਿਤੀ 28-30 ਅਪਰੈਲ, 1837 ਈ. ਹੈ।
Question 21: ਹਰੀ ਸਿੰਘ ਨਲਵਾ ਕੌਣ ਸੀ?
Answer:
ਮਹਾਰਾਜਾ ਰਣਜੀਤ ਸਿੰਘ ਦਾ ਪ੍ਰਸਿੱਧ ਜਰਨੈਲ।
Exam Tips:
a) ਉਹ ਜਮਰੌਦ ਵਿੱਚ ਸ਼ਹੀਦ ਹੋਇਆ।
Question 22: ਤਿੰਨ-ਪੱਖੀ ਸੰਧੀ ਕਦੋਂ ਹੋਈ?
Answer:
26 ਜੂਨ, 1838 ਈ.।
Exam Tips:
a) ਸੰਧੀ ਅੰਗਰੇਜ਼ਾਂ, ਸ਼ਾਹ ਸ਼ੁਜਾਹ ਅਤੇ ਰਣਜੀਤ ਸਿੰਘ ਵਿਚਾਲੇ ਹੋਈ।
Question 23: ਤਿੰਨ-ਪੱਖੀ ਸੰਧੀ ਦੀ ਕੋਈ ਇੱਕ ਮੁੱਖ ਸ਼ਰਤ ਦੱਸੋ।
Answer:
ਸ਼ਾਹ ਸ਼ੁਜਾਹ ਨੂੰ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਾਇਆ ਜਾਵੇਗਾ।
Exam Tips:
a) ਛੇ ਸ਼ਰਤਾਂ ਵਿੱਚੋਂ ਕੋਈ ਇੱਕ ਲਿਖੋ।
Question 24: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਸੰਬੰਧੀ ਕਿਸੇ ਇੱਕ ਸਮੱਸਿਆ ਦਾ ਵਰਣਨ ਕਰੋ।
Answer:
ਉੱਤਰ-ਪੱਛਮੀ ਦੇਸ਼ਾਂ ਦੇ ਕਬੀਲਿਆਂ ਨਾਲ ਨਜਿੱਠਣ ਦੀ ਸਮੱਸਿਆ।
Exam Tips:
a) ਇਨ੍ਹਾਂ ਕਬੀਲਿਆਂ ਦਾ ਮੁੱਖ ਪੇਸ਼ਾ ਲੁੱਟਮਾਰ ਸੀ।
Question 25: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀ ਕੋਈ ਇੱਕ ਮੁੱਖ ਵਿਸ਼ੇਸ਼ਤਾ ਦੱਸੋ।
Answer:
ਮਹਾਰਾਜਾ ਰਣਜੀਤ ਸਿੰਘ ਨੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਕਦੇ ਕੋਈ ਯਤਨ ਨਾ ਕੀਤਾ।
Exam Tips:
a) ਹੋਰ ਵਿਸ਼ੇਸ਼ਤਾ: ਕਿਲ੍ਹਿਆਂ ਦੀ ਉਸਾਰੀ।
Question 26: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉੱਤਰ-ਪੱਛਮੀ ਦੇਸ਼ਾਂ ਵਿੱਚ ਸਥਿਤ ਕਿਸੇ ਇੱਕ ਖੂੰਖਾਰ ਕਬੀਲੇ ਦਾ ਨਾਂ ਦੱਸੋ।
Answer:
ਯੂਸਫ਼ਜ਼ਈ।
Exam Tips:
a) ਕਬੀਲੇ ਦਾ ਨਾਂ ਸਹੀ ਸ਼ਬਦ-ਜੋੜਾਂ ਨਾਲ ਲਿਖੋ।
Question 27: ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦਾ ਕੋਈ ਇੱਕ ਪ੍ਰਭਾਵ ਦੱਸੋ।
Answer:
ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਵਿੱਚ ਸ਼ਾਂਤੀ ਸਥਾਪਿਤ ਹੋਈ।
Exam Tips:
a) ਖ਼ੁਸ਼ਹਾਲੀ ਅਤੇ ਸੁਰੱਖਿਆ ਵੀ ਠੀਕ ਉੱਤਰ ਹਨ।
ਖ਼ਾਲੀ ਥਾਵਾਂ ਭਰੋ
Question 1: ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਨ ‘ਤੇ ਬੈਠਣ ਸਮੇਂ ਅਫ਼ਗਾਨਿਸਤਾਨ ਦਾ ਬਾਦਸ਼ਾਹ ………… ਸੀ।
Answer:
ਸ਼ਾਹ ਜ਼ਮਾਨ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 2: 1800 ਈ. ਵਿੱਚ ………… ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਿਆ।
Answer:
ਸ਼ਾਹ ਮਹਿਮੂਦ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 3: 1813 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ………… ਵਿਖੇ ਸਮਝੌਤਾ ਹੋਇਆ।
Answer:
ਰੋਹਤਾਸ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 4: ਮਹਾਰਾਜਾ ਰਣਜੀਤ ਸਿੰਘ ਨੇ 1813 ਈ. ਵਿੱਚ ਜਹਾਂਦਾਦ ਖਾਂ ਤੋਂ ………… ਦਾ ਪ੍ਰਦੇਸ਼ ਪ੍ਰਾਪਤ ਕੀਤਾ।
Answer:
ਅਟਕ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 5: ਮਹਾਰਾਜਾ ਰਣਜੀਤ ਸਿੰਘ ਅਤੇ ਅਫ਼ਗਾਨਾਂ ਵਿਚਾਲੇ ਨੌਸ਼ਹਿਰਾ ਦੀ ਲੜਾਈ ………… ਵਿੱਚ ਹੋਈ।
Answer:
1823 ਈ.
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 6: ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ………… ਵਿੱਚ ਸਿੱਖ ਸਾਮਰਾਜ ਵਿੱਚ ਸ਼ਾਮਲ ਕੀਤਾ।
Answer:
1834 ਈ.
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 7: 1838 ਈ. ਵਿੱਚ ਮਹਾਰਾਜਾ ਰਣਜੀਤ ਸਿੰਘ, ਅੰਗਰੇਜ਼ਾਂ ਅਤੇ ………… ਵਿਚਾਲੇ ਤਿੰਨ-ਪੱਖੀ ਸੰਧੀ ਹੋਈ ਸੀ।
Answer:
ਸ਼ਾਹ ਸ਼ੁਜਾਹ
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
Question 8: ਹਰੀ ਸਿੰਘ ਨਲਵਾ ਦੀ ਮੌਤ ………… ਵਿੱਚ ਹੋਈ।
Answer:
1837 ਈ.
Exam Tips:
a) ਖ਼ਾਲੀ ਥਾਂ ਵਿੱਚ ਸਿਰਫ਼ ਸਹੀ ਨਾਂ ਜਾਂ ਸਾਲ ਲਿਖੋ।
ਠੀਕ ਜਾਂ ਗਲਤ
Question 1: ਸ਼ਾਹ ਜ਼ਮਾਨ ਅਫ਼ਗਾਨਿਸਤਾਨ ਦਾ ਬਾਦਸ਼ਾਹ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 2: ਸ਼ਾਹ ਮਹਿਮੂਦ 1805 ਈ. ਵਿੱਚ ਅਫ਼ਗਾਨਿਸਤਾਨ ਦਾ ਨਵਾਂ ਸ਼ਾਸਕ ਬਣਿਆ।
Answer:
ਗਲਤ (ਉਹ 1800 ਈ. ਵਿੱਚ ਬਣਿਆ ਸੀ)
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 3: ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ 1813 ਈ. ਵਿੱਚ ਰੋਹਤਾਸ ਵਿਖੇ ਸਮਝੌਤਾ ਹੋਇਆ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 4: ਹਜ਼ਰੋ ਦੀ ਲੜਾਈ 13 ਜੁਲਾਈ, 1813 ਈ. ਨੂੰ ਹੋਈ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 5: 1818 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ‘ਤੇ ਕਬਜ਼ਾ ਕਰ ਲਿਆ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 6: ਮਹਾਰਾਜਾ ਰਣਜੀਤ ਸਿੰਘ ਨੇ 1819 ਈ. ਵਿੱਚ ਕਸ਼ਮੀਰ ‘ਤੇ ਜਿੱਤ ਪ੍ਰਾਪਤ ਕੀਤੀ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 7: 1820 ਈ. ਵਿੱਚ ਹਰੀ ਸਿੰਘ ਨਲਵਾ ਨੂੰ ਕਸ਼ਮੀਰ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 8: ਸਰਦਾਰ ਹਰੀ ਸਿੰਘ ਨਲਵਾ ਨੂੰ ਜ਼ਫ਼ਰਜੰਗ ਦਾ ਖ਼ਿਤਾਬ ਦਿੱਤਾ ਗਿਆ।
Answer:
ਗਲਤ (ਉਸ ਨੂੰ ‘ਨਲਵਾ’ ਦਾ ਖ਼ਿਤਾਬ ਮਿਲਿਆ ਸੀ)
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 9: ਨੌਸ਼ਹਿਰਾ ਦੀ ਲੜਾਈ 14 ਮਾਰਚ, 1828 ਈ. ਨੂੰ ਹੋਈ ਸੀ।
Answer:
ਗਲਤ (ਇਹ 14 ਮਾਰਚ, 1823 ਈ. ਨੂੰ ਹੋਈ ਸੀ)
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 10: ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ 1834 ਈ. ਵਿੱਚ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 11: ਜਮਰੌਦ ਦੀ ਲੜਾਈ 1838 ਈ. ਵਿੱਚ ਹੋਈ ਸੀ।
Answer:
ਗਲਤ (ਇਹ 1837 ਈ. ਵਿੱਚ ਹੋਈ ਸੀ)
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
Question 12: ਮਹਾਰਾਜਾ ਰਣਜੀਤ ਸਿੰਘ ਉੱਤਰ-ਪੱਛਮੀ ਸੀਮਾ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਕਾਫ਼ੀ ਹੱਦ ਤਕ ਸਫਲ ਰਿਹਾ ਸੀ।
Answer:
ਠੀਕ
Exam Tips:
a) ਵਾਕ ਵਿਚਲੇ ਸਾਲ ਅਤੇ ਨਾਂ ਨੂੰ ਧਿਆਨ ਨਾਲ ਜਾਂਚੋ।
ਬਹੁ-ਵਿਕਲਪੀ ਪ੍ਰਸ਼ਨ
Question 1: ਸ਼ਾਹ ਜ਼ਮਾਨ ਨੇ ਲਾਹੌਰ ‘ਤੇ ਕਬਜ਼ਾ ਕਦੋਂ ਕਰ ਲਿਆ ਸੀ?
(i) 1796 ਈ. ਵਿੱਚ
(ii) 1797 ਈ. ਵਿੱਚ
(iii) 1798 ਈ. ਵਿੱਚ
(iv) 1799 ਈ. ਵਿੱਚ
Answer:
(iii) 1798 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 2: ਫ਼ਤਿਹ ਖਾਂ ਕੌਣ ਸੀ?
(i) ਅਫ਼ਗਾਨਿਸਤਾਨ ਦਾ ਵਜ਼ੀਰ
(ii) ਰਣਜੀਤ ਸਿੰਘ ਦਾ ਵਜ਼ੀਰ
(iii) ਈਰਾਨ ਦਾ ਵਜ਼ੀਰ
(iv) ਇਨ੍ਹਾਂ ਵਿੱਚੋਂ ਕੋਈ ਨਹੀਂ
Answer:
(i) ਅਫ਼ਗਾਨਿਸਤਾਨ ਦਾ ਵਜ਼ੀਰ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 3: ਕਸ਼ਮੀਰ ਉੱਤੇ ਕਬਜ਼ਾ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਦੋਂ ਹੋਇਆ?
(i) 1803 ਈ. ਵਿੱਚ
(ii) 1805 ਈ. ਵਿੱਚ
(iii) 1809 ਈ. ਵਿੱਚ
(iv) 1813 ਈ. ਵਿੱਚ
Answer:
(iv) 1813 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 4: ਮਹਾਰਾਜਾ ਰਣਜੀਤ ਸਿੰਘ ਅਤੇ ਫ਼ਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ?
(i) ਰੋਹਤਾਸ ਵਿਖੇ
(ii) ਰੋਹਤਾਂਗ ਵਿਖੇ
(iii) ਸੁਪੀਨ ਵਿਖੇ
(iv) ਹਜ਼ਰੋ ਵਿਖੇ
Answer:
(i) ਰੋਹਤਾਸ ਵਿਖੇ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 5: ਅਕਾਲੀ ਫੂਲਾ ਸਿੰਘ ਅਫ਼ਗਾਨਾਂ ਨਾਲ ਲੜਦੇ ਹੋਏ ਕਦੋਂ ਸ਼ਹੀਦ ਹੋਇਆ ਸੀ?
(i) 1813 ਈ. ਵਿੱਚ
(ii) 1815 ਈ. ਵਿੱਚ
(iii) 1819 ਈ. ਵਿੱਚ
(iv) 1823 ਈ. ਵਿੱਚ
Answer:
(iv) 1823 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 6: ਸੱਯਦ ਅਹਿਮਦ ਨੇ ਕਿਹੜੇ ਦੇਸ਼ਾਂ ਵਿੱਚ ਸਿੱਖਾਂ ਵਿਰੁੱਧ ਵਿਦਰੋਹ ਕੀਤਾ ਸੀ?
(i) ਅਟਕ ਤੇ ਪਿਸ਼ਾਵਰ
(ii) ਪਿਸ਼ਾਵਰ ਤੇ ਕਸ਼ਮੀਰ
(iii) ਕਸ਼ਮੀਰ ਤੇ ਮੁਲਤਾਨ
(iv) ਮੁਲਤਾਨ ਤੇ ਅਟਕ
Answer:
(i) ਅਟਕ ਤੇ ਪਿਸ਼ਾਵਰ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 7: ਸੱਯਦ ਅਹਿਮਦ ਨੇ ਸਿੱਖਾਂ ਵਿਰੁੱਧ ਵਿਦਰੋਹ ਕਦੋਂ ਸ਼ੁਰੂ ਕੀਤਾ ਸੀ?
(i) 1823 ਈ. ਵਿੱਚ
(ii) 1825 ਈ. ਵਿੱਚ
(iii) 1827 ਈ. ਵਿੱਚ
(iv) 1831 ਈ. ਵਿੱਚ
Answer:
(iii) 1827 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 8: ਮਹਾਰਾਜਾ ਰਣਜੀਤ ਸਿੰਘ ਨੇ ਪਿਸ਼ਾਵਰ ਨੂੰ ਕਦੋਂ ਆਪਣੇ ਸਾਮਰਾਜ ਵਿੱਚ ਸ਼ਾਮਲ ਕੀਤਾ ਸੀ?
(i) 1823 ਈ. ਵਿੱਚ
(ii) 1831 ਈ. ਵਿੱਚ
(iii) 1834 ਈ. ਵਿੱਚ
(iv) 1837 ਈ. ਵਿੱਚ
Answer:
(iii) 1834 ਈ. ਵਿੱਚ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 9: ਹਰੀ ਸਿੰਘ ਨਲਵਾ ਕਿਸ ਪ੍ਰਸਿੱਧ ਲੜਾਈ ਵਿੱਚ ਮਾਰਿਆ ਗਿਆ ਸੀ?
(i) ਜਮਰੌਦ ਦੀ ਲੜਾਈ
(ii) ਨੌਸ਼ਹਿਰਾ ਦੀ ਲੜਾਈ
(iii) ਹਜ਼ਰੋ ਦੀ ਲੜਾਈ
(iv) ਸੁਪੀਨ ਦੀ ਲੜਾਈ
Answer:
(i) ਜਮਰੌਦ ਦੀ ਲੜਾਈ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
Question 10: ਤਿੰਨ-ਪੱਖੀ ਸੰਧੀ ਅਨੁਸਾਰ ਕਿਸ ਨੂੰ ਅਫ਼ਗਾਨਿਸਤਾਨ ਦਾ ਨਵਾਂ ਬਾਦਸ਼ਾਹ ਬਣਾਏ ਜਾਣ ਦਾ ਐਲਾਨ ਕੀਤਾ ਗਿਆ?
(i) ਸ਼ਾਹ ਜ਼ਮਾਨ
(ii) ਸ਼ਾਹ ਸ਼ੁਜਾਹ
(iii) ਸ਼ਾਹ ਮਹਿਮੂਦ
(iv) ਦੋਸਤ ਮੁਹੰਮਦ ਖ਼ਾਂ
Answer:
(ii) ਸ਼ਾਹ ਸ਼ੁਜਾਹ
Exam Tips:
a) ਸਾਰੇ ਵਿਕਲਪ ਪੜ੍ਹ ਕੇ ਹੀ ਉੱਤਰ ਚੁਣੋ।
ਸਰੋਤ-ਆਧਾਰਿਤ ਪ੍ਰਸ਼ਨ
ਸਰੋਤ 1 (ਪਾਠ-ਪੁਸਤਕ ਵਿੱਚ ‘1800 ਈ. ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ…’ ਨਾਲ ਸ਼ੁਰੂ ਹੋਣ ਵਾਲਾ ਪੈਰਾ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ)
Question 1.1: ………… ਵਿੱਚ ਕਾਬਲ ਵਿੱਚ ਰਾਜਗੱਦੀ ਦੀ ਪ੍ਰਾਪਤੀ ਲਈ ਖ਼ਾਨਾਜੰਗੀ ਸ਼ੁਰੂ ਹੋ ਗਈ ਸੀ।
Answer:
1800 ਈ.।
Exam Tips:
a) ਖ਼ਾਨਾਜੰਗੀ ਦਾ ਅਰਥ ਹੈ ਘਰੇਲੂ ਯੁੱਧ।
Question 1.2: ਸ਼ਾਹ ਮਹਿਮੂਦ ਅਫ਼ਗਾਨਿਸਤਾਨ ਦਾ ਪਹਿਲੀ ਵਾਰ ਬਾਦਸ਼ਾਹ ਕਦੋਂ ਬਣਿਆ?
Answer:
ਸ਼ਾਹ ਮਹਿਮੂਦ ਪਹਿਲੀ ਵਾਰ 1800 ਈ. ਵਿੱਚ ਅਫ਼ਗਾਨਿਸਤਾਨ ਦਾ ਬਾਦਸ਼ਾਹ ਬਣਿਆ ਸੀ।
Exam Tips:
a) ਉਸ ਨੇ 1800-03 ਈ. ਤਕ ਸ਼ਾਸਨ ਕੀਤਾ।
Question 1.3: ਸ਼ਾਹ ਸ਼ੁਜਾਹ ਕਿਹੋ ਜਿਹਾ ਸ਼ਾਸਕ ਸੀ?
Answer:
ਸ਼ਾਹ ਸ਼ੁਜਾਹ ਇੱਕ ਅਯੋਗ ਸ਼ਾਸਕ ਸੀ।
Exam Tips:
a) ਇੱਕ ਵਾਕ ਵਿੱਚ ਉੱਤਰ ਕਾਫ਼ੀ ਹੈ।
Question 1.4: ਫ਼ਤਿਹ ਖਾਂ ਕੌਣ ਸੀ?
Answer:
ਫ਼ਤਿਹ ਖਾਂ ਸ਼ਾਹ ਮਹਿਮੂਦ ਦਾ ਵਜ਼ੀਰ ਸੀ।
Exam Tips:
a) ਉਸ ਨੇ ਸ਼ਾਹ ਮਹਿਮੂਦ ਨੂੰ ਗੱਦੀ ਦਿਵਾਉਣ ਵਿੱਚ ਮਦਦ ਕੀਤੀ ਸੀ।
Question 1.5: ਸ਼ਾਹ ਸ਼ੁਜਾਹ ਨੂੰ ਕਦੋਂ ਗੱਦੀ ਤੋਂ ਲਾਹ ਦਿੱਤਾ ਗਿਆ ਸੀ?
Answer:
ਸ਼ਾਹ ਸ਼ੁਜਾਹ ਨੂੰ 1809 ਈ. ਵਿੱਚ ਗੱਦੀ ਤੋਂ ਲਾਹ ਦਿੱਤਾ ਗਿਆ ਸੀ।
Exam Tips:
a) ਉਸ ਦਾ ਸ਼ਾਸਨ 1803-09 ਈ. ਤਕ ਚੱਲਿਆ।
ਸਰੋਤ 2 (ਪਾਠ-ਪੁਸਤਕ ਵਿੱਚ ਫ਼ਤਿਹ ਖਾਂ ਦੇ ਧੋਖੇ, ਅਟਕ ਦੀ ਪ੍ਰਾਪਤੀ ਅਤੇ ਹਜ਼ਰੋ ਦੀ ਲੜਾਈ ਵਾਲਾ ਪੈਰਾ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ)
Question 2.1: ਫ਼ਤਿਹ ਖਾਂ ਕੌਣ ਸੀ?
Answer:
ਫ਼ਤਿਹ ਖਾਂ ਅਫ਼ਗਾਨਿਸਤਾਨ ਦੇ ਸ਼ਾਸਕ ਸ਼ਾਹ ਮਹਿਮੂਦ ਦਾ ਵਜ਼ੀਰ ਸੀ।
Exam Tips:
a) ਉਸੇ ਨੇ ਰੋਹਤਾਸ ਵਿਖੇ ਰਣਜੀਤ ਸਿੰਘ ਨਾਲ ਸਮਝੌਤਾ ਕੀਤਾ ਸੀ।
Question 2.2: ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਕੌਣ ਸੀ?
Answer:
ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਟਕ ਦਾ ਸ਼ਾਸਕ ਜਹਾਂਦਾਦ ਖ਼ਾਂ ਸੀ।
Exam Tips:
a) ਉਸ ਨੇ ਇੱਕ ਲੱਖ ਰੁਪਏ ਦੀ ਜਾਗੀਰ ਦੇ ਬਦਲੇ ਅਟਕ ਦਿੱਤਾ ਸੀ।
Question 2.3: ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਕਿਹੜੀ ਸੀ?
Answer:
ਸਿੱਖਾਂ ਅਤੇ ਅਫ਼ਗਾਨਾਂ ਵਿਚਾਲੇ ਲੜੀ ਗਈ ਪਹਿਲੀ ਲੜਾਈ ਹਜ਼ਰੋ ਦੀ ਸੀ।
Exam Tips:
a) ਇਹ ਲੜਾਈ 1813 ਈ. ਵਿੱਚ ਹੋਈ ਸੀ।
Question 2.4: ਹਜ਼ਰੋ ਦੀ ਲੜਾਈ ਕਦੋਂ ਹੋਈ ਸੀ? (i) 1811 ਈ. (ii) 1812 ਈ. (iii) 1813 ਈ. (iv) 1814 ਈ.
Answer:
(iii) 1813 ਈ.।
Exam Tips:
a) ਬਹੁ-ਵਿਕਲਪੀ ਵਿੱਚ ਵਿਕਲਪ ਦਾ ਨੰਬਰ ਅਤੇ ਸਾਲ ਦੋਵੇਂ ਲਿਖੋ।
Question 2.5: ਹਜ਼ਰੋ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ?
Answer:
ਹਜ਼ਰੋ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ।
Exam Tips:
a) ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਸਿੱਖ ਫ਼ੌਜ ਦੇ ਸੈਨਾਪਤੀ ਸਨ।
ਸਰੋਤ 3 (ਪਾਠ-ਪੁਸਤਕ ਵਿੱਚ ਸੱਯਦ ਅਹਿਮਦ ਦੇ ਵਿਦਰੋਹ ਵਾਲਾ ਪੈਰਾ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ)
Question 3.1: ਸੱਯਦ ਅਹਿਮਦ ਕੌਣ ਸੀ?
Answer:
ਸੱਯਦ ਅਹਿਮਦ ਮੁਸਲਮਾਨਾਂ ਦਾ ਇੱਕ ਧਾਰਮਿਕ ਨੇਤਾ ਸੀ।
Exam Tips:
a) ਉਹ ਆਪਣੇ ਆਪ ਨੂੰ ਖ਼ਲੀਫ਼ਾ ਅਖਵਾਉਂਦਾ ਸੀ।
Question 3.2: ਸੱਯਦ ਅਹਿਮਦ ਕਿੱਥੋਂ ਦਾ ਰਹਿਣ ਵਾਲਾ ਸੀ?
Answer:
ਸੱਯਦ ਅਹਿਮਦ ਬਰੇਲੀ ਦਾ ਰਹਿਣ ਵਾਲਾ ਸੀ।
Exam Tips:
a) ਬਰੇਲੀ ਉੱਤਰ ਪ੍ਰਦੇਸ਼ ਵਿੱਚ ਹੈ।
Question 3.3: ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਕਿਹੜੀਆਂ ਦੋ ਥਾਵਾਂ ‘ਤੇ ਹਰਾਇਆ ਸੀ?
Answer:
ਸਿੱਖ ਫ਼ੌਜਾਂ ਨੇ ਸੱਯਦ ਅਹਿਮਦ ਨੂੰ ਸੈਦੂ ਅਤੇ ਪਿਸ਼ਾਵਰ ਵਿਖੇ ਹਰਾਇਆ ਸੀ।
Exam Tips:
a) ਦੋਵੇਂ ਥਾਵਾਂ ਦੇ ਨਾਂ ਲਿਖੋ।
Question 3.4: ਸੱਯਦ ਅਹਿਮਦ ਕਿੱਥੇ ਅਤੇ ਕਿਸ ਨਾਲ ਲੜਦੇ ਹੋਏ ਮਾਰਿਆ ਗਿਆ ਸੀ?
Answer:
ਸੱਯਦ ਅਹਿਮਦ ਬਾਲਾਕੋਟ ਵਿਖੇ ਸ਼ਹਿਜ਼ਾਦਾ ਸ਼ੇਰ ਸਿੰਘ ਨਾਲ ਲੜਦੇ ਹੋਏ ਮਾਰਿਆ ਗਿਆ ਸੀ।
Exam Tips:
a) ਸਥਾਨ ਅਤੇ ਸਿੱਖ ਸੈਨਾਪਤੀ ਦੋਵੇਂ ਦੱਸੋ।
Question 3.5: ਸੱਯਦ ਅਹਿਮਦ ਕਦੋਂ ਮਾਰਿਆ ਗਿਆ ਸੀ? (i) 1813 ਈ. (ii) 1821 ਈ. (iii) 1827 ਈ. (iv) 1831 ਈ.
Answer:
(iv) 1831 ਈ.।
Exam Tips:
a) 1827 ਈ. ਵਿਦਰੋਹ ਦੀ ਸ਼ੁਰੂਆਤ ਦਾ ਸਾਲ ਹੈ, ਮੌਤ ਦਾ ਨਹੀਂ।
ਸਰੋਤ 4 (ਪਾਠ-ਪੁਸਤਕ ਵਿੱਚ ਜਮਰੌਦ ਦੀ ਲੜਾਈ ਵਾਲਾ ਪੈਰਾ ਪੜ੍ਹੋ ਅਤੇ ਪ੍ਰਸ਼ਨਾਂ ਦੇ ਉੱਤਰ ਦਿਓ)
Question 4.1: ਦੋਸਤ ਮੁਹੰਮਦ ਖਾਂ ਕੌਣ ਸੀ?
Answer:
ਦੋਸਤ ਮੁਹੰਮਦ ਖ਼ਾਂ ਅਫ਼ਗਾਨਿਸਤਾਨ (ਕਾਬਲ) ਦਾ ਸ਼ਾਸਕ ਸੀ।
Exam Tips:
a) ਉਹ ਬਰਕਜ਼ਾਈ ਕਬੀਲੇ ਦਾ ਸੀ।
Question 4.2: ਜਮਰੌਦ ਕਿਲ੍ਹੇ ਦਾ ਨਿਰਮਾਣ ਕਿਸ ਨੇ ਕੀਤਾ ਸੀ?
Answer:
ਜਮਰੌਦ ਕਿਲ੍ਹੇ ਦਾ ਨਿਰਮਾਣ ਸਰਦਾਰ ਹਰੀ ਸਿੰਘ ਨਲਵਾ ਨੇ ਕਰਵਾਇਆ।
Exam Tips:
a) ਕਿਲ੍ਹੇ ਦਾ ਮਕਸਦ ਅਫ਼ਗਾਨ ਹਮਲਿਆਂ ਨੂੰ ਰੋਕਣਾ ਸੀ।
Question 4.3: ਜਮਰੌਦ ਕਿਲ੍ਹੇ ‘ਤੇ ਹਮਲਾ ………… ਨੂੰ ਕੀਤਾ ਗਿਆ।
Answer:
28 ਅਪਰੈਲ, 1837 ਈ.।
Exam Tips:
a) ਮਿਤੀ ਅਤੇ ਸਾਲ ਦੋਵੇਂ ਲਿਖੋ।
Question 4.4: ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਕਿਹੜਾ ਜਰਨੈਲ ਸ਼ਹੀਦ ਹੋਇਆ?
Answer:
ਜਮਰੌਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਹਰੀ ਸਿੰਘ ਨਲਵਾ ਸ਼ਹੀਦ ਹੋਇਆ ਸੀ।
Exam Tips:
a) ਉਸ ਦੀ ਸ਼ਹੀਦੀ ਦੀ ਮਿਤੀ 30 ਅਪਰੈਲ, 1837 ਈ. ਮੰਨੀ ਜਾਂਦੀ ਹੈ।
Question 4.5: ਜਮਰੌਦ ਦੀ ਲੜਾਈ ਵਿੱਚ ਕੌਣ ਜੇਤੂ ਰਿਹਾ?
Answer:
ਜਮਰੌਦ ਦੀ ਲੜਾਈ ਵਿੱਚ ਸਿੱਖ ਜੇਤੂ ਰਹੇ ਸਨ।
Exam Tips:
a) ਇਸ ਤੋਂ ਬਾਅਦ ਅਫ਼ਗਾਨਾਂ ਨੇ ਪਿਸ਼ਾਵਰ ਵੱਲ ਮੂੰਹ ਨਹੀਂ ਕੀਤਾ।
Free study material for History
Free Punjab Board Textbook Explanations: Class 12 History Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
Textbook Solutions for Class 12 History Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ
Explore reliable textbook solutions for Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ tailored for Class 12 learners. Utilizing these complete exercise answers ensures your preparation aligns exactly with official Punjab Board standards for History.
Mastering Theoretical and Practical Questions
Each solution includes detailed reasoning to foster genuine comprehension of Punjabi Medium Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ concepts. Reviewing these step-by-step breakdowns allows learners to master both analytical and descriptive questions expected in school evaluations.
Effective Self-Study and Homework Assistance
Frequent review of these structured answers builds strong analytical capabilities and response efficiency. Maximize your academic readiness by combining these textbook solutions with our curated study materials and mock evaluations for Class 12 History.
FAQs
The complete and updated PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ is available for free on StudiesToday.com. These solutions for Class 12 History are as per latest Punjab Board curriculum.
Yes, our experts have revised the PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ as per 2026 exam pattern. All textbook exercises have been solved and have added explanation about how the History concepts are applied in case-study and assertion-reasoning questions.
Toppers recommend using Punjab Board language because Punjab Board marking schemes are strictly based on textbook definitions. Our PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ will help students to get full marks in the theory paper.
Yes, we provide bilingual support for Class 12 History. You can access PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ in both English and Hindi medium.
Yes, you can download the entire PSEB 12th Class History Solutions Chapter 19 ਮਹਾਰਾਜਾ ਰਣਜੀਤ ਸਿੰਘ ਦੇ ਅਫ਼ਗਾਨਿਸਤਾਨ ਨਾਲ ਸੰਬੰਧ ਅਤੇ ਉਸ ਦੀ ਉੱਤਰ-ਪੱਛਮੀ ਸੀਮਾ ਨੀਤੀ in printable PDF format for offline study on any device.