PSEB 11th Class Physical Education Solutions Chapter 4 ਯੋਗ

Step-by-Step Textbook Solutions for Class 11 Physical Education Punjabi Medium Chapter 04 ਯੋਗ

Review structured textbook solutions for Class 11 Physical Education Punjabi Medium Chapter 04 ਯੋਗ. Built according to Punjab Board guidelines for the 2026-27 academic year, these downloadable answers support daily revision and problem-solving accuracy.

Download Punjabi Medium Chapter 04 ਯੋਗ Textbook Solutions PDF

Navigate directly to the solved Physical Education textbook exercises using the digital viewer below. Each solution includes detailed step-by-step explanations, allowing students to instantly cross-check their work and identify areas requiring further revision.

ਪਾਠ-ਪੁਸਤਕ ਦੇ ਪ੍ਰਸ਼ਨ

Question 1: ਆਸਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

Answer:

ਆਸਣ ਮੁੱਖ ਤੌਰ ਉੱਤੇ ਹੇਠ ਲਿਖੇ ਪ੍ਰਕਾਰ ਦੇ ਹੁੰਦੇ ਹਨ:
1. ਧਿਆਨਾਤਮਿਕ ਆਸਣ (Meditative Asanas): ਜਿਵੇਂ ਪਦਮ ਆਸਣ, ਸਿੱਧ ਆਸਣ, ਸੁਖ ਆਸਣ।
2. ਸਭਿਆਚਾਰਕ ਆਸਣ (Cultural Asanas): ਜਿਵੇਂ ਹਲ ਆਸਣ, ਭੁਜੰਗ ਆਸਣ।
3. ਆਰਾਮਦਾਇਕ ਆਸਣ (Relaxative Asanas): ਜਿਵੇਂ ਸ਼ਵ ਆਸਣ।
(ਪਾਠ-ਪੁਸਤਕ ਦੇ ਪ੍ਰਸ਼ਨਾਂ ਵਿਚ ਆਸਣਾਂ ਨੂੰ ਧਿਆਨਾਤਮਿਕ ਅਤੇ ਆਰਾਮਦਾਇਕ, ਜਾਂ ਸਭਿਆਚਾਰਕ ਅਤੇ ਆਰਾਮਦਾਇਕ – ਇਸ ਤਰ੍ਹਾਂ ਦੋ ਵਰਗਾਂ ਵਿਚ ਵੀ ਗਿਣਿਆ ਗਿਆ ਹੈ।)

Exam Tips:

a) ਪੁੱਛੇ ਗਏ ਪ੍ਰਸ਼ਨ ਅਨੁਸਾਰ ਦੋ ਜਾਂ ਤਿੰਨ ਵਰਗ ਲਿਖੋ ਅਤੇ ਹਰੇਕ ਦੀ ਇੱਕ-ਇੱਕ ਉਦਾਹਰਨ ਦਿਓ।
b) ਵਸਤੂਨਿਸ਼ਠ ਪ੍ਰਸ਼ਨ ਵਿਚ ਜੇ ਵਿਕਲਪਾਂ ਵਿਚ "ਦੋ" ਹੋਵੇ ਤਾਂ ਉਹੀ ਚੁਣੋ।

 

Question 2: ਯੋਗ ਦੀ ਪਰਿਭਾਸ਼ਾ, ਅਰਥ ਅਤੇ ਮਹੱਤਤਾ ਬਾਰੇ ਦੱਸੋ।

Answer:

ਯੋਗ ਦਾ ਅਰਥ (Meaning of Yoga)
ਭਾਰਤ ਦੇ ਵਿਦਵਾਨਾਂ ਨੇ ਆਤਮ-ਸ਼ਕਤੀ ਰਾਹੀਂ ਸੰਸਾਰ ਨੂੰ ਯੋਗ ਵਿਗਿਆਨ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਵਿਚ ਦੱਸਿਆ ਕਿ ਮਨੁੱਖ ਦਾ ਸਰੀਰ ਅਤੇ ਮਨ ਵੱਖਰੇ ਹਨ ਜੋ ਕਿ ਉਸ ਨੂੰ ਅਲੱਗ-ਅਲੱਗ ਦਿਸ਼ਾ ਵੱਲ ਖਿੱਚਦੇ ਹਨ ਜਿਸ ਕਰਕੇ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਸ਼ਕਤੀਆਂ ਦਾ ਵਿਕਾਸ ਰੁਕ ਜਾਂਦਾ ਹੈ। ਸਰੀਰ ਅਤੇ ਮਨ ਨੂੰ ਇਕਾਗਰ ਕਰਕੇ ਪਰਮਾਤਮਾ ਨਾਲ ਇਕਮਿਕ ਹੋਣ ਦਾ ਰਸਤਾ ਦੱਸਿਆ, ਜਿਸ ਨੂੰ ਯੋਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਯੋਗ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਯੁਜ੍’ ਤੋਂ ਬਣਿਆ ਹੈ ਜਿਸ ਦਾ ਅਰਥ ਜੋੜ ਜਾਂ ਮੇਲ ਹੈ। ਇਸ ਤਰ੍ਹਾਂ ਸਰੀਰ ਅਤੇ ਮਨ ਦੇ ਮੇਲ ਨੂੰ ਯੋਗ ਕਹਿੰਦੇ ਹਨ। ਯੋਗ ਉਹ ਕਿਰਿਆ ਜਾਂ ਸਾਧਨ ਹੈ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ ਹੈ।
ਇਤਿਹਾਸ (History) – ਯੋਗ ਸ਼ਬਦ ਬਹੁਤ ਸਮੇਂ ਤੋਂ ਪ੍ਰਚਲਿਤ ਹੈ। ਗੀਤਾ ਵਿਚ ਵੀ ਯੋਗ ਬਾਰੇ ਬਹੁਤ ਲਿਖਿਆ ਮਿਲਦਾ ਹੈ। ਰਮਾਇਣ ਅਤੇ ਮਹਾਂਭਾਰਤ ਵਿਚ ਵੀ ਇਸ ਸ਼ਬਦ ਦੀ ਬੜੀ ਵਰਤੋਂ ਹੋਈ ਹੈ। ਇਹਨਾਂ ਪਵਿੱਤਰ ਗ੍ਰੰਥਾਂ ਵਿਚ ਯੋਗ ਨਾਲ ਮੁਕਤੀ (Moksh) ਹਾਸਲ ਕਰਨ ਬਾਰੇ ਵਿਸਥਾਰ ਪੂਰਵਕ ਲਿਖਿਆ ਮਿਲਦਾ ਹੈ।
ਇਹਨਾਂ ਵਿਦਵਾਨਾਂ ਵਿਚੋਂ ਪ੍ਰਸਿੱਧ ਵਿਦਵਾਨ ਪਾਤੰਜਲੀ ਹੈ ਜਿਸ ਨੇ ਯੋਗ-ਵਿਗਿਆਨ ‘ਤੇ ਲਿਖਿਆ, ਪਰ ਯੋਗ ਦੇ ਅਰਥਾਂ ਬਾਰੇ ਸਾਰੇ ਵਿਦਵਾਨ ਇੱਕ ਮਤ ਨਹੀਂ। ਪਾਤੰਜਲੀ ਅਨੁਸਾਰ, “ਚਿੱਤ ਦੀ ਵਿਰਤੀ ਤੇ ਨਿਰੋਧ ਹੀ ਯੋਗ ਹੈ।” ਗੀਤਾ ਵਿਚ ਭਗਵਾਨ ਕ੍ਰਿਸ਼ਨ ਨੇ ਲਿਖਿਆ ਹੈ ਕਿ ਠੀਕ ਢੰਗ ਨਾਲ ਕੰਮ ਕਰਨਾ ਹੀ ਯੋਗ ਹੈ।
ਡਾ. ਸੰਪੂਰਨਾਨੰਦ (Dr. Sampurnanand) ਅਨੁਸਾਰ, “ਯੋਗ ਅਧਿਆਤਮਿਕ ਕਾਮਧੇਨੂ ਹੈ ਜਿਸ ਤੋਂ ਜੋ ਮੰਗੋ ਮਿਲਦਾ ਹੈ।” ਸ੍ਰੀ ਵਿਆਸ ਜੀ (Shri Vyas ji) ਨੇ ਲਿਖਿਆ ਹੈ, “ਯੋਗ ਦਾ ਅਰਥ ਸਮਾਧੀ ਹੈ।” ਉਪਰੋਕਤ ਵਿਚਾਰਾਂ ਤੋਂ ਪਤਾ ਚਲਦਾ ਹੈ ਕਿ ਯੋਗ ਦਾ ਸ਼ਬਦੀ ਭਾਵ ਜੋੜਨਾ ਹੈ। ਮਨੁੱਖੀ ਸਰੀਰ ਤੰਦਰੁਸਤ ਅਤੇ ਮਨ ਸ਼ੁੱਧ ਹੋਣ ਨਾਲ ਉਸ ਦਾ ਪਰਮਾਤਮਾ ਨਾਲ ਮੇਲ ਹੋ ਜਾਂਦਾ ਹੈ। ਯੋਗ ਰਾਹੀਂ ਸਰੀਰ ਅਰੋਗ ਹੋ ਜਾਂਦਾ ਹੈ ਅਤੇ ਮਨ ਦੀ ਇਕਾਗਰਤਾ ਵੱਧਦੀ ਹੈ। ਜਿਸ ਨਾਲ ਆਤਮਾ ਦਾ ਪਰਮਾਤਮਾ ਨਾਲ ਇਕਮਿਕ ਹੋਣਾ ਆਸਾਨ ਹੋ ਜਾਂਦਾ ਹੈ।
‘‘ਯੋਗ ਵਿਗਿਆਨ ਨਾਲ ਮਨੁੱਖ ਸਰੀਰਕ, ਮਾਨਸਿਕ, ਬੌਧਿਕ ਅਤੇ ਅਧਿਆਤਮਿਕ ਤੌਰ ‘ਤੇ ਪੂਰਨ ਵਿਕਾਸ ਕਰ ਲੈਂਦਾ ਹੈ।”
ਯੋਗ ਦਾ ਮਹੱਤਵ (Importance of Yoga)
ਯੋਗ ਵਿਗਿਆਨ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ। ਯੋਗ ਭਾਰਤ ਦਾ ਹੀ ਨਹੀਂ, ਸਗੋਂ ਦੁਨੀਆਂ ਦਾ ਪ੍ਰਾਚੀਨ ਗਿਆਨ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਗਿਆਨ ਦਾ ਲੋਹਾ ਮੰਨਿਆ ਹੈ। ਯੋਗ ਨਾਲ ਸਰੀਰ ਅਤੇ ਮਨ ਤੰਦਰੁਸਤ ਰਹਿੰਦਾ ਹੈ ਅਤੇ ਇਸਦੇ ਨਾਲ-ਨਾਲ ਨਾੜੀਆਂ ਵੀ ਲਚਕਦਾਰ ਅਤੇ ਮਜ਼ਬੂਤ ਰਹਿੰਦੀਆਂ ਹਨ। ਯੋਗ ਸਰੀਰ ਨੂੰ ਬਿਮਾਰੀ ਤੋਂ ਦੂਰ ਰੱਖਦਾ ਹੈ ਅਤੇ ਜੇ ਕੋਈ ਬਿਮਾਰੀ ਲੱਗ ਜਾਵੇ ਤਾਂ ਉਸ ਨੂੰ ਆਸਣ ਜਾਂ ਯੋਗ ਦੀਆਂ ਦੂਸਰੀਆਂ ਕਿਰਿਆਵਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਜਿੱਥੇ ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ।
ਸੱਚ ਤਾਂ ਇਹ ਹੈ ਕਿ ਯੋਗ ਸਾਨੂੰ ਉਸ ਦੁਨੀਆਂ ਵਿਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਪਰਮ ਸੁੱਖ ਹੈ, ਮਨ ਦੀ ਸ਼ਾਂਤੀ ਹੈ। ਯੋਗ ਤਾਂ ਗਿਆਨ ਦੀ ਉਹ ਗੰਗਾ ਹੈ ਜਿਸ ਦੀ ਹਰੇਕ ਬੂੰਦ ਵਿਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ। ਯੋਗ ਪਰਮਾਤਮਾ ਦੇ ਨਾਲ ਮਿਲਣ ਦਾ ਸਰਵਉੱਤਮ ਸਾਧਨ ਹੈ। ਸਰੀਰ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਮਾਧਿਅਮ ਹੈ। ਇਕ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਯੋਗ ਮਨੁੱਖ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਉਸ ਨੂੰ ਸੁਯੋਗ ਅਤੇ ਗੁਣੀ ਵੀ ਬਣਾਉਂਦਾ ਹੈ।
ਇਹ ਸਾਡੇ ਵਿਚ ਸ਼ਕਤੀ ਪੈਦਾ ਕਰਦਾ ਹੈ। ਯੋਗ ਕੇਵਲ ਰੋਗੀ ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ, ਸਗੋਂ ਸਵਸਥ ਮਨੁੱਖ ਵੀ ਇਸ ਦੇ ਅਭਿਆਸ ਤੋਂ ਲਾਭ ਉਠਾ ਸਕਦੇ ਹਨ। ਯੋਗ ਹਰ ਇੱਕ ਉਮਰ ਦੇ ਵਿਅਕਤੀਆਂ ਲਈ ਗੁਣਕਾਰੀ ਹੈ।
ਯੋਗ ਦੇ ਅਭਿਆਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ। ਯੋਗ ਅਭਿਆਸ ਨਾਲ ਮਾਸ-ਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗੀ ਸੰਤੁਲਨ ਵਧਦਾ ਹੈ। ਯੋਗ ਦੀ ਜ਼ਰੂਰਤ ਅੱਜ ਦੇ ਯੁੱਗ ਵਿਚ ਵੀ ਉਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿਚ ਸੀ। ਇਹ ਧਾਰਨਾ ਵੀ ਗ਼ਲਤ ਹੈ ਕਿ ਅੱਜ-ਕਲ੍ਹ ਦੇ ਲੋਕ ਯੋਗ ਕਰਨ ਦੇ ਕਾਬਲ ਨਹੀਂ ਰਹੇ। ਅੱਜ ਦੇ ਯੁੱਗ ਵਿਚ ਵੀ ਮਨੁੱਖ ਯੋਗ ਤੋਂ ਪੂਰਾ ਲਾਭ ਉਠਾ ਸਕਦਾ ਹੈ।
ਯੋਗ-ਵਿਗਿਆਨ ਵਿਅਕਤੀ ਦੇ ਸਰਵ-ਪੱਖੀ ਵਿਕਾਸ ਵਿਚ ਇਸ ਤਰ੍ਹਾਂ ਯੋਗਦਾਨ ਦਿੰਦਾ ਹੈ
1. ਮਨੁੱਖ ਦੀਆਂ ਸਰੀਰਕ, ਮਾਨਸਿਕ ਅਤੇ ਬੁਨਿਆਦੀ ਸ਼ਕਤੀਆਂ ਦਾ ਵਿਕਾਸ (Development of Physical, Mental and Latent Powers of Man) – ਯੋਗ ਗਿਆਨ ਨਾਲ ਮਨੁੱਖ ਅਰੋਗ ਰਹਿ ਕੇ ਲੰਮੀ ਉਮਰ ਭੋਗਦਾ ਹੈ। ਯਮ, ਨਿਯਮ ਅਤੇ ਆਸਣ ਵਿਅਕਤੀ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿਚ ਸਹਾਈ ਹੁੰਦੇ ਹਨ। ਆਸਣਾਂ ਵਿਚ ਸਰੀਰਕ ਕਿਰਿਆਵਾਂ ਦੇ ਕਰਨ ਨਾਲ ਮਨੁੱਖ ਦੇ ਸਰੀਰ ਦੇ ਸਾਰੇ ਅੰਗ ਹਰਕਤ ਵਿਚ ਆ ਜਾਂਦੇ ਹਨ। ਇਸ ਨਾਲ ਉਨ੍ਹਾਂ ਦਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਇਹਨਾਂ ਦਾ ਸਰੀਰ ਸੰਸਥਾਨਾਂ, ਜਿਵੇਂ ਪਾਚਨ-ਸੰਸਥਾਨ, ਸਾਹ ਸੰਸਥਾਨ ਅਤੇ ਮਾਸਪੇਸ਼ੀ ਸੰਸਥਾਨ ‘ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਵਿਅਕਤੀ ਦੀ ਕਾਰਜ ਯੋਗਤਾ ਵਿਚ ਵਾਧਾ ਹੁੰਦਾ ਹੈ। ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਵੀ ਹੁੰਦਾ ਹੈ। ਪ੍ਰਾਣਾਯਾਮ ਅਤੇ ਅਸ਼ਟਾਂਗ ਯੋਗ ਨਾਲ ਮਨੁੱਖ ਦੀਆਂ ਗੁੱਝੀਆਂ ਤਾਕਤਾਂ (Latent Powers) ਦਾ ਵਿਕਾਸ ਹੁੰਦਾ ਹੈ।
2. ਸਰੀਰ ਦੀ ਅੰਦਰੂਨੀ ਸਫ਼ਾਈ (Internal cleanliness of Body) – ਯੋਗ ਦੀਆਂ ਅੱਠ ਅਵਸਥਾਵਾਂ ਨਾਲ ਸਰੀਰ ਸਰਵ-ਪੱਖੀ ਵਿਕਾਸ (All Round Development) ਕਰਦਾ ਹੈ। ਆਸਣਾਂ ਨਾਲ ਜਿੱਥੇ ਸਰੀਰ ਤੰਦਰੁਸਤ ਹੁੰਦਾ ਹੈ, ਉੱਥੇ ਮੁਦਰਾ-ਕਿਰਿਆਵਾਂ ਨਾਲ ਮਨ ਤੇ ਕਾਬੂ ਅਤੇ ਨਾੜੀ ਪੱਠਿਆਂ ਦਾ ਤਾਲਮੇਲ ਰਹਿੰਦਾ ਹੈ। ਪ੍ਰਾਣਾਯਾਮ ਨਾਲ ਸਰੀਰ ਚੁਸਤ ਅਤੇ ਅਰੋਗ ਰਹਿੰਦਾ ਹੈ। ਪ੍ਰਤਿਆਹਾਰ ਨਾਲ ਦ੍ਰਿੜ੍ਹਤਾ ਵਧਦੀ ਹੈ। ਧਿਆਨ ਅਤੇ ਸਮਾਧੀ ਨਾਲ ਮਨੁੱਖ ਦੁਨਿਆਵੀ ਭਟਕਣਾਂ ਤੋਂ ਉੱਪਰ ਉੱਠ ਜਾਂਦਾ ਹੈ ਅਤੇ ਉਸ ਦੀ ਆਤਮਾ ਪਰਮਾਤਮਾ ਵਿਚ ਲੀਨ ਹੋ ਜਾਂਦੀ ਹੈ। ਇਸ ਤਰ੍ਹਾਂ ਧਿਆਨ, ਸਮਾਧੀ ਦੇ ਨਾਲ ਯਮਾਂ ਅਤੇ ਨਿਯਮਾਂ ਦੀ ਤਰ੍ਹਾਂ ਸ਼ਟਕਰਮ ਵੀ ਸਰੀਰ ਦੀ ਅੰਦਰੂਨੀ ਸਫ਼ਾਈ ਵਿਚ ਸਹਾਈ ਹੁੰਦੇ ਹਨ। ਸ਼ਟਕਰਮਾਂ ਵਿਚ ਧੋਤੀ, ਨੇਤੀ, ਬਸਤੀ, ਤ੍ਰਾਟਕ, ਨੌਲੀ ਅਤੇ ਕਪਾਲਭਾਤੀ ਹਨ, ਜੋ ਛਾਤੀ, ਮਿਹਦੇ ਅਤੇ ਅੰਤੜੀਆਂ ਦੀ ਸਫ਼ਾਈ ਕਰਦੇ ਹਨ। ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਮਾਧਿਅਮ ਸਰੀਰ ਹੈ ਅਤੇ ਸ਼ਟਕਰਮਾਂ, ਆਸਣਾਂ ਅਤੇ ਪ੍ਰਾਣਾਯਾਮ ਆਦਿ ਕਿਰਿਆਵਾਂ ਨਾਲ ਸਰੀਰ ਦੀ ਅੰਦਰੂਨੀ ਸਫ਼ਾਈ ਲਈ ਯੋਗ ਸਹਾਇਤਾ ਕਰਦਾ ਹੈ।
3. ਸਰੀਰਕ ਅੰਗਾਂ ਵਿਚ ਮਜ਼ਬੂਤੀ ਅਤੇ ਉਨ੍ਹਾਂ ਵਿਚ ਲਚਕ ਲਿਆਉਣਾ (Development of Strength and elasticity) – ਇਹ ਅਕਸਰ ਦੇਖਣ ਵਿਚ ਆਉਂਦਾ ਹੈ ਕਿ ਯੋਗਿਕ ਕਿਰਿਆਵਾਂ ਵਿਚ ਭਾਗ ਲੈਣ ਵਾਲੇ ਵਿਅਕਤੀ ਦੀ ਸਿਹਤ ਉਹਨਾਂ ਵਿਅਕਤੀਆਂ ਨਾਲੋਂ ਕਿਤੇ ਚੰਗੀ ਹੁੰਦੀ ਹੈ ਜੋ ਯੋਗਿਕ ਕਿਰਿਆਵਾਂ ਵਿਚ ਰੁਚੀ ਨਹੀਂ ਰੱਖਦੇ। ਯੋਗ ਨਾਲ ਮਨੁੱਖ ਦਾ ਨਾ ਕੇਵਲ ਸਰੀਰਕ ਵਿਕਾਸ ਹੀ ਹੁੰਦਾ ਹੈ ਸਗੋਂ ਆਸਣਾਂ ਨਾਲ ਜੋੜਾਂ ਅਤੇ ਹੱਡੀਆਂ ਦਾ ਵਿਕਾਸ ਵੀ ਹੁੰਦਾ ਹੈ। ਖੂਨ ਦਾ ਦੌਰਾ ਤੇਜ਼ ਹੋ ਜਾਂਦਾ ਹੈ। ਧਨੁਰ ਆਸਣ ਅਤੇ ਹਲ ਆਸਣ ਰੀੜ੍ਹ ਦੀ ਲਚਕ ਵਧਾਉਣ ਵਿਚ ਸਹਾਇਕ ਹੁੰਦੇ ਹਨ ਜਿਸ ਕਰਕੇ ਮਨੁੱਖ ਜਲਦੀ ਬੁੱਢਾ ਨਹੀਂ ਹੁੰਦਾ। ਇਸ ਤਰ੍ਹਾਂ ਯੋਗ ਕਿਰਿਆਵਾਂ ਨਾਲ ਸਰੀਰ ਵਿਚ ਮਜ਼ਬੂਤੀ ਅਤੇ ਅੰਗਾਂ ਵਿਚ ਲਚਕ ਆਉਂਦੀ ਹੈ।
4. ਭਾਵਾਤਮਕ ਵਿਕਾਸ (Emotional Development) – ਅਜੋਕਾ ਮਨੁੱਖ ਮਾਨਸਿਕ ਅਤੇ ਆਤਮਿਕ ਸ਼ਾਂਤੀ ਦੀ ਕਾਮਨਾ ਕਰਦਾ ਹੈ। ਅਕਸਰ ਦੇਖਣ ਵਿਚ ਆਇਆ ਹੈ ਕਿ ਅਸੀਂ ਆਪਣੀਆਂ ਭਾਵਨਾਵਾਂ ਦੇ ਰੌਂਅ ਵਿਚ ਵਹਿ ਕੇ ਕਦੇ ਤਾਂ ਉਦਾਸੀ ਦੇ ਸਾਗਰ ਵਿਚ ਡੁੱਬ ਜਾਂਦੇ ਹਾਂ ਅਤੇ ਕਦੇ ਖੁਸ਼ੀ ਦੇ ਮਾਰੇ ਪਾਗਲ ਜਿਹੇ ਹੋ ਜਾਂਦੇ ਹਾਂ। ਕਦੇ ਇੱਕ ਸਾਧਾਰਨ ਜਿਹੀ ਅਸਫਲਤਾ ਜਾਂ ਦੁਖਦਾਈ ਘਟਨਾ ਸਾਨੂੰ ਇੰਨਾ ਗ਼ਮਗੀਨ ਬਣਾ ਦਿੰਦੀ ਹੈ ਕਿ ਸੰਸਾਰ ਦੀ ਕੋਈ ਵਸਤੂ ਸਾਨੂੰ ਚੰਗੀ ਨਹੀਂ ਲੱਗਦੀ। ਸਾਨੂੰ ਜੀਵਨ ਰੁੱਖਾ ਅਤੇ ਭਾਰਾ ਜਿਹਾ ਜਾਪਦਾ ਹੈ। ਇਸ ਦੇ ਉਲਟ ਕਈ ਵਾਰ ਸਾਧਾਰਨ ਜਿਹੀ ਸਫਲਤਾ ਜਾਂ ਖ਼ੁਸ਼ੀ ਦੀ ਗੱਲ ਸਾਨੂੰ ਇੰਨਾ ਪ੍ਰਸੰਨ ਕਰ ਦਿੰਦੀ ਹੈ ਕਿ ਸਾਡੇ ਪੈਰ ਧਰਤੀ ‘ਤੇ ਨਹੀਂ ਟਿਕਦੇ। ਅਸੀਂ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਾਂ। ਇਹਨਾਂ ਗੱਲਾਂ ਵਿਚ ਸਾਡੀ ਭਾਵਾਤਮਕ ਕੱਚਿਆਈ (Emotional Immaturity) ਦੀ ਝਲਕ ਨਜ਼ਰ ਆਉਂਦੀ ਹੈ।
ਯੋਗ ਸਾਨੂੰ ਆਪਣੀਆਂ ਭਾਵਨਾਵਾਂ ‘ਤੇ ਕੰਟਰੋਲ ਰੱਖਣ ਅਤੇ ਸੰਤੁਲਨ ਵਿਚ ਰਹਿਣਾ ਸਿਖਾਉਂਦਾ ਹੈ। ਇਹ ਸਾਨੂੰ ਇਹ ਸਿਖਾਉਂਦਾ ਹੈ ਕਿ ਅਸਫਲਤਾ ਜਾਂ ਸਫਲਤਾ ਖ਼ੁਸ਼ੀ ਜਾਂ ਗ਼ਮੀ ਇਕੋ ਸਿੱਕੇ ਦੇ ਦੋ ਪਹਿਲੂ (Two sides of the same Coin) ਹਨ। ਇਹ ਜੀਵਨ ਗਮਾਂ ਅਤੇ ਖ਼ੁਸ਼ੀਆਂ ਦਾ ਅਨੋਖਾ ਸੰਗਮ ਹੈ। ਗ਼ਮਾਂ ਅਤੇ ਖ਼ੁਸ਼ੀਆਂ ਨਾਲ ਸਮਝੌਤਾ ਕਰਨਾ ਹੀ ਸੁਖੀ ਜੀਵਨ ਦਾ ਰਾਜ਼ ਹੈ। ਸਾਨੂੰ ਆਪਣੇ ਜੀਵਨ ਦੀ ਜਿੱਤ ਅਤੇ ਹਾਰ ਨੂੰ ਸਫਲਤਾ ਅਤੇ ਅਸਫ਼ਲਤਾ ਨੂੰ, ਗ਼ਮ ਅਤੇ ਖ਼ੁਸ਼ੀ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ। ਜੇਕਰ ਕਿਸਮਤ ਨਾਲ ਸਫਲਤਾ ਸਾਡੇ ਕਦਮ ਚੁੰਮਦੀ ਹੈ ਤਾਂ ਸਾਨੂੰ ਖ਼ੁਸ਼ੀ ਦੇ ਮਾਰੇ ਆਪਣੇ ਆਪੇ ਤੋਂ ਬਾਹਰ ਨਹੀਂ ਹੋਣਾ ਚਾਹੀਦਾ। ਇਸ ਦੇ ਉਲਟ ਜੇ ਸਾਨੂੰ ਅਸਫਲਤਾ ਦਾ ਮੂੰਹ ਦੇਖਣਾ ਪੈਂਦਾ ਹੈ ਤਾਂ ਸਾਨੂੰ ਆਪਣਾ ਮੂੰਹ ਲਟਕਾਉਣਾ ਨਹੀਂ ਚਾਹੀਦਾ। ਇਸ ਤਰ੍ਹਾਂ ਯੋਗ ਕਿਰਿਆਵਾਂ ਦਾ ਭਾਵਾਤਮਕ ਵਿਕਾਸ ਲਈ ਵਿਸ਼ੇਸ਼ ਮਹੱਤਵ ਹੈ।
5. ਬਿਮਾਰੀਆਂ ਦੀ ਰੋਕਥਾਮ ਅਤੇ ਰੋਗਾਂ ਤੋਂ ਕੁਦਰਤੀ ਬਚਾਅ (Prevention of Diseases and Immunization) – ਯੋਗ ਕਿਰਿਆਵਾਂ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਜੇਕਰ ਕਿਸੇ ਕਾਰਨ ਬਿਮਾਰੀਆਂ ਲੱਗ ਜਾਣ ਤਾਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਦੇ ਢੰਗ ਅਤੇ ਰੋਗਾਂ ਤੋਂ ਕੁਦਰਤੀ ਬਚਾਅ ਯੋਗ ਵਿਚ ਸ਼ਾਮਲ ਹਨ। ਰੋਗਾਂ ਦੇ ਕੀਟਾਣੂ (Germs of Bacteria) ਇੱਕ ਮਨੁੱਖ ਤੋਂ ਦੂਜੇ ਮਨੁੱਖ ਦੇ ਸਰੀਰ ‘ਤੇ ਹਮਲਾ ਕਰਕੇ ਬਿਮਾਰੀਆਂ ਫੈਲਾਉਂਦੇ ਹਨ। ਇਨ੍ਹਾਂ ਰੋਗਾਂ ਤੋਂ ਬਚਾਅ ਕਰਨ ਦੇ ਢੰਗ, ਭਾਵ ਰੋਗਾਂ ਦਾ ਮੁਕਾਬਲਾ ਕਿਵੇਂ ਕੀਤਾ ਜਾਵੇ, ਰੋਗਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਅਤੇ ਮਨੁੱਖ ਨੂੰ ਅਰੋਗ ਕਿਵੇਂ ਰੱਖਿਆ ਜਾਵੇ, ਇਹ ਆਸਣ, ਧੋਤੀ, ਨੌਲੀ ਆਦਿ ਜਿਨ੍ਹਾਂ ਨਾਲ ਅੰਦਰੂਨੀ ਅੰਗ ਸਾਫ਼ ਹੁੰਦੇ ਹਨ, ਯੋਗ ਗਿਆਨ ਹੀ ਦੱਸਦਾ ਹੈ।

Exam Tips:

a) ਯੋਗ ਸ਼ਬਦ ਸੰਸਕ੍ਰਿਤ ਦੇ "ਯੁਜ੍" ਤੋਂ ਬਣਿਆ ਹੈ ਜਿਸ ਦਾ ਅਰਥ ਜੋੜ ਜਾਂ ਮੇਲ ਹੈ – ਇਹ ਪਹਿਲਾਂ ਲਿਖੋ।
b) ਪਤੰਜਲੀ, ਗੀਤਾ ਅਤੇ ਵਿਆਸ ਦੀਆਂ ਪਰਿਭਾਸ਼ਾਵਾਂ ਯਾਦ ਰੱਖੋ।
c) ਮਹੱਤਵ ਦੇ ਪੰਜ ਬਿੰਦੂ ਸਿਰਲੇਖ ਦੇ ਕੇ ਲਿਖੋ।

 

Question 3: ਯੋਗ ਕਰਨ ਤੋਂ ਪਹਿਲਾਂ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ?

Answer:

ਯੋਗ ਕਰਨ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
1. ਯੋਗ ਆਸਣ ਕਰਨ ਤੋਂ ਪਹਿਲਾਂ ਸੂਰਜ ਨਮਸਕਾਰ ਕਰਨਾ ਚਾਹੀਦਾ ਹੈ।
2. ਆਸਣ ਕਰਨ ਦੀ ਥਾਂ ਸਮਤਲ ਹੋਣੀ ਚਾਹੀਦੀ ਹੈ। ਜ਼ਮੀਨ ਉੱਤੇ ਦਰੀ ਜਾਂ ਕੰਬਲ ਵਿਛਾ ਕੇ ਆਸਣ ਕਰਨੇ ਚਾਹੀਦੇ ਹਨ।
3. ਥਾਂ ਸ਼ਾਂਤ, ਹਵਾਦਾਰ ਅਤੇ ਸਾਫ਼ ਹੋਣੀ ਚਾਹੀਦੀ ਹੈ।
4. ਆਸਣ ਕਰਦੇ ਸਮੇਂ ਸਾਹ ਸਾਧਾਰਨ ਅਤੇ ਮਨ ਸ਼ਾਂਤ ਰੱਖਣਾ ਜ਼ਰੂਰੀ ਹੈ।
5. ਖਾਣਾ ਖਾਣ ਤੋਂ ਘੱਟੋ-ਘੱਟ ਚਾਰ ਘੰਟੇ ਬਾਅਦ, ਮਨ ਨੂੰ ਇਕਾਗਰ ਕਰ ਕੇ ਯੋਗ ਕਰਨਾ ਚਾਹੀਦਾ ਹੈ।
6. ਸਭ ਤੋਂ ਪਹਿਲਾਂ ਆਰਾਮਦਾਇਕ ਆਸਣ ਅਤੇ ਫਿਰ ਸਭਿਆਚਾਰਕ ਆਸਣ ਕਰਨੇ ਚਾਹੀਦੇ ਹਨ।
7. ਅਭਿਆਸ ਹੌਲੀ-ਹੌਲੀ ਅਤੇ ਸਰਲਤਾ ਨਾਲ ਕਰਨਾ ਚਾਹੀਦਾ ਹੈ ਅਤੇ ਹੌਲੀ-ਹੌਲੀ ਵਧਾਉਣਾ ਚਾਹੀਦਾ ਹੈ।
8. ਰੋਜ਼ਾਨਾ ਅਭਿਆਸ ਸਿੱਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ।
9. ਦੋ ਆਸਣਾਂ ਦੇ ਵਿਚਕਾਰ ਸ਼ਵ ਆਸਣ ਕਰ ਕੇ ਥੋੜ੍ਹਾ ਵਿਸ਼ਰਾਮ ਕਰਨਾ ਚਾਹੀਦਾ ਹੈ।
10. ਸਰੀਰ ਉੱਤੇ ਘੱਟੋ-ਘੱਟ ਅਤੇ ਹਲਕੇ ਕੱਪੜੇ (ਲੰਗੋਟ, ਨਿੱਕਰ, ਬਨੈਣ) ਪਹਿਨਣੇ ਚਾਹੀਦੇ ਹਨ ਅਤੇ ਸੰਤੁਲਿਤ ਤੇ ਹਲਕਾ ਭੋਜਨ ਕਰਨਾ ਚਾਹੀਦਾ ਹੈ।
11. ਯੋਗ ਕਰਦੇ ਸਮੇਂ ਸਾਹ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ।
12. ਯੋਗ ਤੋਂ ਪਹਿਲਾਂ ਮੌਸਮ ਅਨੁਸਾਰ ਗਰਮ ਜਾਂ ਠੰਢੇ ਪਾਣੀ ਨਾਲ ਨਹਾ ਲੈਣਾ ਚਾਹੀਦਾ ਹੈ, ਜਾਂ ਨਹਾਉਣ ਤੋਂ ਬਾਅਦ ਘੱਟੋ-ਘੱਟ ਅੱਧੇ ਘੰਟੇ ਦਾ ਅੰਤਰਾਲ ਹੋਣਾ ਚਾਹੀਦਾ ਹੈ।

Exam Tips:

a) ਥਾਂ, ਸਮਾਂ, ਕੱਪੜੇ, ਭੋਜਨ ਅਤੇ ਸਾਹ ਦੇ ਨਿਯਮ – ਇਨ੍ਹਾਂ ਪੰਜ ਸਿਰਲੇਖਾਂ ਹੇਠ ਗੱਲਾਂ ਯਾਦ ਰੱਖੋ।
b) ਘੱਟੋ-ਘੱਟ ਅੱਠ ਨੁਕਤੇ ਨੰਬਰ ਲਗਾ ਕੇ ਲਿਖੋ।

 

Question 4: ਸੂਰਜ ਨਮਸਕਾਰ ਤੋਂ ਕੀ ਭਾਵ ਹੈ? ਇਸ ਦੇ ਕੁੱਲ ਕਿੰਨੇ ਅੰਗ ਹਨ?

Answer:

ਸੂਰਜ ਦਾ ਅਰਥ ਸੂਰਜ ਅਤੇ ਨਮਸਕਾਰ ਦਾ ਅਰਥ ਪ੍ਰਣਾਮ ਹੈ। ਕਿਰਿਆਵਾਂ ਕਰਦੇ ਹੋਏ ਸੂਰਜ ਨੂੰ ਪ੍ਰਣਾਮ ਕਰਨਾ ਸੂਰਜ ਨਮਸਕਾਰ ਅਖਵਾਉਂਦਾ ਹੈ। ਸੂਰਜ ਨਮਸਕਾਰ ਵਿਚ ਕੁੱਲ 12 ਸਥਿਤੀਆਂ (ਅੰਗ) ਹੁੰਦੀਆਂ ਹਨ ਜੋ ਕਸਰਤ ਕਰਦੇ ਹੋਏ ਪੂਰੇ ਸਰੀਰ ਦੀ ਲਚਕ ਵਧਾਉਣ ਵਿਚ ਮਦਦ ਕਰਦੀਆਂ ਹਨ।
ਸੂਰਜ ਨਮਸਕਾਰ ਦੀ ਵਿਧੀ:
ਸਥਿਤੀ 1: ਪ੍ਰਣਾਮਾਸਨ
ਜੇ ਹੋ ਸਕੇ ਤਾਂ ਸੂਰਜ ਵੱਲ ਮੂੰਹ ਕਰ ਕੇ ਸਿੱਧੇ ਖੜ੍ਹੇ ਹੋਵੋ। ਪੈਰ ਜੋੜ ਕੇ, ਦੋਵੇਂ ਹਥੇਲੀਆਂ ਛਾਤੀ ਦੇ ਕੇਂਦਰ ਵਿਚ ਨਮਸਕਾਰ ਦੀ ਮੁਦਰਾ ਵਿਚ ਰੱਖੋ। ਸਰੀਰ ਢਿੱਲਾ ਅਤੇ ਪਿੱਠ ਸਿੱਧੀ ਰੱਖੋ ਅਤੇ ਹੌਲੀ-ਹੌਲੀ ਸਾਹ ਲੈਂਦੇ ਰਹੋ।
ਲਾਭ: ਇਸ ਨਾਲ ਧਿਆਨ ਅਤੇ ਸ਼ਾਂਤੀ ਬਣਾਉਣ ਵਿਚ ਮਦਦ ਮਿਲਦੀ ਹੈ।
ਸਥਿਤੀ 2: ਹਸਤ ਉੱਤਾਨਾਸਨ
ਸਾਹ ਅੰਦਰ ਲੈਂਦੇ ਹੋਏ ਬਾਹਾਂ ਨੂੰ ਉੱਪਰ ਵੱਲ ਲੈ ਜਾਓ ਅਤੇ ਮੋਢਿਆਂ ਦੀ ਚੌੜਾਈ ਜਿੰਨੀਆਂ ਖੋਲ੍ਹ ਕੇ ਰੱਖੋ। ਫਿਰ ਪਿੱਠ ਅਤੇ ਬਾਹਾਂ ਨੂੰ ਹੌਲੀ-ਹੌਲੀ ਪਿੱਛੇ ਵੱਲ ਝੁਕਾਓ। ਅਭਿਆਸ ਨਾਲ ਕਮਰ ਵਿਚ ਲਚਕ ਆ ਜਾਂਦੀ ਹੈ।
ਲਾਭ: ਇਸ ਨਾਲ ਪੇਟ ਅਤੇ ਲੱਤਾਂ ਦੀਆਂ ਮਾਸਪੇਸ਼ੀਆਂ ਫੈਲਦੀਆਂ ਹਨ, ਬਾਹਾਂ, ਮੋਢੇ ਅਤੇ ਰੀੜ੍ਹ ਦੀ ਹੱਡੀ ਟੋਨ ਹੁੰਦੇ ਹਨ ਅਤੇ ਫੇਫੜੇ ਖੁੱਲ੍ਹਦੇ ਹਨ।
ਸਥਿਤੀ 3: ਪਾਦ-ਹਸਤਾਸਨ
ਸਾਹ ਬਾਹਰ ਛੱਡਦੇ ਹੋਏ ਅੱਗੇ ਵੱਲ ਝੁਕੋ, ਲੱਤਾਂ ਸਿੱਧੀਆਂ ਰੱਖੋ ਅਤੇ ਹੱਥਾਂ ਦੀਆਂ ਉਂਗਲਾਂ ਨਾਲ ਫ਼ਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਰੀੜ੍ਹ ਨੂੰ ਕਮਰ ਦੇ ਜੋੜ ਤੋਂ ਓਨਾ ਹੀ ਝੁਕਾਓ ਜਿੰਨਾ ਦਰਦ ਮਹਿਸੂਸ ਕੀਤੇ ਬਿਨਾਂ ਝੁਕਿਆ ਜਾ ਸਕੇ।
ਲਾਭ: ਇਸ ਨਾਲ ਪੇਟ ਦੀਆਂ ਕਈ ਸ਼ਿਕਾਇਤਾਂ ਵਿਚ ਆਰਾਮ ਮਿਲਦਾ ਹੈ ਅਤੇ ਪੇਟ ਦੀ ਵਾਧੂ ਚਰਬੀ ਘਟਦੀ ਹੈ।
ਸਥਿਤੀ 4: ਅਸ਼ਵ-ਸੰਚਾਲਨਾਸਨ
ਹਥੇਲੀਆਂ ਜਾਂ ਉਂਗਲਾਂ ਨੂੰ ਫ਼ਰਸ਼ ਉੱਤੇ ਟਿਕਾ ਕੇ ਇੱਕ (ਖੱਬੀ) ਲੱਤ ਨੂੰ ਮੋੜ ਕੇ ਹੱਥਾਂ ਵਿਚਕਾਰ ਰੱਖੋ ਅਤੇ ਦੂਜੀ (ਸੱਜੀ) ਲੱਤ ਨੂੰ ਪਿੱਛੇ ਵੱਲ ਸਿੱਧੀ ਲੈ ਜਾਓ। ਰੀੜ੍ਹ ਅਤੇ ਸਿਰ ਨੂੰ ਸਿੱਧਾ ਰੱਖਦੇ ਹੋਏ ਉੱਪਰ ਵੱਲ ਦੇਖੋ।
ਲਾਭ: ਇਹ ਆਸਣ ਪੇਟ ਦੀਆਂ ਮਾਸਪੇਸ਼ੀਆਂ ਨੂੰ ਟੋਨ ਕਰਦਾ ਹੈ ਅਤੇ ਲੱਤਾਂ ਤੇ ਪੈਰਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
ਸਥਿਤੀ 5: ਪਰਬਤਾਸਨ
ਸਾਹ ਬਾਹਰ ਛੱਡਦੇ ਹੋਏ ਮੋੜੀ ਹੋਈ ਲੱਤ ਨੂੰ ਵੀ ਪਿੱਛੇ ਲਿਜਾ ਕੇ ਦੂਜੀ ਲੱਤ ਦੇ ਬਰਾਬਰ ਸਿੱਧੀ ਕਰੋ, ਕੁੱਲ੍ਹੇ ਉੱਪਰ ਚੁੱਕੋ। ਸਿਰ ਨੂੰ ਦੋਵੇਂ ਬਾਹਾਂ ਦੇ ਵਿਚਕਾਰ ਰੱਖਦੇ ਹੋਏ ਸਰੀਰ ਦਾ ਭਾਰ ਬਾਹਾਂ ਅਤੇ ਪੈਰਾਂ ਉੱਤੇ ਪਾਓ ਅਤੇ ਇਹ ਸਥਿਤੀ ਕੁਝ ਦੇਰ ਬਣਾਈ ਰੱਖੋ।
ਲਾਭ: ਇਹ ਆਸਣ ਮੋਢਿਆਂ ਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਟੋਨ ਕਰਦਾ ਹੈ ਅਤੇ ਲੱਤਾਂ ਤੇ ਬਾਹਾਂ ਨੂੰ ਮਜ਼ਬੂਤ ਬਣਾਉਂਦਾ ਹੈ।
ਸਥਿਤੀ 6: ਅਸ਼ਟਾਂਗ ਨਮਸਕਾਰ
ਪਿਛਲੀ ਸਥਿਤੀ ਤੋਂ ਹੌਲੀ-ਹੌਲੀ ਗੋਡਿਆਂ ਨੂੰ ਜ਼ਮੀਨ ਉੱਤੇ ਲਿਆਓ। ਛਾਤੀ ਅਤੇ ਠੋਡੀ ਨੂੰ ਜ਼ਮੀਨ ਨਾਲ ਛੁਹਾਓ। ਦੋਵੇਂ ਬਾਹਾਂ ਛਾਤੀ ਦੇ ਬਰਾਬਰ ਮੋੜ ਕੇ ਰੱਖੋ ਅਤੇ ਕੁੱਲ੍ਹਿਆਂ ਨੂੰ ਜ਼ਮੀਨ ਤੋਂ ਉੱਪਰ ਖਿੱਚ ਕੇ ਰੱਖੋ।
ਲਾਭ: ਇਹ ਮੋਢਿਆਂ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਟੋਨ ਕਰਦਾ ਹੈ, ਲੱਤਾਂ ਤੇ ਹੱਥਾਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਛਾਤੀ ਨੂੰ ਵਿਕਸਿਤ ਕਰਦਾ ਹੈ।
ਸਥਿਤੀ 7: ਭੁਜੰਗਾਸਨ
ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਲੱਤਾਂ ਅਤੇ ਕਮਰ ਨੂੰ ਜ਼ਮੀਨ ਉੱਤੇ ਰੱਖੋ। ਬਾਹਾਂ ਸਿੱਧੀਆਂ ਕਰਦੇ ਹੋਏ ਛਾਤੀ ਵਾਲੇ ਭਾਗ ਨੂੰ ਅੱਗੇ-ਉੱਪਰ ਵੱਲ ਖਿੱਚੋ ਅਤੇ ਸਿਰ ਨੂੰ ਹੌਲੀ-ਹੌਲੀ ਪਿੱਛੇ ਵੱਲ ਲੈ ਜਾਓ।
ਲਾਭ: ਇਹ ਪੇਟ ਵੱਲ ਲਹੂ ਗੇੜ ਨੂੰ ਤੇਜ਼ ਕਰਦਾ ਹੈ, ਬਦਹਜ਼ਮੀ ਤੇ ਕਬਜ਼ ਵਿਚ ਆਰਾਮ ਦਿੰਦਾ ਹੈ ਅਤੇ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਦਾ ਹੈ।
ਸਥਿਤੀ 8: ਪਰਬਤਾਸਨ
ਸਾਹ ਬਾਹਰ ਛੱਡਦੇ ਹੋਏ ਕੁੱਲ੍ਹਿਆਂ ਨੂੰ ਮੁੜ ਉੱਪਰ ਚੁੱਕੋ ਅਤੇ ਦੋਵੇਂ ਹੱਥਾਂ ਨਾਲ ਜ਼ਮੀਨ ਨੂੰ ਛੂਹੋ। ਇਹ ਬਿਲਕੁਲ 5ਵੀਂ ਸਥਿਤੀ ਵਾਂਗ ਹੋ ਜਾਵੇਗਾ।
ਸਥਿਤੀ 9: ਅਸ਼ਵ-ਸੰਚਾਲਨਾਸਨ
ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਸੱਜੇ ਪੈਰ ਨੂੰ ਦੋਵੇਂ ਹੱਥਾਂ ਦੇ ਵਿਚਕਾਰ ਲਿਆਓ ਅਤੇ ਖੱਬੀ ਲੱਤ ਨੂੰ ਪਿੱਛੇ ਵੱਲ ਸਿੱਧੀ ਰੱਖੋ। ਮੋਢਿਆਂ ਨੂੰ ਪਿੱਛੇ ਖਿੱਚੋ, ਛਾਤੀ ਵਾਲੇ ਭਾਗ ਨੂੰ ਪਿੱਛੇ ਵੱਲ ਲੈ ਜਾਓ ਅਤੇ ਪਿੱਠ ਦਾ ਆਰਕ ਬਣਾਓ।
ਸਥਿਤੀ 10: ਪਾਦ-ਹਸਤਾਸਨ
ਸਾਹ ਬਾਹਰ ਛੱਡਦੇ ਹੋਏ ਦੋਵੇਂ ਲੱਤਾਂ ਨੂੰ ਸਿੱਧਾ ਰੱਖੋ ਅਤੇ ਹੱਥਾਂ ਨਾਲ ਫ਼ਰਸ਼ ਨੂੰ ਛੂਹਣ ਦੀ ਕੋਸ਼ਿਸ਼ ਕਰੋ। ਇਸ ਸਮੇਂ ਗੋਡੇ ਸਿੱਧੇ ਹੋਣੇ ਚਾਹੀਦੇ ਹਨ।
ਸਥਿਤੀ 11: ਹਸਤ ਉੱਤਾਨਾਸਨ
ਹੌਲੀ-ਹੌਲੀ ਸਾਹ ਅੰਦਰ ਲੈਂਦੇ ਹੋਏ ਬਾਹਾਂ ਨੂੰ ਉੱਪਰ ਲੈ ਜਾਓ ਅਤੇ ਮੋਢਿਆਂ ਦੀ ਚੌੜਾਈ ਜਿੰਨੀਆਂ ਖੋਲ੍ਹ ਕੇ ਰੱਖੋ। ਪਿੱਠ ਅਤੇ ਬਾਹਾਂ ਨੂੰ ਹੌਲੀ-ਹੌਲੀ ਪਿੱਛੇ ਵੱਲ ਝੁਕਾਓ।
ਸਥਿਤੀ 12: ਪ੍ਰਣਾਮਾਸਨ
ਸਿੱਧੇ ਖੜ੍ਹੇ ਹੋ ਕੇ ਹਥੇਲੀਆਂ ਛਾਤੀ ਦੇ ਕੇਂਦਰ ਵਿਚ ਜੋੜ ਲਵੋ। ਸਰੀਰ ਬਿਲਕੁਲ ਢਿੱਲਾ ਅਤੇ ਪਿੱਠ ਸਿੱਧੀ ਰੱਖੋ ਅਤੇ ਹੌਲੀ-ਹੌਲੀ ਸਾਹ ਲੈਂਦੇ ਰਹੋ।
ਸੂਰਜ ਨਮਸਕਾਰ ਦੇ ਲਾਭ:
1. ਸੂਰਜ ਨਮਸਕਾਰ ਲਚਕ, ਸ਼ਕਤੀ ਅਤੇ ਤਾਕਤ ਵਿਚ ਵਾਧਾ ਕਰਦਾ ਹੈ।
2. ਇਹ ਮਨ ਦੀ ਇਕਾਗਰਤਾ ਵਧਾਉਣ ਵਿਚ ਸਹਾਇਤਾ ਕਰਦਾ ਹੈ।
3. ਇਸ ਨਾਲ ਸਰੀਰ ਦੀ ਵਾਧੂ ਚਰਬੀ ਘਟਦੀ ਹੈ।
4. ਇਸ ਨਾਲ ਸਰੀਰ ਵਿਚ ਖੂਨ ਦਾ ਦੌਰਾ ਵਧਦਾ ਹੈ।

Exam Tips:

a) "12 ਸਥਿਤੀਆਂ" ਅਤੇ ਉਨ੍ਹਾਂ ਦੇ ਨਾਂ ਕ੍ਰਮ ਨਾਲ ਜ਼ਰੂਰ ਲਿਖੋ।
b) ਸਥਿਤੀਆਂ 1 ਤੇ 12, 2 ਤੇ 11, 3 ਤੇ 10, 4 ਤੇ 9 ਅਤੇ 5 ਤੇ 8 ਇੱਕੋ ਜਿਹੀਆਂ ਹਨ – ਇਸ ਤਰ੍ਹਾਂ ਕ੍ਰਮ ਯਾਦ ਰਹਿੰਦਾ ਹੈ।
c) ਸਾਹ ਲੈਣ ਅਤੇ ਛੱਡਣ ਦਾ ਕ੍ਰਮ ਅਤੇ ਦੋ-ਤਿੰਨ ਲਾਭ ਜੋੜ ਕੇ ਉੱਤਰ ਪੂਰਾ ਕਰੋ।

 

Question 5: ਕੋਈ ਇੱਕ ਆਰਾਮਦਾਇਕ ਅਤੇ ਸਭਿਆਚਾਰਕ ਆਸਣ ਦੀ ਵਿਧੀ ਅਤੇ ਲਾਭ ਬਾਰੇ ਵਿਸਥਾਰ ਪੂਰਵਕ ਲਿਖੋ।

Answer:

ਸੁਖ ਆਸਣ (ਸਭਿਆਚਾਰਕ ਆਸਣ) (Sukh Asana)
ਇਹ ਆਸਣ ਦਰਜੀ ਦੇ ਬੈਠਣ ਦੇ ਢੰਗ ਵਾਂਗ ਹੁੰਦਾ ਹੈ, ਯਾਨੀ ਲੱਤਾਂ ਦੀ ਚੌਕੜੀ ਮਾਰ ਕੇ ਬੈਠਿਆ ਜਾਂਦਾ ਹੈ।
ਸਥਿਤੀ (Position): ਸੁਖ ਆਸਣ ਦੀ ਸਥਿਤੀ ਅਰਧ ਪਦਮ ਆਸਣ ਵਰਗੀ ਹੁੰਦੀ ਹੈ।
ਵਿਧੀ (Technique): ਜ਼ਮੀਨ ਉੱਤੇ ਚੌਕੜੀ ਮਾਰ ਕੇ ਬੈਠੋ; ਸੱਜਾ ਪੈਰ ਖੱਬੀ ਲੱਤ ਦੇ ਹੇਠਾਂ ਅਤੇ ਖੱਬਾ ਪੈਰ ਸੱਜੀ ਲੱਤ ਦੇ ਹੇਠਾਂ ਰੱਖੋ। ਰੀੜ੍ਹ ਦੀ ਹੱਡੀ ਅਤੇ ਗਰਦਨ ਸਿੱਧੀ ਰੱਖੋ। ਦੋਵੇਂ ਹੱਥ ਗੋਡਿਆਂ ਉੱਤੇ ਇਸ ਤਰ੍ਹਾਂ ਰੱਖੋ ਕਿ ਗੁੱਟ ਗੋਡਿਆਂ ਉੱਤੇ ਹੋਣ ਅਤੇ ਹਥੇਲੀਆਂ ਉੱਪਰ ਵੱਲ ਹੋਣ। ਅੰਗੂਠੇ ਦਾ ਪੋਟਾ ਪਹਿਲੀ (ਤਰਜਨੀ) ਉਂਗਲ ਦੇ ਪੋਟੇ ਨਾਲ ਛੂਹਦਾ ਹੋਵੇ (ਗਿਆਨ ਮੁਦਰਾ)।
ਲਾਭ (Advantages):
1. ਇਹ ਆਸਣ ਮਨ ਦੀ ਇਕਾਗਰਤਾ ਵਿਚ ਵਾਧਾ ਕਰਦਾ ਹੈ।
2. ਇਹ ਧਿਆਨ ਲਗਾਉਣ ਵਿਚ ਸਹਾਇਤਾ ਕਰਦਾ ਹੈ।
3. ਇਸ ਨਾਲ ਰੀੜ੍ਹ ਦੀ ਹੱਡੀ ਦਾ ਦਰਦ ਘਟਦਾ ਹੈ ਅਤੇ ਜੋੜਾਂ ਦੀ ਅਕੜਨ ਠੀਕ ਹੁੰਦੀ ਹੈ।
4. ਇਹ ਮਨ ਨੂੰ ਸ਼ਾਂਤੀ ਦਿੰਦਾ ਹੈ।
5. ਨਾੜੀ ਪ੍ਰਣਾਲੀ ਚੁਸਤ, ਦਰੁਸਤ ਅਤੇ ਲਚਕੀਲੀ ਰਹਿੰਦੀ ਹੈ।

ਸ਼ਵ ਆਸਣ (ਆਰਾਮਦਾਇਕ ਆਸਣ) (Shavasana)
ਸ਼ਵ ਆਸਣ ਵਿਚ ਪਿੱਠ ਦੇ ਬਲ ਸਿੱਧਾ ਲੇਟ ਕੇ ਸਰੀਰ ਨੂੰ ਢਿੱਲਾ ਛੱਡ ਦਿੱਤਾ ਜਾਂਦਾ ਹੈ।
ਵਿਧੀ: ਜ਼ਮੀਨ ਉੱਤੇ ਪਿੱਠ ਦੇ ਬਲ ਲੇਟ ਜਾਓ ਅਤੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ। ਹੌਲੀ-ਹੌਲੀ ਲੰਮੇ ਸਾਹ ਲਵੋ। ਦੋਵਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਹਥੇਲੀਆਂ ਨੂੰ ਆਕਾਸ਼ ਵੱਲ ਕਰ ਕੇ ਸਰੀਰ ਤੋਂ ਥੋੜ੍ਹਾ ਦੂਰ ਰੱਖੋ। ਅੱਖਾਂ ਬੰਦ ਕਰ ਕੇ ਸੋਚੋ ਕਿ ਸਰੀਰ ਢਿੱਲਾ ਹੋ ਰਿਹਾ ਹੈ ਅਤੇ ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਦੀ ਸਥਿਤੀ ਵਿਚ ਹੈ। ਇਹ ਆਸਣ 3 ਤੋਂ 5 ਮਿੰਟ ਕਰਨਾ ਚਾਹੀਦਾ ਹੈ। ਇਸ ਦਾ ਅਭਿਆਸ ਹਰੇਕ ਆਸਣ ਦੇ ਸ਼ੁਰੂ ਅਤੇ ਅੰਤ ਵਿਚ ਕਰਨਾ ਜ਼ਰੂਰੀ ਹੈ।
ਮਹੱਤਵ (Importance):
1. ਸ਼ਵ ਆਸਣ ਨਾਲ ਉੱਚ ਰਕਤਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ ਮਿਲਦਾ ਹੈ।
2. ਇਹ ਦਿਲ ਅਤੇ ਦਿਮਾਗ਼ ਨੂੰ ਤਾਜ਼ਾ ਰੱਖਦਾ ਹੈ।
3. ਇਸ ਆਸਣ ਨਾਲ ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।

Exam Tips:

a) ਇੱਕ ਸਭਿਆਚਾਰਕ (ਇੱਥੇ ਸੁਖ ਆਸਣ) ਅਤੇ ਇੱਕ ਆਰਾਮਦਾਇਕ (ਸ਼ਵ ਆਸਣ) ਆਸਣ ਦੋਵੇਂ ਅਲੱਗ-ਅਲੱਗ ਸਿਰਲੇਖ ਹੇਠ ਲਿਖੋ।
b) ਹਰ ਆਸਣ ਦੀ ਸਥਿਤੀ, ਵਿਧੀ ਅਤੇ ਲਾਭ ਤਿੰਨ ਹਿੱਸਿਆਂ ਵਿਚ ਵੰਡ ਕੇ ਲਿਖੋ।
c) ਆਸਣ ਦਾ ਚਿੱਤਰ ਬਣਾਉਣ ਨਾਲ ਉੱਤਰ ਵਧੀਆ ਲੱਗਦਾ ਹੈ।

 

Question 6: ਅਸ਼ਟਾਂਗ ਯੋਗ ਦੇ ਅੰਗਾਂ ਬਾਰੇ ਵਿਸਥਾਰ ਪੂਰਵਕ ਲਿਖੋ।

Answer:

ਅਸ਼ਟਾਂਗ ਯੋਗ (Ashtang Yoga)
ਅਸ਼ਟਾਂਗ ਯੋਗ ਦੇ ਅੱਠ ਅੰਗ ਹਨ, ਇਸੇ ਕਰਕੇ ਇਸ ਦਾ ਨਾਂ ਅਸ਼ਟਾਂਗ ਯੋਗ ਹੈ। ਪਤੰਜਲੀ ਰਿਸ਼ੀ ਅਨੁਸਾਰ ਯੋਗ ਅਭਿਆਸ ਦੀਆਂ ਅੱਠ ਅਵਸਥਾਵਾਂ ਇਹ ਹਨ:
1. ਯਮ (Yama, Forbearance)
2. ਨਿਯਮ (Niyama, Observance)
3. ਆਸਣ (Asana, Posture)
4. ਪ੍ਰਾਣਾਯਾਮ (Pranayama, Regulation of breathing)
5. ਪ੍ਰਤਿਆਹਾਰ (Pratyahara, Abstraction)
6. ਧਾਰਨਾ (Dharana, Concentration)
7. ਧਿਆਨ (Dhyana, Meditation)
8. ਸਮਾਧੀ (Samadhi, Trance)
ਇਨ੍ਹਾਂ ਵਿਚੋਂ ਪਹਿਲੀਆਂ ਪੰਜ ਅਵਸਥਾਵਾਂ ਦਾ ਸੰਬੰਧ ਬਾਹਰਲੀਆਂ ਯੋਗਿਕ ਕਿਰਿਆਵਾਂ ਨਾਲ ਹੈ ਅਤੇ ਬਾਕੀ ਤਿੰਨ ਦਾ ਸੰਬੰਧ ਅੰਦਰੂਨੀ ਯੋਗਿਕ ਕਿਰਿਆਵਾਂ ਨਾਲ ਹੈ।

1. ਯਮ (Yama, Forbearance): ਯਮ ਦੇ ਪੰਜ ਅੰਗ ਹਨ – ਅਹਿੰਸਾ (Ahimsa, Non-Violence), ਸਤਿਆ (Satya, Truth), ਅਸਤੇਯ (Asteya, Non-stealing), ਅਪਰਿਗ੍ਰਹ (Aparigraha, Non-possessiveness) ਅਤੇ ਬ੍ਰਹਮਚਰਿਆ (Brahmacharya, Celibacy)।
2. ਨਿਯਮ (Niyama, Observance): ਇਸ ਦੇ ਪੰਜ ਅੰਗ ਹਨ – ਤਪ (Tapa, Penance), ਸਵਾਧਿਆਏ (Swadhyay, Self-study), ਈਸ਼ਵਰ ਪ੍ਰਣੀਧਾਨ (Ishwar Pranidhan, God Consciousness), ਸ਼ੌਚ (Shauch, Purity) ਅਤੇ ਸੰਤੋਸ਼ (Santosh, Contentment)।
3. ਆਸਣ (Asana, Posture): ਆਸਣ ਸਰੀਰਕ ਸਮਰੱਥਾ ਅਨੁਸਾਰ, ਸਾਹ ਦੇ ਸਹੀ ਨਿਯੰਤਰਣ ਨਾਲ ਨਿੱਤ-ਪ੍ਰਤੀ ਕਰਨੇ ਚਾਹੀਦੇ ਹਨ। ਕਿਹਾ ਜਾਂਦਾ ਹੈ ਕਿ ਆਸਣ ਓਨੇ ਹੀ ਹਨ ਜਿੰਨੇ ਪਸ਼ੂ-ਪੰਛੀ ਹਨ।
4. ਪ੍ਰਾਣਾਯਾਮ (Pranayama, Regulation of breathing): ਇਹ ਸਾਹ ਨੂੰ ਕਾਬੂ ਕਰਨ ਦੀ ਕਿਰਿਆ ਹੈ। ਇਸ ਦੇ ਤਿੰਨ ਹਿੱਸੇ ਹਨ – ਪੂਰਕ (Purak, ਸਾਹ ਅੰਦਰ ਖਿੱਚਣਾ), ਕੁੰਭਕ (Kumbhak, ਸਾਹ ਰੋਕਣਾ) ਅਤੇ ਰੇਚਕ (Rechak, ਸਾਹ ਬਾਹਰ ਕੱਢਣਾ)।
5. ਪ੍ਰਤਿਆਹਾਰ (Pratyahara, Abstraction): ਇਸ ਦਾ ਭਾਵ ਇੰਦਰੀਆਂ ਨੂੰ ਬਾਹਰੀ ਵਿਸ਼ਿਆਂ ਤੋਂ ਹਟਾ ਕੇ ਅੰਦਰ ਵੱਲ ਮੋੜਨਾ ਅਤੇ ਦੁਨਿਆਵੀ ਖ਼ੁਸ਼ੀਆਂ ਤੋਂ ਮਨ ਨੂੰ ਮੋੜਨਾ ਹੈ।
6. ਧਾਰਨਾ (Dharana, Concentration): ਮਨ ਨੂੰ ਇੱਕ ਥਾਂ ਜਾਂ ਇੱਕ ਵਿਸ਼ੇ ਉੱਤੇ ਟਿਕਾਉਣਾ ਧਾਰਨਾ ਹੈ।
7. ਧਿਆਨ (Dhyana, Meditation): ਜਦੋਂ ਮਨ ਕਾਬੂ ਵਿਚ ਆ ਜਾਂਦਾ ਹੈ ਤਾਂ ਧਿਆਨ ਲੱਗਣਾ ਸ਼ੁਰੂ ਹੋ ਜਾਂਦਾ ਹੈ। ਇਸ ਅਵਸਥਾ ਵਿਚ ਮਨ ਅਤੇ ਸਰੀਰ ਸ਼ਾਂਤ ਅਤੇ ਸਥਿਰ ਹੋ ਜਾਂਦੇ ਹਨ।
8. ਸਮਾਧੀ (Samadhi, Trance): ਜਿਹੜੀ ਚਿੱਤ ਦੀ ਅਵਸਥਾ ਧਾਰਨਾ ਤੋਂ ਸ਼ੁਰੂ ਹੁੰਦੀ ਹੈ, ਉਹ ਸਮਾਧੀ ਵਿਚ ਖ਼ਤਮ ਹੁੰਦੀ ਹੈ। ਇਨ੍ਹਾਂ ਸਾਰੀਆਂ ਅਵਸਥਾਵਾਂ ਦਾ ਡੂੰਘਾ ਆਪਸੀ ਸੰਬੰਧ ਹੈ। ਯੋਗ ਵਿਗਿਆਨ ਦੁਨੀਆਂ ਨੂੰ ਭਾਰਤ ਦੀ ਵੱਡੀ ਦੇਣ ਹੈ ਅਤੇ ਅੱਜ-ਕੱਲ੍ਹ ਦੇਸ਼-ਵਿਦੇਸ਼ ਵਿਚ ਹਰਮਨ ਪਿਆਰਾ ਹੈ। ਡਾਕਟਰ ਅਤੇ ਸਰੀਰਕ ਸਿੱਖਿਆ ਦੇ ਅਧਿਆਪਕ ਇਸ ਦੀ ਉਪਯੋਗਤਾ ਮੰਨਦੇ ਹਨ।

ਆਸਣ
1. ਪਦਮ ਆਸਣ ਦੀ ਵਿਧੀ (Technique of Padam Asana): ਚੌਕੜੀ ਮਾਰ ਕੇ ਬੈਠਣ ਤੋਂ ਬਾਅਦ ਸੱਜਾ ਪੈਰ ਖੱਬੇ ਪੱਟ ਉੱਤੇ ਇਸ ਤਰ੍ਹਾਂ ਰੱਖੋ ਕਿ ਸੱਜੇ ਪੈਰ ਦੀ ਅੱਡੀ ਖੱਬੇ ਪੱਟ ਦੀ ਪੇਡੂ ਹੱਡੀ ਨੂੰ ਛੂਹੇ। ਫਿਰ ਖੱਬਾ ਪੈਰ ਚੁੱਕ ਕੇ ਉਸੇ ਤਰ੍ਹਾਂ ਸੱਜੇ ਪੱਟ ਉੱਤੇ ਰੱਖੋ। ਰੀੜ੍ਹ ਦੀ ਹੱਡੀ ਬਿਲਕੁਲ ਸਿੱਧੀ ਰੱਖੋ, ਬਾਹਾਂ ਤਾਣ ਕੇ ਹੱਥ ਗੋਡਿਆਂ ਉੱਤੇ ਰੱਖੋ। ਕੁਝ ਦਿਨਾਂ ਦੇ ਅਭਿਆਸ ਨਾਲ ਇਹ ਆਸਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਲਾਭ: ਪਾਚਨ ਸ਼ਕਤੀ ਵਧਦੀ ਹੈ; ਮਨ ਦੀ ਇਕਾਗਰਤਾ ਲਈ ਇਹ ਸਭ ਤੋਂ ਉੱਤਮ ਆਸਣਾਂ ਵਿਚੋਂ ਹੈ; ਕਮਰ ਦਰਦ ਵਿਚ ਆਰਾਮ ਮਿਲਦਾ ਹੈ; ਦਿਲ ਅਤੇ ਪੇਟ ਦੇ ਰੋਗਾਂ ਤੋਂ ਬਚਾਅ ਹੁੰਦਾ ਹੈ।
2. ਵਜਰ ਆਸਣ (Vajra Asana):
ਸਥਿਤੀ (Position): ਪੈਰਾਂ ਨੂੰ ਪਿੱਛੇ ਵੱਲ ਕਰ ਕੇ ਬੈਠਣਾ ਅਤੇ ਹੱਥਾਂ ਨੂੰ ਗੋਡਿਆਂ ਉੱਤੇ ਰੱਖਣਾ ਇਸ ਆਸਣ ਦੀ ਸਥਿਤੀ ਹੈ।
ਵਿਧੀ (Technique): ਗੋਡੇ ਮੋੜ ਕੇ ਪੈਰ ਪਿੱਛੇ ਵੱਲ ਕਰ ਕੇ ਪੈਰਾਂ ਦੀਆਂ ਤਲੀਆਂ ਉੱਤੇ ਬੈਠ ਜਾਓ। ਪੈਰਾਂ ਦੇ ਅੰਗੂਠੇ ਇੱਕ-ਦੂਜੇ ਵੱਲ ਹੋਣ, ਦੋਵੇਂ ਗੋਡੇ ਮਿਲੇ ਹੋਣ ਅਤੇ ਕਮਰ ਤੇ ਪਿੱਠ ਬਿਲਕੁਲ ਸਿੱਧੀਆਂ ਹੋਣ। ਦੋਵੇਂ ਹੱਥ ਗੋਡਿਆਂ ਕੋਲ ਦੱਬ ਕੇ ਰੱਖੋ ਅਤੇ ਸਾਹ ਦੀ ਗਤੀ ਲੰਮੀ ਰੱਖੋ। ਇਹ ਆਸਣ ਰੋਜ਼ 3 ਮਿੰਟ ਤੋਂ 20 ਮਿੰਟ ਤੱਕ ਕਰਨਾ ਚਾਹੀਦਾ ਹੈ।
ਲਾਭ: ਸਰੀਰ ਵਿਚ ਚੁਸਤੀ ਆਉਂਦੀ ਹੈ; ਮੋਟਾਪਾ ਘਟਦਾ ਹੈ; ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ; ਪੈਰਾਂ ਦਾ ਦਰਦ ਘਟਦਾ ਹੈ; ਪਾਚਨ ਸ਼ਕਤੀ ਠੀਕ ਰਹਿੰਦੀ ਹੈ; ਮਨ ਨੂੰ ਸ਼ਾਂਤੀ ਮਿਲਦੀ ਹੈ।
3. ਸ਼ਵ ਆਸਣ (Shavasana): ਪਿੱਠ ਦੇ ਬਲ ਸਿੱਧੇ ਲੇਟ ਕੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ ਅਤੇ ਹੌਲੀ-ਹੌਲੀ ਲੰਮੇ ਸਾਹ ਲਵੋ। ਦੋਵਾਂ ਪੈਰਾਂ ਵਿਚ ਡੇਢ ਫੁੱਟ ਦੀ ਦੂਰੀ ਰੱਖੋ ਅਤੇ ਹਥੇਲੀਆਂ ਆਕਾਸ਼ ਵੱਲ ਕਰ ਕੇ ਸਰੀਰ ਤੋਂ ਦੂਰ ਰੱਖੋ। ਅੱਖਾਂ ਬੰਦ ਕਰ ਕੇ ਅਨੁਭਵ ਕਰੋ ਕਿ ਸਰੀਰ ਵਿਸ਼ਰਾਮ ਦੀ ਸਥਿਤੀ ਵਿਚ ਹੈ। ਇਹ ਆਸਣ 3 ਤੋਂ 5 ਮਿੰਟ ਕਰੋ ਅਤੇ ਹਰ ਆਸਣ ਦੇ ਸ਼ੁਰੂ ਤੇ ਅੰਤ ਵਿਚ ਕਰਨਾ ਜ਼ਰੂਰੀ ਹੈ।
ਮਹੱਤਵ: ਉੱਚ ਰਕਤਚਾਪ ਅਤੇ ਮਾਨਸਿਕ ਤਣਾਓ ਤੋਂ ਛੁਟਕਾਰਾ ਮਿਲਦਾ ਹੈ; ਦਿਲ ਅਤੇ ਦਿਮਾਗ਼ ਤਾਜ਼ਾ ਰਹਿੰਦੇ ਹਨ; ਸਰੀਰ ਦੀ ਥਕਾਵਟ ਦੂਰ ਹੁੰਦੀ ਹੈ।
4. ਪਰਬਤ ਆਸਣ (Mountain Pose): ਇਸ ਆਸਣ ਵਿਚ ਸਰੀਰ ਪਰਬਤ ਵਾਂਗ ਹੋ ਜਾਂਦਾ ਹੈ, ਯਾਨੀ ਹੇਠਾਂ ਤੋਂ ਚੌੜਾ ਅਤੇ ਉੱਪਰ ਵੱਲ ਘਟਦਾ ਜਾਂਦਾ ਹੈ।
ਵਿਧੀ: ਪਦਮ ਜਾਂ ਸੁਖ ਆਸਣ ਵਿਚ ਪਿੱਠ ਸਿੱਧੀ ਰੱਖ ਕੇ ਬੈਠੋ। ਅੱਖਾਂ ਬੰਦ ਕਰ ਕੇ ਸਾਹ ਅੰਦਰ ਖਿੱਚਦੇ ਹੋਏ ਦੋਵੇਂ ਹੱਥ ਸਿਰ ਦੇ ਉੱਪਰ ਲੈ ਜਾਓ ਅਤੇ ਹਥੇਲੀਆਂ ਨੂੰ ਉੱਪਰ ਹੀ ਨਮਸਕਾਰ ਦੀ ਮੁਦਰਾ ਵਿਚ ਜੋੜ ਲਵੋ। ਹੌਲੀ-ਹੌਲੀ ਸਾਹ ਲੈਂਦੇ ਅਤੇ ਛੱਡਦੇ ਰਹੋ, ਫਿਰ ਸਾਹ ਛੱਡਦੇ ਹੋਏ ਬਾਹਾਂ ਹੇਠਾਂ ਲੈ ਆਓ। ਇਸ ਨੂੰ ਚਾਰ-ਪੰਜ ਵਾਰ ਦੁਹਰਾਓ।
ਲਾਭ: ਪਿੱਠ, ਮੋਢਿਆਂ ਅਤੇ ਕਮਰ ਦੇ ਦਰਦ ਵਿਚ ਲਾਭਦਾਇਕ; ਲੱਤਾਂ ਤੇ ਪੱਟ ਮਜ਼ਬੂਤ ਹੁੰਦੇ ਹਨ; ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ; ਲੰਮੇ ਸਾਹ ਨਾਲ ਫੇਫੜੇ ਮਜ਼ਬੂਤ ਹੁੰਦੇ ਹਨ; ਪਿੱਠ ਤੇ ਕਮਰ ਦੀ ਵਾਧੂ ਚਰਬੀ ਘਟਦੀ ਹੈ; ਮਾਨਸਿਕ ਤਣਾਅ ਘਟਦਾ ਹੈ।
5. ਪਵਨਮੁਕਤ ਆਸਣ (Pavanmukta Asana): ਸੰਸਕ੍ਰਿਤ ਵਿਚ ਪਵਨ ਦਾ ਅਰਥ "ਹਵਾ" ਅਤੇ ਮੁਕਤ ਦਾ ਅਰਥ "ਆਜ਼ਾਦੀ" ਹੈ। ਇਸ ਦਾ ਮਤਲਬ ਹੈ ਸਰੀਰ ਦੀਆਂ ਪ੍ਰਣਾਲੀਆਂ ਵਿਚੋਂ ਵਾਧੂ ਭਰੀ ਹਵਾ (ਗੈਸ) ਨੂੰ ਬਾਹਰ ਕੱਢਣਾ। ਇਸ ਨੂੰ "Wind Relieving Posture" ਵੀ ਕਿਹਾ ਜਾਂਦਾ ਹੈ।

ਪ੍ਰਾਣਾਯਾਮ (Pranayama)
ਪਰਿਭਾਸ਼ਾ (Definition): ਪ੍ਰਾਣਾਯਾਮ ਦੋ ਸ਼ਬਦਾਂ ਤੋਂ ਬਣਿਆ ਹੈ – "ਪ੍ਰਾਣ" ਦਾ ਅਰਥ ਜੀਵਨ ਅਤੇ "ਆਯਾਮ" ਦਾ ਅਰਥ ਕਾਬੂ/ਵਿਸਥਾਰ ਹੈ; ਭਾਵ ਜੀਵਨ-ਸ਼ਕਤੀ ਜਾਂ ਸਾਹ ਦਾ ਨਿਯੰਤਰਣ। ਪ੍ਰਾਣਾਯਾਮ ਉਹ ਕਿਰਿਆ ਹੈ ਜਿਸ ਨਾਲ ਜੀਵਨ ਦੀ ਸ਼ਕਤੀ ਨੂੰ ਵਧਾਇਆ ਜਾਂਦਾ ਹੈ ਅਤੇ ਉਸ ਉੱਤੇ ਕਾਬੂ ਪਾਇਆ ਜਾਂਦਾ ਹੈ। ਮਨੂ ਮਹਾਰਾਜ ਨੇ ਕਿਹਾ ਹੈ ਕਿ ਪ੍ਰਾਣਾਯਾਮ ਨਾਲ ਮਨੁੱਖ ਦੇ ਸਾਰੇ ਦੋਸ਼ ਅਤੇ ਘਾਟਾਂ ਦੂਰ ਹੋ ਜਾਂਦੀਆਂ ਹਨ।
ਪ੍ਰਾਣਾਯਾਮ ਦੀ ਨੀਂਹ (Basis of Pranayama): ਸਾਹ ਨੂੰ ਅੰਦਰ ਖਿੱਚਣਾ (ਪੂਰਕ), ਅੰਦਰ ਰੋਕਣਾ (ਕੁੰਭਕ) ਅਤੇ ਕੁਝ ਸਮੇਂ ਬਾਅਦ ਬਾਹਰ ਕੱਢਣਾ (ਰੇਚਕ) – ਇਹ ਤਿੰਨੋਂ ਕਿਰਿਆਵਾਂ ਪ੍ਰਾਣਾਯਾਮ ਦੀ ਨੀਂਹ ਹਨ।
ਪ੍ਰਾਣ ਦੇ ਨਾਂ (Names of Prana): ਵਿਅਕਤੀ ਦੇ ਸਾਰੇ ਸਰੀਰ ਵਿਚ ਪ੍ਰਾਣ ਸਮਾਇਆ ਹੋਇਆ ਹੈ। ਇਸ ਦੇ ਪੰਜ ਨਾਂ ਹਨ:
1. ਪ੍ਰਾਣ: ਇਹ ਗਲੇ ਤੋਂ ਦਿਲ ਤੱਕ ਹੈ ਅਤੇ ਇਸੇ ਦੀ ਸ਼ਕਤੀ ਨਾਲ ਸਾਹ ਸਰੀਰ ਵਿਚ ਅੰਦਰ ਜਾਂਦਾ ਹੈ।
2. ਅਪਾਨ: ਧੁੰਨੀ ਤੋਂ ਹੇਠਲੇ ਹਿੱਸੇ ਵਿਚ ਪ੍ਰਾਣ ਨੂੰ ਅਪਾਨ ਕਹਿੰਦੇ ਹਨ। ਇਹ ਛੋਟੀਆਂ-ਵੱਡੀਆਂ ਅੰਤੜੀਆਂ ਵਿਚ ਰਹਿੰਦਾ ਹੈ ਅਤੇ ਮਲ, ਪਿਸ਼ਾਬ ਤੇ ਹਵਾ ਨੂੰ ਸਰੀਰ ਵਿਚੋਂ ਬਾਹਰ ਕੱਢਣ ਵਿਚ ਸਹਾਇਤਾ ਕਰਦਾ ਹੈ।
3. ਸਮਾਨ: ਦਿਲ ਤੋਂ ਧੁੰਨੀ ਤੱਕ ਰਹਿਣ ਵਾਲੇ ਪ੍ਰਾਣ ਨੂੰ ਸਮਾਨ ਕਹਿੰਦੇ ਹਨ। ਇਹ ਪਾਚਨ ਕਿਰਿਆ ਅਤੇ ਗ੍ਰੰਥੀਆਂ ਦੀ ਕੰਮ ਕਰਨ ਦੀ ਸ਼ਕਤੀ ਵਧਾਉਂਦਾ ਹੈ।
4. ਉਦਾਨ: ਗਲੇ ਤੋਂ ਸਿਰ ਤੱਕ ਰਹਿਣ ਵਾਲੇ ਪ੍ਰਾਣ ਨੂੰ ਉਦਾਨ ਕਹਿੰਦੇ ਹਨ। ਅੱਖਾਂ, ਕੰਨ, ਨੱਕ, ਦਿਮਾਗ਼ ਆਦਿ ਅੰਗਾਂ ਦਾ ਕੰਮ ਇਸੇ ਕਰਕੇ ਹੁੰਦਾ ਹੈ।
5. ਵਿਆਨ: ਇਹ ਪ੍ਰਾਣ ਸਰੀਰ ਦੇ ਸਾਰੇ ਹਿੱਸਿਆਂ ਵਿਚ ਰਹਿੰਦਾ ਹੈ ਅਤੇ ਦੂਜੇ ਪ੍ਰਾਣਾਂ ਨਾਲ ਤਾਲਮੇਲ ਰੱਖਦਾ ਹੈ। ਸਰੀਰ ਦੇ ਹਿੱਲਣ-ਜੁੱਲਣ ਦਾ ਨਿਯੰਤਰਣ ਇਸੇ ਦੇ ਹੱਥ ਹੈ।
ਪ੍ਰਾਣਾਯਾਮ ਕਰਨ ਦੀ ਵਿਧੀ (Technique): ਪ੍ਰਾਣਾਯਾਮ ਸਾਹ ਨੂੰ ਕਾਬੂ ਕਰਨ ਲਈ ਕੀਤਾ ਜਾਂਦਾ ਹੈ। ਸਾਹ ਅੰਦਰ ਖਿੱਚ ਕੇ ਰੋਕਿਆ ਜਾਂਦਾ ਹੈ ਅਤੇ ਕੁਝ ਸਮਾਂ ਰੋਕਣ ਪਿੱਛੋਂ ਬਾਹਰ ਕੱਢਿਆ ਜਾਂਦਾ ਹੈ; ਇਸ ਤਰ੍ਹਾਂ ਸਾਹ ਰੋਕਣ ਦਾ ਸਮਾਂ ਹੌਲੀ-ਹੌਲੀ ਵਧਾਇਆ ਜਾਂਦਾ ਹੈ। ਸੱਜੀ ਨੱਕ ਬੰਦ ਕਰ ਕੇ ਖੱਬੀ ਨੱਕ ਤੋਂ ਅੱਠ ਤੱਕ ਗਿਣਦੇ ਹੋਏ ਸਾਹ ਖਿੱਚੋ; ਫਿਰ ਦੋਵੇਂ ਨੱਕ ਬੰਦ ਕਰ ਕੇ ਦਸ ਤੱਕ ਗਿਣਦੇ ਹੋਏ ਸਾਹ ਰੋਕੋ; ਫਿਰ ਖੱਬੀ ਨੱਕ ਬੰਦ ਕਰ ਕੇ ਸੱਜੀ ਨੱਕ ਤੋਂ ਸਾਹ ਬਾਹਰ ਕੱਢੋ। ਇਸੇ ਤਰ੍ਹਾਂ ਹੁਣ ਸੱਜੀ ਨੱਕ ਤੋਂ ਸਾਹ ਖਿੱਚੋ, ਰੋਕੋ ਅਤੇ ਖੱਬੀ ਤੋਂ ਬਾਹਰ ਕੱਢੋ।
ਪ੍ਰਾਣਾਯਾਮ ਦੇ ਭੇਦ (Kinds of Pranayama): ਸ਼ਾਸਤਰਾਂ ਵਿਚ ਪ੍ਰਾਣਾਯਾਮ ਕਈ ਤਰ੍ਹਾਂ ਦੇ ਦੱਸੇ ਗਏ ਹਨ, ਪਰ ਆਮ ਤੌਰ ਉੱਤੇ ਅੱਠ ਮੰਨੇ ਜਾਂਦੇ ਹਨ: (i) ਸੂਰਜ ਭੇਦੀ, (ii) ਉਜਈ, (iii) ਸ਼ੀਤਕਾਰੀ, (iv) ਸ਼ੀਤਲੀ, (v) ਭਸਤ੍ਰਿਕਾ, (vi) ਭਰਮਰੀ, (vii) ਮੂਰਛਾ, (viii) ਕਪਾਲਭਾਤੀ ਪ੍ਰਾਣਾਯਾਮ।

ਅੱਠ ਪ੍ਰਾਣਾਯਾਮਾਂ ਦਾ ਸੰਖੇਪ ਵਰਣਨ
(i) ਸੂਰਜ ਭੇਦੀ ਪ੍ਰਾਣਾਯਾਮ: ਇਹ ਸਰੀਰ ਵਿਚ ਗਰਮੀ ਪੈਦਾ ਕਰਦਾ ਹੈ, ਤਾਕਤ ਅਤੇ ਇੱਛਾ ਸ਼ਕਤੀ ਵਧਾਉਂਦਾ ਹੈ। ਇਹ ਪਦਮ ਆਸਣ ਵਿਚ ਬੈਠ ਕੇ ਕਰਨਾ ਚਾਹੀਦਾ ਹੈ; ਪਿੱਠ, ਗਰਦਨ, ਛਾਤੀ ਅਤੇ ਰੀੜ੍ਹ ਸਿੱਧੀ ਰੱਖੋ। ਖੱਬੀ ਨੱਕ ਦਾ ਛੇਕ ਬੰਦ ਕਰ ਕੇ ਸੱਜੇ ਛੇਕ ਤੋਂ ਸਾਹ ਲਿਆ ਜਾਂਦਾ ਹੈ, ਸਾਹ ਅੰਦਰ ਖਿੱਚ ਕੇ ਕੁੰਭਕ ਕੀਤਾ ਜਾਂਦਾ ਹੈ ਅਤੇ ਜਦੋਂ ਤੱਕ ਸਾਹ ਰੋਕਿਆ ਜਾ ਸਕੇ ਰੋਕਿਆ ਜਾਂਦਾ ਹੈ। ਫਿਰ ਅੰਗੂਠੇ ਨਾਲ ਸੱਜਾ ਛੇਕ ਦਬਾ ਕੇ ਖੱਬੇ ਛੇਕ ਤੋਂ ਸਾਹ ਬਾਹਰ ਕੱਢਿਆ ਜਾਂਦਾ ਹੈ। ਸ਼ੁਰੂ ਵਿਚ ਤਿੰਨ ਵਾਰ ਅਤੇ ਅਭਿਆਸ ਹੋਣ ਉੱਤੇ ਪੰਦਰਾਂ ਵਾਰ ਤੱਕ ਕੀਤਾ ਜਾ ਸਕਦਾ ਹੈ। ਸਾਹ ਹੌਲੀ ਲੈਣਾ ਚਾਹੀਦਾ ਹੈ ਅਤੇ ਕੁੰਭਕ ਦਾ ਸਮਾਂ ਹੌਲੀ-ਹੌਲੀ ਵਧਾਉਣਾ ਚਾਹੀਦਾ ਹੈ।
(ii) ਉਜਈ ਪ੍ਰਾਣਾਯਾਮ: ਇਹ ਠੀਕ ਤਰ੍ਹਾਂ ਸਾਹ ਲੈਣ ਲਈ ਨੀਂਹ ਦਾ ਕੰਮ ਕਰਦਾ ਹੈ। ਯੋਗ ਵਿਚ ਮੰਨਿਆ ਜਾਂਦਾ ਹੈ ਕਿ ਜੀਵਨ ਨੂੰ ਗਿਣਤੀ ਦੇ ਸਾਹ ਮਿਲੇ ਹਨ, ਇਸ ਲਈ ਸਾਹ ਨੂੰ ਠੀਕ ਰੱਖਣ ਅਤੇ ਜੀਵਨ-ਕਾਲ ਵਧਾਉਣ ਲਈ ਇਹ ਕੀਤਾ ਜਾਂਦਾ ਹੈ।
ਬੈਠਣ ਦੀ ਮੁਦਰਾ: ਪੈਰਾਂ ਨੂੰ ਕਰਾਸ ਕਰ ਕੇ ਆਰਾਮ ਨਾਲ ਬੈਠੋ ਅਤੇ ਹੌਲੀ-ਹੌਲੀ ਅੱਖਾਂ ਬੰਦ ਕਰੋ; ਸਰੀਰ ਤੇ ਦਿਮਾਗ਼ ਨੂੰ ਆਰਾਮ ਦੀ ਅਵਸਥਾ ਵਿਚ ਰੱਖੋ।
ਤਕਨੀਕ: ਗਹਿਰਾਈ ਨਾਲ ਸਾਹ ਅੰਦਰ ਖਿੱਚੋ ਅਤੇ ਹੌਲੀ-ਹੌਲੀ ਬਾਹਰ ਕੱਢੋ; ਗਰਦਨ ਦੀਆਂ ਮਾਸਪੇਸ਼ੀਆਂ ਨੂੰ ਕੁਝ ਕੱਸ ਕੇ ਸਾਹ ਲੈਂਦੇ ਸਮੇਂ ਗਲੇ ਤੋਂ ਹਲਕੀ ਆਵਾਜ਼ ਕੱਢੋ। ਜਦੋਂ ਫੇਫੜਿਆਂ ਵਿਚ ਹਵਾ ਭਰ ਜਾਵੇ ਤਾਂ ਸਾਹ ਰੋਕੋ, ਸੱਜੀ ਨੱਕ ਬੰਦ ਕਰ ਕੇ ਖੱਬੀ ਨੱਕ ਤੋਂ ਹੌਲੀ-ਹੌਲੀ ਸਾਹ ਬਾਹਰ ਕੱਢੋ। ਇਹ ਪਹਿਲਾ ਚੱਕਰ ਹੈ; ਇਸ ਨੂੰ 10-15 ਵਾਰ ਕਰੋ।
ਸਾਵਧਾਨੀਆਂ: 1. ਸ਼ੁਰੂ ਵਿਚ ਇਹ ਅਭਿਆਸ ਸਾਹ ਰੋਕੇ ਬਿਨਾਂ ਕਰਨਾ ਚਾਹੀਦਾ ਹੈ। 2. ਉੱਚ ਰਕਤਚਾਪ ਜਾਂ ਦਿਲ ਦੇ ਰੋਗੀਆਂ ਨੂੰ ਇਹ ਨਹੀਂ ਕਰਨਾ ਚਾਹੀਦਾ। 3. ਇਹ ਯੋਗ ਸਿੱਖਿਅਕ ਦੀ ਦੇਖ-ਰੇਖ ਵਿਚ ਕਰਨਾ ਚਾਹੀਦਾ ਹੈ।
ਲਾਭ: 1. ਜ਼ੁਕਾਮ ਠੀਕ ਕਰਦਾ ਹੈ ਅਤੇ ਗਲਾ ਸਾਫ਼ ਕਰਦਾ ਹੈ। 2. ਸਾਹ ਕਿਰਿਆ ਦਾ ਤਾਲਮੇਲ ਵਧਦਾ ਹੈ। 3. ਘੁਰਾੜਿਆਂ ਵਿਚ ਆਰਾਮ ਮਿਲਦਾ ਹੈ। 4. ਥਾਇਰਾਇਡ ਦੇ ਰੋਗੀਆਂ ਲਈ ਲਾਭਦਾਇਕ ਹੈ।
(iii) ਸ਼ੀਤਕਾਰੀ ਪ੍ਰਾਣਾਯਾਮ: ਇਹ ਸ਼ੀਤਲੀ ਪ੍ਰਾਣਾਯਾਮ ਦਾ ਹੀ ਇੱਕ ਰੂਪ ਹੈ। "ਸ਼ੀਤ" ਦਾ ਅਰਥ ਸਾਹ ਲੈਂਦੇ ਸਮੇਂ ਪੈਦਾ ਹੋਣ ਵਾਲੀ "ਸੀ" ਵਰਗੀ ਆਵਾਜ਼ ਹੈ ਅਤੇ "ਕਾਰੀ" ਦਾ ਅਰਥ ਪੈਦਾ ਕਰਨਾ ਹੈ।
ਬੈਠਣ ਦੀ ਮੁਦਰਾ: ਕਿਸੇ ਆਸਣ ਵਿਚ ਬੈਠ ਕੇ ਹੌਲੀ-ਹੌਲੀ ਅੱਖਾਂ ਬੰਦ ਕਰ ਲਵੋ ਅਤੇ ਸਰੀਰ ਨੂੰ ਆਰਾਮ ਦਿਓ।
ਤਕਨੀਕ: ਉੱਪਰਲੇ ਅਤੇ ਹੇਠਲੇ ਦੰਦਾਂ ਨੂੰ ਮਿਲਾਓ, ਬੁੱਲ੍ਹਾਂ ਨੂੰ ਜਿੰਨਾ ਹੋ ਸਕੇ ਫੈਲਾਓ, ਜੀਭ ਨੂੰ ਇਸ ਤਰ੍ਹਾਂ ਮੋੜੋ ਕਿ ਉਸ ਦਾ ਉੱਪਰਲਾ ਭਾਗ ਮੂੰਹ ਦੇ ਉੱਪਰਲੇ ਭਾਗ ਨੂੰ ਛੂਹੇ। "ਸੀ" ਦੀ ਆਵਾਜ਼ ਕਰਦੇ ਹੋਏ ਹੌਲੀ-ਹੌਲੀ ਗਹਿਰਾ ਸਾਹ ਲਵੋ। ਸਾਹ ਲੈਣ ਮਗਰੋਂ ਬੁੱਲ੍ਹ ਬੰਦ ਕਰ ਕੇ ਜੀਭ ਨੂੰ ਆਰਾਮ ਦਿਓ, ਸਾਹ ਨੂੰ ਜਿੰਨਾ ਹੋ ਸਕੇ ਰੋਕੋ ਅਤੇ ਨੱਕ ਰਾਹੀਂ ਬਾਹਰ ਕੱਢੋ; ਮੂੰਹ ਨਹੀਂ ਖੁੱਲ੍ਹਣਾ ਚਾਹੀਦਾ। ਇਹ ਪਹਿਲਾ ਚੱਕਰ ਹੈ; ਇਸ ਨੂੰ 10-15 ਵਾਰ ਦੁਹਰਾਓ।
ਸਾਵਧਾਨੀਆਂ: 1. ਜ਼ੁਕਾਮ ਜਾਂ ਦਮੇ ਦੇ ਰੋਗੀ ਇਹ ਨਾ ਕਰਨ। 2. ਠੰਢੇ ਮੌਸਮ ਵਿਚ ਇਹ ਨਹੀਂ ਕਰਨਾ ਚਾਹੀਦਾ। 3. ਉੱਚ ਰਕਤਚਾਪ ਵਾਲੇ ਵੀ ਇਹ ਨਾ ਕਰਨ।
ਲਾਭ: 1. ਮੂੰਹ ਸਾਫ਼ ਹੁੰਦਾ ਹੈ ਅਤੇ ਦੰਦ ਤੇ ਮਸੂੜੇ ਠੀਕ ਰਹਿੰਦੇ ਹਨ। 2. ਸਰੀਰ ਨੂੰ ਵਧੇਰੇ ਤਾਕਤ ਮਿਲਦੀ ਹੈ। 3. ਸਰੀਰ ਅਤੇ ਦਿਮਾਗ਼ ਠੰਢੇ ਰਹਿੰਦੇ ਹਨ। 4. ਤਣਾਅ ਦੂਰ ਕਰਨ ਲਈ ਬਹੁਤ ਲਾਭਦਾਇਕ ਹੈ।
(iv) ਸ਼ੀਤਲੀ ਪ੍ਰਾਣਾਯਾਮ: ਇਹ ਹਠ ਯੋਗ ਦਾ ਇੱਕ ਭਾਗ ਹੈ। "ਸ਼ੀਤਲ" ਦਾ ਭਾਵ ਠੰਢਾ/ਸ਼ਾਂਤ ਹੈ। ਇਹ ਸਾਹ ਕਿਰਿਆ ਦਾ ਅਭਿਆਸ ਹੈ ਜੋ ਅੰਦਰੂਨੀ ਗਰਮੀ ਨੂੰ ਸ਼ਾਂਤ ਕਰਦਾ ਹੈ ਅਤੇ ਮਾਨਸਿਕ, ਸਰੀਰਕ ਤੇ ਭਾਵਾਤਮਕ ਸੰਤੁਲਨ ਕਾਇਮ ਕਰਦਾ ਹੈ।
ਬੈਠਣ ਦੀ ਮੁਦਰਾ: ਪੈਰਾਂ ਨੂੰ ਕਰਾਸ ਕਰ ਕੇ ਜ਼ਮੀਨ ਉੱਤੇ ਆਰਾਮ ਨਾਲ ਬੈਠੋ, ਰੀੜ੍ਹ ਸਿੱਧੀ ਰੱਖੋ, ਹੱਥਾਂ ਦੀਆਂ ਉਂਗਲਾਂ ਦੇ ਸਿਰੇ ਅੰਗੂਠੇ ਨਾਲ ਮਿਲਾਓ ਅਤੇ ਬਾਕੀ ਉਂਗਲਾਂ ਢਿੱਲੀਆਂ ਛੱਡੋ। ਅੱਖਾਂ ਬੰਦ ਕਰ ਕੇ ਸਰੀਰ ਤੇ ਦਿਮਾਗ਼ ਨੂੰ ਆਰਾਮ ਦਿਓ।
ਤਕਨੀਕ: ਮੂੰਹ ਖੋਲ੍ਹੋ, ਜੀਭ ਨੂੰ ਬਾਹਰ ਕੱਢ ਕੇ ਨਲੀ ਵਾਂਗ ਮੋੜਨ ਦੀ ਕੋਸ਼ਿਸ਼ ਕਰੋ ਅਤੇ ਆਰਾਮ ਨਾਲ ਆਵਾਜ਼ ਕਰਦੇ ਹੋਏ ਸਾਹ ਲਵੋ; ਸਾਹ ਲੈਂਦੇ ਸਮੇਂ ਠੰਢਕ ਮਹਿਸੂਸ ਕਰੋ। ਫਿਰ ਜੀਭ ਅੰਦਰ ਲੈ ਜਾਓ ਅਤੇ ਜਦੋਂ ਤੱਕ ਸੰਭਵ ਹੋਵੇ ਸਾਹ ਰੋਕੋ। ਹੌਲੀ-ਹੌਲੀ ਸਾਹ ਛੱਡਦੇ ਹੋਏ ਠੰਢਕ ਨੂੰ ਮਹਿਸੂਸ ਕਰੋ। ਇਹ ਪਹਿਲਾ ਚੱਕਰ ਹੈ; ਇਸ ਨੂੰ 10 ਜਾਂ 15 ਵਾਰ ਕਰੋ।
ਸਾਵਧਾਨੀਆਂ: 1. ਠੰਢ, ਜ਼ੁਕਾਮ, ਦਮਾ, ਗਠੀਆ, ਬ੍ਰੌਂਕਾਈਟਿਸ ਜਾਂ ਦਿਲ ਦੀ ਬੀਮਾਰੀ ਵਾਲੇ ਇਹ ਨਾ ਕਰਨ। 2. ਸਰਦੀ ਦੇ ਮੌਸਮ ਵਿਚ ਇਸ ਦਾ ਅਭਿਆਸ ਨਹੀਂ ਕਰਨਾ ਚਾਹੀਦਾ।
ਲਾਭ: 1. ਖੂਨ ਸਾਫ਼ ਰਹਿੰਦਾ ਹੈ ਅਤੇ ਸਰੀਰ ਤੇ ਦਿਮਾਗ਼ ਤਰੋਤਾਜ਼ਾ ਹੁੰਦੇ ਹਨ। 2. ਸਰੀਰ ਅਤੇ ਦਿਮਾਗ਼ ਸ਼ਾਂਤ ਰਹਿੰਦੇ ਹਨ। 3. ਸਾਰਾ ਦਿਨ ਸੁਸਤੀ ਤੇ ਥਕਾਵਟ ਮਹਿਸੂਸ ਕਰਨ ਵਾਲਿਆਂ ਲਈ ਲਾਭਦਾਇਕ ਹੈ। 4. ਪਾਚਨ ਕਿਰਿਆ ਸੁਧਰਦੀ ਹੈ ਅਤੇ ਉੱਚ ਰਕਤਚਾਪ ਵਿਚ ਆਰਾਮ ਮਿਲਦਾ ਹੈ। 5. ਗੁੱਸਾ, ਚਿੰਤਾ ਅਤੇ ਤਣਾਅ ਘਟਦਾ ਹੈ।
(v) ਭਸਤ੍ਰਿਕਾ ਪ੍ਰਾਣਾਯਾਮ: ਇਸ ਵਿਚ ਲੋਹਾਰ ਦੀ ਧੌਂਕਣੀ ਵਾਂਗ ਸਾਹ ਅੰਦਰ ਲਿਆ ਅਤੇ ਛੱਡਿਆ ਜਾਂਦਾ ਹੈ। ਪਹਿਲਾਂ ਨੱਕ ਦੇ ਇੱਕ ਛੇਕ ਤੋਂ ਸਾਹ ਲੈ ਕੇ ਦੂਜੇ ਤੋਂ ਕੱਢਿਆ ਜਾਂਦਾ ਹੈ, ਫਿਰ ਦੂਜੇ ਛੇਕ ਤੋਂ ਲੈ ਕੇ ਪਹਿਲੇ ਤੋਂ ਕੱਢਿਆ ਜਾਂਦਾ ਹੈ। ਇਹ ਸ਼ੁਰੂ ਵਿਚ ਹੌਲੀ ਅਤੇ ਬਾਅਦ ਵਿਚ ਤੇਜ਼ ਰਫ਼ਤਾਰ ਨਾਲ ਕੀਤਾ ਜਾਂਦਾ ਹੈ। ਇਸ ਨਾਲ ਮੋਟਾਪਾ ਘਟਦਾ ਹੈ ਅਤੇ ਮਨ ਦੀ ਇੱਛਾ ਸ਼ਕਤੀ ਬਲਵਾਨ ਹੁੰਦੀ ਹੈ।
(vi) ਭਰਮਰੀ ਪ੍ਰਾਣਾਯਾਮ: ਕਿਸੇ ਆਸਣ ਵਿਚ ਬੈਠ ਕੇ ਕੂਹਣੀਆਂ ਨੂੰ ਮੋਢਿਆਂ ਦੇ ਬਰਾਬਰ ਕਰ ਕੇ ਸਾਹ ਲਿਆ ਜਾਂਦਾ ਹੈ। ਥੋੜ੍ਹੀ ਦੇਰ ਸਾਹ ਰੋਕਣ ਮਗਰੋਂ ਸਾਹ ਬਾਹਰ ਕੱਢਦੇ ਸਮੇਂ ਗਲੇ ਤੋਂ ਭੌਰੇ (ਭੰਵਰੇ) ਦੀ ਗੂੰਜ ਵਰਗੀ ਆਵਾਜ਼ ਕੱਢੀ ਜਾਂਦੀ ਹੈ। ਰੇਚਕ ਜਿੱਥੋਂ ਤੱਕ ਹੋ ਸਕੇ ਲੰਮਾ ਕਰਨਾ ਚਾਹੀਦਾ ਹੈ ਅਤੇ ਆਵਾਜ਼ ਕਰਦੇ ਸਮੇਂ ਮੂੰਹ ਬੰਦ ਰੱਖਣਾ ਚਾਹੀਦਾ ਹੈ। ਇਸ ਦਾ ਅਭਿਆਸ ਸੱਤ ਤੋਂ ਦਸ ਵਾਰ ਕੀਤਾ ਜਾ ਸਕਦਾ ਹੈ। ਲਾਭ: ਆਵਾਜ਼ ਸਾਫ਼ ਅਤੇ ਮਿੱਠੀ ਹੁੰਦੀ ਹੈ ਅਤੇ ਗਲੇ ਦੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
(vii) ਮੂਰਛਾ ਪ੍ਰਾਣਾਯਾਮ: ਇਸ ਪ੍ਰਾਣਾਯਾਮ ਨਾਲ ਨਾੜੀਆਂ ਦੀ ਸਫ਼ਾਈ ਹੁੰਦੀ ਹੈ। ਸਿੱਧ ਆਸਣ ਵਿਚ ਬੈਠ ਕੇ ਨੱਕ ਦੇ ਖੱਬੇ ਪਾਸਿਓਂ ਸਾਹ ਲਿਆ ਜਾਂਦਾ ਹੈ, ਕੁੰਭਕ ਕੀਤਾ ਜਾਂਦਾ ਹੈ ਅਤੇ ਫਿਰ ਦੂਜੇ ਪਾਸਿਓਂ ਹੌਲੀ-ਹੌਲੀ ਸਾਹ ਬਾਹਰ ਕੱਢਿਆ ਜਾਂਦਾ ਹੈ। ਫਿਰ ਸੱਜੇ ਨੱਕ ਨਾਲ ਸਾਹ ਅੰਦਰ ਭਰਿਆ ਜਾਂਦਾ ਹੈ, ਕੁਝ ਸਮੇਂ ਲਈ ਕੁੰਭਕ ਕੀਤਾ ਜਾਂਦਾ ਹੈ ਅਤੇ ਖੱਬੇ ਨੱਕ ਨਾਲ ਸਾਹ ਬਾਹਰ ਕੱਢਿਆ ਜਾਂਦਾ ਹੈ। ਇਸ ਵਿਚ ਸਾਹ ਲੈਣ, ਰੋਕਣ ਅਤੇ ਛੱਡਣ ਦਾ ਅਨੁਪਾਤ 1 : 2 : 2 ਰੱਖਿਆ ਜਾਂਦਾ ਹੈ (ਜਿਵੇਂ 4, 8 ਅਤੇ 8 ਸਕਿੰਟ) ਅਤੇ ਕੁੰਭਕ ਹੌਲੀ-ਹੌਲੀ ਵਧਾਇਆ ਜਾ ਸਕਦਾ ਹੈ। ਕੁੰਭਕ ਨਾਲ ਆਕਸੀਜਨ ਫੇਫੜਿਆਂ ਦੇ ਸਾਰੇ ਹਿੱਸਿਆਂ ਵਿਚ ਪਹੁੰਚ ਜਾਂਦੀ ਹੈ ਅਤੇ ਰੇਚਕ ਨਾਲ ਫੇਫੜੇ ਸੁੰਗੜ ਕੇ ਹਵਾ ਬਾਹਰ ਕੱਢ ਦਿੰਦੇ ਹਨ। ਲਾਭ: ਫੇਫੜਿਆਂ ਦੀਆਂ ਬੀਮਾਰੀਆਂ ਅਤੇ ਦਿਲ ਦੀ ਕਮਜ਼ੋਰੀ ਵਿਚ ਲਾਭ ਪਹੁੰਚਦਾ ਹੈ।
(viii) ਕਪਾਲਭਾਤੀ ਪ੍ਰਾਣਾਯਾਮ: ਇਹ ਸ਼ਬਦ ਸੰਸਕ੍ਰਿਤ ਦਾ ਹੈ। "ਕਪਾਲ" ਦਾ ਅਰਥ ਮੱਥਾ (ਲਲਾਟ) ਅਤੇ "ਭਾਤੀ" ਦਾ ਅਰਥ ਚਮਕਣਾ ਹੈ; ਯਾਨੀ ਅੰਦਰੂਨੀ ਸਫ਼ਾਈ ਨਾਲ ਚਿਹਰੇ ਦਾ ਚਮਕਣਾ। ਇਹ ਪੇਟ ਦਾ ਸ਼ਕਤੀਸ਼ਾਲੀ ਅਭਿਆਸ ਹੈ ਜਿਸ ਵਿਚ ਸਾਹ ਤੇਜ਼ੀ ਨਾਲ ਬਾਹਰ ਕੱਢਿਆ ਜਾਂਦਾ ਹੈ ਅਤੇ ਆਰਾਮ ਨਾਲ ਲਿਆ ਜਾਂਦਾ ਹੈ।
ਬੈਠਣ ਦੀ ਮੁਦਰਾ: ਪਿੱਠ ਸਿੱਧੀ ਰੱਖ ਕੇ ਪੈਰਾਂ ਨੂੰ ਕਰਾਸ ਕਰ ਕੇ ਬੈਠੋ ਅਤੇ ਹੱਥ ਗੋਡਿਆਂ ਉੱਤੇ ਆਰਾਮ ਨਾਲ ਰੱਖੋ; ਸਰੀਰ ਤੇ ਮਨ ਸਹਿਜ ਰੱਖੋ।
ਤਕਨੀਕ: ਪੇਟ ਨੂੰ ਫੈਲਾਉਂਦੇ ਹੋਏ ਹੌਲੀ-ਹੌਲੀ ਨੱਕ ਰਾਹੀਂ ਸਾਹ ਅੰਦਰ ਲਵੋ, ਫਿਰ ਪੇਟ ਨੂੰ ਅੰਦਰ ਖਿੱਚਦੇ ਹੋਏ ਸਾਹ ਬਾਹਰ ਕੱਢੋ। ਇਸ ਤਰ੍ਹਾਂ ਫੇਫੜੇ ਆਪਣੇ-ਆਪ ਹਵਾ ਨਾਲ ਭਰ ਜਾਣਗੇ। 10-15 ਵਾਰ ਤੇਜ਼ੀ ਨਾਲ ਸਾਹ ਲਵੋ ਅਤੇ ਛੱਡੋ।
ਸਾਵਧਾਨੀਆਂ: 1. ਦਿਲ ਦੇ ਰੋਗੀ, ਉੱਚ ਰਕਤਚਾਪ, ਦਮਾ ਅਤੇ ਹਰਨੀਆ ਦੇ ਰੋਗੀ ਇਹ ਨਾ ਕਰਨ। 2. ਇਹ ਖ਼ਾਲੀ ਪੇਟ ਹੀ ਕਰਨਾ ਚਾਹੀਦਾ ਹੈ। 3. ਦਰਦ ਜਾਂ ਚੱਕਰ ਆਉਣ ਲੱਗੇ ਤਾਂ ਅਭਿਆਸ ਬੰਦ ਕਰ ਦਿਓ।
ਲਾਭ: 1. ਖੂਨ ਸਾਫ਼ ਕਰਦਾ ਹੈ। 2. ਫੇਫੜਿਆਂ ਅਤੇ ਸਾਰੀ ਸਾਹ ਪ੍ਰਣਾਲੀ ਨੂੰ ਠੀਕ ਰੱਖਦਾ ਹੈ। 3. ਸਰੀਰ ਨੂੰ ਵੱਧ ਆਕਸੀਜਨ ਮਿਲਦੀ ਹੈ। 4. ਦਿਮਾਗ਼ ਨੂੰ ਚਿੰਤਨ ਤੇ ਮੰਨਨ ਲਈ ਤਿਆਰ ਕਰਦਾ ਹੈ। 5. ਪਾਚਨ ਸ਼ਕਤੀ ਵਿਚ ਸੁਧਾਰ ਕਰਦਾ ਹੈ।

Exam Tips:

a) ਅੱਠਾਂ ਅੰਗਾਂ ਦੇ ਨਾਂ ਸਹੀ ਕ੍ਰਮ ਵਿਚ ਲਿਖੋ; ਯਮ ਅਤੇ ਨਿਯਮ ਦੇ ਪੰਜ-ਪੰਜ ਉਪ-ਭੇਦ ਜ਼ਰੂਰ ਜੋੜੋ।
b) ਪ੍ਰਾਣਾਯਾਮ ਦੇ ਤਿੰਨ ਹਿੱਸੇ (ਪੂਰਕ, ਕੁੰਭਕ, ਰੇਚਕ) ਅਤੇ ਅੱਠ ਭੇਦ ਲਿਖਣੇ ਨਾ ਭੁੱਲੋ।
c) ਪਹਿਲੇ ਪੰਜ ਅੰਗ ਬਾਹਰੀ ਅਤੇ ਆਖ਼ਰੀ ਤਿੰਨ ਅੰਦਰੂਨੀ ਸਾਧਨ ਹਨ।
d) ਹਰ ਪ੍ਰਾਣਾਯਾਮ ਨਾਲ ਸਾਵਧਾਨੀਆਂ ਲਿਖਣ ਨਾਲ ਉੱਤਰ ਪੂਰਾ ਬਣਦਾ ਹੈ।

 

ਵਸਤੂਨਿਸ਼ਠ ਪ੍ਰਸ਼ਨ

Question 1: "ਠੀਕ ਢੰਗ ਨਾਲ ਕੰਮ ਕਰਨਾ ਹੀ ਯੋਗ ਹੈ।" ਇਹ ਕਿਸ ਦਾ ਕਥਨ ਹੈ?

Answer:

ਇਹ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਕਥਨ ਹੈ (ਗੀਤਾ ਵਿਚ)।

Exam Tips:

a) ਗੀਤਾ ਅਨੁਸਾਰ "ਯੋਗਃ ਕਰਮਸੁ ਕੌਸ਼ਲਮ" ਭਾਵ ਕੰਮ ਵਿਚ ਕੁਸ਼ਲਤਾ ਹੀ ਯੋਗ ਹੈ।

 

Question 2: ਅਸ਼ਟਾਂਗ ਯੋਗ ਦੇ ਅੰਗ ਹਨ:
(a) ਛੇ
(b) ਅੱਠ
(c) ਦਸ
(d) ਬਾਰਾਂ

Answer:

(b) ਅੱਠ

Exam Tips:

a) "ਅਸ਼ਟ" ਦਾ ਅਰਥ ਅੱਠ ਹੈ, ਇਸ ਲਈ ਅਸ਼ਟਾਂਗ ਯੋਗ ਦੇ ਅੱਠ ਅੰਗ ਹਨ।

 

Question 3: ਆਸਣਾਂ ਦੀਆਂ ਕਿਸਮਾਂ ਹਨ:
(a) ਦੋ
(b) ਚਾਰ
(c) ਛੇ
(d) ਅੱਠ

Answer:

(a) ਦੋ

Exam Tips:

a) ਪਾਠ-ਪੁਸਤਕ ਅਨੁਸਾਰ ਸਭਿਆਚਾਰਕ ਅਤੇ ਆਰਾਮਦਾਇਕ; ਧਿਆਨਾਤਮਿਕ ਆਸਣਾਂ ਨੂੰ ਅਲੱਗ ਗਿਣਿਆ ਜਾਵੇ ਤਾਂ ਤਿੰਨ ਹੋ ਜਾਂਦੇ ਹਨ।

 

Question 4: ਸੂਰਜ ਭੇਦੀ ਪ੍ਰਾਣਾਯਾਮ, ਉਜਈ ਪ੍ਰਾਣਾਯਾਮ – ਇਹ ਕਿਸ ਦੇ ਭੇਦ ਹਨ?

Answer:

ਇਹ ਪ੍ਰਾਣਾਯਾਮ ਦੇ ਭੇਦ ਹਨ।

Exam Tips:

a) ਪ੍ਰਾਣਾਯਾਮ ਦੇ ਕੁੱਲ ਅੱਠ ਭੇਦ ਮੰਨੇ ਜਾਂਦੇ ਹਨ।

 

Question 5: ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

Answer:

ਸਾਹ ਬਾਹਰ ਕੱਢਣ ਦੀ ਕਿਰਿਆ ਨੂੰ ਰੇਚਕ ਕਹਿੰਦੇ ਹਨ।

Exam Tips:

a) ਰੇਚਕ = ਸਾਹ ਛੱਡਣਾ।

 

Question 6: ਜਦੋਂ ਸਾਹ ਅੰਦਰ ਖਿੱਚਦੇ ਹਾਂ ਤਾਂ ਉਸ ਕਿਰਿਆ ਨੂੰ ਕੀ ਕਹਿੰਦੇ ਹਨ?

Answer:

ਸਾਹ ਅੰਦਰ ਖਿੱਚਣ ਦੀ ਕਿਰਿਆ ਨੂੰ ਪੂਰਕ ਕਹਿੰਦੇ ਹਨ।

Exam Tips:

a) ਪੂਰਕ = ਸਾਹ ਭਰਨਾ।

 

Question 7: ਸਾਹ ਨੂੰ ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੀ ਕਹਿੰਦੇ ਹਨ?

Answer:

ਸਾਹ ਨੂੰ ਅੰਦਰ ਖਿੱਚਣ ਮਗਰੋਂ ਉੱਥੇ ਹੀ ਰੋਕਣ ਦੀ ਕਿਰਿਆ ਨੂੰ ਕੁੰਭਕ ਕਹਿੰਦੇ ਹਨ।

Exam Tips:

a) ਤਿੰਨਾਂ ਦਾ ਕ੍ਰਮ ਯਾਦ ਰੱਖੋ: ਪੂਰਕ, ਕੁੰਭਕ, ਰੇਚਕ।

 

Question 8: ਪ੍ਰਾਣਾਯਾਮ ਦੇ ਭੇਦ ਹਨ:
(a) ਅੱਠ
(b) ਛੇ
(c) ਚਾਰ
(d) ਦੋ

Answer:

(a) ਅੱਠ

Exam Tips:

a) ਅੱਠ ਭੇਦ: ਸੂਰਜ ਭੇਦੀ, ਉਜਈ, ਸ਼ੀਤਕਾਰੀ, ਸ਼ੀਤਲੀ, ਭਸਤ੍ਰਿਕਾ, ਭਰਮਰੀ, ਮੂਰਛਾ ਅਤੇ ਕਪਾਲਭਾਤੀ।

 

Question 9: ਸੂਰਜ ਨਮਸਕਾਰ ਦੀਆਂ ਕਿੰਨੀਆਂ ਸਥਿਤੀਆਂ ਹਨ?
(a) ਬਾਰਾਂ
(b) ਅੱਠ
(c) ਛੇ
(d) ਚਾਰ

Answer:

(a) ਬਾਰਾਂ

Exam Tips:

a) ਪਹਿਲੀ ਅਤੇ ਆਖ਼ਰੀ ਸਥਿਤੀ ਪ੍ਰਣਾਮਾਸਨ ਹੈ।

 

Question 10: ਅਸ਼ਟਾਂਗ ਯੋਗ ਦੇ ਅੰਗ ਹਨ:
(a) ਯਮ
(b) ਆਸਣ
(c) ਨਿਯਮ
(d) ਪ੍ਰਾਣਾਯਾਮ

Answer:

ਉਪਰੋਕਤ ਸਾਰੇ (a, b, c ਅਤੇ d ਚਾਰੇ ਹੀ ਅਸ਼ਟਾਂਗ ਯੋਗ ਦੇ ਅੰਗ ਹਨ)।

Exam Tips:

a) ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ – ਸਾਰੇ ਅੱਠ ਅੰਗ ਯਾਦ ਰੱਖੋ।

 

Question 11: ਯੋਗ ਸ਼ਬਦ ਦਾ ਅਰਥ ਦੱਸੋ।

Answer:

ਯੋਗ ਦਾ ਅਰਥ ਜੁੜਨਾ ਜਾਂ ਮਿਲਣਾ ਹੈ।

Exam Tips:

a) "ਯੁਜ੍" ਧਾਤੂ ਦਾ ਅਰਥ ਜੋੜਨਾ ਹੈ।

 

Question 12: ਆਸਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

Answer:

ਆਸਣ ਦੋ ਤਰ੍ਹਾਂ ਦੇ ਮੰਨੇ ਜਾਂਦੇ ਹਨ – ਸਭਿਆਚਾਰਕ ਅਤੇ ਆਰਾਮਦਾਇਕ।

Exam Tips:

a) ਧਿਆਨਾਤਮਿਕ ਆਸਣਾਂ ਨੂੰ ਵੀ ਗਿਣਿਆ ਜਾਵੇ ਤਾਂ ਤਿੰਨ ਕਿਸਮਾਂ ਹੁੰਦੀਆਂ ਹਨ।

 

Question 13: ਸੂਰਜ ਨਮਸਕਾਰ ਵਿਚ ਕਿੰਨੀਆਂ ਅਵਸਥਾਵਾਂ ਹਨ?

Answer:

ਸੂਰਜ ਨਮਸਕਾਰ ਵਿਚ 12 ਅਵਸਥਾਵਾਂ ਹਨ।

Exam Tips:

a) ਹਰ ਅਵਸਥਾ ਨਾਲ ਸਾਹ ਦਾ ਇੱਕ ਨਿਸ਼ਚਿਤ ਕ੍ਰਮ ਜੁੜਿਆ ਹੁੰਦਾ ਹੈ।

 

Question 14: ਸੂਰਜ ਨਮਸਕਾਰ ਕਦੋਂ ਕਰਨਾ ਚਾਹੀਦਾ ਹੈ?

Answer:

ਸੂਰਜ ਨਮਸਕਾਰ ਆਸਣ ਕਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ।

Exam Tips:

a) ਇਹ ਸਰੀਰ ਨੂੰ ਗਰਮਾਉਣ (ਵਾਰਮ-ਅੱਪ) ਲਈ ਆਸਣਾਂ ਤੋਂ ਪਹਿਲਾਂ ਕੀਤਾ ਜਾਂਦਾ ਹੈ।

 

Question 15: ਯੋਗ ਕੀ ਹੈ?

Answer:

ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਯੋਗ ਕਹਿੰਦੇ ਹਨ।

Exam Tips:

a) ਉੱਤਰ ਵਿਚ "ਮੇਲ" ਜਾਂ "ਜੋੜ" ਸ਼ਬਦ ਜ਼ਰੂਰ ਲਿਖੋ।

 

Question 16: ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਕੀ ਕਹਿੰਦੇ ਹਨ?

Answer:

ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਨੂੰ ਯੋਗ ਕਹਿੰਦੇ ਹਨ।

Exam Tips:

a) ਯੋਗ ਦਾ ਸ਼ਾਬਦਿਕ ਅਰਥ ਵੀ "ਮੇਲ" ਹੈ।

 

Question 17: ਯੋਗ ਸੰਸਕ੍ਰਿਤ ਦੇ ਕਿਹੜੇ ਸ਼ਬਦ ਤੋਂ ਬਣਿਆ ਹੈ?

Answer:

ਯੋਗ ਸੰਸਕ੍ਰਿਤ ਦੇ ਸ਼ਬਦ "ਯੁਜ੍" ਤੋਂ ਬਣਿਆ ਹੈ, ਜਿਸ ਦਾ ਅਰਥ ਜੋੜ ਜਾਂ ਮੇਲ ਹੈ।

Exam Tips:

a) "ਯੁਜ" ਅਤੇ "ਯੁਜ੍" ਦੋਵੇਂ ਲਿਖਤਾਂ ਚੱਲ ਜਾਂਦੀਆਂ ਹਨ।

 

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਯੋਗ ਦਾ ਕੋਈ ਇੱਕ ਮਹੱਤਵ ਲਿਖੋ।

Answer:

ਯੋਗ ਨਾਲ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ।

Exam Tips:

a) ਦੂਜਾ ਮਹੱਤਵ: ਬੀਮਾਰੀਆਂ ਦੀ ਰੋਕਥਾਮ ਅਤੇ ਰੋਗਾਂ ਤੋਂ ਕੁਦਰਤੀ ਬਚਾਅ।

 

Question 2: ਸੂਰਜ ਨਮਸਕਾਰ ਦੇ ਕੋਈ ਦੋ ਲਾਭ ਲਿਖੋ।

Answer:

1. ਸੂਰਜ ਨਮਸਕਾਰ ਤਾਕਤ, ਸ਼ਕਤੀ ਅਤੇ ਲਚਕ ਵਿਚ ਵਾਧਾ ਕਰਦਾ ਹੈ।
2. ਇਹ ਇਕਾਗਰਤਾ ਵਧਾਉਣ ਵਿਚ ਸਹਾਇਤਾ ਕਰਦਾ ਹੈ।

Exam Tips:

a) ਹੋਰ ਲਾਭ: ਚਰਬੀ ਘਟਦੀ ਹੈ ਅਤੇ ਖੂਨ ਦਾ ਦੌਰਾ ਵਧਦਾ ਹੈ।

 

Question 3: ਆਸਣ ਕਿੰਨੇ ਤਰ੍ਹਾਂ ਦੇ ਹੁੰਦੇ ਹਨ?

Answer:

ਆਸਣ ਦੋ ਤਰ੍ਹਾਂ ਦੇ ਹੁੰਦੇ ਹਨ:
1. ਸਭਿਆਚਾਰਕ ਆਸਣ
2. ਆਰਾਮਦਾਇਕ ਆਸਣ

Exam Tips:

a) ਹਰ ਕਿਸਮ ਦੀ ਇੱਕ-ਇੱਕ ਉਦਾਹਰਨ ਲਿਖੋ: ਸਭਿਆਚਾਰਕ – ਹਲ ਆਸਣ; ਆਰਾਮਦਾਇਕ – ਸ਼ਵ ਆਸਣ।

 

Question 4: ਸ਼ਵ ਆਸਣ ਦੇ ਲਾਭ ਲਿਖੋ।

Answer:

ਇਸ ਆਸਣ ਨੂੰ ਕਰਨ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ ਅਤੇ ਸਾਰੀਆਂ ਮਾਸਪੇਸ਼ੀਆਂ ਤੇ ਨਾੜੀਆਂ ਆਰਾਮ ਦੀ ਹਾਲਤ ਵਿਚ ਆ ਜਾਂਦੀਆਂ ਹਨ।

Exam Tips:

a) ਥਕਾਵਟ ਅਤੇ ਤਣਾਅ ਦੂਰ ਹੋਣ ਦਾ ਜ਼ਿਕਰ ਵੀ ਕਰੋ।

 

Question 5: ਪਵਨਮੁਕਤ ਆਸਣ ਦੇ ਲਾਭ ਲਿਖੋ।

Answer:

1. ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ।
2. ਕਬਜ਼ (Constipation) ਨੂੰ ਠੀਕ ਕਰਨ ਵਿਚ ਮਦਦ ਕਰਦਾ ਹੈ।
3. ਗੈਸ ਦੀ ਸ਼ਿਕਾਇਤ ਦੂਰ ਕਰਦਾ ਹੈ।
4. ਪੇਟ ਅਤੇ ਆਲੇ-ਦੁਆਲੇ ਦੇ ਹਿੱਸੇ ਦੀ ਵਾਧੂ ਚਰਬੀ ਘਟਾਉਣ ਵਿਚ ਮਦਦ ਕਰਦਾ ਹੈ।

Exam Tips:

a) ਪਵਨ = ਹਵਾ, ਮੁਕਤ = ਆਜ਼ਾਦ – ਨਾਂ ਦਾ ਅਰਥ ਵੀ ਲਿਖ ਦਿਓ।

 

Question 6: ਪ੍ਰਾਣਾਯਾਮ ਦੇ ਕੋਈ ਚਾਰ ਭੇਦ ਲਿਖੋ।

Answer:

ਪ੍ਰਾਣਾਯਾਮ ਦੇ ਚਾਰ ਭੇਦ ਇਹ ਹਨ:
1. ਸੂਰਜ ਭੇਦੀ ਪ੍ਰਾਣਾਯਾਮ
2. ਸ਼ੀਤਲੀ ਪ੍ਰਾਣਾਯਾਮ
3. ਸ਼ੀਤਕਾਰੀ ਪ੍ਰਾਣਾਯਾਮ
4. ਉਜਈ ਪ੍ਰਾਣਾਯਾਮ

Exam Tips:

a) ਬਾਕੀ ਚਾਰ: ਭਸਤ੍ਰਿਕਾ, ਭਰਮਰੀ, ਮੂਰਛਾ ਅਤੇ ਕਪਾਲਭਾਤੀ।

 

ਛੋਟੇ ਉੱਤਰਾਂ ਵਾਲੇ ਪ੍ਰਸ਼ਨ

Question 1: ਯੋਗ ਆਸਣ ਕਰਨ ਸਮੇਂ ਕੋਈ ਚਾਰ ਦਿਸ਼ਾ-ਨਿਰਦੇਸ਼ ਲਿਖੋ।

Answer:

1. ਯੋਗ ਆਸਣ ਕਰਨ ਵੇਲੇ ਸਭ ਤੋਂ ਪਹਿਲਾਂ ਸੂਰਜ ਨਮਸਕਾਰ ਕਰਨਾ ਚਾਹੀਦਾ ਹੈ।
2. ਆਸਣ ਕਿਸੇ ਮਾਹਿਰ ਦੀ ਦੇਖ-ਰੇਖ ਵਿਚ ਹੀ ਕਰਨੇ ਚਾਹੀਦੇ ਹਨ।
3. ਸਭ ਤੋਂ ਪਹਿਲਾਂ ਆਰਾਮਦਾਇਕ ਅਤੇ ਫਿਰ ਸਭਿਆਚਾਰਕ ਆਸਣ ਕਰਨੇ ਚਾਹੀਦੇ ਹਨ।
4. ਯੋਗ ਕਰਦੇ ਸਮੇਂ ਸਾਹ ਅੰਦਰ ਲੈ ਜਾਣ ਅਤੇ ਬਾਹਰ ਕੱਢਣ ਦੀ ਕਿਰਿਆ ਦੀ ਤਰਤੀਬ ਠੀਕ ਹੋਣੀ ਚਾਹੀਦੀ ਹੈ, ਤਾਂ ਹੀ ਯੋਗ ਦਾ ਫ਼ਾਇਦਾ ਹੁੰਦਾ ਹੈ।

Exam Tips:

a) ਸਾਫ਼, ਸ਼ਾਂਤ ਥਾਂ ਅਤੇ ਖਾਲੀ ਪੇਟ ਵਰਗੇ ਨੁਕਤੇ ਵੀ ਜੋੜੇ ਜਾ ਸਕਦੇ ਹਨ।

 

Question 2: ਸੂਰਜ ਨਮਸਕਾਰ ਵਿਚ ਪਹਿਲੀਆਂ ਚਾਰ ਮੁਦਰਾਵਾਂ ਬਾਰੇ ਲਿਖੋ।

Answer:

1. ਦੋਵੇਂ ਹੱਥ ਅਤੇ ਪੈਰ ਜੋੜ ਕੇ ਨਮਸਕਾਰ ਦੀ ਮੁਦਰਾ ਵਿਚ ਸਿੱਧੇ ਖੜ੍ਹੇ ਹੋ ਜਾਓ।
2. ਸਾਹ ਅੰਦਰ ਖਿੱਚਦੇ ਹੋਏ ਦੋਵੇਂ ਬਾਹਾਂ ਨੂੰ ਸਿਰ ਦੇ ਉੱਪਰ ਲੈ ਜਾਓ ਅਤੇ ਕਮਰ ਨੂੰ ਮੋੜਦੇ ਹੋਏ ਥੋੜ੍ਹਾ ਪਿੱਛੇ ਵੱਲ ਝੁਕ ਜਾਓ।
3. ਸਾਹ ਬਾਹਰ ਛੱਡਦੇ ਹੋਏ ਅੱਗੇ ਝੁਕ ਕੇ ਦੋਵੇਂ ਹੱਥਾਂ ਨਾਲ ਜ਼ਮੀਨ ਨੂੰ ਛੂਹੋ ਅਤੇ ਮੱਥਾ ਗੋਡਿਆਂ ਨਾਲ ਲਗਾਓ। ਇਸ ਸਥਿਤੀ ਵਿਚ ਗੋਡੇ ਸਿੱਧੇ ਹੋਣੇ ਚਾਹੀਦੇ ਹਨ।
4. ਸੱਜੀ ਲੱਤ ਪਿੱਛੇ ਵੱਲ ਸਿੱਧੀ ਕਰ ਦਿਓ। ਖੱਬਾ ਪੈਰ ਦੋਵੇਂ ਹਥੇਲੀਆਂ ਦੇ ਵਿਚਕਾਰ ਰਹੇਗਾ। ਇਸ ਸਥਿਤੀ ਵਿਚ ਕੁਝ ਸਕਿੰਟ ਲਈ ਰੁਕੋ।

Exam Tips:

a) ਚਾਰਾਂ ਸਥਿਤੀਆਂ ਦੇ ਨਾਂ: ਪ੍ਰਣਾਮਾਸਨ, ਹਸਤ ਉੱਤਾਨਾਸਨ, ਪਾਦ-ਹਸਤਾਸਨ, ਅਸ਼ਵ-ਸੰਚਾਲਨਾਸਨ।
b) ਹਰ ਸਥਿਤੀ ਨਾਲ ਸਾਹ ਲੈਣ ਜਾਂ ਛੱਡਣ ਦਾ ਜ਼ਿਕਰ ਕਰੋ।

 

Question 3: ਯੋਗ ਕਰਨ ਦੇ ਕੋਈ ਦੋ ਮਹੱਤਵ ਲਿਖੋ।

Answer:

1. ਯੋਗ ਨਾਲ ਮਨੁੱਖ ਦੀਆਂ ਸਰੀਰਕ ਅਤੇ ਮਾਨਸਿਕ ਬੁਨਿਆਦੀ ਸ਼ਕਤੀਆਂ ਵਿਕਸਿਤ ਹੁੰਦੀਆਂ ਹਨ। ਪ੍ਰਾਣਾਯਾਮ ਨਾਲ ਫੇਫੜਿਆਂ ਵਿਚ ਵੱਧ ਹਵਾ ਜਾਂਦੀ ਹੈ, ਜਿਸ ਨਾਲ ਫੇਫੜਿਆਂ ਦੀ ਕਸਰਤ ਹੁੰਦੀ ਹੈ ਅਤੇ ਫੇਫੜਿਆਂ ਦੇ ਕਈ ਰੋਗ ਦੂਰ ਹੁੰਦੇ ਹਨ।
2. ਯੋਗ ਦੇ ਅਭਿਆਸ ਨਾਲ ਸਰੀਰ ਪੂਰੀ ਤਰ੍ਹਾਂ ਸਵਸਥ ਰਹਿੰਦਾ ਹੈ। ਧੋਤੀ ਅਤੇ ਬਸਤੀ ਕਿਰਿਆਵਾਂ ਜਿਗਰ ਤੇ ਅੰਤੜੀਆਂ ਨੂੰ ਸਾਫ਼ ਰੱਖਦੀਆਂ ਹਨ, ਜਿਸ ਕਰਕੇ ਸਰੀਰ ਨਿਰੋਗ ਰਹਿੰਦਾ ਹੈ।

Exam Tips:

a) ਮਹੱਤਵ ਦੇ ਸਿਰਲੇਖ ਸਪਸ਼ਟ ਲਿਖੋ ਅਤੇ ਹਰੇਕ ਦੀ ਇੱਕ ਵਿਆਖਿਆ ਦਿਓ।

 

Question 4: ਅਸ਼ਟਾਂਗ ਯੋਗ ਦੇ ਅੰਗਾਂ ਦੇ ਨਾਂ ਲਿਖੋ।

Answer:

1. ਯਮ
2. ਨਿਯਮ
3. ਆਸਣ
4. ਪ੍ਰਾਣਾਯਾਮ
5. ਪ੍ਰਤਿਆਹਾਰ
6. ਧਾਰਨਾ
7. ਧਿਆਨ (Meditation)
8. ਸਮਾਧੀ

Exam Tips:

a) ਇਨ੍ਹਾਂ ਨੂੰ ਇਸੇ ਕ੍ਰਮ ਵਿਚ ਯਾਦ ਰੱਖੋ।

 

Question 5: ਪਦਮ ਆਸਣ ਦੀ ਵਿਧੀ ਲਿਖੋ।

Answer:

ਜ਼ਮੀਨ ਉੱਤੇ ਬੈਠ ਜਾਓ ਅਤੇ ਹੌਲੀ-ਹੌਲੀ ਸੱਜੀ ਲੱਤ ਨੂੰ ਮੋੜਦੇ ਹੋਏ ਸੱਜਾ ਪੈਰ ਖੱਬੇ ਪੱਟ ਉੱਤੇ ਰੱਖੋ। ਫਿਰ ਖੱਬੀ ਲੱਤ ਨੂੰ ਮੋੜਦੇ ਹੋਏ ਖੱਬਾ ਪੈਰ ਸੱਜੇ ਪੱਟ ਉੱਤੇ ਰੱਖੋ ਅਤੇ ਗਿਆਨ ਮੁਦਰਾ ਵਿਚ ਬੈਠੋ। ਗਿਆਨ ਮੁਦਰਾ ਲਈ ਹੱਥ ਦੀ ਪਹਿਲੀ (ਤਰਜਨੀ) ਉਂਗਲ ਅਤੇ ਅੰਗੂਠੇ ਦੇ ਪੋਟੇ ਮਿਲਾਓ ਅਤੇ ਬਾਕੀ ਉਂਗਲਾਂ ਸਿੱਧੀਆਂ ਰੱਖੋ। ਇਸ ਮੁਦਰਾ ਵਿਚ ਹੱਥ ਗੋਡਿਆਂ ਉੱਤੇ ਰੱਖੋ ਅਤੇ ਪਿੱਠ ਸਿੱਧੀ ਰੱਖੋ। ਪਦਮ ਆਸਣ ਦੀ ਸਥਿਤੀ ਤੋਂ ਵਾਪਸ ਆਉਂਦੇ ਸਮੇਂ ਪਹਿਲਾਂ ਖੱਬੀ ਲੱਤ ਸੱਜੇ ਪੱਟ ਤੋਂ ਉਤਾਰੋ, ਫਿਰ ਸੱਜੀ ਲੱਤ ਹਟਾਓ ਅਤੇ ਪਹਿਲੀ ਸਥਿਤੀ ਵਿਚ ਆ ਜਾਓ।

Exam Tips:

a) ਵਿਧੀ ਕਦਮ-ਦਰ-ਕਦਮ ਲਿਖੋ ਅਤੇ ਰੀੜ੍ਹ ਸਿੱਧੀ ਰੱਖਣ ਦਾ ਜ਼ਿਕਰ ਕਰੋ।
b) ਨਾਲ ਲਾਭ (ਪਾਚਨ ਸ਼ਕਤੀ, ਇਕਾਗਰਤਾ) ਵੀ ਲਿਖ ਦਿਓ।

 

Question 6: ਸ਼ਵ ਆਸਣ ਦੇ ਲਾਭ ਲਿਖੋ।

Answer:

1. ਇਸ ਆਸਣ ਨੂੰ ਕਰਨ ਨਾਲ ਥਕਾਵਟ ਦੂਰ ਹੁੰਦੀ ਹੈ ਅਤੇ ਦਿਮਾਗ਼ ਚਿੰਤਾ-ਮੁਕਤ ਹੋ ਜਾਂਦਾ ਹੈ।
2. ਸ਼ਵ ਆਸਣ ਕਰਨ ਨਾਲ ਸਾਰੀਆਂ ਮਾਸਪੇਸ਼ੀਆਂ ਅਤੇ ਨਾੜੀਆਂ ਆਰਾਮ ਦੀ ਹਾਲਤ ਵਿਚ ਆ ਜਾਂਦੀਆਂ ਹਨ।
3. ਇਸ ਆਸਣ ਨਾਲ ਸਰੀਰ ਤਰੋ-ਤਾਜ਼ਾ ਹੋ ਜਾਂਦਾ ਹੈ।

Exam Tips:

a) ਤਿੰਨ ਲਾਭ ਅਲੱਗ-ਅਲੱਗ ਨੰਬਰ ਲਗਾ ਕੇ ਲਿਖੋ।

 

ਵੱਡੇ ਉੱਤਰ ਵਾਲਾ ਪ੍ਰਸ਼ਨ

Question 1: ਯੋਗ ਦਾ ਅਰਥ ਅਤੇ ਮਨੁੱਖੀ ਜੀਵਨ ਵਿਚ ਇਸ ਦੇ ਮਹੱਤਵ ਬਾਰੇ ਜਾਣਕਾਰੀ ਦਿਓ।

Answer:

ਯੋਗ ਦਾ ਅਰਥ: ਯੋਗ ਸ਼ਬਦ ਸੰਸਕ੍ਰਿਤ ਦੇ "ਯੁਜ੍" ਸ਼ਬਦ ਤੋਂ ਲਿਆ ਗਿਆ ਹੈ, ਜਿਸ ਦਾ ਅਰਥ ਜੋੜਨਾ ਜਾਂ ਮੇਲ ਹੈ। ਇਸ ਦਾ ਭਾਵ ਹੈ ਕਿ ਯੋਗ ਉਹ ਕਿਰਿਆ ਜਾਂ ਸਾਧਨ ਹੈ ਜਿਸ ਨਾਲ ਆਤਮਾ ਪਰਮਾਤਮਾ ਨਾਲ ਮਿਲਦੀ ਹੈ। ਯੋਗ ਰਾਹੀਂ ਅਸੀਂ ਮਨ ਅਤੇ ਸਰੀਰ ਦੋਵਾਂ ਨੂੰ ਚਿੰਤਾ ਅਤੇ ਬੀਮਾਰੀਆਂ ਤੋਂ ਮੁਕਤ ਕਰ ਕੇ ਤੰਦਰੁਸਤ ਸਰੀਰ ਪ੍ਰਾਪਤ ਕਰ ਲੈਂਦੇ ਹਾਂ। ਇਹ ਭਾਰਤ ਦੀ ਹਜ਼ਾਰਾਂ ਸਾਲ ਪੁਰਾਣੀ ਵਿਧੀ ਹੈ।
ਮਨੁੱਖੀ ਜੀਵਨ ਵਿਚ ਇਸ ਦਾ ਮਹੱਤਵ: ਯੋਗ ਦੀ ਮਨੁੱਖੀ ਜੀਵਨ ਲਈ ਬਹੁਤ ਮਹੱਤਤਾ ਹੈ। ਯੋਗ ਭਾਰਤ ਦਾ ਹੀ ਨਹੀਂ, ਸਗੋਂ ਦੁਨੀਆਂ ਦਾ ਪ੍ਰਾਚੀਨ ਗਿਆਨ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਡਾਕਟਰਾਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਕਾਂ ਨੇ ਇਸ ਗਿਆਨ ਦਾ ਲੋਹਾ ਮੰਨਿਆ ਹੈ। ਯੋਗ ਨਾਲ ਸਰੀਰ ਅਤੇ ਮਨ ਤੰਦਰੁਸਤ ਰਹਿੰਦੇ ਹਨ ਅਤੇ ਨਾੜੀਆਂ ਲਚਕਦਾਰ ਤੇ ਮਜ਼ਬੂਤ ਰਹਿੰਦੀਆਂ ਹਨ। ਯੋਗ ਸਰੀਰ ਨੂੰ ਬੀਮਾਰੀ ਤੋਂ ਦੂਰ ਰੱਖਦਾ ਹੈ ਅਤੇ ਜੇ ਕੋਈ ਬੀਮਾਰੀ ਲੱਗ ਜਾਵੇ ਤਾਂ ਉਸ ਦੇ ਇਲਾਜ ਵਿਚ ਸਹਾਇਕ ਹੁੰਦਾ ਹੈ। ਜਿੱਥੇ ਯੋਗ ਮਨੁੱਖ ਨੂੰ ਤੰਦਰੁਸਤ, ਸੁੰਦਰ ਅਤੇ ਸ਼ਕਤੀਸ਼ਾਲੀ ਬਣਾਉਂਦਾ ਹੈ, ਉੱਥੇ ਇਹ ਸ਼ਖ਼ਸੀਅਤ ਨੂੰ ਚਾਰ ਚੰਨ ਲਾ ਦਿੰਦਾ ਹੈ। ਯੋਗ ਸਾਨੂੰ ਉਸ ਦੁਨੀਆਂ ਵਿਚ ਲੈ ਜਾਂਦਾ ਹੈ ਜਿੱਥੇ ਜੀਵਨ ਹੈ, ਤੰਦਰੁਸਤੀ ਹੈ, ਪਰਮ ਸੁੱਖ ਹੈ ਅਤੇ ਮਨ ਦੀ ਸ਼ਾਂਤੀ ਹੈ। ਯੋਗ ਗਿਆਨ ਦੀ ਉਹ ਗੰਗਾ ਹੈ ਜਿਸ ਦੀ ਹਰੇਕ ਬੂੰਦ ਵਿਚ ਰੋਗ ਨਸ਼ਟ ਕਰਨ ਦੀ ਸ਼ਕਤੀ ਹੈ। ਸਰੀਰ ਆਤਮਾ ਅਤੇ ਪਰਮਾਤਮਾ ਦੇ ਮਿਲਣ ਦਾ ਮਾਧਿਅਮ ਹੈ ਅਤੇ ਤੰਦਰੁਸਤ ਸਰੀਰ ਦੁਆਰਾ ਹੀ ਪਰਮਾਤਮਾ ਦੇ ਦਰਸ਼ਨ ਕੀਤੇ ਜਾ ਸਕਦੇ ਹਨ। ਯੋਗ ਮਨੁੱਖ ਨੂੰ ਤੰਦਰੁਸਤ ਅਤੇ ਸ਼ਕਤੀਸ਼ਾਲੀ ਬਣਾਉਣ ਦੇ ਨਾਲ ਸੁਯੋਗ ਅਤੇ ਗੁਣੀ ਵੀ ਬਣਾਉਂਦਾ ਹੈ। ਯੋਗ ਕੇਵਲ ਰੋਗੀ ਵਿਅਕਤੀਆਂ ਲਈ ਹੀ ਲਾਭਕਾਰੀ ਨਹੀਂ, ਸਗੋਂ ਸਵਸਥ ਮਨੁੱਖ ਵੀ ਇਸ ਦੇ ਅਭਿਆਸ ਤੋਂ ਲਾਭ ਉਠਾ ਸਕਦੇ ਹਨ; ਇਹ ਹਰ ਉਮਰ ਦੇ ਵਿਅਕਤੀਆਂ ਲਈ ਗੁਣਕਾਰੀ ਹੈ। ਇਸ ਦੇ ਅਭਿਆਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗ ਪੈਂਦੇ ਹਨ, ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਦਿਮਾਗ਼ੀ ਸੰਤੁਲਨ ਵਧਦਾ ਹੈ। ਯੋਗ ਦੀ ਜ਼ਰੂਰਤ ਅੱਜ ਦੇ ਯੁੱਗ ਵਿਚ ਵੀ ਓਨੀ ਹੀ ਹੈ ਜਿੰਨੀ ਪਹਿਲਾਂ ਦੇ ਯੁੱਗ ਵਿਚ ਸੀ ਅਤੇ ਅੱਜ ਦੇ ਯੁੱਗ ਵਿਚ ਵੀ ਮਨੁੱਖ ਯੋਗ ਤੋਂ ਪੂਰਾ ਲਾਭ ਉਠਾ ਸਕਦਾ ਹੈ।

Exam Tips:

a) ਉੱਤਰ ਦੋ ਹਿੱਸਿਆਂ ਵਿਚ ਲਿਖੋ: ਪਹਿਲਾਂ ਅਰਥ, ਫਿਰ ਮਹੱਤਵ।
b) ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਲਾਭ ਵੱਖ-ਵੱਖ ਗਿਣਾਓ।

 

Free Punjab Board Textbook Explanations: Class 11 Physical Education Punjabi Medium Chapter 04 ਯੋਗ

Textbook Solutions for Class 11 Physical Education Punjabi Medium Chapter 04 ਯੋਗ

Review comprehensive exercise answers for Class 11 Physical Education Punjabi Medium Chapter 04 ਯੋਗ. Fully updated to match current Punjab Board syllabus guidelines, these textbook solutions help students verify their work and maintain accurate study notes.

Mastering Theoretical and Practical Questions

Clear, methodical explanations accompany every challenging problem within the Class 11 Physical Education text. Engaging with these detailed answers lays a solid foundation for advanced learning and improves foundational clarity for upcoming assessments.

Effective Self-Study and Homework Assistance

These resources act as an effective roadmap for daily homework tasks and independent study. Supplement your review of Punjabi Medium Chapter 04 ਯੋਗ with official sample papers and interactive practice tests available on our platform free of charge.

FAQs

Where can I find the latest PSEB 11th Class Physical Education Solutions Chapter 4 ਯੋਗ for the 2026-27 session?

The complete and updated PSEB 11th Class Physical Education Solutions Chapter 4 ਯੋਗ is available for free on StudiesToday.com. These solutions for Class 11 Physical Education are as per latest Punjab Board curriculum.

Are the Physical Education Punjab Board solutions for Class 11 updated for the new 50% competency-based exam pattern?

Yes, our experts have revised the PSEB 11th Class Physical Education Solutions Chapter 4 ਯੋਗ as per 2026 exam pattern. All textbook exercises have been solved and have added explanation about how the Physical Education concepts are applied in case-study and assertion-reasoning questions.

How do these Class 11 Punjab Board solutions help in scoring 90% plus marks?

Toppers recommend using Punjab Board language because Punjab Board marking schemes are strictly based on textbook definitions. Our PSEB 11th Class Physical Education Solutions Chapter 4 ਯੋਗ will help students to get full marks in the theory paper.

Do you offer PSEB 11th Class Physical Education Solutions Chapter 4 ਯੋਗ in multiple languages like Hindi and English?

Yes, we provide bilingual support for Class 11 Physical Education. You can access PSEB 11th Class Physical Education Solutions Chapter 4 ਯੋਗ in both English and Hindi medium.

Is it possible to download the Physical Education Punjab Board solutions for Class 11 as a PDF?

Yes, you can download the entire PSEB 11th Class Physical Education Solutions Chapter 4 ਯੋਗ in printable PDF format for offline study on any device.